ਸ੍ਰੀ ਗੁਰੂ ਰਾਮਦਾਸ ਜੀ-ਜੀਵਨ ਸਾਖੀਆਂ ਵਿਚ ਸਿੱਖਿਆ
ਸ੍ਰੀ ਗੁਰੂ ਅਮਰਦਾਸ ਜੀ ਦਾ ਫ਼ਰਮਾਨ ਹੈ, 'ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ' ਭਾਵ ਵਿਰਸੇ ਤੇ ਵਿਰਾਸਤ 'ਚ ਪੁਰਖਿਆਂ ਦੀਆਂ ਕਥਾਵਾਂ ਪੁੱਤਰਾਂ ਨੂੰ ਸਪੁੱਤਰ ਬਣਾਉਂਦੀਆਂ ਹਨ । ਇਸੇ ਤਰ੍ਹਾਂ ਗੁਰ ਇਤਿਹਾਸ 'ਚ ਸਾਖੀਆਂ ਸਾਡੀ ਅਮੀਰ ਵਿਰਾਸਤ ਹਨ, ਜੋ ਸਿੱਖਿਆ ਰਾਹੀਂ ਕੌਮੀ ਵਾਰਸਾਂ ਦਾ ਹਰ ਯੁੱਗ 'ਚ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ ।
ਅਸੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਵਿਚੋਂ ਪ੍ਰਚੱਲਿਤ ਤਿੰਨ ਸਾਖੀਆਂ ਚੁਣੀਆਂ ਹਨ । ਸਾਖੀਆਂ 'ਵਿਚੋਂ ਸਿੱਖਿਆ ਕੀ ਮਿਲਦੀ ਹੈ, ਇਹ ਤੱਤਸਾਰ ਹੈ ।
* ਸੰਸਾਰੀ ਪ੍ਰੀਖਿਆ 'ਚ ਨਿਰੰਕਾਰੀ ਉਪਦੇਸ਼: ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਵਿਚ ਥੜ੍ਹੇ ਬਣਾਉਣ ਵਾਲੀ ਸਾਖੀ ਸਭਨਾਂ ਦੀ ਸਿਮਰਤੀ ਵਿਚ ਹੈ ।ਇਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਦੋਨੋਂ ਦਾਮਾਦ ਭਾਈ ਰਾਮਾ ਜੀ ਤੇ ਸ੍ਰੀ ਰਾਮਦਾਸ ਜੀ ਨੂੰ ਫ਼ਰਮਾਇਆ ਕਿ ਸਾਡੇ ਟਿਕਾਣੇ ਲਈ ਇਸ ਸਥਾਨ ਉਪਰ ਦੇ ਸੋਹਣੇ ਥੜ੍ਹੇ ਉਸਾਰੋ ।ਦੋਵਾਂ ਨੇ ਪੂਰੀ ਰੀਝ ਨਾਲ ਥੜ੍ਹੇ ਬਣਾਏ ਅਤੇ ਜਦ ਸ਼ਾਮ ਨੂੰ ਤੀਜੇ ਪਾਤਿਸ਼ਾਹ ਜੀ ਨੇ ਦੇਖੇ ਤਾਂ ਕਿਹਾ ਕਿ ਇਹ ਥੜ੍ਹੇ ਠੀਕ ਨਹੀਂ ਬਣੇ ਹਨ ।