ਪੰਜਾਬ ਵਿਚ ਵਿਕ ਰਿਹਾ ਏ ਮਿਲਾਵਟੀ ਤੇ ਜ਼ਹਿਰੀਲਾ ਨਕਲੀ ਦੁੱਧ *ਨਕਲੀ ਦੁੱਧ ਦੇ ਉਤਪਾਦਾਂ ਦੀ ਵਿਕਰੀ ਜ਼ੋਰਾਂ ’ਤੇ, ਸਰਕਾਰ ਗੰਭੀਰ ਨਹੀਂ
*ਹਾਈਕੋਰਟ ਸਖਤ, ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਹੁਣੇ ਜਿਹੇ ਕੀਤੇ ਗਏ ਕੁਝ ਸਰੇਵਖਣਾਂ ਮੁਤਾਬਕ, ਪੰਜਾਬ ਵਿਚ ਦੇਸੀ ਘਿਓ ਦੇ 21 ਤੇ ਖੋਏ ਦੇ 26 ਫ਼ੀਸਦੀ ਨਮੂਨੇ ਘੱਟ-ਘੋਟ ਪੈਮਾਨੇ ਪੂਰਾ ਕਰਨ ਵਿਚ ਨਾਕਾਮ ਰਹੇ ਹਨ। ਸਬੰਧਤ ਅਧਿਕਾਰੀ ਇਸ ਮਾਮਲੇ ਵਿਚ ਅੱਖਾਂ ਬੰਦ ਕਰੀ ਬੈਠੇ ਹਨ ਤੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਰਹੇ ਹਨ। ਇਸ ਵਿਸ਼ੇ ’ਤੇ ਦਾਖ਼ਲ ਇਕ ਜਨਹਿੱਤ ਪਟੀਸ਼ਨ ’ਤੇ ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਪੰਜਾਬ ਵਿਚ ਮਿਲਾਵਟੀ ਦੁੱਧ ਤੇ ਦੁੱਧ ਆਧਾਰਿਤ ਉਤਪਾਦਾਂ ਦੀ ਵਿਕਰੀ ਦੀਆਂ ਵਧਦੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਤੇ ਮਾਮਲੇ ਵਿਚ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਅਨਿਲ ਖੇਤਰਪਾਲ ਦੇ ਬੈਂਚ ਨੇ ਇਹ ਆਦੇਸ਼ ਹਾਈ ਕੋਰਟ ਦੀ ਵਕੀਲ ਸੁਨੈਨਾ ਵੱਲੋਂ ਦਾਖ਼ਲ ਪਟੀਸ਼ਨ ’ਤੇ ਜਾਰੀ ਕੀਤਾ।
ਸੁਨੈਨਾ ਨੇ ਕੁਝ ਰਿਪੋਰਟਾਂ ਦਾ ਹਵਾਲਾ ਦੇ ਕੇ ਹਾਈ ਕੋਰਟ ਨੂੰ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ ਵਿਚ ਰੋਜ਼ਾਨਾ ਵਿਕਣ ਵਾਲੇ 64 ਕਰੋੜ ਲੀਟਰ ਦੁੱਧ ਵਿਚੋਂ 50 ਕਰੋੜ ਲੀਟਰ ਦੁੱਧ ਨਕਲੀ ਜਾਂ ਮਿਲਾਵਟੀ ਹੁੰਦਾ ਹੈ। ਭਾਰਤ ਦੇ 70 ਫ਼ੀਸਦੀ ਤੋਂ ਵੱਧ ਦੁੱਧ ਉਤਪਾਦ ਰਾਸ਼ਟਰੀ ਖ਼ੁਰਾਕੀ ਪੈਮਾਨਿਆਂ ’ਤੇ ਖਰੇ ਨਹੀਂ ਉਤਰੇ। ਜੇਕਰ ਦੁੱਧ ਉਤਪਾਦਾਂ ਦੀ ਜਾਂਚ ਨਾ ਕੀਤੀ ਗਈ ਤਾਂ 2025 ਤੱਕ 97 ਫ਼ੀਸਦੀ ਭਾਰਤੀ ਮਾਰੂ ਬਿਮਾਰੀਆਂ ਕੈਂਸਰ ਕਾਲਾ ਪੀਲੀਆ ,ਕਿਡਨੀ ਬਿਮਾਰੀਆਂ ਹਾਰਟ ਅਟੈਕ ਆਦਿ ਦਾ ਸ਼ਿਕਾਰ ਹੋ ਸਕਦੇ ਹਨ।
ਵਿਗਿਆਨ ਤੇ ਤਕਨੀਕੀ ਮੰਤਰਾਲੇ ਦੀ ਰਿਪੋਰਟ ਮੁਤਾਬਕ, 89.2 ਫ਼ੀਸਦੀ ਦੁੱਧ ਉਤਪਾਦਾਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਮਿਲਾਵਟ ਪਾਈ ਗਈ ਹੈ। ਹਾਈ ਕੋਰਟ ਨੇ ਦੱਸਿਆ ਕਿ ਭਾਰਤ ਦੁੱਧ ਉਤਪਾਦਨ ਦੇ ਮਾਮਲੇ ਵਿਚ ਦੁਨੀਆ ਦੇ ਮੋਹਰੀ ਦੇਸ਼ਾਂ ਵਿਚ ਸ਼ਾਮਿਲ ਹੈ, ਪਰ ਇੱਥੇ ਮਿਲਾਵਟੀ ਦੁੱਧ ਉਤਪਾਦਨ ਕਿਤੇ ਜ਼ਿਆਦਾ ਹੈ। ਜੇਕਰ ਅੰਕੜੇ ਦੇਖੀਏ ਤਾਂ ਦੇਸ਼ ਵਿਚ 14 ਕਰੋੜ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ, ਜਦਕਿ ਖਪਤ 65 ਕਰੋੜ ਲੀਟਰ ਹੈ। ਉਤਪਾਦਨ ਤੇ ਖਪਤ ਵਿਚਕਾਰ ਫ਼ਰਕ ਤੋਂ ਸਾਫ਼ ਹੈ ਕਿ ਮੰਗ ਮਿਲਾਵਟੀ ਦੁੱਧ ਤੇ ਦੁੱਧ ਉਤਪਾਦਾਂ ਤੋਂ ਪੂਰੀ ਕੀਤੀ ਜਾ ਰਹੀ ਹੈ।
