ਮੈਨਹਟਨ ਦੀ ਸੰਘੀ ਅਦਾਲਤ ਨੇ ਨਿਖਿਲ ਗੁਪਤਾ ਨੂੰ 28 ਜੂਨ ਤੱਕ ਹਿਰਾਸਤ ਵਿੱਚ ਰੱਖਣ ਦੇ ਦਿੱਤੇ ਹੁਕਮ

ਮਾਮਲਾ ਖਾਲਿਸਤਾਨੀ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦਾ
ਚੈੱਕ ਗਣਰਾਜ ਨੇ ਕਥਿਤ ਦੋਸ਼ੀ ਨਿਖਿਲ ਗੁਪਤਾ ਨੂੰ ਅਮਰੀਕਾ ਦੇ ਕੀਤਾ ਹਵਾਲੇ
ਅਮਰੀਕਾ ਵਿਚ ਬੀਤੇ ਦਿਨੀਂ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਾਉਣ ਦੀ ਕਥਿਤ ਸਾਜ਼ਿਸ਼ ਵਿਚ ਸ਼ਾਮਲ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗੁਪਤਾ (52) ਨੂੰ ਅਮਰੀਕੀ ਸਰਕਾਰ ਦੀ ਅਪੀਲ 'ਤੇ ਪਿਛਲੇ ਸਾਲ ਚੈੱਕ ਗਣਰਾਜ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਚੈੱਕ ਸੰਵਿਧਾਨਕ ਅਦਾਲਤ ਨੇ ਪਿਛਲੇ ਮਹੀਨੇ ਹਵਾਲਗੀ ਵਿਰੁੱਧ ਗੁਪਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਹੁਣੇ ਜਿਹੇ ਉਸਨੂੰ ਅਮਰੀਕਾ ਦੇ ਹਵਾਲੇ ਕੀਤਾ ਗਿਆ ਹੈ।
ਨਿਖਿਲ ਗੁਪਤਾ ਨੂੰ ਬੀਤੇ ਸੋਮਵਾਰ ਨੂੰ ਅਮਰੀਕਾ ਦੇ ਮੈਨਹਟਨ ਦੀ ਸੰਘੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਗੁਪਤਾ ਨੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤੋਂ ਖੁਦ ਨੂੰ ਬੇਕਸੂਰ ਦੱਸਿਆ। ਗੁਪਤਾ ਨੂੰ 28 ਜੂਨ ਤੱਕ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ।ਗੁਪਤਾ ਦੇ ਵਕੀਲ ਜੈਫਰੀ ਚਾਬਰੋ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ। ਸੰਘੀ ਅਦਾਲਤ ਵਿਚ ਪੇਸ਼ੀ ਤੋਂ ਪਹਿਲਾਂ ਨਿਖਿਲ ਗੁਪਤਾ ਦੇ ਵਕੀਲ ਜੈਫਰੀ ਚੈਬਰੋਵੇ ਨੇ ਕਿਹਾ ਸੀ ਕਿ ਇਹ ਸਾਡੇ ਦੋਹਾਂ ਦੇਸ਼ਾਂ ਲਈ ਇਕ ਗੁੰਝਲਦਾਰ ਮਾਮਲਾ ਹੈ।ਉਸ ਨੇ ਕਿਹਾ ਸੀ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਪ੍ਰਕਿਰਿਆ ਦੇ ਸ਼ੁਰੂ ਵਿੱਚ ਸਿੱਟੇ 'ਤੇ ਪਹੁੰਚਣ ਤੋਂ ਬਚੀਏ। ਇਸ ਕੇਸ ਬਾਰੇ ਹੋਰ ਵੇਰਵੇ ਸਾਹਮਣੇ ਆਉਣਗੇ ਤਾਂ ਹੀ ਕਿਸੇ ਨਤੀਜੇ ਉਪਰ ਪਹੁੰਚਿਆ ਜਾ ਸਕੇਗਾ।