ਇਸ ਤਰ੍ਹਾਂ ਜਦ ਦੋ-ਤਿੰਨ ਵਾਰ ਥੜ੍ਹੇ ਨਾ ਪਸੰਦ ਕੀਤੇ ਗਏ ਤਾਂ ਭਾਈ ਰਾਮਾ ਜੀ ਪੁਕਾਰ ਉੱਠੇ ਕਿ ਸਤਿਗੁਰੂ ਜੀ! ਤੁਹਾਡੀ ਅਵਸਥਾ ਵਡੇਰੀ ਹੋਣ ਕਰਕੇ ਭੁੱਲ ਜਾਂਦੇ ਹੋ, ਮੈਂ ਤਾਂ ਤੁਹਾਡੇ ਕਹੇ ਅਨੁਸਾਰ ਹੀ ਬਣਾਉਂਦਾ ਹਾਂ ਅਤੇ ਇਸ ਤੋਂ ਚੰਗਾ ਹੋਰ ਮੈਂ ਬਣਾ ਵੀ ਨਹੀਂ ਸਕਦਾ ।ਦੂਜੇ ਪਾਸੇ ਸ੍ਰੀ ਰਾਮਦਾਸ ਜੀ ਦਾ ਉੱਤਰ ਸੀ ਕਿ ਸੱਚੇ ਸਤਿਗੁਰੂ ਜੀ ਬਖ਼ਸ਼ ਦਿਓ- ਮੈਂ ਅਣਜਾਣ ਹਾਂ, ਤੁਹਾਡੇ ਬਚਨ ਸਮਝਣ 'ਚ ਮੇਰੇ ਕੋਲੋਂ ਕੋਈ ਕਸਰ ਰਹਿ ਜਾਂਦੀ ਹੈ | ਤੁਸੀਂ ਹੀ ਕਿਰਪਾ ਕਰੋ ਕਿ ਮੈਂ ਠੀਕ ਬਣਾ ਸਕਾਂ।
ਦਰਅਸਲ ਇਹ ਤਾਂ ਇਕ ਸੰਸਾਰੀ ਪ੍ਰੀਖਿਆ ਸੀ ।ਤੱਤਗਿਆਨ ਕਿ ਇਕ ਸਿੱਖ ਦਾ ਸਤਿਗੁਰਾਂ ਪ੍ਰਤੀ ਪਿਆਰ, ਸਹਿਜਤਾ, ਨਿਮਰਤਾ, ਸਹਿਣਸ਼ੀਲਤਾ ਤੇ ਹੁਕਮ ਮੰਨਣ ਦੀ ਸਮਰੱਥਾ ਦਾ ਇਮਤਿਹਾਨ ਸੀ । ਥੜ੍ਹੇ ਦੀ ਬਾਹਰੀ ਸਿਰਜਣਾ-ਹਿਰਦਾ ਰੂਪੀ ਥੜ੍ਹੇ ਦੀ ਉਸਾਰੀ ਸੀ, ਜਿਥੇ 'ਗੁਰੂ ਨਾਨਕ ਜੋਤਿ' ਨੇ ਆਸਣ ਧਾਰਨ ਕਰਨਾ ਸੀ । ਇਥੇ ਸਾਡੇ ਸੰਸਾਰੀਆਂ ਲਈ ਸਿੱਖਿਆ ਹੈ ਕਿ ਉੱਚ ਅਹੁਦੇ ਤੇ ਵੱਡੀਆਂ ਜ਼ਿੰਮੇਵਾਰੀਆਂ-ਸੰਤੋਖ ਤੇ ਸਹਿਣਸ਼ੀਲਤਾ ਤੋਂ ਬਗੈਰ ਨਹੀਂ ਨਿਭ ਸਕਦੀਆਂ । ਬਹਿਰੂਨੀ ਪ੍ਰੀਖਿਆਵਾਂ- ਅੰਦਰੂਨੀ ਘਾੜਤ ਦਾ ਆਧਾਰ ਹੁੰਦੀਆਂ ਹਨ ।ਵਿਰਸੇ ਤੇ ਵਿਰਾਸਤ 'ਚ ਮਿਲੀਆਂ ਸਿੱਖਿਆਵਾਂ ਗੁਰੂ ਵਾਰਸਾਂ ਲਈ ਸਦੀਵ ਪ੍ਰੇਰਕ ਸ਼ਕਤੀ ਹੁੰਦੀਆਂ ਹਨ ।
* ਹਉਮੈ ਅਤੇ ਹਲੀਮੀ ਦੀ ਜੰਗ 'ਚ ਕੌਣ ਜਿੱਤਿਆ?
