ਚੀਨ ’ਚ ਕਹਿਰ ਬਣੀਆਂ ਕੁਦਰਤੀ ਆਫ਼ਤਾਂ, 2026 ਵਿੱਚ ਚੀਨ ਵਿੱਚ ਕੁਦਰਤੀ ਆਫ਼ਤਾਂ ਕਾਰਨ ਹੋਇਆ ਨੁਕਸਾਨ 29.6 ਅਰਬ ਡਾਲਰ ਤੱਕ ਪਹੁੰਚ ਗਿਆ
ਬੀਜਿੰਗ/ਏ.ਟੀ.ਨਿਊਜ਼ : ਜਦੋਂ ਤੋਂ ਮਨੁੱਖ ਨੇ ਨਵੀਂਆਂ ਨਵੀਂਆਂ ਖੋਜ਼ਾਂ ਕਰਨ ਦੇ ਨਾਂਅ ’ਤੇ ਕੁਦਰਤ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਕੁਦਰਤ ਵੀ ਮਨੁੱਖ ਨੂੰ ਸਬਕ ਦੇਣ ਲਈ ਕਹਿਰ ਵਰਤਾਅ ਦਿੰਦੀ ਹੈ। ਕੁਦਰਤ ਦੇ ਗੁੱਸੇ ਅੱਗੇ ਚੀਨ ਵਰਗੀਆਂ ਸ਼ਕਤੀਸ਼ਾਲੀ ਤਾਕਤਾਂ ਵੀ ਬੇਬੱਸ ਹੋ ਜਾਂਦੀਆਂ ਹਨ। ਸਾਲ 2026 ਦੇ ਪਹਿਲੇ 9 ਮਹੀਨਿਆਂ ਦੌਰਾਨ ਚੀਨ ਨੂੰ ਵੱਡੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਨ ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਦੱਸਿਆ ਹੈ ਕਿ ਜਨਵਰੀ ਤੋਂ ਸਤੰਬਰ 2026 ਦੇ ਵਿਚਕਾਰ ਕੁਦਰਤੀ ਆਫ਼ਤਾਂ ਕਾਰਨ ਚੀਨ ਨੂੰ 199.36 ਅਰਬ ਯੁਆਨ (29.6 ਅਰਬ ਡਾਲਰ) ਦਾ ਸਿੱਧਾ ਆਰਥਿਕ ਨੁਕਸਾਨ ਹੋਇਆ ਹੈ। ਇਸ ਦੌਰਾਨ 1,162 ਲੋਕਾਂ ਦੀ ਮੌਤ ਹੋ ਗਈ ਜਾਂ ਉਹ ਅਜੇ ਵੀ ਲਾਪਤਾ ਹਨ।
ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਇਸ ਮਿਆਦ ਦੌਰਾਨ ਭੂ-ਵਿਗਿਆਨਕ ਆਫ਼ਤਾਂ, ਤੂਫ਼ਾਨਾਂ, ਹੜ੍ਹਾਂ, ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਕਾਰਨ ਚੀਨ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ। ਦੇਸ਼ ਦੇ ਕੁਝ ਖੇਤਰਾਂ ਵਿੱਚ ਸੋਕੇ, ਭੂਚਾਲਾਂ, ਬਰਫ਼ੀਲੇ ਤੂਫ਼ਾਨਾਂ, ਜੈਵਿਕ ਸੰਕਟਾਂ ਅਤੇ ਜੰਗਲਾਂ ਜਾਂ ਘਾਹ ਦੇ ਮੈਦਾਨਾਂ ਵਿੱਚ ਲੱਗੀ ਅੱਗ ਕਾਰਨ ਵੀ ਵੱਖ-ਵੱਖ ਪੱਧਰਾਂ ’ਤੇ ਨੁਕਸਾਨ ਹੋਇਆ।
ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਨੌਂ ਮਹੀਨਿਆਂ ਦੀ ਇਸ ਮਿਆਦ ਦੌਰਾਨ, ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ 56.46 ਮਿਲੀਅਨ ਲੋਕ ਪ੍ਰਭਾਵਿਤ ਹੋਏ। ਇਸ ਸਾਲ ਦੀਆਂ ਤਿੰਨ ਤਿਮਾਹੀਆਂ ਦੌਰਾਨ, ਇਨ੍ਹਾਂ ਆਫ਼ਤਾਂ ਕਾਰਨ ਲਗਭਗ 170,000 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ 13,000 ਘਰ ਤਬਾਹ ਹੋ ਗਏ। ਕੁਦਰਤੀ ਆਫ਼ਤਾਂ ਨੇ ਕੁੱਲ 4.73 ਮਿਲੀਅਨ ਹੈਕਟੇਅਰ ਖੇਤੀਯੋਗ ਜ਼ਮੀਨ ਨੂੰ ਵੀ ਪ੍ਰਭਾਵਿਤ ਕੀਤਾ।
ਵਿਸ਼ਵ ਭਰ ਦੇ ਵਿਗਿਆਨੀ ਅਤੇ ਵਿਦਵਾਨ ਇਹ ਕਹਿ ਰਹੇ ਹਨ ਕਿ ਜੇ ਮਨੁੱਖ ਨੇ ਕੁਦਰਤ ਨਾਲ ਖਿਲਵਾੜ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਆਉਣ ਵਾਲੇ ਸਮੇਂ ਦੌਰਾਨ ਕੁਦਰਤ ਹੋਰ ਵੀ ਕਹਿਰਵਾਨ ਹੋ ਸਕਦੀ ਹੈ। ਕੁਦਰਤੀ ਕਰੋਪੀਆਂ ਤੋਂ ਬਚਣ ਲਈ ਕੁਦਰਤ ਨਾਲ ਖਿਲਵਾੜ ਕਰਨ ਤੋਂ ਮਨੁੱਖ ਨੂੰ ਬਾਜ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ।











Comments (0)