ਪੰਜਾਬ ਬਣਿਆ ਗੈਂਗਲੈਂਡ,ਡਰੇ ਵੱਡੇ ਕਾਰੋਬਾਰੀ, ਪੁਲਿਸ ਦੇ ਹੱਥ ਖਾਲੀ !

ਪੰਜਾਬ ਬਣਿਆ ਗੈਂਗਲੈਂਡ,ਡਰੇ ਵੱਡੇ ਕਾਰੋਬਾਰੀ, ਪੁਲਿਸ ਦੇ ਹੱਥ ਖਾਲੀ !

*ਲਾਰੈਂਸ-ਗੋਲਡੀ ਗੈਂਗ ਦੀਆਂ ਧਮਕੀਆਂ ਕਾਰਣ ਪੰਜਾਬ ਵਿਚ ਦਹਿਸ਼ਤ 

*ਤਿਹਾੜ ਜੇਲ ਵਿਚ ਬੰਦ ਲਾਰੈਂਸ  ਦਾ  ਆਪਣੇ ਗੈਂਗ 'ਤੇ ਪੂਰਾ ਕੰਟਰੋਲ 

*ਲਾਰੈਂਸ ਬਿਸ਼ਨੋਈ ਵੱਲੋਂ ਦੁਬਈ ਵਿਚ ‘ਬੈਟਿੰਗ ਐੱਪ’ ਸ਼ੁਰੂ ! ਪੰਜਾਬੀ ਗਾਇਕਾਂ ਦਾ ਪੈਸਾ ਲੱਗਿਆ ! 

ਇਨ੍ਹੀਂ ਦਿਨੀਂ ਰਾਜਧਾਨੀ ਦਿੱਲੀ ਵਿਚ ਗੈਂਗਸਟਰਾਂ ਦਾ ਡਰ ਬਣਿਆ ਹੋਇਆ ਹੈ। ਰਾਜਧਾਨੀ ਦੇ ਕਈ  ਉਦਯੋਗਪਤੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਹ ਧਮਕੀਆਂ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨੇ ਦਿੱਤੀਆਂ ਹਨ। ਸਨਅਤਕਾਰਾਂ ਤੋਂ 5 ਕਰੋੜ ਰੁਪਏ ਤੱਕ ਦੀ ਫਿਰੌਤੀ ਮੰਗੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨੇ ਰਾਜਧਾਨੀ ਦੇ ਕਈ ਵੱਡੇ ਕਾਰੋਬਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਗ੍ਰੇਟਰ ਕੈਲਾਸ਼ ਦੇ ਰਹਿਣ ਵਾਲੇ ਗੀਤ ਨਿਰਮਾਤਾ ਅਮਨ ਬੱਤਰਾ ਨੂੰ ਵੀ ਅਜਿਹਾ ਹੀ ਧਮਕੀ ਭਰਿਆ ਕਾਲ ਆਇਆ ਹੈ। ਉਨ੍ਹਾਂ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਨਾ ਦੱਸਿਆ। ਉਸ ਨੇ ਅਮਨ ਬੱਤਰਾ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਹੈ। ਧਮਕੀ ਮਿਲਣ ਤੋਂ ਬਾਅਦ ਅਮਨ ਨੇ ਦਿੱਲੀ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਹੈ। ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 ਦਸਿਆ ਜਾਂਦਾ ਹੈ ਕਿ ਸਰਕਾਰ ਦਾ ਇਸ ਗੈਂਗ ਉਪਰ ਕੋਈ ਕੰਟਰੋਲ ਨਹੀਂ ਰਿਹਾ।ਪੰਜਾਬ ਵਿਚ ਵੀ ਇਨ੍ਹਾਂ ਗੈਂਗਸਟਰਾਂ ਦੀ ਦਹਿਸ਼ਤ ਹੈ।ਇਸ ਕਾਰਣ ਕਈ ਕਾਰੋਬਾਰੀ ਕੰਮ ਬੰਦ ਕਰ ਰਹੇ ਹਨ ਜਾਂ ਦੂਜੇ ਰਾਜਾਂ ਵਿਚ ਤਬਦੀਲ ਹੋ ਰਹੇ ਹਨ।ਪੰਜਾਬ ਇਸ ਸਮੇਂ ਗੈਂਗਲੈਂਡ ਬਣ ਚੁਕਾ ਹੈ।

