ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਪੰਜਾਬ ਪਹਿਲੇ ਨੰਬਰ ’ਤੇ
ਐੱਨਡੀਪੀਐੱਸ ਤਹਿਤ ਸਾਰੇ ਵਰਗਾਂ ਵਿੱਚ ਦਰਜ ਕੀਤੇ ਗਏ ਕੁੱਲ ਕੇਸਾਂ ਵਿੱਚ ਪੰਜਾਬ ਦਾ ਤੀਜਾ ਸਥਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ-ਦੇਸ਼ ਭਰ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਪੰਜਾਬ ਪਹਿਲੇ ਨੰਬਰ ’ਤੇ ਹੈ। ਹਾਲਾਂਕਿ, ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟਰੌਪਿਕਸ (ਐੱਨਡੀਪੀਐੱਸ) ਤਹਿਤ ਸਾਰੇ ਵਰਗਾਂ ਵਿੱਚ ਦਰਜ ਕੀਤੇ ਗਏ ਕੁੱਲ ਕੇਸਾਂ ਵਿੱਚ ਪੰਜਾਬ ਦਾ ਤੀਜਾ ਸਥਾਨ ਹੈ। ਇਹ ਖੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਹੁਣੇ ਜਿਹੇ ਰਿਲੀਜ਼ ਕੀਤੀ ਰਿਪੋਰਟ ਵਿੱਚ ਹੋਇਆ ਹੈ।
ਐੱਨਡੀਪੀਐੱਸ ਕੇਸਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਨਸ਼ਾ ਤਸਕਰੀ ਲਈ ਇਕ ਲੱਖ ਦੀ ਆਬਾਦੀ ਪਿੱਛੇ 24.3 ਕੇਸ ਦਰਜ ਕੀਤੇ ਗਏ ਹਨ ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹਨ। ਇਸ ਵਿੱਚ ਹਿਮਾਚਲ ਪ੍ਰਦੇਸ਼ ਦਾ ਦੂਜਾ ਨੰਬਰ ਹੈ ਜਿੱਥੇ ਇਕ ਲੱਖ ਦੀ ਆਬਾਦੀ ਪਿੱਛੇ 14.8 ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਐੱਨਡੀਪੀਐੱਸ ਐਕਟ ਤਹਿਤ ਸਭ ਤੋਂ ਵੱਧ 26,619 ਕੇਸ ਕੇਰਲਾ ਵਿੱਚ ਦਰਜ ਹੋਏ ਹਨ। ਇਸ ਤੋਂ ਪਹਿਲਾਂ ਇਹ ਸੂਬਾ ਨਸ਼ਾ ਤਸਕਰੀ ਕਰਨ ਵਾਲੇ ਮੋਹਰੀ ਤਿੰਨ ਸੂਬਿਆਂ ਵਿੱਚ ਕਦੇ ਸ਼ੁਮਾਰ ਨਹੀਂ ਰਿਹਾ। ਪੰਜਾਬ ਵਿੱਚ ਐੱਨਡੀਪੀਐੱਸ ਐਕਤ ਤਹਿਤ ਸਾਰੇ ਵਰਗਾਂ ਵਿੱਚ 12,442 ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਇਸ ਅੰਕੜੇ ਨਾਲ ਪੰਜਾਬ ਦੇਸ਼ ਭਰ ਵਿੱਚੋਂ ਤੀਜੇ ਨੰਬਰ ’ਤੇ ਆਉਂਦਾ ਹੈ। ਮਹਾਰਾਸ਼ਟਰ ਵਿੱਚ ਨਸ਼ਾ ਤਸਕਰੀ ਦੇ 13,830 ਕੇਸ ਦਰਜ ਕੀਤੇ ਗਏ ਹਨ।
ਐੱਨਸੀਆਰਬੀ ਦੀ ਰਿਪੋਰਟ ਕੇਸਾਂ ਦੀ ਗਿਣਤੀ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਦੀ ਹੈ- ਪਹਿਲੀ ਸ਼੍ਰੇਣੀ ਵਿੱਚ ਉਹ ਵਿਅਕਤੀ ਆਉਂਦੇ ਹਨ ਜੋ ਨਸ਼ੀਲੇ ਪਦਾਰਥ ਨਿੱਜੀ ਖ਼ਪਤ ਲਈ ਰੱਖਦੇ ਸਨ ਜਦਕਿ ਦੂਜੀ ਸ਼੍ਰੇਣੀ ਵਿੱਚ ਉਹ ਲੋਕ ਆਉਂਦੇ ਹਨ ਜਿਹੜੇ ਕਿ ਨਸ਼ੇ ਦੀ ਸਿਰਫ ਤਸਕਰੀ ਕਰਦੇ ਹਨ। ਪੰਜਾਬ ਵਿੱਚ ਇਸ ਵਰਗ ਦੇ 7433 ਕੇਸ ਦਰਜ ਹਨ ਜਿਸ ਕਰ ਕੇ ਇਸ ਵਰਗ ਵਿੱਚ ਪੰਜਾਬ ਦੇਸ਼ ਭਰ ਵਿੱਚ ਮੋਹਰੀ ਹੈ। ਮਐੱਨਡੀਪੀਐਸ ਦੇ ਸਾਲ 2016-2018 ਤੱਕ ਦਰਜ ਕੇਸਾਂ ਵਿੱਚੋਂ ਪੰਜਾਬ ਸਭ ਤੋਂ ਉੱਪਰ ਹੈ। ਇਹ 2019 ਅਤੇ 2020 ਵਿੱਚ ਦੇਸ਼ ਵਿੱਚ ਦੂਜੇ ਨੰਬਰ ’ਤੇ ਸੀ ਜਦਕਿ 2021 ਵਿੱਚ ਤੀਜੇ ਸਥਾਨ ’ਤੇ ਰਿਹਾ। ਪੰਜਾਬ ਵਿੱਚ ਨਸ਼ਾ ਤਸਕਰੀ ਸਮਾਜਿਕ, ਅਪਰਾਧਿਕ ਅਤੇ ਰਾਜਨੀਤਿਕ ਪੱਖ ਤੋਂ ਚਰਚਾ ਦਾ ਵਿਸ਼ਾ ਰਹੀ ਹੈ। ਪੁਲੀਸ ਨੇ ਨਸ਼ਾ ਤਸਕਰੀ ਲਈ ਸਿਆਸਤਦਾਨਾਂ, ਕਾਰੋਬਾਰੀਆਂ ਅਤੇ ਇੱਥੋਂ ਤੱਕ ਕਿ ਸੀਨੀਅਰ ਪੁਲੀਸ ਅਧਿਕਾਰੀਆਂ ’ਤੇ ਵੀ ਕੇਸ ਦਰਜ ਕੀਤੇ ਹਨ।
Comments (0)