ਕੈਬਨਿਟ ਮੰਤਰੀਆਂ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰਾਂ ਦੀ ਹੋ ਸਕਦੀ ਹੈ ਪੇਸ਼ੀ
*ਬੀਬੀ ਜਾਗੀਰ ਕੌਰ ,ਮਲੂਕਾ ,ਸਵਰਨ ਸਿੰਘ ਫਿਲੌਰ ਨੇ ਕਿਹਾ ਕਿ ਬਾਦਲ ਪਰਿਵਾਰ ਦੋਸ਼ੀ , ਪੰਥ ਵਿਰੋਧੀ ਫੈਸਲੇ ਅਸੀਂ ਸ਼ਾਮਲ ਨਹੀਂ
*18 ਸਤੰਬਰ ਤੋਂ ਬਾਅਦ ਹੋਵੇਗੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ
*ਹੁਣ ਭੂੰਦੜ ਖ਼ਿਲਾਫ਼ ਅਕਾਲ ਤਖ਼ਤ ’ਤੇ ਸ਼ਿਕਾਇਤ ਪਹੁੰਚੀ ਕਿ ਡੇਰਾ ਸਿਰਸਾ ਨਾਲ ਮੀਟਿੰਗਾਂ ਕਰਦੇ ਰਹੇ
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਦਲ ਨਾਲ ਸਬੰਧਤ ਮਾਮਲੇ ਨੂੰ ਵਿਚਾਰਨ ਲਈ 18 ਸਤੰਬਰ ਨੂੰ ਸ਼ਤਾਬਦੀ ਸਮਾਰੋਹ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦਣ ਜਾ ਰਹੇ ਹਨ। ਚਰਚਾ ਹੈ ਕਿ ਸਾਬਕਾ ਕੈਬਨਿਟ ਮੰਤਰੀਆਂ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਕੇ ਨਿੱਜੀ ਰੂਪ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਕਿਹਾ ਸੀ ਅਤੇ ਉਪਰੋਕਤ ਸਮੇਂ ਰਹੇ ਸਾਬਕਾ ਸਿੱਖ ਕੈਬਨਿਟ ਮੰਤਰੀਆਂ ਪਾਸੋਂ 15 ਦਿਨ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਸੀ। ਜਿਥੇ ਸੁਖਬੀਰ ਸਿੰਘ ਬਾਦਲ ਨੇ ਪੇਸ਼ ਹੋ ਕੇ ਲਿਖਤੀ ਪੱਤਰ ਦਿੱਤਾ ਸੀ, ਉਥੇ ਹੀ ਹੁਣ ਤੱਕ ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ, ਸੁੱਚਾ ਸਿੰਘ ਲੰਗਾਹ ਤੇ ਮਨਪ੍ਰੀਤ ਸਿੰਘ ਬਾਦਲ ,ਸੋਹਣ ਸਿੰਘ ਥੰਡਲ,ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ ,ਸਾਬਕਾ ਜੇਲ੍ਹ ਮੰਤਰੀ ਹੀਰਾ ਸਿੰਘ ਗਾਬੜੀਆ , ਸਾਬਕਾ ਵਿੱਤ ਮੰਤਰੀ ਡਾਕਟਰ ਉਪਿੰਦਰਜੀਤ ਕੌਰ ,ਸਿਕੰਦਰ ਸਿੰਘ ਮਲੂਕਾ,ਸਰਵਣ ਸਿੰਘ ਫਿਲੌਰ ਆਪਣਾ ਸਪੱਸ਼ਟੀਕਰਨ ਦੇ ਚੱਕੇ ਹਨ।ਹਾਲੇ ਤਕ ਇਹਨਾਂ ਵਿਚੋਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਨਮੇਜਾ ਸਿੰਘ , ਸਰਵਣ ਸਿੰਘ ਫਿਲੌਰ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ ਸਪਸ਼ਟੀਕਰਨ ਦੇਣ ਨਹੀਂ ਪਹੁੰਚੇ।
ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ 2007 ਤੋਂ 23 ਜੁਲਾਈ 2024 ਤੱਕ ਜਾ 2007 ਤੋਂ 2017 ਤੱਕ ਰਹੇ ਕੋਰ ਕਮੇਟੀ ਮੈਂਬਰਾਂ ਨੂੰ ਵੀ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਾ ਪੈ ਸਕਦਾ ਹੈ। ਇਹ ਵੀ ਚਰਚਾ ਹੈ ਕਿ ਜੇਕਰ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਉੱਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਵੱਜੋਂ ਤਨਖਾਹੀਆ ਕਰਾਰ ਦਿੱਤਾ ਹੈ ਅਤੇ ਉੱਪ ਮੁੱਖ ਮੰਤਰੀ ਦੇ ਸਾਥੀ ਕੈਬਨਿਟ ਮੰਤਰੀਆਂ ਪਾਸੋਂ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਰਹੇ ਕੋਰ ਕਮੇਟੀ ਦੇ ਮੈਂਬਰਾਂ ਪਾਸੋਂ ਸਪਸ਼ਟੀਕਰਨ ਕਿਉਂ ਨਹੀਂ ਮੰਗਿਆ ਜਾ ਸਕਦਾ।
ਇਥੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਹੋਈਆਂ ਗਲਤੀਆਂ ਲਈ ਮਾਫੀ ਮੰਗਣ ਅਤੇ ਪਸ਼ਚਾਤਾਪ ਕਰਨ ਲਈ ਕਈ ਵਾਰ ਕੋਰ ਕਮੇਟੀ ਵਿਚ ਚਰਚਾ ਹੋ ਚੱਕੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਆਗੂਆਂ ਬੀਬੀ ਜਾਗੀਰ ਕੌਰ,ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ,ਸੁਰਜੀਤ ਸਿੰਘ ਰੱਖੜਾ, ਕਰਨੈਲ ਸਿੰਘ ਪੰਜੌਲੀ,ਭਾਈ ਮਨਜੀਤ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਸਰਵਨ ਸਿੰਘ ਫਿਲੋਰ ਨੇ ਪਹਿਲੀ ਜੁਲਾਈ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖਤੀ ਪੱਤਰ ਦੇ ਕੇ 2007 ਤੋਂ 2017 ਤੱਕ ਅਕਾਲੀ ਸਰਕਾਰ ਦਰਮਿਆਨ ਹਰੇਕ ਗਲਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾ ਕੇ ਆਪ ਵੀ ਇਸ ਵਿਚ ਸ਼ਾਮਲ ਹੋਣ ਦਾ ਕਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਰਹੂ ਰੀਤਾਂ ਅਨੁਸਾਰ ਕਾਰਵਾਈ ਕਰਨ ਦੀ ਗੁਹਾਰ ਲਗਾਈ ਸੀ, ਪੱਤਰ ਦੇਣ ਵਾਲਿਆਂ ਵਿਚ ਬਹੁਤ ਸਾਰੇ ਕੋਰ ਕਮੇਟੀ ਮੈਂਬਰ ਹਨ।
ਬੀਬੀ ਜਾਗੀਰ ਕੌਰ ਨੇ ਬਾਦਲ ਪਰਿਵਾਰ ਨੂੰ ਦੋਸ਼ੀ ਠਹਿਰਾਇਆ
ਬੀਬੀ ਜਗੀਰ ਕੌਰ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੇ ਸਪਸ਼ਟੀਕਰਨ ਵਿੱਚ ਲਿਖਿਆ ਕਿ ਮੈਂ 2007 ਤੋਂ 2012 ਦੀ ਸਰਕਾਰ ਸਮੇਂ ਵਿਧਾਨ ਵਿਧਾਨ ਸਭਾ ਦੀ ਮੈਂਬਰ ਨਹੀਂ ਸੀ ਇਸ ਕਰਕੇ ਮੈਂ ਕੈਬਨਿਟ ਦਾ ਹਿੱਸਾ ਨਹੀਂ ਸੀ । 2012 ਤੋਂ 2017 ਦੀ ਸਰਕਾਰ ਵਿੱਚ ਮੈਂ 14 ਮਾਰਚ 2012 ਨੂੰ ਬਤੌਰ ਕੈਬਨਿਟ ਮੰਤਰੀ ਸਹੁੰ ਚੁੱਕੀ ਸੀ ਅਤੇ 30 ਮਾਰਚ 2012 ਨੂੰ ਕੈਬਨਿਟ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਸੀ। ਕੇਵਲ 16 ਦਿਨ ਹੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੀ।
