ਮਾਮਲਾ ਬੀਬੀ ਜਗੀਰ ਕੌਰ ਨੂੰ ਅਕਾਲ ਤਖਤ ਸਾਹਿਬ ਉਪਰ ਤਲਬ ਕਰਨ ਦਾ

ਮਾਮਲਾ ਬੀਬੀ ਜਗੀਰ ਕੌਰ ਨੂੰ ਅਕਾਲ ਤਖਤ ਸਾਹਿਬ ਉਪਰ ਤਲਬ ਕਰਨ ਦਾ

*ਅਕਾਲ ਤਖਤ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਨੂੰ ਢਾਹ ਲਗਾਉਣ ਦੀਆਂ ਕੋਸ਼ਿਸ਼ਾਂ ਕਿਉਂ ਜਾਰੀ ਨੇ?

* ਕਿਉਂ ਦੁਹਰਾਇਆ ਜਾ ਰਿਹਾ ਗਿਆਨੀ ਗੁਰਬਚਨ ਸਿੰਘ ਵਾਲਾ  ਇਤਿਹਾਸ

*ਗੁਨਾਹਗਾਰ ਲੀਡਰਸ਼ਿਪ ਨੂੰ ਬਚਾਉਣ ਦੀਆਂ ਚਾਲਾਂ ਮੁੜ ਰਚੀਆਂ ਜਾਣ ਲਗੀਆਂ-ਬੁਧੀਜੀਵੀਆਂ ਦਾ ਇਤਰਾਜ਼

ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਕਾਲੀ ਦਲ ਨੂੰ ਤਬਾਹ ਕਰਨ ਵਾਲੀ ਗੁਨਾਹਗਾਰ ਅਕਾਲੀ ਲੀਡਰਸ਼ਿਪ ਤੇ ਬਾਦਲ ਪਰਿਵਾਰ ਉਪਰ ਸਖਤ ਕਾਰਵਾਈ ਕਰਨ ਦੀ ਥਾਂ ਤੇ ਅਕਾਲੀ ਦਲ ਦਲ ਅਕਾਲ ਤਖਤ ਤੋਂ ਪੁਨਰ ਸਿਰਜਣਾ ਕਰਨ ਲਈ ਪੰਥਕ ਇਕਠ ਬੁਲਾਉਣ ਦੀ ਥਾਂ ਇਸ ਸਾਰੇ ਮਸਲੇ ਨੂੰ ਤਾਰਪੀਡੋ ਕਰਨ ਲਈ ਗੈਰਸਿਧਾਂਤਕ,ਗੈਰ ਸਿਖ ਮਰਿਯਾਦਾ ਵਾਲੇ ਕੇਸ ਦੀ ਸੁਣਵਾਈ ਕਰਕੇ ਅਕਾਲ ਤਖਤ ਸਾਹਿਬ ਦੀ ਮਹਾਨ ਪਰੰਪਰਾਵਾਂ ਨੂੰ ਗਿਆਨੀ ਗੁਰਬਚਨ ਸਿੰਘ ਵਾਂਗ ਢਾਹ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ

ਪੰਥਕ ਹਲਕਿਆਂ ਨੂੰ ਸ਼ੱਕ ਹੈ ਕਿ ਇਹ ਸਭ ਕੁਝ ਬਾਦਲ ਪਰਿਵਾਰ ਦਾ ਵਰਤਾਰਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਸਿਆਸਤ ਅਨੁਸਾਰ  ਮੁੜ ਚਲਾਇਆ ਜਾਵੇ।ਇਸ ਦੇ ਰਝਾਨ ਸ਼ੁਰੂ ਹੋ ਚੁਕੇ ਹਨ।ਸਰਦਾਰ ਗੁਰਤੇਜ ਸਿੰਘ ਆਈਏਐਸ ਅਨੁਸਾਰ ਗਿਆਨੀ ਗੁਰਬਚਨ ਸਿੰਘ ਵਾਲਾ ਸਿਖ ਪਰੰਪਰਾਵਾਂ ਨੂੰ ਢਾਹ ਲਗਾਉਣ ਵਾਲਾ ਇਤਿਹਾਸ ਮੁੜ ਦੁਹਰਾਇਆ ਜਾ ਸਕਦਾ ਹੈ।

