ਵੱਖ-ਵੱਖ ਗੁਰਦੁਆਰਾ ਸਾਹਿਬਾਨ ਵੱਲੋਂ ਕੁਦਰਤੀ ਆਫ਼ਤਾਂ ਫੰਡ ਲਈ ਸ਼੍ਰੋਮਣੀ ਕਮੇਟੀ ਨੂੰ 6 ਲੱਖ 50 ਹਜ਼ਾਰ ਰੁਪਏ ਦੇ ਚੈੱਕ ਸੌਂਪੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 15 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਕੀਤੀਆਂ ਜਾ ਰਹੀਆਂ ਸੇਵਾਵਾਂ ਵਿਚ ਸੰਗਤ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸਹਿਯੋਗ ਪਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਜੱਜ ਸ. ਦਲਬੀਰ ਸਿੰਘ ਮਾਹਲ ਤੇ ਸ. ਗੁਰਦੇਵ ਸਿੰਘ ਸੋਹਲ ਨੇ ਵੱਖ-ਵੱਖ ਲੋਕਲ ਗੁਰਦੁਆਰਾ ਕਮੇਟੀਆਂ ਵੱਲੋਂ 6 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੂੰ ਸੌਂਪੇ ਹਨ। ਇਸ ਤੋਂ ਪਹਿਲਾਂ ਇਨ੍ਹਾਂ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ 12 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਕੁਦਰਤੀ ਆਫ਼ਤ ਫੰਡ ਲਈ ਭੇਜੀ ਗਈ ਸੀ। ਇਸ ਸਬੰਧ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਲੋੜਵੰਦਾਂ ਦੀ ਸਹਾਇਤਾ ਲਈ ਕਾਰਜਸ਼ੀਲ ਰਹੀ ਹੈ। ਕੁਦਰਤੀ ਆਫ਼ਤਾਂ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਦੁਨੀਆਂ ਭਰ ਦੀਆਂ ਸੰਗਤਾਂ ਨੇ ਸਲਾਹਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੋਕ ਭਲਾਈ ਦੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਸਿੱਖ ਗੁਰਦੁਆਰਾ ਜੂਡੀਸ਼ੀਅਲ ਕਮਿਸ਼ਨ ਦੇ ਮੈਂਬਰਾਂ ਵੱਲੋਂ ਸੈਕਸ਼ਨ 87 ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਕੁਦਰਤੀ ਆਫ਼ਤਾਂ ਫੰਡ ਵਿਚ ਸਹਾਇਤਾ ਭੇਜੀ ਗਈ ਸੀ। ਹੁਣ ਫਿਰ ਇਨ੍ਹਾਂ ਵੱਲੋਂ 6 ਲੱਖ 50 ਹਜ਼ਾਰ ਰੁਪਏ ਦੇ ਚੈੱਕ ਸੌਂਪੇ ਗਏ ਹਨ। ਇਸ ਸਹਾਇਤਾ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਬਾਬਾ ਮੱਲਾ ਜੀ ਬੁਤਾਲਾ ਵੱਲੋਂ 1 ਲੱਖ ਰੁਪਏ, ਗੁਰਦੁਆਰਾ ਸਾਹਿਬਾ ਪਾਤਸ਼ਾਹੀ ਸਮਾਧ ਭਾਈ ਮੋਗਾ ਤੋਂ 1 ਲੱਖ ਰੁਪਏ, ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਗੰਢੂਆਂ ਸੰਗਰੂਰ ਤੋਂ 75 ਹਜ਼ਾਰ, ਗੁਰਦੁਆਰਾ ਸਾਹਿਬ ਧਰਮਸ਼ਾਲਾ ਬਰਸਾਲ ਲੁਧਿਆਣਾ ਤੋਂ 50 ਹਜ਼ਾਰ, ਗੁਰਦੁਆਰਾ ਡੇਰਾ ਬੇਫਿਕਰ ਦਾਸ ਲੁਹਾਰਾ ਮੋਗਾ ਤੋਂ 1 ਲੱਖ ਰੁਪਏ, ਗੁਰਦੁਆਰਾ ਬੀਬੀ ਵੀਰੋ ਜੀ ਝਬਾਲ ਤਰਨ ਤਾਰਨ ਤੋਂ 1 ਲੱਖ ਰੁਪਏ, ਗੁਰਦੁਆਰਾ ਪਾਤਸ਼ਾਹੀ ਨੌਵੀਂ ਜੋਗਾ ਮਾਨਸਾ ਤੋਂ 75 ਹਜ਼ਾਰ ਰੁਪਏ ਤੇ ਗੁਰਦੁਆਰਾ ਸਾਹਿਬ ਮੱਦੇਕੇ ਮੋਗਾ ਤੋਂ 50 ਹਜ਼ਾਰ ਰੁਪਏ ਦਿੱਤੇ ਗਏ ਹਨ। ਉਨ੍ਹਾਂ ਇਸ ਸਹਿਯੋਗ ਲਈ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ।
Comments (0)