ਜੇਲ੍ਹ ਵਿੱਚ ਰਹਿੰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ  ਦੀ ਇੱਕ ਹੋਰ ਕਰਤੂਤ ਸਾਹਮਣੇ ਆਈ ਹੈ । ਦਿੱਲੀ ਪੁਲਿਸ ਦੇ ਸੂਤਰਾਂ ਦੇ ਮੁਤਾਬਿਕ ਦਿੱਲੀ ਦਾ ਇੱਕ ਵਪਾਰੀ ਦੁਬਈ ਵਿੱਚ ਬੈਠ ਕੇ ਲਾਰੈਂਸ ਦੀ ਗੇਮਿੰਗ ਬੈਟਿੰਗ ਐੱਪ  ਨੂੰ ਆਪਰੇਟ ਕਰ ਰਿਹਾ ਹੈ ।ਪਹਿਲਾਂ ਕਿਹਾ ਜਾ ਰਿਹਾ ਸੀ ਕਿ ਲਾਰੈਂਸ ਆਖਿਰ ਫਿਰੌਤੀ ਦਾ ਪੈਸਾ ਕਿੱਥੇ ਨਿਵੇਸ਼ ਕਰ ਰਿਹਾ ਹੈ ਜਦੋਂ ਜਾਂਚ ਹੋਈ ਤਾਂ ਪਤਾ ਚੱਲਿਆ ਕਿ ਉਹ ਬੈਟਿੰਗ ਐੱਪ ਵਿੱਚ ਪੈਸਾ ਲੱਗਾ ਰਿਹਾ ਹੈ ।

 ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਕਈ ਪੰਜਾਬੀ ਗਾਇਕਾਂ  ਵੱਲੋਂ ਨਿਵੇਸ਼ ਕੀਤਾ ਜਾ ਰਿਹਾ ਹੈ । ਜਿਸ ਤੋਂ ਬਾਅਦ ਉਹ ਹੁਣ ਪੁਲਿਸ ਦੀ ਰਡਾਰ ‘ਤੇ ਆ ਗਏ ਹਨ ।ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਤੋਂ ਇਲਾਵਾ ਹੋਰ ਜਾਂਚ ਏਜੰਸੀਆਂ ਵੀ ਇਸ ਤਫ਼ਤੀਸ਼ ਕਰ ਰਹੀਆਂ ਹਨ ।  

 ਜੇਲ੍ਹ ਵਿੱਚ ਰਹਿੰਦੇ ਲਾਰੈਂਸ ਨੇ ਆਪਣੇ ਗੈਂਗਸਟਰਾਂ ਦੀ ਮਦਦ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਫਿਰ ਹੁਣ ਏਪੀ ਢਿੱਲੋਂ ਅਤੇ ਗਿੱਪੀ ਗਰੇਵਾਲ  ਦੇ ਕੈਨੇਡਾ ਵਾਲੇ ਘਰ ਤੇ ਗੋਲੀਆਂ ਚਲਾਈਆਂ,ਸਲਮਾਨ ਖਾਨ  ਅਤੇ ਹੁਣ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਲ੍ਹ ਵਿੱਚ ਰਹਿੰਦੇ ਹੋਏ ਲਾਰੈਂਸ ਹੁਣ ਦੇਸ਼ ਦੀ ਕਿੰਨਾਂ ਵੱਡਾ ਤਾਕਤਵਰ ਗੈਂਗਸਟਰ ਬਣ ਚੁੱਕਾ ਹੈ ਕਿ ਉਸ ਦੇ ਵੱਲੋਂ ਜੇਲ੍ਹ ਦੇ ਅੰਦਰ ਅਤੇ ਬਾਹਹ ਰਹਿਣਾ ਕੋਈ ਮਾਇਨੇ ਨਹੀਂ ਰੱਖਦਾ ਹੈ।