ਪ੍ਰਚੱਲਿਤ ਸਾਖੀ ਅਨੁਸਾਰ ਇਕ ਵਾਰ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਵਾਸਤੇ ਸ੍ਰੀ ਰਾਮਦਾਸਪੁਰ (ਸ੍ਰੀ ਅੰਮਿ੍ਤਸਰ) ਵਿਖੇ ਆਏ । ਸਤਿਗੁਰੂ ਜੀ ਬਹੁਤ ਹੀ ਆਦਰ ਸਤਿਕਾਰ ਨਾਲ ਮਿਲੇ ।ਫਿਰ ਬਾਬਾ ਸ੍ਰੀ ਚੰਦ ਜੀ ਦੇ ਮਨ 'ਚ ਫੁਰਨਾ ਆਇਆ ਕਿ ਵੇਖੀਏ ਤਾਂ ਸਹੀ ਕਿਹੜੇ ਗੁਣਾਂ ਸਦਕਾ ਸ੍ਰੀ ਗੁਰੂ ਨਾਨਕ ਜੀ ਦੀ ਗੁਰਿਆਈ ਸ੍ਰੀ ਗੁਰੂ ਰਾਮਦਾਸ ਜੀ ਪਾਸ ਹੈ । ਬਾਬਾ ਸ੍ਰੀ ਚੰਦ ਜੀ ਨੇ ਕਿਹਾ ਕਿ ਪੁਰਖਾ! ਦਾੜ੍ਹਾ ਕਿਉਂ ਏਨਾ ਲੰਬਾ ਰੱਖਿਆ ਏ? ਅੱਗੋਂ ਨਿਮਰਤਾ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਬੋਲੇ: 'ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ ।' ਬਾਬਾ ਸ੍ਰੀ ਚੰਦ ਜੀ ਪੁਕਾਰ ਉਠੇ: ਧੰਨ ਹੋ, ਧੰਨ ਹੋ | ਦਰਅਸਲ ਗੁਰੂ ਨਾਨਕ ਘਰ ਦੇ ਤੁਸੀਂ ਹੀ ਸਹੀ ਅਧਿਕਾਰੀ ਹੋ | ਆਪ ਦੀ ਸਿੱਖੀ ਧੰਨ ਹੈ ।
ਭਾਵੇਂ ਬਾਬਾ ਸ੍ਰੀ ਚੰਦ ਜੀ ਦਾ ਉਦਾਸੀ ਮੱਤ ਸੀ, ਪਰ ਗੁਰੂ ਨਾਨਕ ਦੇ ਘਰ ਈਰਖਾ ਨਹੀਂ, ਪਿਆਰ ਹੈ । ਧਰਮ ਦੇ ਖੇਤਰ 'ਚ 'ਪ੍ਰੇਮ ਕਲਾ' ਹੀ ਅੰਤ ਫ਼ਤਹਿ ਪਾਉਂਦੀ ਹੈ । ਅਸੀਂ ਲਿਖਤਾਂ ਤੇ ਪ੍ਰਚਾਰ ਰਾਹੀਂ ਕਈ ਵਾਰ ਦੂਜਿਆਂ ਪ੍ਰਤੀ ਅਤਿ ਨੀਵੇਂ ਚਲੇ ਜਾਂਦੇ ਹਾਂ । ਸਮਝਣਾ ਜ਼ਰੂਰੀ ਹੈ ਕਿ ਕੈਂਚੀਆਂ ਬਣ ਕੇ ਕੱਟਣ ਨਾਲ ਪ੍ਰਚਾਰ ਨਹੀਂ ਹੋਣਾ, ਸੂਈਆਂ ਬਣ ਕੇ ਕੱਟਿਆਂ ਨੂੰ ਸੀਉਣ ਦਾ ਯਤਨ ਕਰੀਏ । ਨਫ਼ਰਤਵਾਦੀ ਸ਼ਬਦ ਜਥੇਬੰਦਕ ਧਰਮ ਦਾ ਨੁਕਸਾਨ ਵਧੀਕ ਕਰ ਜਾਂਦੇ ਹਨ ਅਤੇ ਪਿਆਰ ਭਰੇ ਬੋਲ ਸਦੀਵ ਖੇੜਾ ਵਰਤਾਉਂਦੇ ਹਨ ।
