ਰਾਸ਼ਟਰਵਾਦੀ ਗੈਂਗਸਟਰ ਲਾਰੇਂਸ ਕੈਨੇਡਾ ਦੀ ਹਿਟਲਿਸਟ ਵਿਚ ,ਲਾਰੇਂਸ ਪਿਛੇ ਕੋਣ?

ਰਾਸ਼ਟਰਵਾਦੀ ਗੈਂਗਸਟਰ ਲਾਰੇਂਸ  ਕੈਨੇਡਾ ਦੀ ਹਿਟਲਿਸਟ ਵਿਚ ,ਲਾਰੇਂਸ ਪਿਛੇ ਕੋਣ?

ਵਿਦੇਸ਼ ਤੱਕ ਫੈਲਿਆ ਸਾਮਰਾਜ, ਸਮੇਂ ਦੇ ਨਾਲ ਅਤੇ ਖੂੰਖਾਰ ਹੋਇਆ 

ਸਰਫਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਜੇਲ ਦੀ ਬੈਰਕ ਵਿਚ ਫੋਨ ਤੋਂ ਬਣੀ ਵੀਡੀਓ ਵਿਚ ਦੇਸ਼ ਭਗਤੀ ਦਾ ਇਹ ਗੀਤ ਗਾਉਣ ਵਾਲਾ ਨੌਜਵਾਨ ਭਾਰਤ ਦਾ ਸਭ ਤੋਂ ਵੱਡਾ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ। ਕਮਰੇ ਦੀ ਕੰਧ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਫੋਟੋਆਂ ਹਨ। ਗੀਤ ਖਤਮ ਹੋਣ ਤੋਂ ਬਾਅਦ, ਲਾਰੈਂਸ ਕਹਿੰਦਾ ਹੈ, 'ਸਾਰੇ ਸ਼ਹੀਦਾਂ, ਨੂੰ ਮੈਂ ਬਹੁਤ-ਬਹੁਤ ਪ੍ਰਣਾਮ ਕਰਦਾ ਹਾਂ... ਸਾਰੇ ਭਾਰਤੀ ਸੈਨਿਕਾਂ, ਜੋ ਸਰਹੱਦ 'ਤੇ ਹਨ, ਮੈਂ ਤੁਹਾਨੂੰ ਸਲਾਮ ਕਰਦਾ ਹਾਂ।' ਇਹ ਜੇਲ੍ਹ ਦੀਆਂ ਕੰਧਾਂ ਦੇ ਅੰਦਰ ਲਾਰੈਂਸ ਦੁਆਰਾ ਬਣਾਈ ਗਈ ਇੱਕ ਪੁਰਾਣੀ ਵੀਡੀਓ ਹੈ, ਜਿਸ ਵਿੱਚ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਸਨ। ਅਖੀਰ ਵਿਚ ਉਹ 'ਜੈ ਸ਼੍ਰੀ ਰਾਮ' ਕਹਿ ਕੇ ਵੀਡੀਓ ਖਤਮ ਕਰਦਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲਾਰੈਂਸ ਨੇ ਆਪਣੇ ਆਪ ਨੂੰ ਦੇਸ਼ਭਗਤ ਵਜੋਂ ਪੇਸ਼ ਕਰਨ ਲਈ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਸਮੇਤ ਕਈ ਕ੍ਰਾਂਤੀਕਾਰੀਆਂ ਦਾ ਉਪਾਸ਼ਕ ਦੱਸਿਆ ਹੈ। ਇਸ ਤੋਂ ਪਹਿਲਾਂ ਅਦਾਲਤ ਵਿੱਚ ਪੇਸ਼ੀ ਸਮੇਂ ਵੀ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲੀ ਟੀ-ਸ਼ਰਟ ਪਾਈ ਹੋਈ ਸੀ। ਇਸ ਵਾਰ ਇਹ ਵੀਡੀਓ ਮੁੰਬਈ ਵਿਚ 12 ਅਕਤੂਬਰ 2024 ਨੂੰ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਵਾਇਰਲ ਹੋ ਰਿਹਾ ਸੀ। ਲਾਰੈਂਸ ਨੂੰ ਦਿੱਲੀ ਦੇ ਪੌਸ਼ ਇਲਾਕੇ ਗ੍ਰੇਟਰ ਕੈਲਾਸ਼ ਵਿੱਚ 12 ਸਤੰਬਰ ਨੂੰ ਹੋਏ ਨਾਦਿਰ ਸ਼ਾਹ ਕਤਲ ਦਾ ਮਾਸਟਰਮਾਈਂਡ ਵੀ ਕਿਹਾ ਜਾ ਰਿਹਾ ਹੈ। ਇੱਕ ਮਹੀਨੇ ਦੇ ਅੰਦਰ ਦੋ ਸਨਸਨੀਖੇਜ਼ ਕਤਲ... ਇੱਕ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਅਤੇ ਦੂਜਾ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ।ਭਾਈ ਨਿਝਰ ਕਤਲ ਕਾਂਡ ਕਾਰਣ ਉਹ ਕੈਨੇਡਾ ਦੀ ਹਿਟ ਲਿਸਟ ਵਿਚ ਹੈ