ਅਮਰੀਕਾ ਦੇ ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਗੁਪਤਾ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਭਾਰਤ ਨੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਗੁਪਤਾ ਇਸ ਸਮੇਂ ਬਰੁਕਲਿਨ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਬੰਦ ਹੈ।
ਗੁਪਤਾ ਦੇ ਵਕੀਲ ਜੈਫਰੀ ਨੇ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਜਿੱਥੇ ਉਸ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ।ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਸਿਆਸੀ ਕਾਰਨਾਂ ਕਰਕੇ ਸਤਾਇਆ ਗਿਆ ਹੈ।ਉਸ 'ਤੇ ਗਲਤ ਤਰੀਕੇ ਨਾਲ ਭਾਰਤ ਸਰਕਾਰ ਨਾਲ ਮਿਲ ਕੇ ਅਮਰੀਕਾ ਵਿਚ ਇਕ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਹਾਲਾਂਕਿ, ਉਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।
ਦਰਅਸਲ, ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਅਮਰੀਕੀ ਅਦਾਲਤ ਵਿਚ ਦਾਇਰ ਇਲਜ਼ਾਮਾਂ ਵਿਚ ਇੱਕ ਲੱਖ ਡਾਲਰ ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦੀ ਸੁਪਾਰੀ ਦੇਣ ਦੇ ਇਲਜ਼ਾਮ ਲਗਾਏ ਗਏ ਹਨ।ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਨਿਖਿਲ ਗੁਪਤਾ ਨੇ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਇਕ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਅਮਰੀਕਾ ਵਿੱਚ ਇਕ ਹਿੱਟਮੈਨ ਨਾਲ ਸੰਪਰਕ ਕੀਤਾ ਸੀ ਅਤੇ ਉਸ ਨੂੰ ਇਕ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ।
