ਖਾਲਸਾ ਰਾਜ ਦੇਸ ਪੰਜਾਬ 1849 ਦੀ ਜੰਗ ਬਾਰੇ ਅੰਗਰੇਜ਼ ਸਰਕਾਰ ਨੇ ਭੇਜੀ ਐਚ. ਐਮ. ਇਲੀਅਟ ਦੀ ਖੁਫੀਆ ਰਿਪੋਰਟ
ਕੈਂਪ ਫਿਰੋਜ਼ਪੁਰ
24 ਮਾਰਚ, 1849 ਨੰ : 18
ਵੱਲੋਂ
ਵਿਦੇਸ਼ ਵਿਭਾਗ
ਸੇਵਾ ਵਿਖੇ
ਸਤਿਕਾਰਯੋਗ ਮੈਂਬਰਾਨ ਖੁਫ਼ੀਆ ਕਮੇਟੀ।
ਸ੍ਰੀਮਾਨ ਜੀਓ,
1. ਸਰ ਗਿਲਬਰਟ ਦੇ ਅਣਥੱਕ ਯਤਨਾਂ ਨਾਲ ਪ੍ਰਾਪਤ ਹੋਈ ਗੁਜਰਾਤ ਦੀ ਜਿੱਤ ਦੇ ਸਿੱਟੇ ਵਜੋਂ ਅੰਗਰੇਜ਼ ਕੈਦੀਆਂ ਦੀ ਰਿਹਾਈ ਹੋ ਗਈ ਹੈ। ਸਭ ਸਿੱਖ ਸਰਦਾਰਾਂ ਨੇ ਆਪਣੇ ਪਾਸ ਬਚੀਆਂ ਬੰਦੂਕਾਂ ਸਮੇਤ ਆਤਮ-ਸਮਰਪਣ ਕਰ ਦਿੱਤਾ ਹੈ ਅਤੇ ਸਾਰੀ ਸਿੱਖ ਫੌਜ ਨੇ ਈਨ ਮੰਨ ਲਈ ਹੈ। ਇਹ ਮਹੱਤਵਪੂਰਨ ਸਿੱਟੇ ਕੋਈ ਹੋਰ ਗੋਲੀ ਚਲਾਏ ਬਿਨਾਂ ਹੀ ਪ੍ਰਾਪਤ ਕਰ ਲਏ ਗਏ ਹਨ।
ਇਸ ਮਹੀਨੇ ਦੀ 8 ਤਾਰੀਕ ਨੂੰ ਲਗਪਗ 16, 000 ਦੁਸ਼ਮਣ ਫੌਜੀ ਰਾਵਲਪਿੰਡੀ ਵਿਖੇ ਸਨ। ਸ਼ਾਮ ਨੂੰ ਸ੍ਰੀਮਤੀ ਲਾਰੈਂਸ ਅਤੇ ਉਨ੍ਹਾਂ ਦੇ ਬੱਚੇ ਹੋਰਨਾਂ ਅੰਗਰੇਜ਼ ਕੈਦੀਆਂ ਸਮੇਤ ਅੰਗਰੇਜ਼ ਜਰਨੈਲ ਦੇ ਕੈਂਪ ਵਿਚ ਪਹੁੰਚ ਗਏ। ਬਾਕੀ ਜਣੇ ਰਾਜਾ ਸ਼ੇਰ ਸਿੰਘ, ਲਾਲ ਸਿੰਘ ਮੁਰਾਰੀਆ ਅਤੇ ਉਹਨਾਂ ਨੇ 450 ਸਾਥੀਆਂ ਸਮੇਤ ਕੁਝ ਹੀ ਘੰਟੇ ਬਾਅਦ ਉਥੇ ਆ ਗਏ। ਅਗਲੇ ਦਿਨ ਰਾਜਾ ਸ਼ੇਰ ਸਿੰਘ ਆਪਣੀ ਫੌਜ ਵੱਲੋਂ ਬਿਨਾਂ ਸ਼ਰਤ ਆਤਮ-ਸਮਰਪਣ ਕਰਨ ਦਾ ਪ੍ਰਬੰਧ ਕਰਨ ਲਈ ਵਾਪਸ ਰਾਵਲਪਿੰਡੀ ਮੁੜ ਗਿਆ। ਪਰ ਸਰ ਗਿਲਬਰਟ ਨੇ ਦੁਸ਼ਮਣ ਦੇ ਅੱਡੇ ਉੱਤੇ ਹੱਲਾ ਕਰਨ ਦੇ ਉਦੇਸ਼ ਨਾਲ ਅੱਗੇ ਵਧਣਾ ਅਤੇ ਰੀਅਰ ਡਿਵੀਜ਼ਨ ਨੂੰ ਇਕੱਠਾ ਕਰਨ ਦਾ ਕੰਮ ਜਾਰੀ ਰੱਖਿਆ। ਦਸ ਤਰੀਕ ਨੂੰ ਉਹ ਮਨੁਕਿਆਲਾ ਵਿਖੇ ਪੁੱਜ ਚੁੱਕਾ ਸੀ ਜਿਥੇ ਸਰਦਾਰ ਖ਼ਾਨ ਸਿੰਘ ਮਜੀਠੀਆ ਨੇ ਆਪਣੇ ਸ਼ਸਤਰਬੱਧ ਫੌਜੀਆਂ ਸਮੇਤ ਆ ਕੇ ਆਤਮ-ਸਮਰਪਣ ਕਰ ਦਿੱਤਾ।
