ਪੀ.ਟੀ.ਸੀ. ਮਾਮਲੇ ਉੱਤੇ ਸਿੱਖ ਨੁਮਾਂਇੰਦਿਆਂ ਦੀ ਬੈਠਕ 'ਚ ਅਗਲੇਰੀ ਕਾਰਵਾਈ ਦਾ ਐਲਾਨ

ਪੀ.ਟੀ.ਸੀ. ਮਾਮਲੇ ਉੱਤੇ ਸਿੱਖ ਨੁਮਾਂਇੰਦਿਆਂ ਦੀ ਬੈਠਕ 'ਚ ਅਗਲੇਰੀ ਕਾਰਵਾਈ ਦਾ ਐਲਾਨ

ਪੀ.ਟੀ.ਸੀ. ਨੇ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸ ਕੇ ਬੇਅਦਬੀ ਕੀਤੀ: ਸਿੱਖ ਨੁਮਾਇੰਦੇ
ਗੁਰਬਾਣੀ ਪ੍ਰਸਾਰਣ ਮਾਮਲੇ ਵਿੱਚ ਗੁਰਮਤਿ, ਕਾਨੂੰਨੀ ਤੇ ਵਿੱਤੀ ਪੱਖਾਂ ਤੋਂ ਹੋਈਆਂ ਬੇਨਿਯਮੀਆਂ ਦੀ ਪੜਤਾਲ ਲਈ 6 ਮੈਂਬਰੀ ਕਮੇਟੀ ਕਾਇਮ

ਚੰਡੀਗੜ੍ਹ: ਪੀ.ਟੀ.ਸੀ. ਵਲੋਂ ਗੁਰਬਾਣੀ ਬਾਰੇ ਕੀਤੇ ਗਏ ਦਾਅਵਿਆਂ ਬਾਰੇ ਅਗਲੇਰੀ ਕਾਰਵਾਈ ਵਿਚਾਰਨ ਲਈ ਸਿੱਖ ਸੰਗਤ ਦੀ ਇਕ ਅਹਿਮ ਇਕੱਤਰਤਾ ਅੱਜ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਵੱਖ-ਵੱਖ ਸਿੱਖ ਸਖਸ਼ੀਅਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲਅਤ ਕੀਤੀ। ਇਸ ਇਕਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਜਗਮੋਹਨ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਹੋਰਨਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਮਤਾ ਪ੍ਰਵਾਣ ਕੀਤਾ ਗਿਆ ਕਿ ਪੀ.ਟੀ.ਸੀ. ਵਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸਣਾ ਗੁਰਬਾਣੀ ਦੀ ਘੋਰ ਬੇਅਦਬੀ ਹੈ। ਉਹਨਾਂ ਕਿਹਾ ਕਿ ਇਹ ਬੇਅਦਬੀ ਕਰਨ ਵਾਲਿਆਂ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਪੂਰਾ ਮਾਮਲਾ ਸਮਝਣ ਲਈ ਇਹ ਰਿਪੋਰਟ ਪੜ੍ਹੋ: ਗੁਰਬਾਣੀ 'ਤੇ 'ਬੌਧਿਕ ਮਲਕੀਅਤ' ਦਾ ਦਾਅਵਾ ਕਰਨ ਵਾਲਾ ਪੀਟੀਸੀ ਸਿੱਖ ਸੰਗਤ ਦੇ ਦਬਾਅ ਅੱਗੇ ਝੁਕਿਆ

ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਵੀ ਮਤਾ ਪ੍ਰਵਾਣ ਕੀਤਾ ਗਿਆ ਕਿ ਪਿਛਲੇ ਕਰੀਬ ਵੀਹ ਸਾਲਾਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਮਾਮਲੇ ਵਿੱਚ ਗੁਰਮਤਿ, ਕਾਨੂੰਨੀ ਅਤੇ ਵਿੱਤੀ ਪੱਖਾਂ ਤੋਂ ਹੋਈਆਂ ਉਲੰਘਣਾਵਾਂ ਦੀ ਤੱਥ-ਅਧਾਰਤ ਪੜਤਾਲ ਕਰਨ ਲਈ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਅਤੇ ਸ. ਚੰਚਲ ਮਨੋਹਰ ਸਿੰਘ, ਲੇਖਕ ਸ. ਅਜੈਪਾਲ ਸਿੰਘ, ਟੀਵੀ ਪੇਸ਼ਕਾਰ ਬੀਬੀ ਹਰਸ਼ਰਨ ਕੌਰ ਅਤੇ ਬਿਜਲਈ ਖਬਰ ਅਦਾਰਿਆਂ ਦੇ ਸੰਪਾਦਕ ਸ. ਜਗਮੋਹਨ ਸਿੰਘ ਅਤੇ ਸ. ਪਰਮਜੀਤ ਸਿੰਘ ’ਤੇ ਅਧਾਰਿਤ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਇਕ ਵਾਈਟ ਪੇਪਰ ਸੰਗਤ ਦੇ ਸਨਮੁਖ ਪੇਸ਼ ਕਰੇਗੀ।
ਇਹ ਕਮੇਟੀ ਸਿੱਖ ਸੰਸਥਾਵਾਂ, ਸਿੱਖ ਸਖਸੀਅਤਾਂ ਅਤੇ ਸੰਸਾਰ ਭਰ ਦੀ ਸਿੱਖ ਸੰਗਤ ਵੱਲੋਂ ਸੁਝਾਅ ਲੈ ਕੇ ਗੁਰਮਤਿ ਆਸ਼ੇ ਮੁਤਾਬਿਕ ਗੁਰਬਾਣੀ ਪ੍ਰਸਾਰਣ ਦੇ ਪ੍ਰਬੰਧ ਦੀ ਰੂਪ-ਰੇਖਾ ਛੇ ਹਫਤੇ ਵਿੱਚ ਪੇਸ਼ ਪੇਸ਼ ਕਰੇਗੀ।

ਇਸ ਮੀਟਿੰਗ ਵਿਚ ਪ੍ਰਸਿੱਧ ਸਿੱਖ ਲੇਖਕ ਅਜਮੇਰ ਸਿੰਘ, ਅੰਮ੍ਰਿਤਸਰ ਟਾਈਮਜ ਦੇ ਸਾਬਕਾ ਸੰਪਾਦਕ ਦਲਜੀਤ ਸਿੰਘ ਸਰਾਂ, ਗਲੋਬਲ ਸਿੱਖ ਕੌਂਸਲ ਦੇ ਮੁਖੀ ਗੁਰਪ੍ਰੀਤ ਸਿੰਘ, ਦਲ ਖਾਲਸਾ ਪ੍ਰਧਾਨ ਹਰਪਾਲ ਸਿੰਘ ਚੀਮਾ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਸਕੱਤਰ ਡਾ. ਖੁਸ਼ਹਾਲ ਸਿੰਘ, ਲੇਖਕ ਤੇ ਸਿੱਖ ਆਗੂ ਨਰੈਣ ਸਿੰਘ ਚੌੜਾ, ਸਿੱਖ ਆਗੂ ਬਲਦੇਵ ਸਿੰਘ ਸਿਰਸਾ, ਬਾਮਸੇਫ ਦੇ ਪੰਜਾਬ ਪ੍ਰਧਾਨ ਹਰਵਿੰਦਰ ਸਿੰਘ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਪਰਮਵੀਰ ਸਿੰਘ, ਸਿੰਘ ਸਭਾ ਸੰਗਰੂਰ ਦੇ ਮੁਖੀ ਸਤਿਪਾਲ ਸਿੰਘ ਅਤੇ ਸਿੱਖ ਵਿਚਾਰ ਮੰਚ ਦੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।