33 ਸਾਲਾ ਲਾਰੈਂਸ ਕਾਤਲਾਨਾ ਹਮਲਿਆਂ, ਕਤਲਾਂ,ਜਬਰੀ ਵਸੂਲੀ ਆਦਿ ਸਮੇਤ 70 ਤੋਂ ਵੱਧ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ । ਉਹ 2014 ਤੋਂ ਜੇਲ੍ਹ ਵਿੱਚ ਹੈ। ਇਸ ਦੌਰਾਨ ਉਹ 16 ਜਨਵਰੀ 2015 ਨੂੰ ਮੋਹਾਲੀ ਵਿਖੇ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਵਿਚ ਸਫਲ ਹੋ ਗਿਆ ਸੀ। ਉਸਨੂੰ ਪੰਜਾਬ ਪੁਲਿਸ ਨੇ 4 ਅਕਤੂਬਰ 2015 ਨੂੰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਉਹ ਲਗਾਤਾਰ ਪੰਜਾਬ, ਦਿੱਲੀ, ਰਾਜਸਥਾਨ, ਹਰਿਆਣਾ ਅਤੇ ਗੁਜਰਾਤ ਦੀਆਂ ਜੇਲ੍ਹਾਂ ਵਿੱਚ ਬੰਦ ਹੈ। ਇੱਕ ਦਹਾਕੇ ਤੱਕ ਜੇਲ੍ਹ ਵਿਚ ਰਹਿਣ ਦੇ ਬਾਵਜੂਦ ਉਹ ਦੇਸ਼-ਵਿਦੇਸ਼ ਵਿੱਚ ਆਪਣੀ ਸਿੰਡੀਕੇਟ ਦਾ ਵਿਸਥਾਰ ਕਰਨ ਵਿੱਚ ਸਫਲ ਰਿਹਾ ਹੈ। ਲਗਭਗ ਸਾਰੇ ਰਾਜਾਂ ਦੇ ਮਸ਼ਹੂਰ ਗੈਂਗਸਟਰ ਉਸ ਦੀ ਸਿੰਡੀਕੇਟ ਵਿੱਚ ਸ਼ਾਮਲ ਹਨ। 2021 ਵਿੱਚ ਜਦੋਂ ਇਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਆਇਆ ਤਾਂ ਉਸਨੇ ਉੱਤਰੀ ਭਾਰਤ ਦਾ ਮਜ਼ਬੂਤ ਗੈਂਗ ਗਠਜੋੜ ਬਣਾਇਆ ਹੈ। ਇੱਥੋਂ ਕਈ ਅਪਰਾਧ ਕੀਤੇ ਗਏ ਹਨ।