ਇਹਨਾਂ ਵਿਚ ਲਗਪਗ 1000 ਫੌਜੀ ਸਨ ਅਤੇ ਉਹਨਾਂ ਕੋਲ ਕੁਝ ਬੰਦੂਕਾਂ ਸਨ। ਗਿਆਰਾਂ ਤਰੀਕ ਨੂੰ ਗਿਲਬਰਟ ਸੂਹਾਂ ਦਰਿਆ ਦੇ ਖੱਬੇ ਕੰਢੇ ਹੁਰਮਕ ਪਹੁੰਚਿਆ ਜਿਥੇ ਸਰਦਾਰ ਚਤੁਰ ਸਿੰਘ, ਰਾਜਾ ਸ਼ੇਰ ਸਿੰਘ ਅਤੇ ਕਈ ਸਿੱਖ ਸਰਦਾਰਾਂ ਅਤੇ ਸਿੱਖ ਫੌਜ ਦੇ ਅਫ਼ਸਰਾਂ ਨੇ ਉਸ ਦੇ ਕੈਂਪ ਵਿਚ ਪਹੁੰਚ ਕੇ ਆਪਣੀਆਂ ਤੇਗਾਂ ਅਤੇ 17 ਤੋਪਾਂ ਉਸ ਦੇ ਹਵਾਲੇ ਕਰ ਦਿੱਤੀਆਂ। ਉਹਨਾਂ ਨੇ ਇਹ ਵੀ ਦੱਸਿਆ ਕਿ ਹੋਰ ਸਰਦਾਰ ਵੀ ਅਜਿਹਾ ਕਰਨ ਲਈ ਰਾਹ ਵਿਚ ਆ ਰਹੇ ਹਨ।
ਚੌਦਾਂ ਤਰੀਕ ਨੂੰ ਜਰਨਲ (ਗਿਲਬਰਟ) ਰਾਵਲਪਿੰਡੀ ਪਹੁੰਚਿਆ ਜਿਥੇ ਸਾਰੀ ਸਿੱਖ ਫੌਜ ਨੇ ਉਸ ਅੱਗੇ ਹਥਿਆਰ ਸੁੱਟ ਦਿੱਤੇ—ਡਿਵੀਜ਼ਨਾਂ ਅਤੇ ਬਿਰਗੇਡਾਂ ਦੇ ਕਮਾਂਡਿੰਗ ਅਫ਼ਸਰਾਂ ਤੇ ਉਨ੍ਹਾਂ ਦੇ ਸਟਾਫ਼ ਦੀ ਮੌਜੂਦਗੀ ਵਿਚ ਸਰਦਾਰਾਂ ਨੇ ਆਪਣੀਆਂ ਤੇਗਾਂ ਭੇਟ ਕਰ ਦਿੱਤੀਆਂ। ਪੇਸ਼ ਕੀਤੀਆਂ ਗਈਆਂ ਤੋਪਾਂ ਦੀ ਗਿਣਤੀ 41 ਸੀ ਅਤੇ 16, 000 ਹਥਿਆਰਾਂ ਦੇ ਸਟੈਂਡ ਵੀ ਪੇਸ਼ ਕੀਤੇ ਗਏ। ਹੁਣ ਤੱਕ ਮੈਨੂੰ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਹਥਿਆਰਾਂ ਦੀ ਗਿਣਤੀ 20, 000 ਹੋ ਗਈ ਹੈ। ਬਾਬਾ ਮਹਾਰਾਜ ਸਿੰਘ (ਜੋ ਅਜੇ ਜਿਉਂਦੇ ਜਾਪਦੇ ਹਨ) ਤੇ ਕਰਨਲ ਰਛਪਾਲ ਸਿੰਘ ਨੂੰ ਛੱਡ ਕੇ, ਬਾਕੀ ਸਭ ਸਰਦਾਰਾਂ ਨੇ ਹਥਿਆਰ ਸੁੱਟ ਦਿੱਤੇ ਹਨ। ਇਹ ਦੋਵੇਂ ਵਿਅਕਤੀ ਭਗੌੜੇ ਹੋ ਗਏ ਹਨ ਪਰ ਇਹਨਾਂ ਦੇ ਮਗਰ ਲੱਗਣ ਵਾਲਾ ਕੋਈ ਨਹੀਂ ਸੀ।
ਕਮਾਂਡਰ-ਇਨ-ਚੀਫ਼ ਲਿਖਦੇ ਹਨ, ‘‘ਇਸ ਵੇਲੇ ਸਾਡੇ ਕਬਜ਼ੇ ਵਿਚ ਗੁਜਰਾਤ ਦੇ ਸਥਾਨ ’ਤੇ ਸਾਡੇ ਹੱਥ ਲੱਗੀਆਂ ਉਹ 56 ਤੋਪਾਂ ਜੋ ਦੁਸ਼ਮਣ 21 ਫ਼ਰਵਰੀ ਨੂੰ ਪਿੱਛੇ ਹਟਣ ਵੇਲੇ ਛੱਡ ਕੇ ਨੱਸ ਗਿਆ ਸੀ, ਉਸੇ ਦਿਨ ਸ਼ਾਮ ਨੂੰ ਮੇਜਰ ਜਨਰਲ ਸਰ ਗਿਲਬਰਟ ਦੇ ਹਵਾਲੇ ਕੀਤੀਆਂ 41 ਤੋਪਾਂ, ਚੇਲਿਆਂਵਾਲਾ ਦੇ ਸਥਾਨ ’ਤੇ ਪਕੜੀਆਂ 12 ਤੋਪਾਂ ਅਤੇ ਮੁਲਤਾਨ ਵਿਖੇ ਪਕੜੀਆਂ 50 ਤੋਪਾਂ ਹਨ ਅਤੇ ਇਸ ਤਰ੍ਹਾਂ ਵਰਤਮਾਨ ਮੁਹਿੰਮ ਦੌਰਾਨ ਸਾਡੇ ਹੱਥ ਲੱਗੇ ਹਥਿਆਰਾਂ ਦੀ ਕੁਲ ਗਿਣਤੀ 158 ਹੋ ਗਈ ਹੈ।