ਹੁਣੇ ਜਿਹੇ ਅਕਾਲ ਤਖਤ ਦੇ ਜਥੇਦਾਰ ਵਲੋਂ ਬੀਬੀ ਜਗੀਰ ਕੌਰ ਨੂੰ  ਆਪਣੀ ਧੀ ਦੀ ਮੌਤ ਦੇ ਮਾਮਲੇ ਵਿੱਚ 2000 ਦੌਰਾਨ ਦਰਜ ਹੋਏ ਕੇਸ ਵਿਚੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕੀਤੇ ਜਾਣ ਤੋਂ ਛੇ ਸਾਲ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਸਾਬਕਾ ਪ੍ਰਧਾਨ  ਨੂੰ ਨੋਟਿਸ ਜਾਰੀ ਕਰਕੇ ਕੁਝ ਬਾਦਲ ਦਲ ਦੇ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਮਿਲੀ ਸ਼ਿਕਾਇਤ ਤੇ ਰੋਮਾਂ ਦੀ ਬੇਅਦਬੀ ’ਤੇ 7 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਹੈ।  ਸਰਦਾਰ ਗੁਰਤੇਜ ਸਿੰਘ ਅਨੁਸਾਰ ਜਦ ਕਿ ਜਥੇਦਾਰ ਅਕਾਲ ਤਖਤ ਦੇ ਦੋਵੇਂ ਨੁਕਤੇ ਸਿਖ ਮਰਿਯਾਦਾ ,ਅਕਾਲ ਤਖਤ ਸਾਹਿਬ ਦੇ ਸਿਧਾਂਤ ਅਨੁਸਾਰ ਨੀਵੇਂ ਤੇ ਕੂੜ ਪੱਧਰ ਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਜ ਜਾਪਦਾ ਹੈ ਕਿ ਬਾਦਲ ਦਲ ਦੇ ਮਹਾਰਥੀਆਂ ਨੇ ਬੀਬੀ ਜਾਗੀਰ ਕੌਰ ਨੂੰ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਵਿਚ ਕੈਂਡੀਡੇਟ ਬਣਨ ਤੋਂ ਰੋਕਣ ਲਈ ਤੇ ਸੁਖਬੀਰ ਬਾਦਲ ਨੂੰ ਦੋਸ਼ਾਂ ਤੋਂ ਬਚਾਉਣ ਲਈ ਇਹ ਨੀਵੇਂ ਪੱਧਰ ਦੀ ਸਿਆਸੀ ਖੇਡ ਖੇਡੀ ਗਈ ਹੈ। ਇਸ ਸਿਆਸੀ ਖੇਡ ਵਿਚ ਜਥੇਦਾਰ ਰਘਬੀਰ ਸਿੰਘ ਨੂੰ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਕਾਲ ਤਖਤ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਨੂੰ ਢਾਹ ਲਗਾਉਣ ਦਾ ਖਤਰਾ ਪੈਦਾ ਹੋ ਗਿਆ ਹੈ। ਸਰਦਾਰ ਗੁਰਤੇਜ ਸਿੰਘ ਨੇ ਸੁਆਲ ਉਠਾਇਆ ਕਿ ਜਥੇਦਾਰ ਰਘਬੀਰ ਸਿੰਘ ਨੇ ਇਹ ਨੋਟਿਸ ਭੇਜਣ ਤੋਂ ਪਹਿਲਾਂ ਬਾਕੀ ਸਿੰਘ ਸਾਹਿਬਾਨਾਂ ਨਾਲ ਸਲਾਹ ਕੀਤੀ ਹੈ?

