ਪੰਜਾਬ ਵਿਚ ਡੀਜੇ ’ਤੇ ਨਹੀਂ ਵੱਜਣਗੇ ਭੜਕਾਊ, ਸ਼ਰਾਬ ਤੇ ਗੰਨ ਕਲਚਰ ਨੂੰ  ਵਾਲੇ ਗਾਣੇ   

ਪੰਜਾਬ ਵਿਚ ਡੀਜੇ ’ਤੇ ਨਹੀਂ ਵੱਜਣਗੇ ਭੜਕਾਊ, ਸ਼ਰਾਬ ਤੇ ਗੰਨ ਕਲਚਰ ਨੂੰ  ਵਾਲੇ ਗਾਣੇ   

* ਪੁਲਿਸ  ਨੂੰ ਡੀਜੇ ਵਾਲਿਆਂ ’ਤੇ ਨਜ਼ਰ ਰਖੇਗੀ 

* ਪੰਜਾਬ ਸਰਕਾਰ ਦਾ  ਹੁਕਮ ਸ਼ਲਾਘਾਯੋਗ-ਮੀਕਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਅਸ਼ਲੀਲ ਤੇ ਗੰਨ ਕਲਚਰ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਹੁਣ ਵਿਆਹਾਂ ਤੇ ਹੋਰ ਜਨਤਕ ਸਮਾਗਮਾਂ ਵਿਚ ਨਹੀਂ ਚੱਲ ਸਕਣਗੇ। ਪੰਜਾਬ ਪੁਲਿਸ ਨੇ ਇਹ ਕਦਮ ਅਸ਼ਲੀਲਤਾ ਤੇ ਗੰਨ ਕਲਚਰ ਨੂੰ ਰੋਕਣ ਲਈ ਕੀਤਾ ਹੈ। ਪੰਜਾਬ ਵਿਚ ਹੁਣ ਵਿਆਹ ਸਮਾਗਮਾਂ, ਪਾਰਟੀਆਂ ਵਿਚ ਡੀਜੇ ਵਾਲੇ ਭੜਕਾਊ, ਅਸ਼ਲੀਲ, ਸ਼ਰਾਬ ਅਤੇ ਹਥਿਆਰਾਂ ਵਾਲੇ ਗਾਣੇ ਨਹੀਂ ਵਜਾ ਸਕਣਗੇ। ਸੂਬੇ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਸਮੂਹ ਪੁਲਿਸ ਕਮਿਸ਼ਨਰਾਂ, ਐੱਸਐੱਸਪੀਜ਼ ਨੂੰ ਇਸ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਨਿਰਦੇਸ਼ਾਂ ਵਿਚ ਐੱਸਐੱਸਪੀ ਨੂੰ ਆਪਣੇ ਥਾਣਾ ਮੁਖੀਆਂ ਨੂੰ ਡੀਜੇ ਵਾਲਿਆਂ ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਤਾਂਕਿ ਗੰਨ ਕਲਚਰ ਅਤੇ ਸ਼ਰਾਬ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਨਾ ਵੱਜਣ। ਇਹ ਦੱਸਿਆ ਗਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਸਬੰਧੀ ਇਕ ਫ਼ੈਸਲਾ ਦਿੱਤਾ ਸੀ, ਜਿਸ ਵਿਚ ਹਥਿਆਰ, ਗੰਨ ਤੇ ਸ਼ਰਾਬ ਕਲਚਰ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਨਾ ਚਲਾਉਣ ਬਾਰੇ ਕਿਹਾ ਗਿਆ ਸੀ। ਇਸ ਦੇ ਬਾਵਜੂਦ ਨਿਰਦੇਸ਼ਾਂ ਦਾ ਪਾਲਣ ਨਹੀਂ ਹੋ ਰਿਹਾ ਹੈ। ਇਸ ਲਈ ਇਨ੍ਹਾਂ ਤੇ ਤੁਰੰਤ ਰੋਕ ਲਗਾਈ ਜਾਵੇ।

ਬਾਲੀਵੁੱਡ ਦੇ ਪ੍ਰਸਿੱਧ ਗਾਇਕ ਮੀਕਾ ਸਿੰਘ ਨੇ  ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਹਥਿਆਰਾਂ, ਅਸ਼ਲੀਲਤਾ ਆਦਿ ਨੂੰ ਬੜ੍ਹਾਵਾ ਦੇਣ ਵਾਲੇ ਗੀਤਾਂ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ, ਉਹ ਸ਼ਲਾਘਾਯੋਗ ਹਨ । ਮੀਕਾ ਨੇ ਕਿਹਾ ਕਿ ਭਗਵੰਤ ਮਾਨ ਤੇ ਉਨ੍ਹਾਂ (ਮੀਕਾ) ਨੇ ਬਹੁਤ ਸਾਰੇ ਸ਼ੋਅ ਇਕੱਠੇ ਕੀਤੇ ਹਨ, ਜਿਸ ਕਰਕੇ ਉਹ ਭਗਵੰਤ ਮਾਨ ਨੂੰ ਬਹੁਤ ਨੇੜੇ ਤੋਂ ਜਾਣਦੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਉਹ ਛੇਤੀ ਹੀ ਭਗਵੰਤ ਮਾਨ ਨੂੰ ਮਿਲਣਗੇ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਉਨ੍ਹਾਂ ਦੇ ਕਾਰਜਾਂ ਵਿਚ ਸਾਥ ਦੇਣ ਦੀ ਗੱਲ ਕਰਨਗੇ ।