2. ਗੁਜਰਾਤ ਦੀ ਜਿੱਤ ਅਤੇ ਉਸ ਤੋਂ ਪਿੱਛੋਂ ਦੀਆਂ ਕਾਰਵਾਈਆਂ ਉੱਤੇ, ਜਿਹੜੀਆਂ ਮੇਜਰ ਜਨਰਲ ਗਿਲਬਰਟ ਨੇ ਕਮਾਂਡਰ-ਇਨ-ਚੀਫ਼ ਦੇ ਨਿਰਦੇਸ਼ ਅਨੁਸਾਰ ਬੜੇ ਸ਼ਲਾਘਾਯੋਗ ਢੰਗ ਨਾਲ ਨਿਭਾਈਆਂ, ਮੈਂ ਮੇਜਰ ਜਨਰਲ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਪਰ ਇਸ ਜਿੱਤ ਦੇ ਸ਼ਾਨਦਾਰ ਨਤੀਜਿਆਂ ਦੇ ਨਾਲ-ਨਾਲ ਮੈਂ ਇਸ ਅਸਲੀਅਤ ਨੂੰ ਅੱਖੋਂ-ਉਹਲੇ ਨਹੀਂ ਕੀਤਾ ਕਿ ਭਾਵੇਂ ਸਿੱਖ ਫ਼ੌਜ ਦਾ ਵਕਾਰ ਮਿੱਟੀ ਵਿਚ ਮਿਲਾ ਦਿੱਤਾ ਗਿਆ ਹੈ ਅਤੇ ਉਸ ਦੀ ਤਾਕਤ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ, ਫਿਰ ਵੀ ਅਜੇ ਇਕ ਅਜਿਹਾ ਬੇਮੁਹਾਰਾ ਤੇ ਢੀਠ ਦੁਸ਼ਮਣ ਰਹਿੰਦਾ ਹੈ, ਜਿਸ ਨੂੰ ਜਲਦੀ ਤੋਂ ਜਲਦੀ ਸੋਧਣ ਦੀ ਲੋੜ ਹੈ। ਮੈਂ ਨਹੀਂ ਸਮਝਦਾ ਕਿ ਯੁੱਧ ਸਮਾਪਤ ਹੋ ਗਿਆ ਹੈ। ਜਦੋਂ ਤੱਕ ਦੋਸਤ ਮੁਹੰਮਦ ਖ਼ਾਨ ਅਤੇ ਅਫ਼ਗਾਨ ਦੁਸ਼ਮਣਾਂ ਨੂੰ ਪੇਸ਼ਾਵਰ ਦੇ ਇਲਾਕੇ ਵਿੱਚੋਂ ਬਾਹਰ ਨਹੀਂ ਕੱਢ ਦਿੱਤਾ ਜਾਂਦਾ ਜਾਂ ਇਸ ਇਲਾਕੇ ਵਿਚ ਹੀ ਉਹਨਾਂ ਦਾ ਖ਼ਾਤਮਾ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਮੈਂ ਨਹੀਂ ਕਹਿ ਸਕਦਾ ਕਿ ਅਮਨ ਬਹਾਲ ਹੋ ਗਿਆ ਹੈ। ਸ਼ਾਇਦ ਹੁਣ ਵੀ ਹਾਲਤ ਇਹੋ ਹੋਵੇ ਅਤੇ ਮੇਰੇ ਖ਼ਿਆਲ ਵਿਚ ਹਾਲਤ ਅਜਿਹੀ ਹੀ ਹੈ। ਮੈਨੂੰ ਇਹ ਖ਼ਬਰ ਪਹਿਲਾਂ ਹੀ ਮਿਲ ਚੁੱਕੀ ਹੈ ਕਿ ਗਿਲਬਰਟ ਅਟਕ (ਸ਼ਹਿਰ) ਵਿਖੇ ਪੁੱਜ ਗਿਆ ਹੈ ਅਤੇ ਉਸ ਦੇ ਉਥੇ ਪਹੁੰਚਦਿਆਂ ਹੀ ਦੁਸ਼ਮਣ ਨੇ ਉਹ ਸ਼ਹਿਰ ਖ਼ਾਲੀ ਕਰ ਦਿੱਤਾ। ਇਹ ਹਿੰਮਤੀ ਅਫ਼ਸਰ ਸਿੰਧ ਦਰਿਆ ’ਤੇ ਬਣੇ ਕਿਸ਼ਤੀਆਂ ਦੇ ਪੁਲ ਨੂੰ ਤਬਾਹ ਕੀਤੇ ਜਾਣ ਤੋਂ ਬਚਾਉਣ ਲਈ 31 ਮੀਲ ਲੰਬਾ ਜ਼ੋਰਦਾਰ ਧਾਵਾ ਕਰਕੇ (ਅਟਕ ਦੀ) ਗੜੀ ਤੱਕ ਪੁੱਜਾ ਅਤੇ ਆਪਣੇ ਉਦੇਸ਼ ਵਿਚ ਉਹ ਸਫਲ ਵੀ ਹੋਇਆ। ਪਿੱਛੇ ਹਟ ਰਹੇ ਅਫ਼ਗਾਨਾਂ ਵੱਲੋਂ ਇਸ ਪੁਲ ਨੂੰ ਤੋੜੇ ਜਾਣ ਤੋਂ ਪਿੱਛੋਂ ਵੀ ਉਸ ਨੇ ਘੱਟ ਤੋਂ ਘੱਟ 17 ਕਿਸ਼ਤੀਆਂ ਪੁਲ ਨਾਲੋਂ ਅਲੱਗ ਕਰ ਲਈਆਂ। ਮੇਜਰ ਜਨਰਲ ਲਿਖਦਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਹ 19 ਤਰੀਕ ਨੂੰ ਦੁਪਹਿਰ ਤੋਂ ਪਿੱਛੋਂ ਬੰਗਾਲ ਡਿਵੀਜ਼ਨ ਸਮੇਤ ਦਰਿਆ ਨੂੰ ਪਾਰ ਕਰ ਲਵੇਗਾ ਅਤੇ ਉਸ ਦਾ ਇਰਾਦਾ ਭੱਜੇ ਜਾਂਦੇ ਦੁਸ਼ਮਣ ਉੱਤੇ ਜ਼ੋਰਦਾਰ ਹੱਲਾ ਬੋਲਣ ਦਾ ਹੈ।
3. ਮੈਂ ਕਮਾਂਡਰ-ਇਨ-ਚੀਫ਼ ਨਾਲ ਵੀ ਚਿੱਠੀ-ਪੱਤਰ ਕੀਤਾ ਹੈ। ਇਸ ਦਾ ਵਰਨਣ ਕਮੇਟੀ ਦੇ ਸਨਮਾਣਯੋਗ ਮੈਂਬਰਾਂ ਨੂੰ ਇਸ ਪੱਤਰ ਨਾਲ ਨੱਥੀ ਕੀਤੇ ਗਏ ਕਾਗਜ਼ਾਂ ਵਿੱਚੋਂ ਮਿਲੇਗਾ ਜੋ ਮੇਜਰ ਜਨਰਲ ਗਿਲਬਰਟ ਦੀ ਮੁਹਿੰਮ ਦੇ ਸਫਲ ਅੰਤ ਤੋਂ ਪਿੱਛੋਂ ਬਿ੍ਰਟਿਸ਼ ਫੌਜਾਂ ਦੀ ਅਗਵਾਈ ਨਾਲ ਸਬੰਧ ਰੱਖਦੇ ਹਨ। ਕਮਾਂਡਰ-ਇਨ-ਚੀਫ਼ ਨੇ ਆਪਣੇ 4 ਤਰੀਕ ਦੇ ਪੱਤਰ ਦੇ ਨਾਲ ਮੇਰੇ ਵਿਚਾਰਨ ਲਈ ਆਪਣੇ ਵੱਲੋਂ ਤਜਵੀਜ਼ ਫੌਜੀ ਵਿਉਂਤਬੰਦੀ ਦਾ ਖ਼ਾਕਾ ਭੇਜਿਆ ਜਿਸ ਵਿਚ ਉਸ ਨੇ ਚਨਾਬ (ਦਰਿਆ) ਦੇ ਖੱਬੇ ਕੰਢੇ, ਵਜ਼ੀਰਾਬਾਦ ਤੋਂ 8 ਮੀਲ ਅਤੇ ਰਾਮਨਗਰ ਤੋਂ 13 ਮੀਲ ਦੂਰ, ਫੌਜੀ ਚੌਕੀ ਅਤੇ ਛਾਉਣੀਆਂ ਕਾਇਮ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਦੇ ਨਾਲ ਹੀ ਉਸ ਨੇ ਇਹ ਗੱਲ ਵੀ ਦ੍ਰਿੜ੍ਹਤਾ ਨਾਲ ਆਖੀ ਹੈ ਕਿ ਆਪਣੇ ਪ੍ਰਾਂਤਾਂ ਦੀ ਸੁਰੱਖਿਅਤਾ ਲਈ ਅਤੇ ਪੰਜਾਬ ਉੱਤੇ ਕਾਫ਼ੀ ਲੰਬੇ ਸਮੇਂ ਤੱਕ ਕਬਜ਼ਾ ਕਰੀ ਰੱਖਣ ਲਈ ਸਾਨੂੰ ਆਪਣੇ ਹਥਿਆਰਾਂ ਵਿਚ-ਵਿਸ਼ੇਸ਼ ਕਰਕੇ ਯੂਰਪੀਨ ਹਥਿਆਰਾਂ ਵਿਚ-ਤੋਪਖ਼ਾਨੇ ਅਤੇ ਰਸਾਲੇ ਵਿਚ ਕਾਫ਼ੀ ਵਾਧਾ ਕਰਨਾ ਚਾਹੀਦਾ ਹੈ। ਕਮਾਂਡਰ-ਇਨ-ਚੀਫ਼ ਨੂੰ ਆਪਣਾ ਉੱਤਰ ਭੇਜਣ ਲੱਗਿਆਂ ਮੈਂ ਆਪਣੇ ਵਿਚਾਰ ਕੇਵਲ ਉਸ ਉਦੇਸ਼ ਤੱਕ ਹੀ ਸੀਮਤ ਰੱਖੇ ਸਨ ਜੋ ਸਾਨੂੰ ਤੁਰੰਤ ਪੂਰਾ ਕਰਨ ਦੀ ਜ਼ਰੂਰਤ ਹੈ, ਭਾਵ ਇਹ ਕਿ ਆਉਂਦੇ ਮੌਸਮ ਵਿਚ ਪੰਜਾਬ ਉੱਤੇ ਪ੍ਰਭਾਵਸ਼ਾਲੀ ਕਬਜ਼ਾ ਕਿਵੇਂ ਕਾਇਮ ਰੱਖਿਆ ਜਾਵੇ।