ਇਸ ਸਮੇਂ ਦੌਰਾਨ ਚਲੰਤ ਕੇਸਾਂ ਵਿੱਚ ਦਰਜ ਗੁਨਾਹਾਂ ਬਾਬਤ ਕੋਈ ਵੀ ਕਾਰਵਾਈ ਜਾਂ ਫੈਸਲਾ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿੱਚ ਨਹੀਂ ਲਿਆ ਗਿਆ। ਜਿਸ ਵਿੱਚ ਕਿਸੇ ਵੀ ਕਿਸਮ ਦੀ ਮੇਰੀ ਸ਼ਮੂਲੀਅਤ ਹੋਵੇ। ਰਹਿੰਦੀ ਸਰਕਾਰ ਵਿੱਚ ਬਤੌਰ ਐਮਐਲਏ ਜਾਂ ਬਤੌਰ ਪਾਰਟੀ ਦੀ ਸੇਵਾਦਾਰ ਵੀ ਇਹਨਾਂ ਮਸਲਿਆਂ ਵਿੱਚ ਨਾ ਤਾਂ ਮੇਰੀ ਕੋਈ ਸਲਾਹ ਜਾਂ ਸੁਝਾਅ ਲਿਆ ਗਿਆ ਅਤੇ ਨਾ ਹੀ ਕਿਸੇ ਕਾਰਵਾਈ ਜਾਂ ਫੈਸਲੇ ਵਿੱਚ ਮੇਰੀ ਸ਼ਮੂਲੀਅਤ ਹੋਈ। ਬਤੌਰ ਪਾਰਟੀ ਦੀ ਜ਼ਿੰਮੇਵਾਰ ਸੇਵਾਦਾਰ ਮੈਂ ਸਿੱਖ ਸਿਧਾਂਤਾਂ ਤੇ ਸਮੇਂ-ਸਮੇਂ ਸਿਰ ਪਹਿਰੇਦਾਰੀ ਕਰਦਿਆਂ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਪਰ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਦੀ ਪਕੜ ਬਹੁਤ ਮਜਬੂਤ ਹੋਣ ਕਾਰਨ ਮੇਰੀ ਕੌਮੀ ਚਾਰਾਜੋਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਵਿਰੋਧੀ ਭੂਮਿਕਾ ਵਜੋਂ ਦਰਜ ਕੀਤਾ। ਜਿਸ ਦੇ ਨਤੀਜੇ ਵਜੋਂ ਵਾਰ ਵਾਰ ਮੈਂ ਮੁੱਖ ਆਗੂਆਂ ਦੇ ਵਿਰੋਧ ਦਾ ਸ਼ਿਕਾਰ ਵੀ ਹੋਈ। ਜਿਸ ਦੇ ਨਤੀਜੇ ਵਜੋਂ ਦੋ ਵਾਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਿਨਾਂ ਕਿਸੇ ਕਾਰਨ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਵਾਰ-ਵਾਰ ਆਵਾਜ਼ ਚੁੱਕਣ ਤੇ ਸੁਣਵਾਈ ਨਹੀਂ ਹੋਈ। ਦੋਸ਼ੀਆਂ ਵੱਲੋਂ ਹੋਈਆਂ ਸਾਰੀਆਂ ਗਲਤੀਆਂ ਗੁਨਾਹਾਂ ਦਾ ਰੂਪ ਧਾਰਨ ਕਰ ਗਈਆਂ ਅਤੇ ਕੌਮੀ ਸੰਸਥਾ ਨੂੰ ਸਿੱਖ ਕੌਮ ਨੇ ਰਾਜਸੀ ਤੌਰ ਤੇ ਵੱਡਾ ਝਟਕਾ ਦਿੱਤਾ।
ਮਲੂਕਾ ਨੇ ਬਾਦਲ ਪਰਿਵਾਰ ਨੂੰ ਦੋਸ਼ੀ ਠਹਿਰਾਇਆ
ਬਾਗੀ ਧੜੇ ਵੱਲੋਂ ਸਿਕੰਦਰ ਸਿੰਘ ਮਲੂਕਾ ਨੇ ਜਥੇਦਾਰ ਅਕਾਲ ਤਖਤ ਨੂੰ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਜਿਹੜੇ ਫੈਸਲਿਆਂ ਦੀ ਵਜ੍ਹਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਨੂੰ ਸੱਦਿਆ ਹੈ ਉਹ ਕਦੇ ਵੀ ਨਾ ਕੈਬਨਿਟ ਵਿੱਚ ਵਿਚਾਰੇ ਗਏ ਨਾ ਹੀ ਕੋਰ ਕਮੇਟੀ ਵਿੱਚ ਇਨ੍ਹਾਂ ਮੁਦਿਆਂ ਨੂੰ ਰੱਖਿਆ ਗਿਆ ਹੈ। ਅਸੀਂ ਆਪਣੇ ਸਪੱਸ਼ਟੀਕਰਨ ਵਿੱਚ ਇਹ ਹੀ ਚੀਜ਼ ਰੱਖੀ ਹੈ। ਮਲੂਕਾ ਨੇ ਉਮੀਦ ਜਤਾਈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁਝ ਅਜਿਹਾ ਫੈਸਲਾ ਹੋਵੇਗਾ ਜਿਸ ਨਾਲ ਅਕਾਲੀ ਦਲ ਵਿੱਚ ਏਕਾ ਹੋਵੇਗਾ ਅਤੇ ਪਾਰਟੀ ਮਜ਼ਬੂਤ ਹੋਵੇਗੀ।
