ਸਾਬਕਾ ਪੁਲਿਸ ਅਧਿਕਾਰੀ ਕਿਮ ਪੋਟਰ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ, ਜੇਲ੍ਹ ਭੇਜਿਆ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਮਿਨੀਸੋਟਾ ਦੇ ਸਾਬਕਾ ਪੁਲਿਸ ਅਧਿਕਾਰੀ ਕਿਮ ਪੋਟਰ ਨੂੰ ਮਿਨੀਆਪੋਲਿਸ ਦੇ ਨੀਮ ਸ਼ਹਿਰੀ ਖੇਤਰ ਬਰੁਕਲਿਨ ਸੈਂਟਰ ਵਿਚ ਇਕ ਟਰੈਫਿਕ ਸਟਾਪ 'ਤੇ ਗੋਲੀਆਂ ਚਲਾ ਕੇ ਡੌਂਟ ਰਾਈਟ ਨਾਮੀ ਵਿਅਕਤੀ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਮਿਨੀਆਪੋਲਿਸ ਦੀ ਜਿਲ੍ਹਾ ਜੱਜ ਰੀਗਿਨਾ ਚੂ ਨੇ ਜਦੋਂ ਫੈਸਲਾ ਸੁਣਾਇਆ ਤਾਂ 49 ਸਾਲਾ ਪੋਟਰ ਜਜ਼ਬਾਤੀ ਹੋ ਗਈ ਜਦ ਕਿ ਉਸ ਦੇ ਇਕ ਵਕੀਲ ਨੇ ਆਪਣਾ ਚੇਹਰਾ ਥੋਹੜੇ ਸਮੇ ਲਈ ਮੇਜ਼ ਉਪਰ ਰਖ ਦਿੱਤਾ ਜੋ ਪ੍ਰਤਖ ਤੌਰ 'ਤੇ ਪ੍ਰੇਸ਼ਾਨ ਨਜਰ ਆ ਰਿਹਾ ਸੀ। ਅਦਾਲਤ ਵਿਚ ਪੋਟਰ ਦਾ ਪਤੀ ਤੇ ਰਾਈਟ ਦੇ ਮਾਤਾ-ਪਿਤਾ ਹਾਜਰ ਸਨ। ਜਦੋਂ ਪੋਟਰ ਨੂੰ ਫਸਟ ਡਿਗਰੀ ਕਤਲ ਲਈ ਦੋਸ਼ੀ ਠਹਿਰਾਇਆ ਤਾਂ ਰਾਈਟ ਦੀ ਮਾਂ ਦੇ ਅੱਖਾਂ ਵਿਚੋਂ ਹੰਝੂ ਵਗ ਤੁਰੇ। ਬਚਾਅ ਪੱਖ ਦੇ ਵਕੀਲ ਪਾਲ ਇੰਘ ਨੇ ਜੱਜ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਉਸ ਦੇ ਮੁਵੱਕਲ ਨੂੰ ਸਜ਼ਾ ਨਹੀਂ ਸੁਣਾਈ ਜਾਂਦੀ,ਉਸ ਨੂੰ ਜਮਾਨਤ ਉਪਰ ਰਿਹਾਅ ਕਰ ਦਿੱਤਾ ਜਾਵੇ ਪਰੰਤੂ ਜੱਜ ਨੇ ਇਹ ਬੇਨਤੀ ਰੱਦ ਕਰਦਿਆਂ ਪੋਟਰ ਨੂੰ ਹਿਰਾਸਤ ਵਿਚ ਲੈਣ ਦਾ ਹੁਕਮ ਦਿੱਤਾ। ਵਕੀਲ ਨੇ ਕਿਹਾ ਕਿ ਪੋਟਰ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ ਤੇ ਉਸ ਤੋਂ ਸਮਾਜ ਨੂੰ ਕੋਈ ਖਤਰਾ ਨਹੀਂ ਹੈ। ਸਰਕਾਰੀ ਵਕੀਲਾਂ ਨੇ ਪੋਟਰ ਨੂੰ ਹਿਰਾਸਤ ਵਿਚ ਰਖਣ ਦੀ ਬੇਨਤੀ ਕਰਦਿਆਂ ਕਿਹਾ ਕਿ ਪੋਟਰ ਰਾਜ ਤੋਂ ਬਾਹਰ ਰਹਿੰਦੀ ਹੈ। ਜਿਲ੍ਹਾ ਜੱਜ ਨੇ ਆਪਣੇ ਫੈਸਲੇ ਵਿਚ ਲਿਖਿਆ ਕਿ ਮੈ ਇਸ ਮਾਮਲੇ ਨੂੰ ਹੋਰ ਮਾਮਲਿਆਂ ਤੋਂ ਵੱਖਰਾ ਰਖ ਕੇ ਵਿਚਾਰ ਨਹੀਂ ਸਕਦੀ। ਇਸ 'ਤੇ ਪੁਲਿਸ ਨੇ ਪੋਟਰ ਨੂੰ ਹਿਰਾਸਤ ਵਿਚ ਲੈ ਲਿਆ। ਰਾਈਟ ਦੇ ਪਰਿਵਾਰ ਨੇ ਫੈਸਲੇੈ ਉਪਰ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਬੇਤੁਕੀ ਹੱਤਿਆ ਵਾਸਤੇ ਜੁੰਮੇਵਾਰੀ ਤੇ ਜਵਾਬਦੇਹੀ ਤਾਂ ਬਣਦੀ ਹੈ। ਅਸੀਂ ਉਹ ਦਿਨ ਨਹੀਂ ਭੁੱਲੇ ਜਦੋਂ ਬਿਨਾਂ ਕਿਸੇ ਕਾਰਨ ਗੋਲੀਆਂ ਚਲਾ ਕੇ ਸਾਡੇ ਪੁੱਤਰ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ।
Comments (0)