ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ 'ਨਿਰਦੋਸ਼ ਸਾਬਤ ਹੋਣ ਤੱਕ ਸਸਪੈਂਡ
ਅੰਮ੍ਰਿਤਸਰ ਟਾਈਮਜ਼
ਅੰਮਿ੍ਤਸਰ- ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਹਿਤ ਵਲੋਂ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਦੇ ਖ਼ਿਲਾਫ਼ ਲੱਗੇ ਗੰਭੀਰ ਦੋਸ਼ਾਂ ਦੀ ਜਾਂਚ ਦੇ ਚੱਲਦਿਆਂ ਜਥੇਦਾਰ ਗਿਆਨੀ ਗੌਹਰ ਦੇ ਨਿਰਦੋਸ਼ ਹੋਣ ਤੱਕ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ । ਇਸ ਸੰਬੰਧੀ' ਜਥੇਦਾਰ ਹਿਤ ਨੇ ਕਿਹਾ ਕਿ ਪਿਛਲੇ ਦਿਨੀਂ ਗੁਰਵਿੰਦਰ ਸਿੰਘ ਸਮਰਾ ਨਾਂਅ ਦੇ ਵਿਅਕਤੀ ਵਲੋਂ ਜਥੇਦਾਰ ਸਾਹਿਬ 'ਤੇ ਲਾਏ ਗਏ ਗੰਭੀਰ ਦੋਸ਼ਾਂ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਅਦ ਪ੍ਰਬੰਧਕੀ ਕਮੇਟੀ ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਇਕ ਪੰਜ ਮੈਂਬਰੀ ਹਾਈ ਪਾਵਰ ਕਮੇਟੀ ਬਣਾਈ ਗਈ ਹੈ, ਜਿਸ ਨੇ ਜਥੇਦਾਰ ਗਿਆਨੀ ਗੌਹਰ ਅਤੇ ਦੋਸ਼ ਲਾਉਣ ਵਾਲੇ ਵਿਅਕਤੀ ਨੂੰ 31 ਅਗਸਤ ਨੂੰ ਇਸ ਗੰਭੀਰ ਮਾਮਲੇ ਦੀ ਜਾਂਚ ਲਈ ਸਬੂਤਾਂ ਸਮੇਤ ਦਿੱਲੀ ਵਿਖੇ ਬੁਲਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਜਥੇਦਾਰ ਹੁੰਦਿਆਂ ਗਿਆਨੀ ਗੌਹਰ ਦਾ ਕਿਸੇ ਕਮੇਟੀ ਅੱਗੇ ਪੇਸ਼ ਹੋਣਾ ਮਰਿਯਾਦਾ ਅਨੁਸਾਰ ਠੀਕ ਨਹੀਂ ਸੀ, ਇਸ ਲਈ ਬੀਤੇ ਦਿਨ ਵਿਸ਼ੇਸ਼ ਪੱਤਰ ਜਾਰੀ ਕਰਕੇ ਉੁਨ੍ਹਾਂ ਦੀਆਂ ਤਖ਼ਤ ਸਾਹਿਬ ਵਿਖੇ ਉਦੋਂ ਤੱਕ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ, ਜਦੋਂ ਤੱਕ ਉਹ ਨਿਰਦੋਸ਼ ਸਿੱਧ ਨਹੀਂ ਹੋ ਜਾਂਦੇ । ਉਨ੍ਹਾਂ ਕਿਹਾ ਕਿ ਗਿਆਨੀ ਗੌਹਰ ਦੀ ਮੁਅੱਤਲੀ ਦੌਰਾਨ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਤਖਤ ਸਾਹਿਬ ਵਿਖੇ ਸੇਵਾਵਾਂ ਨਿਭਾਉਣਗੇ । ਇਸੇ ਦੌਰਾਨ ਤਖ਼ਤ ਸਾਹਿਬ ਦੇ ਪੰਜ ਪਿਆਰੇ ਗ੍ਰੰਥੀ ਸਾਹਿਬਾਨ ਵਲੋਂ ਵੀ ਗਿਆਨੀ ਗੌਹਰ ਤੇ ਗੁਰਵਿੰਦਰ ਸਿੰਘ ਸਮਰਾ ਨੂੰ 11 ਸਤੰਬਰ ਨੂੰ ਵੱਖਰੇ ਤੌਰ 'ਤੇ ਤਲਬ ਕੀਤਾ ਹੋਇਆ ਹੈ।
ਸਕੱਤਰੇਤ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿਚ ਨਹੀਂ ਹੈ ਮਾਮਲਾ :
ਇਸੇ ਦੌਰਾਨ ਜਦੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ 'ਤੇ ਲੱਗੇ ਗੰਭੀਰ ਦੋਸ਼ਾਂ ਸੰਬੰਧੀ ਅਕਾਲ ਤਖ਼ਤ ਸਕੱਤਰੇਤ ਵਿਖੇ ਸੰਪਰਕ ਕੀਤਾ ਗਿਆ ਤਾਂ ਜਥੇਦਾਰ ਦੇ ਨਿੱਜੀ ਸਹਾਇਕ ਨੇ ਦੱਸਿਆ ਕਿ ਫਿਲਹਾਲ ਅਜੇ ਤੱਕ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਅਜਿਹੇ ਮਾਮਲੇ ਸੰਬੰਧੀ ਕਿਸੇ ਵੀ ਧਿਰ ਵਲੋਂ ਕੋਈ ਸ਼ਿਕਾਇਤ ਨਹੀਂ ਪੁੱਜੀ ।ਜਦੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ।
Comments (0)