ਭਾਵੇਂ ਗੈਂਗਸਟਰਾਂ ਬਾਰੇ ਅਦਾਲਤਾਂ ਦਾ ਸਖਤ ਵਰਤਾਰਾ ਹੈ।ਪਰ ਪੁਲਿਸ ਤੇ ਸਰਕਾਰ ਨਰਮ ਵਰਤਾਰਾ ਅਪਨਾ ਰਹੀ ਹੈ।ਬੀਤੇ ਦਿਨੀਂ ਹਾਈਕੋਰਟ ਨੇ  ਕਤਲ ਦੇ ਮੁਲਜ਼ਮ ਬਿਸ਼ਨੋਈ ਨਾਲ ਸਬੰਧਤ ਗੈਂਗਸਟਰ ਦੀ ਜ਼ਮਾਨਤ ਅਰਜ਼ੀ ਖਾਰਿਜ ਕਰ ਦਿਤੀ,ਜਿਸ ਉੱਤੇ 9 ਮਾਮਲੇ ਦਰਜ ਸਨ। ਇਨ੍ਹਾਂ ਵਿੱਚ 2 ਮਾਮਲਿਆਂ ਵਿੱਚ ਮੁਲਜ਼ਮ ਨੂੰ ਸਜ਼ਾ ਹੋ ਚੁੱਕੀ ਹੈ।ਜੱਜ ਨੇ ਕਿਹਾ ਕਿ ਗੈਂਗਸਟਰ ਕਲਚਰ ਦੀ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਇਹ ਲੋਕ ਦਹਿਸ਼ਤ ਦੇ ਦਮ ’ਤੇ ਵੱਖੀ ਇਕਾਨਮੀ ਚਲਾ ਰਹੇ ਹਨ। ਇਨ੍ਹਾਂ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਹੀ ਹਾਈਕੋਰਟ ਸਮੇਂ-ਸਮੇਂ ਅਜਿਹੀਆਂ ਟਿੱਪਣੀਆਂ ਦੇ ਨਾਲ ਸਖ਼ਤ ਐਕਸ਼ਨ ਵੀ ਲੈ ਚੁੱਕਾ ਹੈ। ਲਾਰੈਂਸ ਦਾ ਜੇਲ੍ਹ ਇੰਟਰਵਿਊ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ।ਜੇਲ੍ਹ ਤੋਂ ਫੋਨ ਕਾਲ ਅਤੇ ਨਸ਼ੇ ਦੇ ਮਾਮਲਿਆਂ ਦੀ ਸੁਣਵਾਈ ਦੌਰਾਨ ਅਦਾਲਤ ਨੇ ਆਪ ਲਾਰੈਂਸ ਦੇ ਇੰਟਰਵਿਊ ਦਾ ਨੋਟਿਸ ਲੈਂਦੇ ਹੋਏ ਨਵੀਂ ਸਿਟ ਤੋਂ ਜਾਂਚ ਕਰਵਾਈ, ਜਿਸ ਤੋਂ ਬਾਅਦ ਹੈਰਾਨ ਕਰਨ ਵਾਲੇ ਖ਼ੁਲਾਸੇ ਹੋਏ, ਕਿਵੇਂ ਪੰਜਾਬ ਅਤੇ ਰਾਜਸਥਾਨ ਵਿੱਚ ਪੁਲਿਸ ਦੀਆਂ ਨਜ਼ਰਾਂ ਹੇਠ ਇੰਟਰਵਿਊ ਹੋਏ ਹਨ।ਇਸ ਤੋਂ ਸਾਫ ਜਾਹਿਰ ਹੈ ਕਿ ਪੁਲਿਸ ਦੇ ਕਈ ਅਫਸਰ ਗੈਂਗਸਟਰਾਂ ਨੂੰ ਪਾਲ ਰਹੇ ਹਨ।

