ਪੰਜਾਬ ’ਚ ਗੰਨ ਕਲਚਰ ਵਧਿਆ : ਰਾਜਪਾਲ ਕਟਾਰੀਆ

ਪੰਜਾਬ ’ਚ ਗੰਨ ਕਲਚਰ ਵਧਿਆ : ਰਾਜਪਾਲ ਕਟਾਰੀਆ

ਲੁਧਿਆਣਾ/ਏ.ਟੀ.ਨਿਊਜ਼: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਸਖ਼ਤ ਟਿੱਪਣੀ ਕੀਤੀ ਹੈ। ਲੁਧਿਆਣਾ ਵਿੱਚ ਨਿੱਜੀ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਤੋਸ਼ਜਨਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਮੁਤਾਬਕ, ਜਿਸ ਤਰ੍ਹਾਂ ਰੋਜ਼ਾਨਾ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ, ਚਿੰਤਾ ਦਾ ਵਿਸ਼ਾ ਹਨ।
ਪੰਜਾਬ ਵਿੱਚ ਵਧ ਰਹੇ ਗੰਨ ਕਲਚਰ ’ਤੇ ਤਿੱਖੀ ਟਿੱਪਣੀ ਕਰਦਿਆਂ ਰਾਜਪਾਲ ਨੇ ਕਿਹਾ ਕਿ ਇੱਥੇ ਪਤਾ ਨਹੀਂ ਹਰ ਵਿਅਕਤੀ ਨੂੰ ਗੋਲੀ ਚਲਾਉਣ ਦਾ ਸ਼ੌਕ ਹੈ, ਜਿਸ ਤਰ੍ਹਾਂ ਕੋਈ ਪਟਾਕੇ ਚਲਾਉਂਦਾ ਹੈ, ਉਸੇ ਤਰ੍ਹਾਂ ਗੋਲੀਆਂ ਚਲਾਈਆਂ ਜਾਂਦੀਆਂ ਹਨ। ਛੋਟੀ ਤੋਂ ਛੋਟੀ ਗੱਲ ’ਤੇ ਬੱਚੇ ਵੀ ਪਿਸਤੌਲ ਕੱਢ ਲੈਂਦੇ ਹਨ। ਇਹ ਪੂਰੇ ਸਮਾਜ ਲਈ ਇੱਕ ਵੱਡੀ ਚੁਣੌਤੀ ਹੈ।