ਸਿਖ ਬੁਧਜੀਵੀ ਸਰਦਾਰ ਹਰਸਿਮਰਨ ਸਿੰਘ ਆਖਦੇ ਹਨ ਕਿ ਸਾਡੀ ਇਨਫਰਮੇਸ਼ਨ ਅਨੁਸਾਰ ਜਥੇਦਾਰ ਅਕਾਲ ਤਖਤ ਸਾਹਿਬ ਨੇ  ਇਹ ਮਸਲਾ ਕਿਸੇ ਹੋਰ ਸਿੰਘ ਸਾਹਿਬਾਨ ਨਾਲ ਨਹੀਂ ਵਿਚਾਰਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਇਸ ਪੈਂਤੜੇ ਬਾਰੇ ਸਿਖ ਪੰਥ ਵਿਚ ਭਾਰੀ ਨਰਾਜ਼ਗੀ ਹੈ ਕਿ ਜਥੇਦਾਰ ਅਕਾਲ ਤਖਤ ਗੁਨਾਹਗਾਰ ਅਕਾਲੀ ਲੀਡਰਸ਼ਿਪ ਨੂੰ ਸਜ਼ਾ ਦੇਣ ਤੇ ਸ੍ਰੋਮਣੀ ਅਕਾਲੀ ਦਲ ਦੀ ਮੁੜ ਬਹਾਲੀ ਕਰਨ ਤੇ ਇਸ ਬਾਰੇ ਸਿਖ ਪੰਥ ਦਾ ਨੁਮਾਇੰਦਾ ਇਕਠ ਬੁਲਾਉਣ ਦੀ ਥਾਂ   ਬਾਦਲ ਪਰਿਵਾਰ ਦਾ ਪ੍ਭਾਵ ਕਬੂਲ ਰਹੇ ਹਨ ਜਿਸ ਕਾਰਣ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੂੰ  ਮੁੜ ਢਾਹ ਲਗਾਉਣ ਦਾ ਖਤਰਾ ਪੈਦਾ  ਹੋ ਗਿਆ ਹੈ।ਇਸ ਨਾਲ ਸਿਖ ਪੰਥ ਵਿਚ ਭਾਰੀ ਰੋਸ ਫੈਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਥੇਦਾਰ ਅਕਾਲ ਤਖਤ ਦਾ ਕਾਰਜ ਕਿਸੇ ਪਰਿਵਾਰ ਦੀ ਹਸਤੀ ਨੂੰ ਬਚਾਉਣਾ ਨਹੀਂ, ਅਕਾਲ ਤਖਤ ਤੇ ਪੰਥਕ ਪਰੰਪਰਾਵਾਂ ਦੀ ਰਾਖੀ ਕਰਨਾ ਹੈ।

 ਇਥੇ ਜ਼ਿਕਰਯੋਗ ਹੈ ਕਿ ਬੀਬੀ ਜਾਗੀਰ ਕੌਰ 16 ਮਾਰਚ 1999 ਦੌਰਾਨ ਸ੍ਰੋਮਣੀ ਕਮੇਟੀ ਦੀ ਪਹਿਲੀ ਇਸਤਰੀ ਪ੍ਰਧਾਨ ਬਣੀ ਸੀ। ਫਿਰ ਨਵੰਬਰ 2000 ਦੌਰਾਨ,2004 ਵਿਚ ਫਿਰ ਚੋਣ ਲੜੀ,2011 ਦੀ ਵੀ ਚੋਣ ਲੜੀ।