ਉੱਧਰ 2012 ਤੋਂ 2014 ਵਿੱਚ ਬਾਦਲ ਸਰਕਾਰ ਵਿੱਚ ਮੰਤਰੀ ਰਹੇ ਸਰਵਣ ਸਿੰਘ ਫਿਲੌਰ ਨੇ ਸਾਫ਼ ਕੀਤਾ ਕਿ ਸਾਡੇ ਨਾਲ ਕਦੇ ਵੀ ਡੇਰੇ ਨਾਲ ਜੁੜੇ ਕਿਸੇ ਵੀ ਮੁੱਦੇ ’ਤੇ ਰਾਏ ਨਹੀਂ ਮੰਗੀ ਗਈ ਹੈ। ਉਨ੍ਹਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਆਪ ਹੀ ਮੰਨ ਲਿਆ ਹੈ ਕਿ ਸਾਨੂੰ ਇਸ ਵਿੱਚ ਕਹਿਣ ਦੀ ਕੀ ਜ਼ਰੂਰਤ ਹੈ।
ਹੁਣ ਭੂੰਦੜ ਖ਼ਿਲਾਫ਼ ਅਕਾਲ ਤਖ਼ਤ ’ਤੇ ਸ਼ਿਕਾਇਤ
ਸ਼੍ਰੋੋਮਣੀ ਅਕਾਲੀ ਦਲ ਖ਼ਿਲਾਫ਼ ਪੈਦਾ ਹੋਇਆ ਸੰਕਟ ਲਗਾਤਾਰ ਵਧ ਰਿਹਾ ਹੈ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਖ਼ਿਲਾਫ਼ ਵੀ ਅਕਾਲ ਤਖ਼ਤ ਵਿਖੇ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਹ ਸ਼ਿਕਾਇਤ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਣੇ ਕੇ, ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬਹਿਣੀਵਾਲ ਤੇ ਹੋਰਾਂ ਵੱਲੋਂ ਕੀਤੀ ਗਈ ਹੈ। ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਸੌਂਪੀ ਗਈ ਸ਼ਿਕਾਇਤ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਬਲਵਿੰਦਰ ਸਿੰਘ ਭੂੰਦੜ ਨੇ 2014 ਵਿਚ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਖਿਲਾਫ ਜਾ ਕੇ ਆਪਣੇ ਘਰ ਵਿੱਚ ਡੇਰਾ ਸਿਰਸਾ ਤੋਂ ਆਏ ਤਿੰਨ ਸਿਆਸੀ ਵਿੰਗ ਦੇ ਆਗੂਆਂ ਰਾਮ ਸਿੰਘ, ਹਰਸ਼ ਧੂਰੀ ਅਤੇ ਇਕ ਹੋਰ ਆਦਮੀ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਸਨ।
ਉਨ੍ਹਾਂ ਦਸਿਆ ਕਿ ਇਸ ਮੀਟਿੰਗ ਦਾ ਜ਼ਿਕਰ ਅਖ਼ਬਾਰਾਂ ਵਿੱਚ ਵੀ ਹੋਇਆ ਸੀ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਾ ਪੰਥ ਦੀ ਨੁਮਾਇੰਦਾ ਜਥੇਬੰਦੀ ਦਾ ਕਾਰਜਕਾਰੀ ਪ੍ਰਧਾਨ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਹੀ ਅਕਾਲ ਤਖਤ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਜੇ ਸੁਖਬੀਰ ਖ਼ਿਲਾਫ਼ ਇਸੇ ਮਾਮਲੇ ਵਿੱਚ ਸਖ਼ਤ ਫ਼ੈਸਲਾ ਲਿਆ ਜਾ ਸਕਦਾ ਹੈ ਤਾਂ ਭੂੰਦੜ ’ਤੇ ਵੀ ਉਸੇ ਮਾਮਲੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਮੀਟਿੰਗ ਦੀ ਪੜਤਾਲ ਕਰਵਾ ਕੇ ਬਲਵਿੰਦਰ ਸਿੰਘ ਭੂੰਦੜ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਬਘੇਲ ਸਿੰਘ ਧਾਲੀਵਾਲ
Comments (0)