* ਸਿਮਰਨ ਦੀ ਮਹਿਮਾ ਤੇ ਸੰਦੇਸ਼:
'ਸਿੱਖਾਂ ਦੀ ਭਗਤ ਮਾਲਾ' (ਕਿ੍ਤ: ਸ਼ਹੀਦ ਭਾਈ ਮਨੀ ਸਿੰਘ ਜੀ, ਸੰਪਾਦਿਤ: ਭਾਈ ਵੀਰ ਸਿੰਘ ਜੀ) 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਸਾਖੀ ਹੈ ।'ਧਰਮ ਦਾਸੁ ਖੋਟੜਾ ਤੇ ਡੂਗਰ ਦਾਸ ਤਕਿਆਰੁ ਤੇ ਦੀਪਾ ਤੇ ਜੇਠਾ ਤੇ ਤੀਰਥਾ ਤੇ ਬੂਲਾ, ਸਭੇ ਗੁਰੂ ਰਾਮਦਾਸ ਜੀ ਦੇ ਪਾਸ ਆਏ ।ਆਇਕੇ ਅਰਦਾਸ ਕੀਤੀਓਨੇ: ਜੀ ਤੁਸਾਡੀ ਸਰਨਿ ਆਏ ਹਾਂ, ਕਿਵੇਂ ਅਸਾਡਾ ਉਧਾਰ ਹੋਵੇ । ਤਾਂ ਬਚਨੁ ਹੋਇਆ: ਤੁਸਾਂ ਆਪਣੇ ਮਨ ਕਾ ਹੰਕਾਰੁ ਤਿਆਗਣਾ, ਜਿਥੇ ਸਾਧ ਸੰਗਤਿ ਕਥਾ ਕੀਰਤਨ ਹੋਵੈ ਤਿਥੈ ਦੋਨੋ ਵੇਲੇ ਚਲਕੇ ਜਾਵਣਾ, ਪਿਛਲੀ ਰਾਤਿ ਉਠਿ ਕੇ ਇਸ਼ਨਾਨ ਕਰਕੇ ਵਾਹਿਗੁਰੂ ਦਾ ਨਾਮ ਜਪਣਾ¨ ਮੈਂ ਤੁਸਾਡਾ ਸਦਾ ਸੰਗੀ ਹੋਵਾਂਗਾ ।ਇਸੇ ਕਰਕੇ ਉਨ੍ਹਾਂ ਦਾ ਕਲਿਆਣੁ ਹੋਇਆ¨'
ਇਨ੍ਹਾਂ ਸਮੂਹ ਸਾਖੀਆਂ ਦੀ ਸਿੱਖਿਆ ਸਭਨਾਂ ਲਈ ਚੇਤਨਾ ਭਰਪੂਰ ਹੈ ।ਗੁਰਬਾਣੀ, ਗੁਰ ਇਤਿਹਾਸ, ਗੁਰ ਸਾਖੀਆਂ, ਗੁਰ ਬਚਨ ਤੇ ਗੁਰੂ ਜੱਸ ਆਦਿ ਸਭ ਰੂਹਾਨੀਅਤ ਦਾ ਲੰਗਰ ਹੈ, ਜੇਕਰ ਰੂਹ ਨਾਲ ਛਕਦੇ ਰਹੀਏ ਤਾਂ ਆਤਮਿਕ ਖੇੜਾ ਬਰਕਰਾਰ ਰਹੇਗਾ।
ਡਾਕਟਰ ਇੰਦਰਜੀਤ ਸਿੰਘ ਗੋਗੋਆਣੀ
Comments (0)