ਭਾਰਤ ਸਰਕਾਰ ਨੇ ਪੰਨੂ ਨੂੰ ਖਾੜਕੂ ਐਲਾਨਿਆ ਹੋਇਆ ਹੈ। ਪੰਨੂ ਜਨਤਕ ਤੌਰ 'ਤੇ ਵੱਖਰਾ ਖ਼ਾਲਿਸਤਾਨ ਦੇਸ਼ ਬਣਾਉਣ ਦੀ ਅਪੀਲ ਕਰਦੇ ਹਨ।
ਗੁਪਤਾ ਕਿਵੇਂ ਫੜਿਆ ਗਿਆ
ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ 30 ਜੂਨ ਨੂੰ ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਉਸਨੇ ਕਥਿਤ ਤੌਰ 'ਤੇ "ਕਾਰੋਬਾਰ ਅਤੇ ਸੈਰ-ਸਪਾਟਾ" ਦੇ ਉਦੇਸ਼ਾਂ ਲਈ ਚੈੱਕ ਗਣਰਾਜ ਦੀ ਯਾਤਰਾ ਕੀਤੀ ਸੀ, ਪਰ ਚੈੱਕ ਰਾਸ਼ਟਰੀ ਡਰੱਗ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ ਇੱਕ ਡਰੱਗ ਡੀਲਰ ਸੀ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਗਾਇਆ ਗਿਆ ਸੀ।ਉਸ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਏਅਰਪੋਰਟ 'ਤੇ ਸੀ ਅਤੇ ਜਾਣਕਾਰੀ ਮੁਤਾਬਕ ਜੇਕਰ ਕੁਝ ਹੋਰ ਸਮਾਂ ਹੁੰਦਾ ਤਾਂ ਨਿਖਿਲ ਗੁਪਤਾ ਪ੍ਰਾਗ ਛੱਡ ਚੁੱਕਿਆ ਹੁੰਦਾ।ਨਿਖਿਲ ਗੁਪਤਾ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ, ਚੈੱਕ ਅਧਿਕਾਰੀਆਂ ਨੇ ਪ੍ਰਾਗ ਵਿੱਚ ਭਾਰਤੀ ਦੂਤਘਰ ਨੂੰ 'ਨਿਕ ਗੁਪਤਾ, ਇੱਕ ਭਾਰਤੀ ਨਾਗਰਿਕ' ਬਾਰੇ ਸੂਚਿਤ ਕੀਤਾ ਸੀ, ਜਿਸ ਨੂੰ ਅਮਰੀਕੀ ਅਦਾਲਤ ਦੇ ਆਦੇਸ਼ ਦੇ ਆਧਾਰ 'ਤੇ ਹਿਰਾਸਤ ਵਿੱਚ ਲਿਆ ਗਿਆ ਸੀ।
ਭਾਰਤੀ ਸਰਕਾਰ ਦੀਆਂ ਰਿਪੋਟਾਂ ਮੁਤਾਬਕ ਭਾਰਤੀ ਦੂਤਾਵਾਸ ਨੂੰ ਨਿਖਿਲ ਗੁਪਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ, ਇਸ ਲਈ ਭਾਰਤੀ ਅਧਿਕਾਰੀਆਂ ਨੇ ਨਿਖਿਲ ਗੁਪਤਾ ਲਈ ਸਾਧਾਰਣ ਕੌਂਸਲਰ ਸਹਾਇਤਾ ਪ੍ਰਕਿਰਿਆਵਾਂ ਦਾ ਪਾਲਣ ਕੀਤਾ। ਭਾਰਤ ਸਰਕਾਰ ਨੇ ਉਸਦੀ ਪਛਾਣ ਅਤੇ ਰਾਸ਼ਟਰੀਅਤਾ ਨੂੰ ਪ੍ਰਮਾਣਿਤ ਕਰਨ ਲਈ ਉਸਦੇ ਪਾਸਪੋਰਟ ਦੀ ਜਾਣਕਾਰੀ ਪ੍ਰਾਪਤ ਕੀਤੀ ਸੀ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਨਿਖਿਲ ਗੁਪਤਾ ਨੇ ਭਾਰਤੀ ਦੂਤਾਵਾਸ ਤੋਂ ਕੋਈ ਕਾਨੂੰਨੀ ਸਹਾਇਤਾ ਨਹੀਂ ਮੰਗੀ, ਜੋ ਆਮ ਤੌਰ 'ਤੇ ਵਿਦੇਸ਼ਾਂ ਵਿੱਚ ਮੁਸੀਬਤ ਵਿੱਚ ਫਸੇ ਭਾਰਤੀ ਨਾਗਰਿਕਾਂ ਲਈ ਹੱਕ ਮੰਨਿਆ ਜਾਂਦਾ ਹੈ। ਰਿਪੋਰਟਾਂ ਦੇ ਅਨੁਸਾਰ, ਉਸ ਨੇ ਚੈੱਕ ਅਪਰਾਧਿਕ ਨਿਆਂ ਪ੍ਰਣਾਲੀ ਦੇ ਸਾਹਮਣੇ ਆਪਣਾ ਕਨੂੰਨੀ ਬਚਾਅ ਕਰਨ ਲਈ ਪ੍ਰਾਗ ਵਿੱਚ ਆਪਣੇ ਵਕੀਲ ਦੀ ਵਿਵਸਥਾ ਕੀਤੀ ਸੀ।
ਸੁਆਲ ਤਾਂ ਇਹ ਹੈ ਕਿ ਉਸ ਨੇ ਏਨੇ ਮਹਿੰਗੇ ਵਕੀਲ ਕਿਵੇਂ ਕੀਤੇ? ਅਮਰੀਕਾ ਦੇ ਸਿਖਾਂ ਦਾ ਮੰਨਣਾ ਹੈ ਕਿ ਇਸ ਪਿਛੇ ਮਜਬੂਤ ਤਾਣਾ ਬਾਣਾ ਹੈ। ਯੂਐਸ ਦੇ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਐਵਰਿਲ ਹੇਨਜ਼, ਜੋ ਕਿ ਅਮਰੀਕੀ ਸਰਕਾਰ ਦੇ ਚੋਟੀ ਦੇ ਖੁਫੀਆ ਅਧਿਕਾਰੀ ਹਨ, ਉਹ ਠੋਸ ਜਾਣਕਾਰੀ ਲੈ ਕੇ ਭਾਰਤ ਆਏ ਸਨ ।ਇਸ ਨੂੰ ਅਮਰੀਕੀ ਖੁਫੀਆ ਏਜੰਸੀਆਂ ਦੁਆਰਾ ਇਕੱਠਾ ਕੀਤਾ ਗਿਆ ਸੀ । ਇਹ ਸਬੂਤ ਅਮਰੀਕੀ ਦੋਸ਼ਾਂ ਦਾ ਹਿੱਸਾ ਬਣਨ ਜਾ ਰਹੇ ਸਨ ,ਉਸਨੂੰ ਸੰਘੀ ਵਕੀਲ ਤਿਆਰ ਕਰ ਰਹੇ ਸਨ।
ਅਮਰੀਕੀ ਖੁਫੀਆ ਅਧਿਕਾਰੀ ਹੇਨਸ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਦਸਤਾਵੇਜ਼ ਅਤੇ ਵੇਰਵਿਆਂ, ਜਿਸ ਨੂੰ ਬਾਅਦ ਵਿੱਚ ਅਮਰੀਕੀ ਨਿਆਂ ਵਿਭਾਗ ਦੁਆਰਾ ਦਾਇਰ ਕੀਤੇ ਗਏ ਦੋਸ਼ਾਂ ਦੇ ਹਿੱਸੇ ਵਜੋਂ ਜਨਤਕ ਕੀਤਾ ਗਿਆ ਸੀ, ਨੇ ਭਾਰਤ ਸਰਕਾਰ ਨੂੰ ਜਾਣਕਾਰੀ 'ਤੇ ਡੂੰਘਾਈ ਨਾਲ ਵਿਚਾਰ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਉਸ ਨੂੰ ਜਾਣਕਾਰੀ ਦਾ ਮੁਲਾਂਕਣ ਕਰਨ ਵਿੱਚ ਕੁਝ ਹਫ਼ਤੇ ਲੱਗ ਗਏ, ਜਿਸ ਵਿੱਚ ਕੁਝ ਗੰਭੀਰ ਸਬੂਤ ਸਨ।ਇਸ ਬਾਰੇ ਭਾਰਤ ਨੇ ਜਾਂਚ ਕਰਨ ਦਾ ਫੈਸਲਾ ਕੀਤਾ।
