ਮਾਮਲਾ ਗੁਰੂ ਰਵਿਦਾਸ ਤੇ ਸੰਤ ਕਬੀਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ
ਡੇਰਾ ਸਿਰਸਾ ਮੁਖੀ ਨੂੰ ਹਾਈਕੋਰਟ ਤੋਂ ਰਾਹਤ, ਐਫ ਆਈ ਆਰ ਨੂੰ ਰੱਦ ਕਰਨ ਦੇ ਦਿੱਤੇ ਹੁਕਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ : ਡੇਰਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਸ੍ਰੀ ਗੁਰੂ ਰਵਿਦਾਸ ਤੇ ਸੰਤ ਕਬੀਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਡੇਰਾ ਸੌਦਾ ਰਾਮ ਰਹੀਮ ਖ਼ਿਲਾਫ਼ ਦਰਜ ਐਫ ਆਈ ਆਰ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ। ਤੱਥਾਂ ਦੀ ਘਾਟ ਕਾਰਨ ਇਸ ਕੇਸ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ। ਹੁਣ ਜਲੰਧਰ ਦੇਹਾਤ ਪੁਲਿਸ ਜਲਦੀ ਹੀ ਇਸ ਕੇਸ ਨੂੰ ਰੱਦ ਕਰ ਦੇਵੇਗੀ।
ਦੱਸ ਦੇਈਏ ਕਿ ਇਹ ਮਾਮਲਾ 17 ਮਾਰਚ ਨੂੰ ਜਲੰਧਰ ਦੇ ਪਤਾਰਾ ਥਾਣੇ ਵਿੱਚ ਦਰਜ ਹੋਇਆ ਸੀ। ਕੇਸ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਜੋੜੀ ਗਈ ਹੈ। ਇਸ ਤੋਂ ਬਾਅਦ ਰਾਮ ਰਹੀਮ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇੱਕ ਸਤਿਸੰਗ ਨੂੰ ਲੈ ਕੇ ਆਪਣੇ ਖ਼ਿਲਾਫ਼ ਦਰਜ ਐਫ ਆਈ ਆਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।ਕਰੀਬ 7 ਸਾਲ ਪਹਿਲਾਂ ਹੋਏ ਸਤਿਸੰਗ ਦੌਰਾਨ ਰਾਮ ਰਹੀਮ ਨੇ ਸ੍ਰੀ ਗੁਰੂ ਰਵਿਦਾਸ ‘ਤੇ ਟਿੱਪਣੀ ਕੀਤੀ ਸੀ। ਜਦੋਂ ਇਸ ਦੀ ਵੀਡੀਓ ਜਲੰਧਰ ਦੇ ਰਵਿਦਾਸ ਸਮਾਜ ਕੋਲ ਪਹੁੰਚੀ ਤਾਂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੁਖੀ ਜੱਸੀ ਤਲਹਣ ਨੇ ਇਸ ਮਾਮਲੇ ਦੀ ਸ਼ਿਕਾਇਤ ਜਲੰਧਰ ਦੇਹਾਤ ਪੁਲਿਸ ਨੂੰ ਕੀਤੀ। ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਕੇਸ ਦਰਜ ਹੋਣ ਤੋਂ ਕੁਝ ਦਿਨ ਬਾਅਦ ਸੌਦਾ ਸਾਧ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਇਸ ਮਾਮਲੇ ‘ਚ ਪਟੀਸ਼ਨਕਰਤਾ ਵੱਲੋਂ ਪ੍ਰਚਾਰ ਕਰਦੇ ਸਮੇਂ ਕਿਸੇ ਵਿਅਕਤੀ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਰਾਦੇ ਜਾਂ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਦਾ ਕੋਈ ਸਪਸ਼ਟ ਸਬੂਤ ਨਹੀਂ ਹੈ।
Comments (0)