ਸੁਮੇਧ ਸੈਣੀ ਖ਼ਿਲਾਫ਼ ਤੀਹਰੇ ਕਤਲ ਕੇਸ ਦਾ ਮਾਮਲਾ
ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਦਿਤਾ ਹੁਕਮ ਕਿ ਸੁਣਵਾਈ ਜਲਦੀ ਪੂਰੀ ਕੀਤੀ ਜਾਵੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਕਿਹਾ ਹੈ ਕਿ 1994 ਦੇ ਤੀਹਰੇ ਕਤਲ ਕੇਸ ਦੀ ਸੁਣਵਾਈ ਜਲਦੀ ਮੁਕੰਮਲ ਕੀਤੀ ਜਾਵੇ ਜਿਸ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਮੁਲਜ਼ਮ ਹੈ। ਹਾਈ ਕੋਰਟ ਨੇ ਇਸ ਮਾਮਲੇ ਨੂੰ ਕਿਸੇ ਹੋਰ ਟਰਾਇਲ ਕੋਰਟ ਵਿਚ ਭੇਜਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਜਯੋਤੀ ਸਿੰਘ ਨੇ ਹੁਕਮਾਂ ਵਿੱਚ ਕਿਹਾ, ‘ਵਿਸ਼ੇਸ਼ ਜੱਜ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਬੇਲੋੜੀ ਦੇਰੀ ਨਾ ਕੀਤੀ ਜਾਵੇ।’ ਇਸ ਤੋਂ ਪਹਿਲਾਂ ਵਿਸ਼ੇਸ਼ ਜੱਜ ਸੁਨੈਨਾ ਸ਼ਰਮਾ ਦੀ ਅਦਾਲਤ ਤੋਂ ਕੇਸ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਲੰਬੇ ਸਮੇਂ ਤੋਂ ਹੋ ਰਹੀ ਹੈ ਤੇ ਕੇਸ ਨੂੰ ਹੋਰ ਥਾਂ ਭੇਜਣ ਨਾਲ ਨਵੇਂ ਜੱਜ ਨੂੰ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਕਰਨੀ ਪਵੇਗੀ ਜਿਸ ਕਾਰਨ ਹੋਰ ਦੇਰੀ ਹੋਵੇਗੀ। ਅਦਾਲਤ ਨੇ ਕਿਹਾ ਕਿ ਇਸ ਸਬੰਧ ਵਿਚ ਪਟੀਸ਼ਨ ਨੂੰ ਮਨਜ਼ੂਰ ਕਰਨ ਦਾ ਕੋਈ ਆਧਾਰ ਨਹੀਂ ਹੈ।ਦੱਸਣਾ ਬਣਦਾ ਹੈ ਕਿ ਇਹ ਕੇਸ ਰਾਊਜ਼ ਐਵੇਨਿਊ ਕੋਰਟ ਵਿਚ ਸੁਣਵਾਈ ਅਧੀਨ ਹੈ।
