ਯੂਕੇ ਗੁਰਦੁਆਰਾ ਦੇ ਸਾਬਕਾ ਪ੍ਰਧਾਨ ਨੂੰ ਕ੍ਰਿਪਾਨ ਨਾਲ ਅਦਾਲਤ 'ਚ ਜਾਣ ਤੋਂ ਰੋਕਿਆ ਗਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 30 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ)- ਯੂਕੇ ਦੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਸਾਬਕਾ ਪ੍ਰਧਾਨ ਅਤੇ ਸਿੱਖ ਕੌਂਸਲ ਯੂ. ਕੇ. ਦੇ ਸਾਬਕਾ ਜਨਰਲ ਸਕੱਤਰ ਜਤਿੰਦਰ ਸਿੰਘ ਬਾਸੀ ਨੂੰ ਬਰਮਿੰਘਮ ਕਰਾਊਨ ਕੋਰਟ ਵਿਚ ਆਪਣੀਆਂ ਅਦਾਲਤੀ ਸੇਵਾਵਾਂ ਦੇਣ ਲਈ ਬੁਲਾਇਆ ਗਿਆ ਸੀ, ਜਿੱਥੇ ਸੁਰੱਖਿਆ ਕਰਮਚਾਰੀ ਨੇ ਜਤਿੰਦਰ ਸਿੰਘ ਨੂੰ ਕ੍ਰਿਪਾਨ ਪਹਿਨੀ ਹੋਣ ਕਰਕੇ ਰੋਕਿਆ। ਸਿੱਖ ਫੈਡਰੇਸ਼ਨ ਯੂਕੇ ਦੇ ਮੁੱਖ ਬੁਲਾਰੇ ਭਾਈ ਦੁਬਿੰਦਰਜੀਤ ਸਿੰਘ ਮੁਤਾਬਿਕ ਸ: ਬਾਸੀ ਨੇ ਦੱਸਿਆ ਕਿ ਉਹ ਉਕਤ ਸੇਵਾਵਾਂ ਲਈ 10 ਸਾਲ ਪਹਿਲਾਂ ਵੀ ਗਿਆ ਸੀ, ਉਸ ਸਮੇਂ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਈ, ਇਸ ਵਾਰ ਇਕ ਸੁਰੱਖਿਆ ਕਰਮੀ ਵਲੋਂ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਦ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਇਕ ਹੋਰ ਸੁਰੱਖਿਆ ਕਰਮਚਾਰੀ ਨੇ ਅੰਦਰ ਜਾਣ ਤੋਂ ਰੋਕ ਲਿਆ। ਜਤਿੰਦਰ ਸਿੰਘ ਨੇ ਦੱਸਿਆ ਕਿ ਕ੍ਰਿਪਾਨ ਦਾ ਆਕਾਰ ਕਾਨੂੰਨੀ ਤੌਰ 'ਤੇ ਸਰਕਾਰੀ ਨਿਯਮਾਂ ਅਨੁਸਾਰ ਹੀ ਸੀ, ਜਿਸ ਕਰਕੇ ਭਾਵੇਂ ਅਦਾਲਤ ਅਤੇ ਟ੍ਰਿਬਿਊਨਲ ਸਰਵਿਸ ਦੇ ਉੱਚ ਅਧਿਕਾਰੀ ਨੇ ਮੌਕੇ 'ਤੇ ਹੀ ਮੁਆਫੀ ਮੰਗੀ ਪਰ ਇਹ ਮਾਫੀ ਕਾਫੀ ਨਹੀਂ ਸੀ। ਹੋਰਨਾਂ ਲੋਕਾਂ ਦੇ ਸਾਹਮਣੇ ਕਿਸੇ ਸਿੱਖ ਨੂੰ ਉਸ ਦੀ ਕ੍ਰਿਪਾਨ ਕਰਕੇ ਇਕ ਪਾਸੇ ਕਰ ਲੈਣਾ ਸਹੀ ਨਹੀਂ ਸੀ। ਸ: ਬਾਸੀ ਨੇ ਹੈਰਾਨੀ ਪ੍ਰਗਟ ਕੀਤੀ ਇੱਕੋ ਥਾਂ 'ਤੇ ਦੋ ਨੀਤੀਆਂ ਕਿਸ ਤਰ੍ਹਾਂ ਹੋ ਸਕਦੀਆਂ ਹਨ ਕਿਉਂਕਿ ਇਕ ਸੁਰੱਖਿਆ ਕਰਮਚਾਰੀ ਦੇ ਦਿਸ਼ਾ-ਨਿਰਦੇਸ਼ਾਂ ਨਾਲ ਉਹ ਸਵੇਰ ਤੋਂ ਹੀ ਸੇਵਾਵਾਂ ਦੇ ਰਹੇ ਸਨ, ਜਦ ਕਿ ਇਕ ਹੋਰ ਕਰਮੀ ਉਹੀ ਸੇਵਾਵਾਂ ਲਈ ਅਦਾਲਤ ਵਿਚ ਜਾਣ ਤੋਂ ਰੋਕ ਰਿਹਾ ਸੀ। ਅਦਾਲਤਾਂ ਅਤੇ ਟ੍ਰਿਬਿਊਨਲ ਸੇਵਾ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਜਤਿੰਦਰ ਸਿੰਘ ਤੋਂ ਕਿਸੇ ਵੀ ਪ੍ਰੇਸ਼ਾਨੀ ਲਈ ਮੁਆਫੀ ਮੰਗੀ ਹੈ ਅਤੇ ਸਾਡੇ ਇਕਰਾਰਨਾਮੇ ਵਾਲੇ ਸੁਰੱਖਿਆ ਅਧਿਕਾਰੀਆਂ ਨੂੰ ਇਸ ਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਚੁੱਕੇ ਜਾਣ ਵਾਲੇ ਸਹੀ ਕਦਮਾਂ ਬਾਰੇ ਯਾਦ ਦਿਵਾਇਆ ਹੈ। ਸਿੱਖ ਫੈਡਰੇਸ਼ਨ ਯੂ. ਕੇ. ਨੇ ਘਟਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਨਿਆਂ ਮੰਤਰੀ ਐਲੈਕਸ ਕਾਲਕ ਅਤੇ ਸ਼ੈੱਡ ਨਿਆਂ ਮੰਤਰੀ ਸ਼ਾਬਾਨਾ ਮਹਿਮੂਦ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਤੈਅ ਤੱਕ ਜਾਇਆ ਜਾਵੇ ਅਤੇ ਨਿਆਂ ਵਿਭਾਗ ਵਿਚ ਹੋ ਰਹੇ ਨਸਲੀ ਵਿਤਕਰੇ ਨੂੰ ਤੁਰੰਤ ਰੋਕਿਆ ਜਾਵੇ। ਭਾਈ ਦੁਬਿੰਦਰਜੀਤ ਸਿੰਘ ਨੇ ਕਿਹਾ ਕਿ ਅਸੀਂ ਨਿਆਂ ਮੰਤਰੀ, ਐਲੇਕਸ ਚਾਕ ਅਤੇ ਸ਼ੈਡੋ ਨਿਆਂ ਮੰਤਰੀ, ਸ਼ਬਾਨਾ ਮਹਿਮੂਦ ਦੁਆਰਾ ਇੱਕ ਪ੍ਰਮੁੱਖ ਅੰਮ੍ਰਿਤਧਾਰੀ ਸਿੱਖ ਪ੍ਰਤੀ ਵਿਤਕਰੇ ਦੀ ਜਨਤਕ ਤੌਰ 'ਤੇ ਨਿੰਦਾ ਕਰਨ ਦੀ ਉਡੀਕ ਕਰ ਰਹੇ ਹਾਂ।
ਉਨ੍ਹਾਂ ਦਸਿਆ ਕਿ ਸਾਡੇ ਵਾਈਸ ਚੇਅਰ, ਜਤਿੰਦਰ ਸਿੰਘ ਨੇ ਨਿਆਂ ਮੰਤਰਾਲੇ ਦੇ ਬਿਆਨ ਦੀ ਪੁਸ਼ਟੀ ਕੀਤੀ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਸੁਰੱਖਿਆ ਅਮਲੇ ਦੁਆਰਾ ਉਸਦੇ ਪ੍ਰਤੀ ਵਿਤਕਰੇ ਅਤੇ ਨਸਲੀ ਵਿਵਹਾਰ ਨੂੰ ਲੁਕਾਉਣ ਲਈ ਵਾਧੂ ਜਿਊਰ ਸਨ, ਸਰਾਸਰ ਝੂਠ ਹੈ।
Comments (0)