ਬੀਬੀ ਜਗੀਰ ਕੌਰ ਨੂੰ 2018 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੀ ਧੀ ਹਰਪ੍ਰੀਤ ਕੌਰ ਦੇ ਕਤਲ ਦੇ ਮਾਮਲੇ ਤੋਂ ਬਰੀ ਕਰ ਦਿੱਤਾ ਸੀ।ਉਸ ਤੋਂ ਬਾਅਦ, ਉਸਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਖਡੂਰ ਸਾਹਿਬ ਤੋਂ 2019 ਦੀ ਲੋਕ ਸਭਾ ਚੋਣ ਲੜੀ, ਅਤੇ ਅਗਲੇ ਸਾਲ ਉਸਨੂੰ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਸੁਆਲ ਇਹ ਪੈਦਾ ਹੁੰਦਾ ਹੈ ਕੀ ਉਸ ਸਮੇਂ ਅਕਾਲੀ ਦਲ ਦੇ ਮਹਾਰਥੀਆਂ ,ਸਿੰਘ ਸਾਹਿਬਾਨਾਂ ਨੂੰ ਇਹ ਚੇਤੇ ਕਿਉਂ ਨਹੀਂ ਸੀ ਕਿ ਬੀਬੀ ਜਾਗੀਰ ਕੌਰ ਉਪਰ ਕੁੜੀ ਮਾਰ ਦੇ ਦੋਸ਼ ਹਨ ਜਾਂ ਉਸਨੇ ਕੇਸਾਂ ਦੀ ਬੇਅਦਬੀ ਕੀਤੀ ਹੈ। ਉਸਨੂੰ ਇਹ ਪੰਥ ਦੀਆਂ ਅਹਿਮ ਜ਼ਿੰਮੇਵਾਰੀਆਂ ਕਿਉਂ ਦਿਤੀਆਂ ਗਈਆਂ।

ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਦਾ ਕਹਿਣਾ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਉਪਰ ਸਿਖ ਪੰਥ ਦੀ ਹਸਤੀ,ਗੁਨਾਹਗਾਰ ਲੀਡਰਸ਼ਿਪ ਤੇ ਪੰਥਕ ਸੰਕਟ ਦਾ ਅਹਿਮ ਕੇਸ ਚਲ ਰਿਹਾ ਹੈ ਤਾਂ ਇਹੋ ਜਿਹੀ ਬੇਬੁਨਿਆਦ ਅਰਜੀ ਸਵੀਕਾਰ ਨਹੀਂ ਕਰਨੀ ਚਾਹੀਦੀ ਸੀ।ਦੂਸਰਾ ਉਨ੍ਹਾਂ ਨੂੰ ਰਹਿਤਨਾਮਿਆਂ ਤੇ ਅਕਾਲ ਤਖਤ ਸਾਹਿਬ ਦੀ ਪੰਥਕ ਮਰਿਯਾਦਾ ਅਨੁਸਾਰ ਬੀਬੀ ਜਗੀਰ ਕੌਰ ਉਪਰ ਕੁੜੀ ਮਾਰ ਦੋਸ਼ ਨਹੀਂ ਬਣਦਾ ਸੀ।।ਜਦ ਇਹ ਮਸਲਾ ਅਦਾਲਤ ਵਿਚ ਬੀਬੀ ਜਿਤ ਚੁਕੀ ਹੈ ਤਾਂ ਅਕਾਲ ਤਖਤ ਸਾਹਿਬ ਉਪਰ ਵਿਚਾਰਕੇ ਅਦਾਲਤੀ ਸਿਸਟਮ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਸੀ।ਜੇਕਰ ਕੋਈ ਹਾਈਕੋਰਟ ਤੇ ਸੁਪਰੀਮ ਕੋਰਟ ਵਿਚ ਇਸ ਬਾਰੇ ਸ਼ਿਕਾਇਤ ਕਰ ਦੇਵੇ ਤਾਂ ਜਥੇਦਾਰ ਜੀ ਕੀ ਜਵਾਬ ਦੇਣਗੇ?