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਿਸ ਦੀਆਂ ਨਕਾਮੀਆਂ ਖ਼ਿਲਾਫ਼ ਇਕੱਤਰ ਹੋਏ ਕਸਬਾ ਅਟਾਰੀ ਦੇ ਲੋਕਾਂ ਨੇ ਕਿਸਾਨ ਸੰਘਰਸ਼ ਕਮੇਟੀ ਅਤੇ ਬਾਰਡਰ ਵਿਕਾਸ ਅੰਮਿ੍ਤਸਰ ਦੇ ਸਹਿਯੋਗ ਨਾਲ ਅਟਾਰੀ ਨੈਸ਼ਨਲ ਹਾਈਵੇ 'ਤੇ ਬੀਤੇ ਦਿਨੀਂ ਗੈਂਗਸਟਰਾਂ ਦੀ ਦਹਿਸ਼ਤ ਤੇ ਲੁੱਟ ਕਾਰਣ ਧਰਨਾ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਚਲਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਹੋ ਗਈ ਹੈ ਜਿੱਥੇ ਭੋਲੇ ਭਾਲੇ ਪੰਜਾਬ ਦੇ ਲੋਕ ਜੋ ਆਪਣਾ ਕੰਮ ਧੰਦਾ ਕਰਦੇ ਹੋਏ ਪਰਿਵਾਰਾਂ ਦੀ ਰੋਜ਼ੀ ਰੋਟੀ ਕਮਾ ਰਹੇ ਹਨ ਉਨ੍ਹਾਂ ਨੂੰ  ਬਿਸ਼ਨੋਈ ਤੇ ਹੋਰ ਗੈਂਗਸਟਰਾਂ ਵਲੋਂ ਨਿੱਜੀ ਤੌਰ 'ਤੇ ਟਾਰਗੇਟ ਬਣਾ ਕੇ ਲਗਾਤਾਰ ਪੈਸੇ ਮੰਗੇ ਜਾ ਰਹੇ ਹਨ ਕਿ ਪੈਸੇ ਨਾ ਦਿੱਤੇ ਜਾਣ ਦੀ ਸੂਰਤ ਵਿਚ ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਕਿਸਾਨ ਆਗੂ ਜਸਵਿੰਦਰ ਸਿੰਘ ਜੱਸ ਅਟਾਰੀ ਨੇ ਇਹ ਵੀ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੀ ਤਰ੍ਹਾਂ ਆਪੇ ਹੀ ਅਸਤੀਫਾ ਦੇ ਦੇਵੇ ਕਿਉਂਕਿ ਉਹ ਪਿਛਲੇ ਢਾਈ ਸਾਲ ਤੋਂ ਸਰਕਾਰ ਚਲਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਮੁੱਖ ਮੰਤਰੀ ਸਾਬਤ ਹੋਇਆ ਹੈ ।

ਯਾਦ ਰਹੇ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਂਅ ਅਪਰਾਧ ਦੀ ਦੁਨੀਆ ਵਿੱਚ ਬਹੁਤ ਵਰਤੇ ਜਾਂਦੇ ਹਨ। ਫ਼ਿਰੋਜ਼ਪੁਰ ਵਿਚ ਪੈਦਾ ਹੋਏ ਲਾਰੈਂਸ ਬਿਸ਼ਨੋਈ 'ਤੇ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ ਵਸੂਲੀ ਤੇ ਕਤਲ ਸਭ ਤੋਂ ਵੱਧ ਹਨ। ਉਸ ਦੇ ਗਰੋਹ ਵਿੱਚ ਸੈਂਕੜੇ ਲੋਕ ਸ਼ਾਮਲ ਹਨ। ਹਾਲਾਂਕਿ ਲਾਰੈਂਸ ਬਿਸ਼ਨੋਈ ਇਨ੍ਹੀਂ ਦਿਨੀਂ ਤਿਹਾੜ ਜੇਲ ਵਿਚ ਬੰਦ ਹੈ ਪਰ ਜੇਲ ਵਿਚ ਬੈਠ ਕੇ ਵੀ ਉਸ ਦਾ ਆਪਣੇ ਗੈਂਗ 'ਤੇ ਪੂਰਾ ਕੰਟਰੋਲ ਹੈ ਤੇ ਅਪਰਾਧਾਂ ਨੂੰ ਅੰਜਾਮ ਦੇਣਾ ਜਾਰੀ ਹੈ।

 ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦਾ ਇਕਠਾ ਗੈਂਗ ਹੈ ਤੇ ਬਰਾੜ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਪਰ 2021 ਤੋਂ ਕੈਨੇਡਾ ਵਿੱਚ ਰਹਿ ਕੇ ਉਥੋਂ ਪੰਜਾਬ ਵਿੱਚ ਇੱਕ ਮਾਡਿਊਲ ਤਹਿਤ ਕੰਮ ਕਰਦਾ ਹੈ।ਉਸ ਨੇ ਆਪਣੇ ਚਾਚੇ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਵੀ ਸਨ।