ਅਕਾਲੀ ਦਲ ਦੀ ਲੀਡਰਸ਼ਿਪ ਦੇ ਭਵਿੱਖ ਦਾ ਫੈਸਲਾ 2 ਤਾਰੀਕ ਨੂੰ ਹੋਣ ਦੀ ਸੰਭਾਵਨਾ
* ਅਕਾਲ ਤਖਤ ਸਾਹਿਬ ਨੇ ਸੱਦੀ ਇਕੱਤਰਤਾ!
*ਹੋਰ ਪੰਥਕ ਮਾਮਲਿਆਂ ਤੇ ਹੋਵੇਗਾ ਫੈਸਲਾ! ਪੁਰਾਣੇ ਜਥੇਦਾਰਾਂ ਤੋਂ ਵੀ ਮੰਗਿਆ ਸ਼ਪੱਸ਼ਟੀਕਰਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸਮੇਤ ਹੋਰ ਪੰਥਕ ਮਾਮਲਿਆਂ ’ਤੇ ਵਿਚਾਰ ਕਰਨ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 2 ਦਸੰਬਰ ਨੂੰ ਸੱਦ ਲਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਵਿਚਾਰ-ਅਧੀਨ ਮਸਲੇ ਅਤੇ ਚਲੰਤ ਪੰਥਕ ਮਾਮਲਿਆਂ ਸਬੰਧੀ ਜ਼ਰੂਰੀ ਵਿਚਾਰ-ਵਟਾਂਦਰੇ ਲਈ ਮਿਤੀ 2 ਦਸੰਬਰ 2024, ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 1 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾਈ ਹੈ।
ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਲ 2007 ਤੋਂ 2017 ਵਾਲੀ ਅਕਾਲੀ ਸਰਕਾਰ ਦੀ ਸਮੁੱਚੀ ਕੈਬਨਿਟ, ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਅਤੇ 2015 ਵੇਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਮਿਤੀ 2 ਦਸੰਬਰ 2024, ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 1 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸਮੁੱਚੇ ਸਕੱਤਰਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਮੌਜੂਦ ਰਹਿਣ ਲਈ ਕਿਹਾ ਹੈ।
ਪੁਰਾਣੇ ਜਥੇਦਾਰਾਂ ਕੋਲੋ ਵੀ ਮੰਗਿਆ ਸ਼ਪੱਸ਼ਟੀਕਰਨ
ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਕੋਲੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਬਾਬਾ ਬੇਦੀ ਵਲੋਂ ਅਪੀਲ ਕਿ ਪੰਥਕ ਸੋਚ ਅਨੁਸਾਰ ਫੈਸਲੇ ਲਏ ਜਾਣ
ਸਿੱਖ ਸਿਧਾਂਤ ਪ੍ਰਚਾਰਕ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਬੇਨਤੀ ਪੱਤਰ ਲਿਖਿਆ ਗਿਆ ਹੈ । ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਲਖਵੀਰ ਸਿੰਘ ਰਤਵਾਣਾ ਸਾਹਿਬ ਅਤੇ ਗੁਰਦੇਵ ਸਿੰਘ ਬਜਵਾੜਾ ਨੇ ਇਸ ਪੱਤਰ ਰਾਹੀਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਕੀਤੀ ਕਿ ਪਿਛਲੇ ਸਮੇਂ ਵਿਚ ਸਿੱਖ ਕੌਮ ਦੀ ਧਾਰਮਿਕ ਅਤੇ ਰਾਜਨੀਤਕ ਲੀਡਰਸ਼ਿਪ ਵਲੋਂ ਸਿੱਖੀ ਸਿਧਾਂਤ ਨੂੰ ਅੱਖੋਂ ਪਰੋਖੇ ਕਰਕੇ ਲਏ ਗਏ ਫੈਸਲਿਆਂ ਕਾਰਨ ਸਮੁੱਚੀ ਕੌਮ ਗੰਭੀਰ ਹਾਲਾਤ ਵਿਚੋਂ ਲੰਘ ਰਹੀ ਹੈ, ਜਿਸ ਕਰਕੇ ਪੰਥ ਦੀਆਂ ਸੰਸਥਾਵਾਂ ਕੌਮੀ ਰੋਹ ਦਾ ਸਾਹਮਣਾ ਕਰ ਰਹੀਆਂ ਹਨ । ਇਸ ਪੱਤਰ ਵਿਚ ਉਨ੍ਹਾਂ ਅੱਗੇ ਲਿਖਿਆ ਕਿ ਮੌਜੂਦਾ ਵਰਤਾਰੇ ਵਿਚ ਜਿਸ ਤਰ੍ਹਾਂ ਆਪ ਸਰਬ ਸਿੰਘ ਸਾਹਿਬਾਨ ਨੇ ਹੁਣ ਤੱਕ ਸਿੱਖੀ ਸਿਧਾਂਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਹਰ ਤਰ੍ਹਾਂ ਦੇ ਦਬਾਅ ਨੂੰ ਨਜ਼ਰਅੰਦਾਜ਼ ਕਰਕੇ ਸਿੱਖ ਮਰਿਯਾਦਾ ਪ੍ਰਤੀ ਵੱਡੀ ਦਿ੍ੜਤਾ ਵਿਖਾਈ ਹੈ, ਉਸੇ ਤਰ੍ਹਾਂ ਇਸ ਸਮੇਂ ਸਮੁੱਚਾ ਖਾਲਸਾ ਪੰਥ, ਤਖ਼ਤ ਸਾਹਿਬ ਤੋਂ ਪੰਥਕ ਰਵਾਇਤਾਂ ਦੀ ਪੁਨਰ ਸੁਰਜੀਤੀ ਦੀ ਆਹਟ ਸੁਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ । ਇਸ ਲਈ ਅਸੀਂ ਸਮੂਹ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਮੌਜੂਦਾ ਪੰਥਕ ਮਸਲਿਆਂ ਸੰਬੰਧੀ ਕੋਈ ਵੀ ਫੈਸਲਾ ਕਰਨ ਸਮੇਂ ਪੰਥਕ ਰਵਾਇਤਾਂ ਅਤੇ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਅਤੇ ਜਿਹੜੇ ਵੀ ਵਿਅਕਤੀ ਸਿੱਖ ਪ੍ਰੰਪਰਾਵਾਂ, ਸਿੱਖੀ ਸਿਧਾਂਤਾਂ ਸਮੇਤ ਸਿੱਖ ਪੰਥ ਦੀਆਂ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਦੇ ਘਾਣ ਲਈ ਜ਼ਿੰਮੇਵਾਰ ਹਨ, ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
Comments (0)