  ਬੀਬੀ ਜਾਗੀਰ ਕੌਰ ਨੇ ਇਸ ਮਸਲੇ ਨੂੰ ਆਪਣੇ ਵਿਰੋਧੀਆਂ ਦੀ ਸਾਜ਼ਿਸ਼ ਕਰਾਰ ਦਿੱਤਾ ਜੋ "ਮੈਨੂੰ ਸਿਆਸੀ ਅਤੇ ਸਮਾਜਿਕ ਤੌਰ 'ਤੇ ਮਾਰਨਾ ਚਾਹੁੰਦੇ ਹਨ"।ਉਨ੍ਹਾਂ ਕਿਹਾ ਕਿ ਮੇਰੇ ਅਤੇ ਬਾਗੀ ਕੈਂਪ ਦੇ ਹੋਰ ਅਕਾਲੀ ਆਗੂਆਂ ਵਿਰੁੱਧ ਸ਼ਿਕਾਇਤਾਂ ਪਿੱਛੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੱਥ ਹੈ।ਬੀਬੀ ਜਗੀਰ ਕੌਰ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੇ ਉਲਟ ਇਸ ਪੱਤਰ ਨੂੰ ਜਾਰੀ ਕੀਤਾ ਗਿਆ ਹੈ ਮੈਂ ਇਸ ਦਾ ਜਵਾਬ ਆਪ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਦੇਵਾਂਗੀ। 

ਉਨ੍ਹਾਂ ਇਲਜ਼ਾਮ ਲਗਾਇਆ ਕਿ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਦੇ ਇਕੱਠ ਨੂੰ ਵੇਖ ਕੇ ਸੁਖਬੀਰ ਸਿੰਘ ਬਾਦਲ, ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਉਨ੍ਹਾਂ ਦੇ ਹਮਾਇਤੀ ਘਬਰਾ ਗਏ  ਤੇ ਅਕਾਲ ਤਖਤ ਸਾਹਿਬ ਨੂੰ ਗਲਤ ਤੇ ਝੂਠੀਆਂ ਸ਼ਿਕਾਇਤਾਂ ਕਰਵਾਈਆਂ। ਦੋ ਮਹੀਨੇ ਪਹਿਲਾਂ, ਜਦੋਂ ਮੈਂ ਉਨ੍ਹਾਂ ਦੇ ਨਾਲ ਸੀ, ਸਭ ਠੀਕ ਸੀ। ਜੇ ਤੁਸੀਂ ਮੈਨੂੰ ਦੋਸ਼ੀ ਮੰਨਦੇ ਹੋ ਤਾਂ ਮੈਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਉਂ ਬਣਾਇਆ? ਬੀਬੀ ਜਗੀਰ ਕੌਰ ਨੇ ਪੁਛਿਆ,ਮੈਨੂੰ ਦੱਸਿਆ ਜਾਵੇ ਕਿਹੜੀ ਜਥੇਬੰਦੀਆਂ ਨੇ ਮੇਰੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ 24 ਸਾਲ ਦੇ ਅੰਦਰ ਮੈਂ ਕਿੰਨੀ ਵਾਰ ਚੋਣਾਂ ਲੜੀਆਂ ਹਨ ਕਿੰਨੀ ਵਾਰ ਸਿੰਘ ਸਾਹਿਬ ਚੋਣਾਂ ਵਿੱਚ ਬੈਠੇ ਹਨ ਅੱਜ ਉਨ੍ਹਾਂ ਨੂੰ ਯਾਦ ਆਇਆ ਹੈ, ਮੈਂ ਕਿਹੜਾ ਬੁਰਕਾ ਪਾਕੇ ਜਾਂਦੀ ਸੀ।ਤੁਸੀਂ ਮੈਨੂੰ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਵਿੱਚ ਕਿਉਂ ਉਤਾਰਿਆ ? ਕੀ ਉਨ੍ਹਾਂ ਕੋਲ ਮੇਰੇ 'ਤੇ ਲਗਾਏ ਗਏ ਦੋਸ਼ਾਂ ਬਾਰੇ ਮੇਰੇ ਵਿਰੁੱਧ ਕੋਈ ਸਬੂਤ ਹੈ?''