ਭਾਰਤ ਤੇ ਕੈਨੇਡਾ ਵਿਚ ਸੁਆਲ ਇਹ ਉਠ ਰਹੇ ਹਨ ਕਿ ਇਸ ਪਿਛੇ ਕੀ ਭਾਰਤੀ ਏਜੰਸੀਆਂ ਹਨ।ਅਦਾਲਤ ਵਿਚ ਪਹਿਲਾਂ ਹੀ ਸੁਆਲ ਉਠ ਚੁਕੇ ਹਨ ਕਿ ਪੁਲੀਸ ਦੀ ਹਾਜ਼ਰੀ ਵਿਚ ਗੈਂਗਸਟਰ ਲਾਰੰਸ ਦੀ ਇੰਟਰਵਿਊ ਕਿਵੇਂ ਹੋਈ?ਅਦਾਲਤ ਦੇ ਸ਼ੱਕ ਦੇ ਘੇਰੇ ਵਿਚ ਪੰਜਾਬ ਦੇ ਡੀਜੀਪੀ ਵੀ ਹਨ।ਪਰ ਅਜੇ ਤਕ ਅਦਾਲਤ ਕਿਸੇ ਫੈਸਲੇ ਉਪਰ ਨਹੀਂ ਪਹੁੰਚ ਸਕੀ।

ਖੁਦ ਗੁਜਰਾਤ ਦੀ ਸਾਬਰਮਤੀ ਜੇਲ ਵਿਚ ਬੰਦ ਲਾਰੈਂਸ ਨੇ ਕਈ ਵਾਰ ਅਦਾਲਤ ਵਿਚ ਪੇਸ਼ੀ ਦੌਰਾਨ ਅਤੇ ਵੀਡੀਓਜ਼ ਰਾਹੀਂ ਦਾਅਵਾ ਕੀਤਾ ਹੈ ਕਿ ਉਹ ਵੱਖਵਾਦੀਆਂ ਤੇ ਖਾਲਿਸਤਾਨੀਆਂ ਦੇ ਖਿਲਾਫ ਹੈ। ਆਖਿਰ ਇਸ ਪਿੱਛੇ ਉਸਦਾ ਕੀ ਇਰਾਦਾ ਹੈ? ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਰੇਂਸ ਇੱਕ ਸੋਚੀ-ਸਮਝੀ ਯੋਜਨਾ ਦੇ ਹਿੱਸੇ ਵਜੋਂ ਆਪਣੇ ਲਈ ਇੱਕ ਦੇਸ਼ਭਗਤੀ ਵਾਲੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਦਾ ਸਮਰਥਨ ਕਰਨ ਵਾਲੇ ਭਗਵੇਂਵਾਦੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਖੁੱਲ੍ਹ ਕੇ ਅੱਗੇ ਆਉਣ ਲੱਗੇ ਹਨ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਹੜ੍ਹ ਆ ਗਿਆ ਹੈ। ਦੋਸ਼ ਇਹ ਵੀ ਹਨ ਕਿ ਲਾਰੈਂਸ ਨੂੰ ਬਿਲਕੁਲ ਭਗਵੇਂਵਾਦੀਆਂ ਦੇ ਮਸੀਹੇ ਵਜੋਂ ਚਲਾਇਆ ਜਾ ਰਿਹਾ ਹੈ।