ਇਸ ਦੇ ਨਾਲ ਹੀ ਮੈਂ ਆਪਣੀ ਇਹ ਹਾਰਦਿਕ ਇੱਛਾ ਵੀ ਪ੍ਰਗਟ ਕੀਤੀ ਕਿ ਫੌਜਾਂ ਦੀ ਸਿਹਤ ਸੰਭਾਲ ਅਤੇ ਅਰਾਮ ਦਾ ਅਜਿਹਾ ਪ੍ਰਬੰਧ ਕੀਤਾ ਜਾਵੇ ਜੋ ਸੰਭਵ ਵੀ ਹੋਵੇ ਤੇ ਅਮਲ ਵਿਚ ਵੀ ਲਿਆਂਦਾ ਜਾ ਸਕੇ। ਫਿਰ ਵੀ ਜੇਕਰ ਉਨ੍ਹਾਂ ਨੂੰ ਹਾਲਾਤ ਇਸ ਗੱਲ ’ਤੇ ਮਜ਼ਬੂਰ ਕਰ ਦੇਣ ਕਿ ਉਹਨਾਂ ਨੂੰ ਆਪਣੀਆਂ ਛਾਉਣੀਆਂ ਵਿਚਲੇ ਮੌਸਮ ਨਾਲੋਂ ਵਧੇਰੇ ਸਖ਼ਤ ਮੌਸਮ ਵਿਚ ਕੰਮ ਕਰਨਾ ਪੈ ਜਾਵੇ (ਮੈਨੂੰ ਡਰ ਹੈ ਕੁਝ ਫੌਜੀਆਂ ਨੂੰ ਅਜਿਹਾ ਕਰਨਾ ਪੈ ਸਕਦਾ ਹੈ) ਤਾਂ ਮੈਨੂੰ ਵਿਸ਼ਵਾਸ ਹੈ ਉਹ ਅਜਿਹੇ ਸਖ਼ਤ ਮੌਸਮ ਦਾ ਸਾਹਮਣਾ ਕਰਨ ਲਈ ਉਸੇ ਤਰ੍ਹਾਂ ਤਿਆਰ-ਬਰ-ਤਿਆਰ ਹੋਣਗੇ ਜਿਵੇਂ ਉਹਨਾਂ ਪਹਿਲਾਂ ਕਈ ਅਜਿਹੇ ਮੌਕਿਆਂ ’ਤੇ ਕੀਤਾ ਹੈ।
4. ਭਿੰਨ-ਭਿੰਨ ਦੁਆਬਿਆਂ ਵਿਚ ਫੌਜੀਆਂ ਨੂੰ ਲਗਾਉਣ ਲਈ ਤਜ਼ਵੀਜ਼ ਕੀਤੀਆਂ ਥਾਵਾਂ ਬਾਰੇ ਮੈਂ ਆਮ ਤੌਰ ‘ਤੇ ਕਮਾਂਡਰ-ਇਨ-ਚੀਫ ਦੀ ਹਾਂ ਵਿਚ ਹਾਂ ਮਿਲਾ ਦਿੱਤੀ ਕਿਉਂਕਿ ਮੈਂ ਇਸ ਮੁਆਮਲੇ ਵਿਚ ਉਸ ਦੀ ਸਮਝ ਉੱਤੇ ਪੂਰਾ ਯਕੀਨ ਰੱਖਦਾ ਹਾਂ। ਪਰ ਫਿਰ ਵੀ ਮੈਂ ਇਹ ਸੁਝਾਉ ਦਿੱਤਾ ਸੀ ਕਿ ਉਸ ਲੰਬੇ ਅਰਸੇ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਜੋ ਸਰ ਗਿਲਬਰਟ ਦੀਆਂ ਸੈਨਾਵਾਂ ਨੂੰ ਪੇਸ਼ਾਵਰ ਪੁੱਜਣ ਲਈ ਲੱਗ ਜਾਣਾ ਹੈ ਅਤੇ ਨਾਲ ਹੀ ਉਸ ਨੂੰ ਸਮਰਥਨ ਦੇਣ ਲਈ ਆਪਣੇ ਵਸੀਲਿਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਨੌਰੰਗਾਬਾਦ ਦੇ ਸਥਾਨ ਤੇ ਕਮਾਂਡਰ-ਇਨ-ਚੀਫ਼ ਵੱਲੋਂ ਤਜ਼ਵੀਜ਼ ਕੀਤੀ ਸੈਨਾ ਨਾਲੋਂ ਵਧੇਰੇ ਵੱਡੀ ਸੈਨਾ ਤਾਇਨਾਤ ਕੀਤੀ ਜਾਵੇ। ਕਮਾਂਡਰ-ਇਨ-ਚੀਫ਼ ਨੇ ਇਹ ਸੁਝਾਅ ਤੁਰੰਤ ਪ੍ਰਵਾਨ ਕਰ ਲਿਆ। ਉਸ ਨੇ ਹਲਕਾ ਜੰਗੀ ਤੋਪਖਾਨਾ ਦੇ ਕੇ ਪੈਦਲ ਸੈਨਾ ਦਾ ਇਕ ਬਿਗ੍ਰੇਡ ਅਤੇ ਸ਼ਾਹੀ ਘੋੜ-ਸਵਾਰਾਂ ਦੀ ਇਕ ਰਜਮੈਂਟ ਜੇਹਲਮ ਵਿਖੇ ਤਾਇਨਾਤ ਕਰ ਦਿੱਤੀ ਅਤੇ ਸ਼ਾਹੀ ਘੋੜ-ਸਵਾਰਾਂ ਦੀ ਰਜਮੈਂਟ ਨੂੰ ਆਦੇਸ਼ ਦਿੱਤਾ ਕਿ ਉਹ ਰਾਵਲਪਿੰਡੀ ’ਤੇ ਕਬਜ਼ਾ ਕਰ ਕੇ ਸਰ ਗਿਲਬਰਟ ਨਾਲ ਸੰਪਰਕ ਬਣਾਈ ਰੱਖੇ।
