ਟਰੰਪ ਪ੍ਰਸ਼ਾਸਨ ਤੋਂ ਬਾਹਰ ਆਉਂਦਿਆਂ ਹੀ ਹਰਮੀਤ ਕੌਰ ਢਿੱਲੋਂ ਦੇ ਸਖਤ ਬੋਲ
ਅਮਰੀਕਾ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਅਤੇ ਉੱਘੀ ਸਿੱਖ-ਅਮਰੀਕੀ ਵਕੀਲ ਹਰਮੀਤ ਕੌਰ ਢਿੱਲੋਂ ਨੇ ਆਪਣੇ ਧਰਮ ਅਤੇ ਅਰਦਾਸ ਨੂੰ ਲੈ ਕੇ ਹੋ ਰਹੇ ਹਮਲਿਆਂ ਖ਼ਿਲਾਫ਼ ਖੁੱਲ੍ਹ ਕੇ ਅਵਾਜ਼ ਚੁੱਕੀ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਦਾ ਹਿੱਸਾ ਰਹਿ ਚੁੱਕੀ ਹਰਮੀਤ ਢਿੱਲੋਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (ਪਹਿਲਾਂ ਟਵਿੱਟਰ) ’ਤੇ ਇੱਕ ਲੰਮੀ ਪੋਸਟ ਸਾਂਝੀ ਕਰਦਿਆਂ ਸਪੱਸ਼ਟ ਕਿਹਾ ਸੀ ਕਿ ਸਰਕਾਰ ਵਿੱਚ ਰਹਿੰਦਿਆਂ ਉਨ੍ਹਾਂ ਦੇ ਹੱਥ ਬੱਝੇ ਹੋਏ ਸਨ, ਪਰ ਹੁਣ ਉਹ ਆਪਣੇ ਧਰਮ ਅਤੇ ਪਛਾਣ ਖ਼ਿਲਾਫ਼ ਹੋ ਰਹੀ ਨਫ਼ਰਤ ’ਤੇ ਬਿਲਕੁਲ ਚੁੱਪ ਨਹੀਂ ਬੈਠਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਮਰਹੂਮ ਪਤੀ ਨਾਲ ਹੋਈ ਆਖ਼ਰੀ ਗੱਲਬਾਤ ਦਾ ਭਾਵੁਕ ਵੇਰਵਾ ਵੀ ਸਾਂਝਾ ਕੀਤਾ।
ਸਰਕਾਰ ਵਿੱਚ ਹੋਣ ਕਾਰਨ ਬੱਝੇ ਸਨ ਹੱਥ
ਹਰਮੀਤ ਕੌਰ ਢਿੱਲੋਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਜਨਤਕ ਤੌਰ ’ਤੇ ਆਪਣੇ ਸਿੱਖ ਧਰਮ ਦਾ ਪ੍ਰਗਟਾਵਾ ਕਰਨ ਕਰਕੇ ਉਨ੍ਹਾਂ ਨੂੰ ਕਾਫ਼ੀ ਨਫ਼ਰਤ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੇ ਉਨ੍ਹਾਂ ਦੀ ਅਰਦਾਸ ਦਾ ਮਜ਼ਾਕ ਉਡਾਇਆ ਅਤੇ ਸਿੱਖੀ ਬਾਰੇ ਬੁਰਾ-ਭਲਾ ਕਿਹਾ, ਤਾਂ ਉਨ੍ਹਾਂ ਨੂੰ ਡੂੰਘੀ ਸੱਟ ਵੱਜੀ ਸੀ।ਉਸ ਸਮੇਂ ਉਹ ਸਿਆਸੀ ਮੁਹਿੰਮਾਂ ਅਤੇ ਬਾਅਦ ਵਿੱਚ ਸਰਕਾਰੀ ਪ੍ਰਸ਼ਾਸਨ ਦੀਆਂ ਪੁਸ਼ਟੀ ਪ੍ਰਕਿਰਿਆਵਾਂ ਨਾਲ ਜੁੜੀ ਹੋਈ ਸੀ, ਜਿਸ ਕਾਰਨ ਨਿਯਮਾਂ ਵਿੱਚ ਬੱਝੇ ਹੋਣ ਕਰਕੇ ਉਹ ਜਵਾਬ ਨਹੀਂ ਦੇ ਸਕੀ। ਹੁਣ ਪ੍ਰਸ਼ਾਸਨ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ, “ਸਭ ਖ਼ਤਮ ਹੋ ਗਿਆ ਹੈ। ਹੁਣ ਮੈਂ ਹੋਰ ਚੁੱਪ ਨਹੀਂ ਰਹਾਂਗੀ।”
ਪਤੀ ਨਾਲ ਹੋਈ ਆਖ਼ਰੀ ਭਾਵੁਕ ਗੱਲਬਾਤ ਦਾ ਖ਼ੁਲਾਸਾ
ਆਪਣੀ ਪੋਸਟ ਵਿੱਚ ਹਰਮੀਤ ਢਿੱਲੋਂ ਨੇ ਆਪਣੇ ਸਵਰਗਵਾਸੀ ਪਤੀ ਸਰਵਜੀਤ ਸਿੰਘ ਰੰਧਾਵਾ (ਸਰਵ ਰੰਧਾਵਾ) ਨੂੰ ਯਾਦ ਕਰਦਿਆਂ ਇੱਕ ਭਾਵੁਕ ਪਲ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ 2024 ਦੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਉਨ੍ਹਾਂ ਦੇ ਪਤੀ ਨੇ ਵੀ ਸ਼ਾਮਲ ਹੋਣਾ ਸੀ, ਪਰ ਉਹ ਕੈਂਸਰ ਅਤੇ ਪਾਰਕਿੰਸਨ ਵਰਗੀਆਂ ਦੋ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ। ਆਖ਼ਰੀ ਸਮੇਂ ਸਿਹਤ ਖ਼ਰਾਬ ਹੋਣ ਕਾਰਨ ਉਹ ਕਨਵੈਨਸ਼ਨ ਵਿੱਚ ਨਹੀਂ ਪਹੁੰਚ ਸਕੇ।
ਹਰਮੀਤ ਨੇ ਲਿਖਿਆ, “ਘਰ ਦੇ ਮੈਡੀਕਲ ਸਟਾਫ਼ ਨੇ ਉਨ੍ਹਾਂ ਦੀ ਦੇਖਭਾਲ ਕੀਤੀ, ਜਦਕਿ ਉਨ੍ਹਾਂ ਨੇ ਟੀਵੀ ’ਤੇ ਮੈਨੂੰ ਸਾਡੀ ਸਿੱਖ ਪਰੰਪਰਾ ਅਨੁਸਾਰ ਅਰਦਾਸ ਕਰਦੇ ਵੇਖਿਆ।” ਉਨ੍ਹਾਂ ਦੱਸਿਆ ਕਿ ਘਰ ਵਿੱਚ ਵੀ ਹਰ ਵੇਲੇ ਖਾਣਾ ਖਾਣ ਤੋਂ ਪਹਿਲਾਂ ਉਹ ਦੋਵੇਂ ਰਲ ਕੇ ਅਰਦਾਸ ਕਰਦੇ ਸਨ। ਪਤੀ ਨੇ ਟੀਵੀ ’ਤੇ ਅਰਦਾਸ ਦੇਖਣ ਤੋਂ ਬਾਅਦ ਹਰਮੀਤ ਨੂੰ ਮੈਸੇਜ ਭੇਜਿਆ ਕਿ ਉਨ੍ਹਾਂ ਨੂੰ ਆਪਣੀ ਪਤਨੀ ’ਤੇ ਬਹੁਤ ਮਾਣ ਹੈ। ਇਹ ਸੁਨੇਹਾ ਉਨ੍ਹਾਂ ਦੋਵਾਂ ਵਿਚਾਲੇ ਹੋਈਆਂ ਆਖ਼ਰੀ ਗੱਲਾਂ ਵਿੱਚੋਂ ਇੱਕ ਸੀ, ਕਿਉਂਕਿ ਇਸ ਘਟਨਾ ਤੋਂ ਕਰੀਬ ਦੋ ਹਫ਼ਤੇ ਬਾਅਦ 2 ਅਗਸਤ 2024 ਨੂੰ ਸਰਵਜੀਤ ਸਿੰਘ ਰੰਧਾਵਾ ਦਾ ਦੇਹਾਂਤ ਹੋ ਗਿਆ।
ਆਰਐਨਸੀ ਅਰਦਾਸ ਦਾ ਕੀ ਸੀ ਵਿਵਾਦ?
15 ਜੁਲਾਈ 2024 ਨੂੰ ਮਿਲਵਾਕੀ ਵਿਖੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੀ ਪਹਿਲੀ ਰਾਤ ਹਰਮੀਤ ਕੌਰ ਢਿੱਲੋਂ ਨੇ ਸਟੇਜ ਤੋਂ ਸਿੱਖ ਮਰਿਆਦਾ ਅਨੁਸਾਰ ਅਰਦਾਸ ਕੀਤੀ ਸੀ। ਉਨ੍ਹਾਂ ਨੇ ਸਿਰ ਢਕ ਕੇ ਸਰਬੱਤ ਦੇ ਭਲੇ, ਲੋਕਾਂ ਦੀ ਏਕਤਾ ਅਤੇ ਅਮਰੀਕਾ ਦੀ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਸੀ। ਨਾਲ ਹੀ, ਉਨ੍ਹਾਂ ਨੇ ਡੋਨਾਲਡ ਟਰੰਪ ’ਤੇ ਪੈਨਸਿਲਵੇਨੀਆ ਵਿੱਚ ਹੋਏ ਜਾਨਲੇਵਾ ਹਮਲੇ ਦੌਰਾਨ ਉਨ੍ਹਾਂ ਦੀ ਜਾਨ ਬਚਣ ਲਈ ਵਾਹਿਗੁਰੂ ਦਾ ਧੰਨਵਾਦ ਵੀ ਕੀਤਾ ਸੀ।
ਹਾਲਾਂਕਿ, ਇਸ ਤੋਂ ਬਾਅਦ ਅਮਰੀਕਾ ਦੇ ਕੁਝ ਕੱਟੜਪੰਥੀ ਈਸਾਈ ਅਤੇ ਕੰਜ਼ਰਵੇਟਿਵ ਵਰਗ ਵੱਲੋਂ ਇਸ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ। ਉਨ੍ਹਾਂ ਸਵਾਲ ਚੁੱਕੇ ਕਿ ਇੱਕ ਰਿਪਬਲਿਕਨ ਸਿਆਸੀ ਮੰਚ ’ਤੇ ਗ਼ੈਰ-ਈਸਾਈ ਅਰਦਾਸ ਕਿਉਂ ਸ਼ਾਮਲ ਕੀਤੀ ਗਈ। ਹਾਲ ਹੀ ਵਿੱਚ ਮਿਡਟਰਮ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਜਿਵੇਂ ਹੀ ਹਰਮੀਤ ਪ੍ਰਸ਼ਾਸਨ ਵਿੱਚੋਂ ਬਾਹਰ ਹੋਈ, ਤਾਂ ਕੱਟੜਪੰਥੀ ‘ਮਾਗਾ’ ਸਮਰਥਕਾਂ ਨੇ ਉਸ ਦੀ ਅਰਦਾਸ ਦੀ ਵੀਡੀਓ ਮੁੜ ਵਾਇਰਲ ਕਰਕੇ ਖ਼ੁਸ਼ੀ ਮਨਾਈ ਕਿ ਉਹ ਈਸਾਈ ਨਹੀਂ ਸੀ, ਇਸ ਲਈ ਚੰਗਾ ਹੋਇਆ ਉਹ ਬਾਹਰ ਹੋ ਗਈ। ਦੂਜੇ ਪਾਸੇ, ਵੱਡੀ ਗਿਣਤੀ ਲੋਕਾਂ ਨੇ ਹਰਮੀਤ ਦਾ ਸਮਰਥਨ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਹਰ ਧਰਮ ਨੂੰ ਬਰਾਬਰ ਆਜ਼ਾਦੀ ਹੈ।
ਅਮਰੀਕੀ ਸੰਵਿਧਾਨ ਅਤੇ ਧਾਰਮਿਕ ਆਜ਼ਾਦੀ ਦਾ ਹਵਾਲਾ