ਨਿਸ਼ਾਨੇ 'ਤੇ ਸਲਮਾਨ

5 ਜਨਵਰੀ 2018 ਨੂੰ ਰਾਜਸਥਾਨ ਦੇ ਜੋਧਪੁਰ ਵਿਚ ਇਕ ਮਾਮਲੇ ਦੀ ਸੁਣਵਾਈ ਤੋਂ ਪਰਤਦਿਆਂ ਉਸ ਨੇ ਪੁਲਸ ਜੀਪ ਵਿਚ ਮੀਡੀਆ ਨੂੰ ਦੱਸਿਆ ਕਿ ਉਸ 'ਤੇ ਦਰਜ ਸਾਰੇ ਕੇਸ ਝੂਠੇ ਹਨ। ਪੁਲਿਸ ਉਸਨੂੰ ਫਸਾਉਂਦੀ ਹੈ... ਮੇਰਾ ਅਪਰਾਧਿਕ ਮਾਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਪਰਾਧ ਕੀ ਹੈ? ਇਹ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਮੈਂ ਸਲਮਾਨ ਖਾਨ ਨੂੰ ਮਾਰਾਂਗਾ। ਇਹ ਐਲਾਨ ਕਰਦੇ ਹੀ ਉਹ ਬਿਸ਼ਨੋਈ ਭਾਈਚਾਰੇ ਦਾ ਹੀਰੋ ਬਣ ਗਿਆ ਸੀ। ਦਰਅਸਲ ਅਕਤੂਬਰ 1998ਵਿ'ਚ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਅਤੇ ਹੋਰ ਕਲਾਕਾਰਾਂ 'ਤੇ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਲੱਗਾ ਸੀ। ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਦੀ ਪੂਜਾ ਕਰਦਾ ਹੈ। ਇਸ ਲਈ ਬਿਸ਼ਨੋਈ ਭਾਈਚਾਰੇ ਨੇ ਉਨ੍ਹਾਂ 'ਤੇ ਕੇਸ ਦਰਜ ਕਰਵਾਇਆ, ਜਿਸ ਮਾਮਲੇਵਿ'ਚ ਸਲਮਾਨ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਬਿਸ਼ਨੋਈ ਭਾਈਚਾਰੇ ਨੇ ਅੱਜ ਤੱਕ ਸਲਮਾਨ ਨੂੰ ਮੁਆਫ਼ ਨਹੀਂ ਕੀਤਾ ਹੈ।

 ਸਖ਼ਤ ਕਾਨੂੰਨ ਵੀ ਬੇਅਸਰ ਕਿਉਂ?

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 2021 ਵਿੱਚ ਲਾਰੈਂਸ 'ਤੇ ਮਕੋਕਾ ਲਗਾਇਆ ਸੀ। ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਨਵੰਬਰ 2022 ਵਿੱਚ ਇਸਦੇ ਸਿੰਡੀਕੇਟ ਉੱਤੇ ਲਗਾਇਆ ਗਿਆ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦਾ ਦਾਅਵਾ ਹੈ ਕਿ ਉਸ ਦੇ ਅਪਰਾਧ ਸਿੰਡੀਕੇਟ ਦੇ ਦੇਸ਼ ਵਿੱਚ 700 ਤੋਂ ਵੱਧ ਮੈਂਬਰ ਹਨ। ਅੰਡਰਵਰਲਡ ਡਾਨ ਦਾਊਦ ਇਬਰਾਹਿਮ ਵਾਂਗ ਉਸ ਨੇ ਨਾ ਸਿਰਫ਼ ਉੱਤਰੀ ਭਾਰਤ ਵਿੱਚ ਸਗੋਂ ਕੌਮਾਂਤਰੀ ਪੱਧਰ ’ਤੇ ਆਪਣਾ ਨੈੱਟਵਰਕ ਬਣਾਇਆ ਹੋਇਆ ਹੈ। ਉਹ ਦੇਸ਼ ਅਤੇ ਵਿਦੇਸ਼ ਵਿੱਚ ਕਿਤੇ ਵੀ ਅਤੇ ਕਿਸੇ ਵੀ ਸਮੇਂ ਕੁਝ ਵੀ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਜੇਲ੍ਹ ਵਿੱਚ ਫੋਨ ਦੀ ਵਰਤੋਂ ਕਰਦਾ ਹੈ, ਮੀਡੀਆ ਨੂੰ ਇੰਟਰਵਿਊ ਦਿੰਦਾ ਹੈ ਅਤੇ ਵੀਡੀਓ ਕਾਲ ਕਰਦਾ ਹੈ ਅਤੇ ਕਰੋੜਾਂ ਰੁਪਏ ਦੀ ਫਿਰੌਤੀ ਦੀ ਮੰਗ ਕਰਦਾ ਹੈ। 