ਉਸਨੇ ਕਿਹਾ ਕਿ ਉਨ੍ਹਾਂ (ਬਾਦਲ ਕੈਂਪ) ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀਆਂ ਚੋਣਾਂ ਤੋਂ ਪਹਿਲਾਂ ਮੈਨੂੰ ਬਦਨਾਮ ਕਰਨ ਲਈ ਮੇਰੇ ਵਿਰੁੱਧ ਇਹ ਸ਼ਿਕਾਇਤ ਕੀਤੀ ਹੈ ਤਾਂ ਜੋ ਮੈਂ ਉਨ੍ਹਾਂ ਨੂੰ ਚੁਣੌਤੀ ਨਾ ਦੇ ਸਕਾਂ। ਪਰ ਉਹ ਇਨ੍ਹਾਂ ਘਟੀਆ ਚਾਲਾਂ ਵਿੱਚ ਸਫਲ ਨਹੀਂ ਹੋਣਗੇ।

ਸਿਖ ਪੰਥ ਦੇ ਬੋਧਿਕ ਹਲਕਿਆਂ ਦਾ ਮੰਨਣਾ ਹੈ ਕਿ  ਜਥੇਦਾਰ ਅਕਾਲ ਤਖਤ ਨੂੰ ਅਜਿਹੇ ਝੂਠੇ ਮੁਦੇ ਤਿਆਗਕੇ ਪੰਥਕ ਕੇਸ ਉਪਰ ਕਾਰਵਾਈ ਕਰਨੀ ਚਾਹੀਦੀ ਹੈ,ਗੁਨਾਹਗਾਰ ਅਕਾਲੀ ਲੀਡਰਸ਼ਿਪ ਨੂੰ ਸਖਤ ਰਾਜਨੀਤਕ ਸਜ਼ਾ ਦੇਣੀ ਚਾਹੀਦੀ ਹੈ ਜਿਸ ਕਾਰਣ ਅਕਾਲੀ ਦਲ ਦੀ ਸਿਆਸੀ ਨਸਲਕੁਸ਼ੀ ਹੋਈ।ਤੇ ਸਿਖ ਪੰਥ ਨਾਲ ਧ੍ਰੋਹ ਕਮਾਇਆ ਗਿਆ।ਇਸ ਵਿਚ ਬਾਦਲ ਪਰਿਵਾਰ ਹੀ ਨਹੀਂ, ਗਿਆਨੀ ਗੁਰਬਚਨ ਸਿੰਘ ,ਗੁਰਮੁਖਿ ਸਿੰਘ, ਇਕਬਾਲ ਸਿੰਘ ਵੀ ਦੋਸ਼ੀ ਹਨ। ਇਨ੍ਹਾਂ ਨੂੰ ਹਾਲੇ ਤਕ ਅਕਾਲ ਤਖਤ ਸਾਹਿਬ ਤਲਬ ਕਿਉਂ ਨਹੀਂ ਕੀਤਾ ਗਿਆ।ਇਸ ਕੇਸ ਨੂੰ ਹੱਲ ਕਰਨ ਵਿਚ ਦੇਰੀ ਕਿਉਂ?

ਕਿਉਂ ਨਹੀਂ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਅਵਾਰਡ ਜੋ ਅਕਾਲ ਤਖਤ ਸਾਹਿਬ ਵਲੋਂ ਦਿਤਾ ਗਿਆ ,ਵਾਪਸ ਲਿਆ ਜਾ ਰਿਹਾ।ਜਦ ਕਿ ਇਸ ਸਬੰਧ ਵਿਚ ਆਪ ਜੀ ਕੋਲ ਕਾਰਵਾਈ ਲਈ ਅਰਜ਼ੀਆਂ ਭੇਜੀਆਂ ਜਾ ਚੁਕੀਆਂ ਹਨ।ਕਿਉਂ ਨਹੀਂ ਇਸ ਬਾਰੇ ਨੁਮਾਇੰਦਾ ਪੰਥਕ ਇਕਠ ਬੁਲਾਕੇ  ਪੰਥਕ ਫੈਸਲੇ ਕਿਉਂ ਨਹੀਂ ਕੀਤੇ ਜਾ ਰਹੇ।