5. ਹੋਰ ਵਧੇਰੇ ਸਾਵਧਾਨੀ ਦੇ ਤੌਰ ’ਤੇ, ਮੈਂ ਇਹ ਹੁਕਮ ਜਾਰੀ ਕਰ ਦਿੱਤੇ ਹਨ ਕਿ ਵੈਰ-ਭਾਵ ਰੱਖਣ ਵਾਲੇ ਲੋਕਾਂ ਤੋਂ ਹਥਿਆਰ ਖੋਹ ਲਏ ਜਾਣ ਤੇ ਉਨ੍ਹਾਂ ਨੂੰ ਨਿਹੱਥੇ ਕਰ ਦਿੱਤਾ ਜਾਵੇ ਅਤੇ ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਰੱਖਿਆ ਦਸਤੇ ਦੇ ਕਮਾਂਡੈਂਟ, ਮੇਜਰ ਮੇਨ ਨੇ, ਜਿਸ ਨੂੰ ਦਰਿਆ ਦੇ ਦੂਜੇ ਬੰਨੇ ਇਸ ਕਾਰਜ ਲਈ ਨਿਯੁਕਤ ਕੀਤਾ ਗਿਆ ਸੀ, ਬੰਦੂਕਾਂ, ਤਲਵਾਰਾਂ, ਬਰਛਿਆਂ ਅਤੇ ਪੰਜ ਵੱਡੀਆਂ ਤੋਪਾਂ ਸਮੇਤ 5000 ਹਥਿਆਰ ਕਬਜ਼ੇ ਵਿਚ ਲੈ ਲਏ ਹਨ। ਫਿਰੋਜ਼ਪੁਰ ਅਤੇ ਲਾਹੌਰ ਦੇ ਵਿਚਕਾਰਲੇ ਇਲਾਕੇ ਵਿਚ ਇਹ ਕਾਰਜ ਸੰਪੂਰਨ ਕਰ ਲਿਆ ਗਿਆ ਹੈ ਅਤੇ ਬਾਰੀ ਦੁਆਬ ਦੇ ਉਪਰਲੇ ਇਲਾਕਿਆਂ ਵਿਚ ਜਿਥੇ ਕਿ ਸਿੱਖ ਬੜੇ ਲੜਾਕੇ ਅਤੇ ਗੜਬੜੀ ਕਰਨ ਵਾਲੇ ਹਨ। ਕੁਝ ਹੋਰ ਫੌਜੀ ਟੁਕੜੀਆਂ ਉਨ੍ਹਾਂ ਤੋਂ ਹਥਿਆਰ ਖੋਹ ਕੇ ਆਪਣੇ ਕਬਜ਼ੇ ਵਿਚ ਕਰ ਲੈਣ ਦੇ ਉਦੇਸ਼ ਨਾਲ ਕਾਰਵਾਈ ਕਰ ਰਹੀਆਂ ਹਨ।
6. ਉਸ ਵਿਅਕਤੀ ਉੱਤੇ ਜਿਸ ’ਤੇ ਮਿਸਟਰ ਐਗਨਿਊ ਦੇ ਕਤਲ ਦਾ ਮੁੱਖ ਮੁਜਰਿਮ ਹੋਣ ਦਾ ਦੋਸ਼ ਹੈ, ਮੇਰੇ ਹੁਕਮਾਂ ਅਨੁਸਾਰ ਮੁਲਤਾਨ ਵਿਖੇ ਕਾਇਮ ਕੀਤੇ ਵਿਸ਼ੇਸ਼ ਕਮਿਸ਼ਨ ਦੁਆਰਾ ਮੁਕੱਦਮਾ ਚਲਾਇਆ ਗਿਆ ਹੈ ਅਤੇ ਉਸ ਦਾ ਦੋਸ਼ ਸਿੱਧ ਹੋ ਗਿਆ ਹੈ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਮੈਂ ਇਸ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਆਦੇਸ਼ ਦਿੱਤਾ ਹੈ, ਉਸ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਲਤਾਨ ਵਿਖੇ ਲੋਕਾਂ ਦੇ ਸਾਹਮਣੇ ਫਾਂਸੀ ਦਿੱਤੀ ਜਾਵੇ।