ਯਾਦ ਰਹੇ ਕਿ 15 ਮਾਰਚ 1994 ਦੌਰਾਨ ਵਿਨੋਦ ਕੁਮਾਰ, ਉਸ ਦੇ ਸਾਲੇ ਅਸ਼ੋਕ ਕੁਮਾਰ ਅਤੇ ਡਰਾਈਵਰ ਮੁਖ਼ਤਿਆਰ ਸਿੰਘ ਨੂੰ ਲੁਧਿਆਣਾ ਦੇ ਐੱਸ ਐਸ ਪੀ ਸੁਮੇਧ ਸੈਣੀ ਦੇ ਹੁਕਮ ਉੱਤੇ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਮੁੜ ਕੇ ਨਹੀਂ ਦੇਖਿਆ ਗਿਆ।24 ਮਾਰਚ 1994 ਦੌਰਾਨ ਵਿਨੋਦ ਕੁਮਾਰ ਦੇ ਭਰਾ ਅਸੀਸ਼ ਦੀ ਪਟੀਸ਼ਨ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਸ ਸੀਬੀਆਈ ਨੂੰ ਸੌਂਪਿਆ ਸੀ।18 ਅਪ੍ਰੈਲ 1994 ਦੌਰਾਨ ਲੁਧਿਆਣਾ ਦੇ ਉਸ ਸਮੇਂ ਦੇ ਐੱਸਐੱਸਪੀ ਸੁਮੇਧ ਸੈਣੀ ਅਤੇ ਐਸਪੀ ਲੁਧਿਆਣਾ ਸੁਖਮਿੰਦਰ ਸਿੰਘ,ਲੁਧਿਆਣਾ ਦੇ ਐਸ ਐਚ ਓ - ਇੰਸਪੈਕਟਰ ਪਰਮਜੀਤ ਸਿੰਘ , ਐਸ ਐਚ ਓ-ਇੰਸਪੈਕਟਰ ਕੋਤਵਾਲੀ ਬਲਵੀਰ ਤਿਵਾੜੀ ਦੇ ਖ਼ਿਲਾਫ਼ ਕੇਸ ਦਰਜ ਹੋਇਆ ਸੀ।ਸੀਬੀਆਈ ਨੇ ਦੋਸ਼ ਲਾਇਆ ਸੀ ਕਿ ਪੁਲੀਸ ਅਧਿਕਾਰੀਆਂ ਨੇ ਸੈਣੀ ਦੇ ਇਸ਼ਾਰੇ ’ਤੇ ਤਿੰਨਾਂ ਵਿਅਕਤੀਆਂ ਦੀ ਹੱਤਿਆ ਕੀਤੀ ਸੀ। ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ 5 ਮਈ 2004 - ਦੌਰਾਨ ਮ੍ਰਿਤਕ ਦੀ ਮਾਂ ਅਮਰ ਕੌਰ ਦੀ ਪਟੀਸ਼ਨ ਉੱਤੇ ਕੇਸ ਅੰਬਾਲਾ ਤੋਂ ਦਿੱਲੀ ਤਬਦੀਲ ਕੀਤਾ ਗਿਆ ਸੀ।ਅਮਰ ਕੌਰ ਦੀ ਦਲੀਲ ਸੀ ਕਿ ਅੰਬਾਲਾ ਵਿਖੇ ਸੁਮੇਧ ਸੈਣੀ ਕੇਸ ਦੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।5 ਦਸੰਬਰ 2006 ਦੌਰਾਨ ਸਥਾਨਕ ਅਦਾਲਤ ਵਲ਼ੋਂ ਸੈਣੀ ਅਤੇ ਤਿੰਨ ਹੋਰਨਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ। ਅਮਰ ਕੌਰ ਨੇ ਆਪਣੇ ਕੇਸ ਨੂੰ ਫਾਸਟ-ਟਰੈਕ ਯਾਨੀ ਛੇਤੀ ਛੇਤੀ ਸੁਣਵਾਈ ਕਰਨ ਦੀ ਮੰਗ ਕੀਤੀ ਸੀ ਤਾਂ ਕਿ ਉਹ ਸ਼ਾਂਤੀ ਨਾਲ ਮਰ ਸਕੇ। ਆਪਣੇ ਪੁੱਤ ਦੀ ਮੌਤ ਦੇ ਇਨਸਾਫ਼ ਦਾ ਇੰਤਜ਼ਾਰ ਕਰਦੀ ਕਰਦੀ 100 ਸਾਲਾ ਅਮਰ ਕੌਰ 12 ਦਸੰਬਰ 2017 ਦੌਰਾਨ ਆਖ਼ਰ ਇਸ ਜਹਾਨ ਤੋਂ ਰੁਖ਼ਸਤ ਹੋ ਗਈ ਸੀ।
Comments (0)