ਗੁਰਬਾਣੀ ਸੰਗੀਤ ਦਾ ਪ੍ਰਸਿੱਧ ਅਵਨਧ ਸਾਜ਼ ਤਬਲਾ
ਗੁਰਬਾਣੀ ਸੰਗੀਤ 'ਵਿਚ ਜਿੱਥੇ ਅਵਨਧ ਸਾਜ਼ਾਂ ਦੀ ਇਕ ਵਿਸ਼ਾਲ ਅਤੇ ਵਿਲੱਖਣ ਪਰੰਪਰਾ ਵਿਸ਼ਵ ਭਰ ਦੀਆਂ ਸੰਗੀਤ ਪਰੰਪਰਾਵਾਂ 'ਚ ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ, ਉੱਥੇ ਹੀ ਅਵਨਧ ਸਾਜ਼ਾਂ ਦੀ ਵੀ ਮਹੱਤਵਪੂਰਨ ਭੂਮਿਕਾ ਦ੍ਰਿਸ਼ਟੀਗੋਚਰ ਹੁੰਦੀ ਹੈ।
ਗੁਰਬਾਣੀ ਸੰਗੀਤ 'ਚ ਅੰਮ੍ਰਿਤ ਸਾਜ਼ ਜੋੜੀ ਮ੍ਰਿਦੰਗ ਤੋਂ ਬਾਅਦ ਇਕ ਵਿਸ਼ੇਸ਼ਟ ਸਾਜ਼ ਹੈ। ਭਾਈ ਕ੍ਹਾਨ ਸਿੰਘ ਨਾਭਾ ਨੇ 'ਜੋੜੀ' ਸ਼ਬਦ ਦੇ ਅਨੇਕਾਂ ਅਰਥ ਦੱਸੇ ਹਨ, ਜਿਨ੍ਹਾਂ 'ਚ ਸੰਗੀਤਕ ਅਰਥ ਦੋ ਚਠੂ (ਨਰ ਅਤੇ ਮਦੀਨ) ਪਖਾਵਜ, ਧਾਮਾ ਅਤੇ ਤਬਲਾ ਪ੍ਰਮੁੱਖ ਹਨ। ਵੱਖ-ਵੱਖ ਵਿਦਵਾਨਾਂ ਨੇ ਜੋੜੀ ਨੂੰ ਦੋ ਨਗ ਵਾਲੇ ਅਵਨਧ ਸਾਜ਼ ਜਾਂ ਤਬਲੇ ਦੇ ਸਮਾਨ ਹੀ ਮੰਨਿਆ ਹੈ। ਜੋੜੀ ਸਾਜ਼ ਦਾ ਅਵਿਸ਼ਕਾਰ ਬਾਬਤ ਵਿਦਵਾਨਾਂ ਦੇ ਵੱਖ-ਵੱਖ ਮੱਤ ਹਨ। ਕੁਝ ਵਿਦਵਾਨ ਇਸ ਦੇ ਅਵਿਸ਼ਕਾਰਕ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਮੰਨਦੇ ਹਨ। ਭਾਈ ਬਲਦੀਪ ਸਿੰਘ ਦਿੱਲੀ ਅਤੇ ਪ੍ਰੋਫ਼ੈਸਰ ਸੁਰਿੰਦਰ ਸਿੰਘ ਯੂ.ਕੇ. ਜੋੜੀ ਸਾਜ਼ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੇ ਰਬਾਬੀ ਕੀਰਤਨੀਏ ਭਾਈ ਸੱਤਾ ਅਤੇ ਭਾਈ ਬਲਵੰਡ ਨੂੰ ਇਸ ਦਾ ਨਿਰਮਾਤਾ ਮੰਨਦੇ ਹਨ। ਇਸੇ ਤਰ੍ਹਾਂ ਡਾ. ਗੁਰਨਾਮ ਸਿੰਘ ਅਤੇ ਭਾਈ ਨਿਹਾਲ ਸਿੰਘ ਯੂ.ਐੱਸ.