ਨਿਊਯਾਰਕ ਵਿਚ ਸਿੱਖਾਂ ਉਪਰ ਨਸਲੀ ਹਮਲਿਆਂ ਕਾਰਨ ਦੱਖਣ ਏਸ਼ਿਆਈ ਭਾਈਚਾਰਾ ਨਿਰਾਸ਼
ਸਿੱਖਾਂ ਵਿਚ ਡਰ ਪੈਦਾ ਕਰ ਦਿੱਤਾ ਹੈ
ਨਿਊਯਾਰਕ ਵਿਚ ਦੱਖਣ ਏਸ਼ੀਆਈ ਭਾਈਚਾਰੇ ਨੂੰ ਹਾਲ ਹੀ ਦੇ ਹਫ਼ਤਿਆਂ ਦੌਰਾਨ ਰਿਚਮੰਡ ਹਿਲ ਵਿਚ ਸਿੱਖਾਂ ਖ਼ਿਲਾਫ਼ ਵਾਪਰੀਆਂ ਲੜੀਵਾਰ ਨਸਲੀ ਅਪਰਾਧ ਦੀਆਂ ਘਟਨਾਵਾਂ ਨੇ ਹਿਲਾ ਕੇ ਰੱਖ ਦਿੱਤਾ ਹੈ, ਇਕ ਗੁਆਂਢ ਜਿਸ ਨੂੰ ਕਈ ਵਾਰ 'ਛੋਟਾ ਪੰਜਾਬ' ਕਿਹਾ ਜਾਂਦਾ ਹੈ, ਜੋ ਇਕ ਵੱਡੇ ਸਿੱਖ ਭਾਈਚਾਰੇ ਦਾ ਘਰ ਅਤੇ ਇੱਥੇ ਇਕ ਪ੍ਰਮੁੱਖ ਸਿੱਖ ਗੁਰਦੁਆਰਾ ਹੈ । ਲਿਆਮ ਸਟਾਕ ਅਤੇ ਸਮੀਰਾ ਆਸਮਾ-ਸਦੀਕੀ ਨੇ 'ਦ ਨਿਊਯਾਰਕ ਟਾਈਮਜ਼' ਵਿਚ ਲਿਖਿਆ ਕਿ ਨਿਊਯਾਰਕ ਸਿਟੀ ਬਲਾਕ ਵਿਚ ਸਿਰਫ 10 ਦਿਨਾਂ 'ਚ ਤਿੰਨ ਸਿੱਖਾਂ 'ਤੇ ਹਮਲਾ ਕੀਤਾ ਗਿਆ । ਗੁਲਜ਼ਾਰ ਸਿੰਘ ਬੀਤੇ ਵੀਰਵਾਰ ਸਵੇਰ ਨੂੰ ਕੰਮ 'ਤੇ ਜਾ ਰਹੇ ਸਨ, ਉਹ ਆਪਣੀ ਪਤਨੀ ਨਾਲ ਵੀਡੀਓ ਕਾਲ ਰਾਹੀਂ ਚੈਟਿੰਗ ਕਰ ਰਹੇ ਸਨ, ਜਿਸ ਸਮੇਂ ਉਨ੍ਹਾਂ 'ਤੇ ਹਮਲਾ ਹੋਇਆ । ਕੁਇਟ ਕੁਈਨਜ਼ ਦੇ ਗੁਆਂਢ ਵਿਚ 2 ਵਿਅਕਤੀਆਂ ਨੇ 45 ਸਾਲਾ ਸਿੱਖ 'ਤੇ ਪਿਛਲੇ ਪਾਸਿਓਂ ਹਮਲਾ ਕਰਕੇ ਉਨ੍ਹਾਂ ਦੀ ਪਗ ਦੀ ਬੇਅਦਬੀ ਕੀਤੀ ਅਤੇ ਲਹੂ ਲੁਹਾਨ ਕਰਕੇ ਉਸ ਨੂੰ ਉੱਥੇ ਹੀ ਛੱਡ ਦਿੱਤਾ ।ਇਸ ਦੇ ਦਸ ਮਿੰਟ ਬਾਅਦ ਇਸੇ ਬਲਾਕ 'ਤੇ ਇਕ ਹੋਰ ਸਿੱਖ ਸੱਜਣ ਸਿੰਘ (58 ਸਾਲ) 'ਤੇ ਪਿਛਲੇ ਪਾਸਿਓਂ ਹਮਲਾ ਕਰ ਕੇ ਦੋ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ, ਲੁੱਟਖੋਹ ਕਰਦਿਆਂ ਪਗ ਦੀ ਬੇਅਦਬੀ ਕੀਤੀ ।ਇਸ ਤੋਂ 9 ਦਿਨ ਪਹਿਲਾਂ ਇਕ ਹੋਰ ਨਿਰਮਲ ਸਿੰਘ (70) ਨਾਂ ਦੇ ਸਿੱਖ ਵਿਅਕਤੀ 'ਤੇ ਇਸੇ ਥ੍ਰੀ ਲੇਨ ਸਟਰੀਟ 'ਤੇ ਹਮਲਾ ਕੀਤਾ ਗਿਆ ਸੀ। ਨਿਰਮਾਣਕਾਰੀ ਕੰਮ ਵਿਚ ਲੱਗੇ ਤੇ ਸਾਲ 2015 ਵਿਚ ਅਮਰੀਕਾ ਆਏ ਗੁਲਜਾਰ ਸਿੰਘ ਨੇ ਕਿਹਾ ਕਿ ਮੈਂ ਸੋਚਿਆ ਕਿ ਪਹਿਲਾ ਹਮਲਾ ਅਲੱਗ ਸੀ ਅਤੇ ਇਹ ਨਹੀਂ ਸੋਚਿਆ ਸੀ ਕਿ ਉਸ ਦੇ ਪਿੱਛੇ ਕੁਝ ਹੈ । ਸਟਾਕ ਤੇ ਆਸਮਾ ਨੇ ਕਿਹਾ ਕਿ ਹਮਲੇ ਦਾ ਦੂਸਰਾ ਦੌਰ ਉਸੇ ਸਵੇਰ ਨੂੰ ਹੋਇਆ ਜਦ ਬਰੂਕਲਿਨ ਵਿਚ ਰੇਲਵੇ ਸਟੇਸ਼ਨ 'ਤੇ ਹੋਈ ਗੋਲੀਬਾਰੀ ਵਿਚ 23 ਲੋਕ ਜ਼ਖਮੀ ਹੋ ਗਏ, ਜਿਸ ਨੇ ਸਿੱਖਾਂ ਵਿਚ ਡਰ ਪੈਦਾ ਕਰ ਦਿੱਤਾ ਹੈ । ਅਮਰੀਕਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸਲੀ ਹਮਲਿਆਂ ਵਿਰੁਧ ਮੁਹਿੰਮ ਵਿਢੇ।ਇਸ ਦੇ ਪ੍ਰਤੀਕਰਮ ਮਾੜੇ ਹੋ ਸਕਦੇ ਹਨ ਤੇ ਅਮਰੀਕਾ ਦਾ ਮਨੁੱਖੀ ਅਧਿਕਾਰਾਂ ਵਜੋਂ ਅਕਸ ਪੂਰੇ ਸੰਸਾਰ ਵਿਚ ਵਿਗੜ ਸਕਦਾ ਹੈ।
Comments (0)