ਇਸ ਦੌਰਾਨ ਅਮਰੀਕਾ ਨੇ ਇਸ ਜਾਣਕਾਰੀ ਦੀ ਵਰਤੋਂ ਨਿਖਿਲ ਗੁਪਤਾ 'ਤੇ ਦੋਸ਼ ਲਗਾਉਣ ਲਈ ਕੀਤੀ। ਚੈੱਕ ਅਧਿਕਾਰੀਆਂ ਦੇ ਲਈ ਇਹ ਸਬੂਤ ਏਨੇ ਠੋਸ ਸਨ ਕਿ ਨਿਖਿਲ ਗੁਪਤਾ ਨੂੰ ਅਮਰੀਕੀ ਅਧਿਕਾਰ ਖੇਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਐਫਬੀਆਈ ਨੂੰ ਸੌਂਪ ਦਿੱਤਾ ਗਿਆ। ਇਹ ਸੰਯੁਕਤ ਰਾਜ ਅਮਰੀਕਾ ਅਤੇ ਚੈੱਕ ਗਣਰਾਜ ਵਿਚਕਾਰ ਦੁਵੱਲੀ ਹਵਾਲਗੀ ਸੰਧੀ ਦੇ ਅਨੁਸਾਰ ਕੀਤਾ ਗਿਆ ਸੀ।
ਨਿਖਿਲ ਗੁਪਤਾ 'ਤੇ ਭਾੜੇ ਲਈ ਕਤਲ ਅਤੇ ਭਾੜੇ 'ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਜੇਕਰ ਅਮਰੀਕੀ ਅਦਾਲਤ ਵਿਚ ਨਿਖਿਲ ਗੁਪਤਾ 'ਤੇ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਇਨ੍ਹਾਂ ਦੋਵਾਂ ਮਾਮਲਿਆਂ 'ਚ 10-10 ਸਾਲ ਦੀ ਸਜ਼ਾ ਹੋ ਸਕਦੀ ਹੈ, ਯਾਨੀ ਕੁੱਲ 20 ਸਾਲ ਦੀ ਸਜ਼ਾ ਹੋ ਸਕਦੀ ਹੈ।
ਅਮਰੀਕੀ ਨਿਆਂ ਵਿਭਾਗ ਵੱਲੋਂ ਮੈਨਹਟਨ ਦੀ ਅਦਾਲਤ ਵਿੱਚ ਦਾਇਰ ਕੀਤੇ ਦੋਸ਼ਾਂ ਅਨੁਸਾਰ ਨਿਖਿਲ ਗੁਪਤਾ ਇੱਕ ਭਾਰਤੀ ਅਧਿਕਾਰੀ ਦੇ ਇਸ਼ਾਰੇ 'ਤੇ ਸਾਜ਼ਿਸ਼ ਰਚ ਰਿਹਾ ਸੀ ਅਤੇ ਉਸ ਦੀ ਸੂਚੀ ਵਿੱਚ ਕਈ ਨਿਸ਼ਾਨੇ ਸਨ। ਇਲਜ਼ਾਮ ਦੇ ਅਨੁਸਾਰ, "ਭਾਰਤੀ ਅਧਿਕਾਰੀ ਅਤੇ ਨਿਖਿਲ ਗੁਪਤਾ ਵਿਚਕਾਰ 100,000 ਡਾਲਰ ਵਿੱਚ ਇੱਕ ਸੌਦਾ ਹੋਇਆ ਸੀ, ਜੋ ਨਿਖਿਲ ਗੁਪਤਾ ਨੇ ਅਮਰੀਕੀ ਸ਼ੂਟਰ ਨੂੰ ਦੇਣਾ ਸੀ ਜਿਸਨੂੰ ਪੰਨੂ ਨੂੰ ਮਾਰਨ ਦਾ ਹੁਕਮ ਦਿੱਤਾ ਗਿਆ ਸੀ।"
ਪਰ, ਅਮਰੀਕਾ ਨੇ ਕਿਹਾ ਕਿ ਜਿਸ ਅਮਰੀਕੀ ਸ਼ੂਟਰ ਨੂੰ ਨਿਖਿਲ ਗੁਪਤਾ ਨੇ 1 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ, ਉਹ ਅਸਲ ਵਿੱਚ ਸੀਆਈਏ ਦਾ ਇੱਕ ਅੰਡਰਕਵਰ ਏਜੰਟ ਸੀ। ਅਤੇ ਮੰਨਿਆ ਜਾ ਰਿਹਾ ਹੈ ਕਿ ਨਿਖਿਲ ਗੁਪਤਾ ਉਸ ਏਜੰਟ ਦੀ ਪਛਾਣ ਨਹੀਂ ਕਰ ਸਕਿਆ ਅਤੇ ਇਹ ਮਿਸ਼ਨ ਫੇਲ ਹੋ ਗਿਆ, ਨਹੀਂ ਹਰਦੀਪ ਸਿੰਘ ਨਿੱਝਰ ਵਾਂਗ ਪੰਨੂ ਦੀ ਹੱਤਿਆ ਕੀਤੀ ਜਾਣੀ ਸੀ, ਜਿਸ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਕਾਰ ਸਵਾਰ ਕੁਝ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ।
Comments (0)