ਏ. ਵੀ ਭਾਈ ਸੱਤਾ ਅਤੇ ਭਾਈ ਬਲਵੰਡ ਨੂੰ ਜੋੜੀ ਸਾਜ਼ ਦਾ ਜਨਮਦਾਤਾ ਮੰਨਦੇ ਹਨ। ਕੁਝ ਵਿਦਵਾਨ ਜੋੜੀ ਸਾਜ਼ ਦੀ ਉਤਪੱਤੀ ਪਖਾਵਜ ਸਾਜ਼ ਨੂੰ ਵਿਚਕਾਰੋਂ ਕੱਟ ਕੇ ਦੋਵਾਂ ਸਿਰਿਆਂ ਨੂੰ ਖੜ੍ਹਾ ਕਰਨ ਨਾਲ ਹੋਈ ਵੀ ਮੰਨਦੇ ਹਨ, ਅਜਿਹਾ ਮੰਨਣ ਦਾ ਇਕ ਹੋਰ ਕਾਰਨ ਹੈ ਕਿ ਪਖਾਵਜ ਜਾਂ ਮ੍ਰਿਦੰਗ ਉੱਤੇ ਵਜਾਈਆਂ ਜਾਣ ਵਾਲੀਆਂ ਗੰਭੀਰ ਪ੍ਰਕਿਰਤੀ ਦੀਆਂ ਤਾਲਾਂ ਹੀ ਜੋੜੀ ਸਾਜ਼ ਉੱਤੇ ਵਜਾਈਆਂ ਜਾਂਦੀਆਂ ਹਨ। ਜੋੜੀ ਸਾਜ਼ ਦੇ ਤਿੰਨ ਪ੍ਰਮੁੱਖ ਘਰਾਣੇ ਹਨ, ਨਾਈਆਂ ਦਾ ਘਰਾਣਾ (ਅੰਮ੍ਰਿਤਸਰੀਆ ਬਾਜ), ਲਾਹੌਰ ਘਰਾਣਾ ਜਾਂ ਪੰਜਾਬ ਘਰਾਣਾ ਅਤੇ ਕਸੂਰ ਘਰਾਣਾ ਵਿਸ਼ੇਸ਼ ਹਨ। ਇਨ੍ਹਾਂ ਦਾ ਜੋੜੀ ਵਾਦਨ ਪਰੰਪਰਾ 'ਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਜੋੜੀ ਸਾਜ਼ ਦਾ ਸੱਜਾ ਹਿੱਸਾ ਲੱਕੜ ਦੇ ਟੁਕੜੇ ਨੂੰ ਅੰਦਰੋਂ ਖੋਖਲਾ ਕਰਕੇ ਚਮੜਾ ਮੜਿਆ ਹੁੰਦਾ ਹੈ ਅਤੇ ਇਸ ਦਾ ਧਾਮਾ ਲੱਕੜ ਜਾਂ ਪਿੱਤਲ ਦਾ ਬਣਿਆ ਹੁੰਦਾ ਹੈ। ਦੋਵਾਂ 'ਚ ਗੱਟੇ ਲਗਾਏ ਜਾਂਦੇ ਹਨ। ਮ੍ਰਿਦੰਗ ਵਾਂਗ ਹੀ ਜੋੜੀ ਦੇ ਦੋਵੇਂ ਨਗ ਚਮੜੇ ਨਾਲ ਮੜ੍ਹੇ ਹੁੰਦੇ ਹਨ ਅਤੇ ਸੱਜੇ ਪਾਸੇ ਵਾਲੇ ਹਿੱਸੇ ਉੱਤੇ ਸ਼ਾਹੀ ਲਗਾਈ ਜਾਂਦੀ ਹੈ, ਕਿਸੇ ਤਰ੍ਹਾਂ ਖੱਬੇ ਪਾਸੇ ਵਾਲੇ ਹਿੱਸੇ ਜਿਸ ਨੂੰ 'ਧਾਮਾ' ਕਿਹਾ ਜਾਂਦਾ ਹੈ, ਉਸ ਉੱਤੇ ਪਖਾਵਜ ਵਾਂਗ ਗਿੱਲਾ ਆਟਾ ਲਗਾ ਕੇ ਵਜਾਇਆ ਜਾਂਦਾ ਹੈ। ਗੁਰਬਾਣੀ ਸੰਗੀਤ ਤੋਂ ਇਲਾਵਾ ਸ਼ਾਸਤਰੀ ਸੰਗੀਤ ਦੀਆਂ ਧਰੁਪਦ ਅਤੇ ਧਮਾਰ ਗਾਇਨ ਸ਼ੈਲੀ 'ਚ ਜੋੜੀ ਸਾਜ਼ ਦੀ ਵਰਤੋਂ ਹੁੰਦੀ ਹੈ ਪ੍ਰੰਤੂ ਖਿਆਲ ਗਾਇਨ ਸ਼ੈਲੀ, ਟੱਪਾ ਗਾਇਨ ਸ਼ੈਲੀ ਆਦਿ ਨਾਲ ਤਬਲੇ ਦਾ ਰੁਝਾਨ ਵਧਣ ਕਾਰਨ ਜੋੜੀ ਸਾਜ਼ ਦਾ ਪ੍ਰਯੋਗ ਬਹੁਤ ਘੱਟ ਗਿਆ। ਨਾਮਧਾਰੀ ਸੰਪਰਦਾਇ ਨੇ ਜੋੜੀ ਸਾਜ਼ ਨੂੰ ਅਜੇ ਤੱਕ ਜੀਵੰਤ ਰੱਖਦੇ ਹੋਏ ਸ੍ਰੀ ਭੈਣੀ ਸਾਹਿਬ ਦੇ ਹਜ਼ੂਰੀ ਕੀਰਤਨੀਏ ਰੋਜ਼ਾਨਾ ਦੀ ਕੀਰਤਨ ਚੌਂਕੀਆਂ 'ਚ ਜੋੜੀ ਸਾਜ਼ ਦੀ ਹੀ ਵਰਤੋਂ ਕਰਦੇ ਹਨ। ਇਸੇ ਸੰਪਰਦਾਇ ਦੇ ਉਸਤਾਦ ਸੁਖਵਿੰਦਰ ਸਿੰਘ ਪਿੰਕੀ ਯੂ.ਕੇ. ਵੀ ਵਿਸ਼ਵ ਪ੍ਰਸਿੱਧ ਜੋੜੀਵਾਦਕ ਹਨ। ਜੋ ਵਿਦਿਆਰਥੀਆਂ ਨੂੰ ਇਸ ਸਾਜ਼ ਦੀ ਵਿਧੀਪੂਰਵਕ ਤਾਲੀਮ ਦੇ ਰਹੇ ਹਨ। ਇਨ੍ਹਾਂ ਦੇ ਸ਼ਾਗਿਰਦ ਸ. ਗਿਆਨ ਸਿੰਘ ਚੀਮਾ ਨੇ ਕੌਮੀ ਪੱਧਰ ਉੱਤੇ ਜੋੜੀ ਸਾਜ਼ 'ਚ ਸੋਨ ਤਗਮੇ ਜਿੱਤੇ ਹਨ। ਇਨ੍ਹਾਂ ਤੋਂ ਇਲਾਵਾ ਗੁਰਮਤਿ ਸੰਗੀਤਾਚਾਰਿਆ ਭਾਈ ਬਲਦੀਪ ਸਿੰਘ ਦਿੱਲੀ ਨੇ ਬਹੁਤ ਸੁੰਦਰ ਅਤੇ ਉਮਦਾ ਕਿਸਮ ਦਾ ਜੋੜੀ ਸਾਜ਼ ਆਪ ਤਿਆਰ ਕੀਤਾ, ਜਿਸ ਨੂੰ ਉਹ ਆਪ ਕੀਰਤਨ 'ਚ ਪ੍ਰਯੋਗ ਕਰਦੇ ਹਨ। ਇਨ੍ਹਾਂ ਦੇ ਹੀ ਸ਼ਾਗਿਰਦ ਅਤੇ ਲੇਖਕ ਦੇ ਗੁਰਭਾਈ ਉਸਤਾਦ ਪਰਮਿੰਦਰ ਸਿੰਘ ਭਮਰਾ ਇਟਲੀ ਵਿਖੇ ਮ੍ਰਿਦੰਗ ਅਤੇ ਜੋੜੀ ਸਾਜ਼ ਦੇ ਉੱਤਮ ਕਲਾਕਾਰ ਹਨ। ਇਨ੍ਹਾਂ ਤੋਂ ਇਲਾਵਾ ਸ. ਸੁਦਰਸ਼ਨ ਸਿੰਘ ਚਾਨਾ ਵੀ ਪ੍ਰਸਿੱਧ ਜੋੜੀ ਵਾਦਕ ਹਨ।
ਜਗਪਿੰਦਰ ਪਾਲ ਸਿੰਘ
-ਮੁਖੀ ਪੋਸਟ ਗਰੈਜੂਏਟ ਸੰਗੀਤ ਅਤੇ ਗੁਰਮਤਿ ਸੰਗੀਤ ਵਿਭਾਗ।
ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ।
Comments (0)