ਪਟੀਸ਼ਨਰ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਸੂਬਾ ਸਰਕਾਰ ਨੂੰ ਨਿਰਦੇਸ਼ ਜਾਰੀ ਕਰਕੇ ਦੁੱਧ ਤੇ ਦੁੱਧ ਉਤਪਾਦਾਂ ਦੀ ਰੈਗੂਲਰ ਜਾਂਚ ਯਕੀਨੀ ਬਣਾਈ ਜਾਵੇ। ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਕਿਵੇਂ ਮਿਲਾਵਟੀ ਦੁੱਧ ਉਤਪਾਦਾਂ ਦੀ ਜਾਂਚ ਕਰ ਸਕਦੇ ਹਨ। ਪਟੀਸ਼ਨ ’ਚ ਇਸ ਮਾਮਲੇ ਵਿਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਨਕਲੀ ਦੁੱਧ ਬਣਾਉਣ ’ਚ ਖ਼ਤਰਨਾਕ ਪਦਾਰਥਾਂ ਦਾ ਹੁੰਦਾ ਹੈ ਇਸਤੇਮਾਲ
ਹਾਈ ਕੋਰਟ ਨੂੰ ਦੱਸਿਆ ਗਿਆ ਕਿ ਨਕਲੀ ਦੁੱਧ ਬਣਾਉਣ ਵਿਚ ਖ਼ਤਰਨਾਕ ਡਿਟਰਜੈਂਟ, ਕਾਸਟਿਕ ਸੋਢਾ, ਸਫੇਦ ਪੇਂਟ, ਹਾਈਡ੍ਰੋਪੈਰਾਕਸਾਈਡ, ਵਨਸਪਤੀ ਤੇਲ, ਫਰਟੀਲਾਈਜ਼ਰ ਵਰਗੇ ਖ਼ਤਰਨਾਕ ਪਦਾਰਥਾਂ ਦਾ ਇਸਤੇਮਾਲ ਹੁੰਦਾ ਹੈ। ਇਹ ਸਾਰੇ ਪਦਾਰਥ ਮਨੁੱਖੀ ਸਿਹਤ ਲਈ ਮਾਰੂ ਹਨ ਤੇ ਕੈਂਸਰ ਵਰਗੇ ਕਈ ਮਾਰੂ ਰੋਗਾਂ ਦਾ ਕਾਰਕ ਹਨ।
ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਜ਼ਹਿਰ ਵਰਗਾ ਨਕਲੀ ਦੁੱਧ
ਨਕਲੀ ਦੁੱਧ ਨੂੰ ਤਿਆਰ ਕਰਨ ਲਈ ਪਹਿਲਾਂ ਮਾਲਟੋਡੈੱਕਸ ਪਾਉਡਰ ਨੂੰ ਇਕ ਬਰਤਨ ਵਿਚ ਪਾ ਉਸ ਵਿਚ ਪਾਣੀ ਦੀ ਮਦਦ ਨਾਲ ਘੌਲ ਤਿਆਰ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਸ ਵਿਚ ਰਿਫਾਈਂਡ ਆਇਲ ਮਿਲਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸ ਘੋਲ ਨੂੰ ਇਕ ਛੋਟੀ ਮਸ਼ੀਨ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕੀਤਾ ਜਾਂਦਾ ਹੈ। ਇਸ ਤਿਆਰ ਕੀਤੇ ਘੋਲ ਦੀ ਗਰੈਵਟੀ ਨੂੰ ਵਧਾਉਣ ਲਈ ਬੀ.ਆਰ (ਗੂੰਦ ਵਰਗੇ ਪਦਾਰਥ) ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਨਕਲੀ ਦੁੱਧ ਅਸਲੀ ਵਾਂਗ ਤਿਆਰ ਹੋ ਕੇ ਲੋਕਾਂ ਤੱਕ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜ਼ਹਿਰ ਬਣ ਕੇ ਪੁੱਜ ਰਿਹਾ ਹੈ। ਇਸ ਨੂੰ ਤਿਆਰ ਕਰਨ ਲਈ ਕਈ ਵਾਰ ਯੂਰੀਆ, ਤੇਲ, ਕਾਸਟਿਕ ਸੋਡਾ ਅਤੇ ਸੈਂਟ ਦੀ ਵੀ ਵਰਤੋਂ ਕੀਤੀ ਜਾਂਦੀ ਹੈ।
Comments (0)