ਇਸ ਮੁਕੱਦਮੇ ਦੌਰਾਨ ਭਾਵੇਂ ਇਸ ਦਾ ਮੁੱਖ ਉਦੇਸ਼ ਇਸ ਕੈਦੀ ਦੇ ਅਪਰਾਧ ਬਾਰੇ ਜਾਂਚ ਕਰਨਾ ਸੀ। ਇਹ ਗੱਲ ਵੀ ਜ਼ਾਹਿਰ ਹੋ ਗਈ ਕਿ ਦੀਵਾਨ ਮੂਲਰਾਜ ਨੇ ਈਦਗਾਹ ਉੱਤੇ ਹੋਏ ਹਮਲੇ ਵਿਚ, ਜਿਸ ਦਾ ਸਿੱਟਾ ਅੰਗਰੇਜ਼ ਅਫਸਰਾਂ ਦੇ ਕਤਲ ਵਿਚ ਨਿਕਲਿਆ, ਸਾਡੀ ਉਮੀਦ ਤੋਂ ਕਿਤੇ ਵੱਧ ਹਿੱਸਾ ਲਿਆ। ਮੁਲਰਾਜ ਦੇ ਇਸ ਹਮਲੇ ਵਿਚ ਭਾਈਵਾਲ ਹੋਣ ਬਾਰੇ ਮੇਜਰ ਐਡਵਰਡ ਨੇ ਪਹਿਲਾਂ ਹੀ ਬੜੇ ਧਿਆਨ ਨਾਲ ਜਾਂਚ-ਪੜਤਾਲ ਕਰ ਲਈ ਸੀ ਅਤੇ ਮੂਲਰਾਜ ਦੇ ਨੌਕਰਾਂ ਅਤੇ ਬੰਦਿਆਂ ਤੋਂ ਜਿਨ੍ਹਾਂ ਦੇ ਇਸ ਅਪਰਾਧ ਵਿਚ ਭਾਈਵਾਲ ਹੋਣ ਦੀ ਜ਼ਰਾ ਜਿੰਨੀ ਵੀ ਸੰਭਾਵਨਾ ਨਹੀਂ ਸੀ, ਇਸ ਵਿਸ਼ੇ ਨਾਲ ਸੰਬੰਧਿਤ ਗਵਾਹੀ ਪ੍ਰਾਪਤ ਕਰ ਲਈ ਸੀ। ਸਰ ਐੱਚ. ਐੱਮ. ਲਾਰੈਂਸ ਨੇ ਆਪਣੇ 17 ਤਰੀਕ ਦੇ ਪੱਤਰ ਵਿਚ ਇਸ ਵਿਸ਼ੇ ਨਾਲ ਸੰਬੰਧਿਤ ਲਿਖਤਾਂ ਮੈਨੂੰ ਭੇਜ ਦਿੱਤੀਆਂ ਹਨ ਅਤੇ ਮੇਜਰ ਐਡਵਰਡ ਵਾਂਗ ਹੀ ਇਹ ਰਾਇ ਵੀ ਦਿੱਤੀ ਹੈ ਕਿ ਮੂਲਰਾਜ ਦੇ ਵਿਰੁਧ ਸਪੱਸ਼ਟ ਤੌਰ ’ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ। ਇਹਨਾਂ ਲਿਖਤਾਂ ਦੇ ਅਧਿਐਨ ਤੋਂ ਅਤੇ ਬੁੱਧ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਸਮੇਂ ਦਿੱਤੀਆਂ ਗਈਆਂ ਗਵਾਹੀਆਂ ਤੋਂ ਤਾਂ ਮੇਰੇ ਮਨ ਵਿਚ ਬੈਠਾ ਇਹ ਪ੍ਰਭਾਵ ਖ਼ਤਮ ਹੋ ਗਿਆ ਹੈ ਦੀਵਾਨ ਮੁਲਰਾਜ ਮਿਸਟਰ ਐਗਨਿਉ ਅਤੇ ਲੈਫਟੀਨੈਂਟ ਐਂਡਰਸਨ ਦੀਆਂ ਮੌਤਾਂ ਦੇ ਮਾਮਲੇ ਵਿਚ ਬੇਕਸੂਰ ਹੈ ਅਤੇ ਮੇਰੇ ਮਨ ਵਿਚ ਪਹਿਲਾਂ ਵਾਲਾ ਵਿਸ਼ਵਾਸ ਫਿਰ ਬੈਠ ਗਿਆ ਹੈ ਕਿ ਇਸ ਭਿਅੰਕਰ ਘਟਨਾ ਦੇ ਵਾਪਰਨ ਵਿਚ ਉਹ ਭਾਈਵਾਲ ਹੈ ਅਤੇ ਇਸ ਕਰਕੇ ਉਹ ਦੋਸ਼ੀ ਵੀ ਹੈ। ਇਸ ਲਈ ਮੈਂ ਹੁਕਮ ਦੇ ਦਿੱਤਾ ਹੈ ਕਿ ਮੇਰੇ ਵੱਲੋਂ ਕਾਇਮ ਕੀਤੇ ਜਾਣ ਵਾਲੇ ਕਮਿਸ਼ਨ ਦੇ ਸਾਹਮਣੇ ਦੀਵਾਨ ਮੂਲਰਾਜ ਦੇ ਵਿਰੁੱਧ ਤੁਰੰਤ ਮੁਕੱਦਮਾ ਚਲਾਇਆ ਜਾਵੇ ਅਤੇ ਹਲਫੀਆ ਬਿਆਨ ਦੇਣ ਵਾਲੇ ਵਿਅਕਤੀਆਂ ਨੂੰ ਵੀ ਉਸ ਦੇ ਸਾਹਮਣੇ ਹਾਜ਼ਰ ਕੀਤਾ ਜਾਵੇ।