ਸਰਦਾਰ ਗੁਰਤੇਜ ਸਿੰਘ ਆਈਏਐਸ ਨੇ ਜਥੇਦਾਰ ਅਕਾਲ ਤਖਤ ਨੂੰ ਅਪੀਲ ਕਰਦਿਆਂ ਕਿਹਾ ਕਿ ਜਥੇਦਾਰ ਜੀ ਜਾਂ ਸੁਖਬੀਰ ਸਿੰਘ ਬਾਦਲ ਤੇ ਗੁਨਾਹਗਾਰ ਲੀਡਰਸ਼ਿਪ ਬਚਾ ਲਵੋ ਜਾਂ ਪੰਥਕ ਪਰੰਪਰਾਵਾਂ ਦਾ ਪਾਲਣ ਕਰਕੇ ਅਕਾਲੀ ਦਲ ਪੰਥ ਦੀ ਝੋਲੀ ਵਿਚ ਪਾਉ।ਦੂਸਰਾ ਕੋਈ ਰਸਤਾ ਨਹੀਂ ਹੈ।ਇਹ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਮਹਾਨ ਜਥੇਦਾਰਾਂ ਬਾਬਾ ਸਾਹਿਬ ਸਿੰਘ ਬੇਦੀ ਤੇ ਅਕਾਲੀ ਫੂਲਾ ਸਿੰਘ ਵਾਂਗ ਪੰਥ ਦੀ ਸ਼ਾਨ ਰਖਣੀ ਹੈ,ਇਤਿਹਾਸ ਸਿਰਜਣਾ ਹੈ ਜਾਂ ਗਿਆਨੀ ਗੁਰਬਚਨ ਸਿੰਘ ਦੇ  ਉਜੜੇ ਰਾਹ ਵਲ ਜਾਣਾ ਹੈ।

 ਜਥੇਦਾਰ ਵਡਾਲਾ ਨੇ ਕਿਹਾ ਕਿ ਸਿਆਸੀ ਦਬਾਅ ਅਧੀਨ ਅਕਾਲ ਤਖਤ ਸਾਹਿਬ ਤੋਂ ਪਖਪਾਤ ਨਾ ਹੋਵੇ

   ਇਸ ਨੋਟਿਸ ਬਾਰੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਜਲੰਧਰ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਇਸ ਲਈ ਉੱਥੇ ਤੇ ਉੱਥੋਂ ਦੇ ਫ਼ੈਸਲਿਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੇ ਸਿਆਸੀ ਦਬਾਅ ਹੇਠ ਆ ਕੇ ਅਕਾਲ ਤਖ਼ਤ ਦੇ ਫ਼ੈਸਲਿਆਂ ਵਿਚ ਕੋਈ ਵੀ ਪੱਖਪਾਤ ਨਹੀਂ ਹੋਣਾ ਚਾਹੀਦਾ। 

ਉਨ੍ਹਾਂ ਬੀਬੀ ਜਗੀਰ ਕੌਰ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖਾਂ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਤੇ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੀਬੀ ਜਗੀਰ ਕੌਰ ਤੋਂ ਉਸ ਮਾਮਲੇ 'ਚ ਸਪੱਸ਼ਟੀਕਰਨ ਮੰਗਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੂੰ ਸਾਲ 2018 'ਚ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਸੀ, ਪਰ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਐਨ ਪਹਿਲਾਂ ਅਜਿਹਾ ਨੋਟਿਸ ਜਾਰੀ ਕਰਨਾ ਕਿਸੇ ਸਾਜ਼ਿਸ਼ ਦਾ ਹਿੱਸਾ ਲੱਗ ਰਿਹਾ ਹੈ। 

ਜਿਸ ਕੇਸ ਵਿਚ ਉਹ ਪਹਿਲਾਂ ਹੀ ਬਰੀ ਹੋ ਚੁੱਕੇ ਹਨ, ਉਸ ਮਾਮਲੇ 'ਚ ਉਨ੍ਹਾਂ ਨੂੰ 'ਕਾਤਲ' ਨਹੀਂ ਕਿਹਾ ਜਾ ਸਕਦਾ। 

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