ਗ੍ਰਹਿ ਮੰਤਰਾਲੇ ਦੇ ਹੁਕਮਾਂ ਕਾਰਨ ਉਹ ਅਗਸਤ 2023 ਤੋਂ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਆਮ ਤੌਰ 'ਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ, ਗੰਭੀਰ ਕਤਲਾਂ ਦੇ ਮੁਲਜ਼ਮ, ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਕੈਦੀ, ਬੰਬ ਧਮਾਕਿਆਂ ਦੇ ਕੇਸਾਂ ਦੇ ਮੁਲਜ਼ਮਾਂ ਆਦਿ ਨੂੰ ਇਨ੍ਹਾਂ ਉੱਚ ਸੁਰੱਖਿਆ ਸੈੱਲਾਂ ਵਿੱਚ ਰੱਖਿਆ ਜਾਂਦਾ ਹੈ।ਇਹ ਸੈੱਲ ਦੂਜੇ ਸੈੱਲਾਂ ਤੋਂ ਵੱਖਰਾ ਹੈ, ਇਸ ਵਿੱਚ ਡਬਲ ਰਿੰਗ ਸੁਰੱਖਿਆ ਹੈ। ਜੇਲ੍ਹ ਦੇ ਹੋਰ ਹਿੱਸਿਆਂ ਨਾਲੋਂ ਇੱਥੇ ਵਧੇਰੇ ਸਿਖਲਾਈ ਪ੍ਰਾਪਤ ਸਟਾਫ਼ ਮੌਜੂਦ ਹੈ ਅਤੇ ਇਨ੍ਹਾਂ ਉੱਚ ਸੁਰੱਖਿਆ ਸੈੱਲਾਂ ਦੇ ਆਲੇ-ਦੁਆਲੇ ਵਾਚ ਟਾਵਰ ਬਣਾਏ ਗਏ ਹਨ।ਗੁਜਰਾਤ ਜੇਲ੍ਹ ਮੈਨੂਅਲ’ ਅਨੁਸਾਰ ਇਸ ਕਿਸਮ ਦੇ ਸੈੱਲ ਦੇ ਆਲੇ-ਦੁਆਲੇ ਇੱਕ ‘ਨੋ-ਮੈਨਜ਼ ਲੈਂਡ’ ਖੇਤਰ ਹੁੰਦਾ ਹੈ, ਜਿਸ ਵਿੱਚ ਸਿਰਫ਼ ਡਿਊਟੀ ’ਤੇ ਤਾਇਨਾਤ ਜੇਲ੍ਹ ਕਰਮਚਾਰੀ ਹੀ ਦਾਖ਼ਲ ਹੋ ਸਕਦੇ ਹਨ।ਕਿਸੇ ਵੀ ਸੂਬੇ ਦੀ ਪੁਲਿਸ ਇਸ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਦੀ। ਅਦਾਲਤ ਵਿੱਚ ਪੇਸ਼ੀ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਹੁੰਦੀ ਹੈ।ਆਖਿਰ ਸੁਆਲ ਇਹ ਪੈਦਾ ਹੁੰਦਾ ਹੈ ਕਿ ਉਹ ਸਖਤ ਕਨੂੰਨਾਂ ਦੇ ਬਾਵਜੂਦ ਇਹ ਸਭ ਕਨੂੰਨ ਵਿਰੋਧੀ ਕਾਰੇ ਕਿਵੇਂ ਕਰ ਰਿਹਾ ਹੈ?ਪ੍ਰਸ਼ਾਸ਼ਨ ਤੇ ਸਰਕਾਰ ਇਸ ਬਾਰੇ ਚੁਪ ਹੈ।