7. ਰੈਜ਼ੀਡੈਂਟ ਨੇ ਗੁਰਮੁਖੀ ਵਿਚ ਲਿਖੇ ਇਕ ਪੱਤਰ ਦਾ ਉਲੱਥਾ ਵੀ ਮੈਨੂੰ ਭੇਜਿਆ ਹੈ ਜਿਸ ਬਾਰੇ ਉਹ ਆਖਦਾ ਹੈ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਇਹ ਬਨਾਰਸ ਤੋਂ ਮਹਾਰਾਣੀ ਜਿੰਦਾਂ ਕੌਰ ਵੱਲੋਂ ਸ. ਚਤੁਰ ਸਿੰਘ ਨੂੰ ਲਿਖਿਆ ਗਿਆ ਹੈ ਅਤੇ ਇਸ ਨੂੰ ਰਾਹ ਵਿਚ ਹੀ ਪਕੜ ਲਿਆ ਗਿਆ। ਇਸ ਪੱਤਰ ਵਿਚ ਅਜਿਹੇ ਸ਼ਬਦਾਂ ਦੀ ਭਰਮਾਰ ਹੈ ਜਿਨ੍ਹਾਂ ਵਿੱਚੋਂ ਅੰਗਰੇਜ਼ ਸਰਕਾਰ ਵਿਰੁੱਧ ਘਿ੍ਰਣਾ ਅਤੇ ਵੈਰ-ਭਾਵ ਡੁੱਲ-ਡੁਲ ਪੈਂਦੇ ਹਨ ਅਤੇ ਸਰ ਹੈਨਰੀ ਲਾਰੈਂਸ ਨੇ ਇਸ ਪੱਤਰ ਦੇ ਸਹੀ ਹੋਣ ਬਾਰੇ ਪੱਕਾ ਵਿਸ਼ਵਾਸ ਕਰਕੇ ਮੈਨੂੰ ਇਹ ਸਿਫਾਰਸ਼ ਕੀਤੀ ਹੈ ਕਿ ਬਨਾਰਸ ਵਿਚ ਮਹਾਰਾਣੀ ਪਾਸ ਜੋ ਵੀ ਰੁਪਯਾ ਪੈਸਾ ਜਾਂ ਹੀਰੇ ਹਨ, ਉਹਨਾਂ ਸਭਨਾਂ ਨੂੰ ਜ਼ਬਤ ਕਰ ਲਿਆ ਜਾਵੇ ਅਤੇ ਉਸ (ਮਹਾਰਾਣੀ) ਉੱਤੇ ਕਰੜੀ ਨਿਗ੍ਹਾ ਰੱਖੀ ਜਾਵੇ। ਕਿਉਂਕਿ ਰੈਜ਼ੀਡੈਂਟ ਨੇ ਇਹ ਲਿਖਤਾਂ ਭੇਜਣ ਸਮੇਂ ਉਹਨਾਂ ਹਾਲਤਾਂ ਦਾ ਵਰਨਣ ਨਹੀਂ ਕੀਤਾ ਜਿਹਨਾਂ ਤੋਂ ਪੱਕੇ ਤੌਰ ’ਤੇ ਇਹ ਸਿੱਟਾ ਕੱਢਿਆ ਜਾ ਸਕੇ ਕਿ ਇਹ ਪੱਤਰ ਮਹਾਰਾਣੀ ਨੇ ਹੀ ਲਿਖਿਆ ਹੈ ਅਤੇ ਕਿਉਂਕਿ ਮੈਂ ਉਸ ਵਿਰੁਧ ਤਜਵੀਜ਼ ਕੀਤੀ ਗਈ ਕਾਰਵਾਈ ਕਰਨ ਲਈ ਉਤਨਾ ਚਿਰ ਤਿਆਰ ਨਹੀਂ ਜਿਤਨਾ ਚਿਰ ਇਸ ਮੁਆਮਲੇ ਬਾਰੇ ਸ਼ੰਕਾ ਮੌਜੂਦ ਹੈ, ਮੈਂ ਉਸ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਹੋ ਸਕਦੇ ਤਾਂ ਉਹ ਸਰਦਾਰਾਂ ਪਾਸੋਂ ਹੋਰ ਸਬੂਤ ਇਕੱਠੇ ਕਰ ਕੇ ਮੈਨੂੰ ਸੂਚਨਾ ਦੇਵੇ ਕਿ ਇਹ ਪੱਤਰ ਕਿਸ ਵੱਲੋਂ ਅਤੇ ਕਿਸ ਨੂੰ ਲਿਖਿਆ ਗਿਆ ਹੈ।
ਕਮਾਂਡਰ ਵੱਲੋਂ ਭੇਜੇ ਗਏ ਪੱਤਰ ਦੇ ਨਾਲ ਹੀ ਇਕ ਅਜਿਹੀ ਸੂਚੀ ਵੀ ਮੈਨੂੰ ਭੇਜੀ ਗਈ ਹੈ ਜਿਸ ਵਿਚ ਇਸ ਮੁਹਿੰਮ ਦੇ ਦੌਰਾਨ ਸ਼ੱਕੀ ਕਿਰਦਾਰ ਵਾਲੇ ਅਫਸਰਾਂ ਦੇ ਨਾਂ ਦਰਜ ਹਨ। ਮੈਂ ਚਾਹੁੰਦਾ ਹਾਂ ਕਿ ਇਸ ਸੂਚੀ ਦੀ ਪ੍ਰੋੜਤਾ ਸਤਿਕਾਰਯੋਗ ਕੋਰਟ ਆਫ ਡਾਇਰੈਕਟਰਜ਼ ਅਤੇ ਗਵਰਨਰ ਜਨਰਲ ਦੀ ਸਰਕਾਰ ਦੁਆਰਾ ਵੀ ਹੋਣੀ ਚਾਹੀਦੀ ਹੈ।
ਮੈਂ ਹਾਂ..................
ਦਸਤਖ਼ਤ/-ਐੱਚ.ਐੱਮ.ਇਲੀਅਟ
Sd / h M. Eliot
Comments (0)