ਵਿਰੋਧ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ ਦਿੰਦਿਆਂ ਹਰਮੀਤ ਢਿੱਲੋਂ ਨੇ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦਾ ਹਵਾਲਾ ਦਿੱਤਾ, ਜੋ ਧਾਰਮਿਕ ਆਜ਼ਾਦੀ ਦੀ ਗਾਰੰਟੀ ਦਿੰਦੀ ਹੈ। ਉਨ੍ਹਾਂ ਕਿਹਾ, “ਮੇਰੇ ਵਿਰੋਧੀ ਜਾ ਕੇ ਪਹਿਲੀ ਸੋਧ ਪੜ੍ਹਨ ਅਤੇ ਪਿਛਲੇ 34 ਸਾਲਾਂ ਦਾ ਮੇਰਾ ਰਿਕਾਰਡ ਦੇਖਣ, ਜਿਸ ਦੌਰਾਨ ਮੈਂ ਹਰ ਧਰਮ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ।”
ਹਰਮੀਤ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਸਾਰੀ ਉਮਰ ਸਾਰੇ ਧਰਮਾਂ ਦੀ ਆਜ਼ਾਦੀ ਲਈ ਲੜਦੀ ਰਹੇਗੀ, ਪਰ ਉਹ ਇੱਕ ਸਕਿੰਟ ਲਈ ਵੀ ਆਪਣੀ ਸਿੱਖ ਪਛਾਣ ਨੂੰ ਨਹੀਂ ਲੁਕਾਏਗੀ, ਕਿਉਂਕਿ ਅਮਰੀਕੀ ਸੰਵਿਧਾਨ ਉਨ੍ਹਾਂ ਨੂੰ ਆਪਣੇ ਧਰਮ ’ਤੇ ਚੱਲਣ ਦਾ ਪੂਰਾ ਹੱਕ ਦਿੰਦਾ ਹੈ।
ਹਰਮੀਤ ਕੌਰ ਢਿੱਲੋਂ ਅਤੇ ਪਰਿਵਾਰ ਬਾਰੇ
ਚੰਡੀਗੜ੍ਹ ਵਿੱਚ 2 ਅਪ੍ਰੈਲ 1969 ਨੂੰ ਜਨਮੀ ਹਰਮੀਤ ਕੌਰ ਢਿੱਲੋਂ ਬਚਪਨ ਵਿੱਚ ਹੀ ਆਪਣੇ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ। ਉਨ੍ਹਾਂ ਨੇ ਡਾਰਟਮਾਊਥ ਕਾਲਜ ਅਤੇ ਵਰਜੀਨੀਆ ਯੂਨੀਵਰਸਿਟੀ ਦੇ ਲਾਅ ਸਕੂਲ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਅਮਰੀਕਾ ਦੀ ਇੱਕ ਚੋਟੀ ਦੀ ਵਕੀਲ ਬਣੀ।
ਉਨ੍ਹਾਂ ਦੇ ਮਰਹੂਮ ਪਤੀ ਸਰਵਜੀਤ ਸਿੰਘ ਰੰਧਾਵਾ ਇੱਕ ਸੇਵਾਮੁਕਤ ਪ੍ਰਮਾਣੂ ਇੰਜੀਨੀਅਰ ਸਨ। ਦੋਵਾਂ ਦਾ ਵਿਆਹ ਫਰਵਰੀ 2011 ਵਿੱਚ ਹੋਇਆ ਸੀ ਅਤੇ ਇਹ ਸਾਥ 13 ਸਾਲ ਤੋਂ ਵੱਧ ਸਮਾਂ ਰਿਹਾ। ਰੰਧਾਵਾ ਤੋਂ ਪਹਿਲਾਂ ਹਰਮੀਤ ਦੇ ਦੋ ਹੋਰ ਵਿਆਹ ਹੋਏ ਸਨ, ਜੋ ਕ੍ਰਮਵਾਰ 1991 ਅਤੇ 2004 ਵਿੱਚ ਤਲਾਕ ਨਾਲ ਖ਼ਤਮ ਹੋਏ ਸਨ। ਹਰਮੀਤ ਢਿੱਲੋਂ ਨੇ ਸਾਫ਼ ਕਰ ਦਿੱਤਾ ਹੈ ਕਿ ਮੁਸ਼ਕਲਾਂ ਅਤੇ ਸਿਆਸੀ ਵਿਰੋਧ ਦੇ ਬਾਵਜੂਦ ਉਹ ਆਪਣੇ ਧਰਮ ਅਤੇ ਸੱਚ ਦੇ ਰਾਹ ਤੋਂ ਪਿੱਛੇ ਨਹੀਂ ਹਟੇਗੀ।











Comments (0)