ਯੂਕਰੇਨ ਉਪਰ ਰੂਸ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਨਾਗਰਿਕਾਂ ’ਤੇ ਬੰਬਾਰੀ
![ਯੂਕਰੇਨ ਉਪਰ ਰੂਸ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਨਾਗਰਿਕਾਂ ’ਤੇ ਬੰਬਾਰੀ](https://amritsartimes.com/uploads/images/image_750x_626a29f93d513.jpg)
ਰੂਸੀ ਵਿਦੇਸ਼ ਮੰਤਰੀ ਨੇ ਪਰਮਾਣੂ ਟਕਰਾਅ ਦੀ ਚਿਤਾਵਨੀ ਦੁਹਰਾਈ
ਸੰਯੁਕਤ ਰਾਸ਼ਟਰ ਮੁਖੀ ਵੱਲੋਂ ਰੂਸ ਨੂੰ ਗੋਲੀਬੰਦੀ ਦਾ ਸੱਦਾ
ਅੰਮ੍ਰਿਤਸਰ ਟਾਈਮਜ਼
ਕੀਵ:ਰੂਸ ਨੇ ਬੀਤੇ ਦਿਨੀਂ ਯੂਕਰੇਨ ਦੇ ਅੰਦਰ ਕਈ ਰੇਲ ਸਟੇਸ਼ਨਾਂ ਅਤੇ ਤੇਲ ਭੰਡਾਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲੇ ਯੂਕਰੇਨ ਨੂੰ ਮਿਲ ਰਹੀ ਮਦਦ ਰੋਕਣ ਦੇ ਮਕਸਦ ਨਾਲ ਕੀਤੇ ਗਏ ਹਨ। ਇਨ੍ਹਾਂ ਹਮਲਿਆਂ ਵਿਚ ਇਕ ਵਰਕਰ ਮਾਰਿਆ ਗਿਆ ਹੈ। ਲਵੀਵ ਨੇੜੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਹੈ। ਯੂਕਰੇਨ ਦੇ ਕੇਂਦਰੀ ਖਿੱਤੇ ਵਿਚ ਇਕ ਹਮਲੇ ਵਿਚ ਪੰਜ ਜਣੇ ਮਾਰੇ ਗਏ ਹਨ। ਰੂਸ ਵੱਲੋਂ ਕੀਤੀ ਬੰਬਾਰੀ ’ਚ ਦੋਨੇਤਸਕ ਖਿੱਤੇ ਵਿਚ ਚਾਰ ਲੋਕ ਮਾਰੇ ਗਏ ਹਨ ਤੇ 9 ਫੱਟੜ ਹੋ ਗਏ ਹਨ। ਮ੍ਰਿਤਕਾਂ ਵਿਚ 9 ਸਾਲਾਂ ਦੀ ਬੱਚੀ ਤੇ 14 ਸਾਲਾਂ ਦਾ ਲੜਕਾ ਸ਼ਾਮਲ ਹਨ। ਲੁਹਾਂਸਕ ਵਿਚ ਪਿਛਲੇ 24 ਘੰਟਿਆਂ ਦੌਰਾਨ ਰੂਸ ਨੇ 17 ਵਾਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸੇ ਦੌਰਾਨ ਮੋਲਡੋਵਾ ਦੀ ਪੁਲੀਸ ਨੇ ਯੂਕਰੇਨ ਦੀ ਪੱਛਮੀ ਸਰਹੱਦ ਉਤੇ ਦੋ ਧਮਾਕਿਆਂ ਦੀ ਸੂਚਨਾ ਦਿੱਤੀ ਹੈ। ਮੋਲਡੋਵਾ ਦੇ ਇਕ ਵੱਖਵਾਦੀ ਖੇਤਰ ਵਿਚ ਰੂਸ ਦੇ 1500 ਸੈਨਿਕ ਤਾਇਨਾਤ ਹਨ। ਇਸੇ ਦੌਰਾਨ ਅਮਰੀਕਾ ਨੇ ਯੂਕਰੇਨ ਨੂੰ ਹੋਰ ਹਥਿਆਰ ਭੇਜੇ ਹਨ।
ਉਨ੍ਹਾਂ ਕਿਹਾ ਕਿ ਪੱਛਮੀ ਸਹਿਯੋਗੀਆਂ ਵੱਲੋਂ ਭੇਜੀ ਜਾ ਰਹੀ ਮਦਦ ਨਾਲ ਦੋ ਮਹੀਨੇ ਤੋਂ ਚੱਲ ਰਹੀ ਜੰਗ ਨੇ ਨਵਾਂ ਮੋੜ ਲਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ‘ਰੂਸ ਡਿੱਗ ਰਿਹਾ ਹੈ ਤੇ ਯੂਕਰੇਨ ਸਫ਼ਲ ਹੋ ਰਿਹਾ ਹੈ।’ ਜ਼ਿਕਰਯੋਗ ਹੈ ਕਿ ਸੋਮਵਾਰ ਅਮਰੀਕੀ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕੀਵ ਦਾ ਦੌਰਾ ਕੀਤਾ ਸੀ ਤੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕੀਤੀ ਸੀ। ਬਲਿੰਕਨ ਨੇ ਦੱਸਿਆ ਕਿ ਅਮਰੀਕਾ, ਯੂਕਰੇਨ ਦੀ ਹਥਿਆਰਾਂ ਦੇ ਪੱਖ ਤੋਂ ਪੂਰੀ ਮਦਦ ਕਰ ਰਿਹਾ ਹੈ। ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕਿਹਾ ਕਿ ਉਹ ਯੂਕਰੇਨ ਨੂੰ ਇਕ ਖ਼ੁਦਮੁਖਤਿਆਰ, ਲੋਕਤੰਤਰਿਕ ਮੁਲਕ ਵਜੋਂ ਦੇਖਣਾ ਚਾਹੁੰਦੇ ਹਨ, ਪਰ ਨਾਲ ਹੀ ਇਹ ਵੀ ਚਾਹੁੰਦੇ ਹਨ ਕਿ ਰੂਸ ਇੱਥੇ ਐਨਾ ਕਮਜ਼ੋਰ ਪੈ ਜਾਵੇ ਕਿ ਯੂਕਰੇਨ ਉਤੇ ਹਮਲੇ ਜਿਹੀਆਂ ਕਾਰਵਾਈਆਂ ਦੁਬਾਰਾ ਨਾ ਕਰ ਸਕੇ।ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਕਿਹਾ ਹੈ ਕਿ ਉਹ ਪੱਛਮੀ ਦੇਸ਼ਾਂ ਵੱਲੋਂ ਯੂਕਰੇਨ ਭੇਜੇ ਜਾ ਰਹੇ ਹਥਿਆਰਾਂ ਨੂੰ ਨਿਸ਼ਾਨਾ ਬਣਾਉਣਗੇ। ਇਕ ਇੰਟਰਵਿਊ ਵਿਚ ਲੈਵਰੋਵ ਨੇ ਪਰਮਾਣੂ ਟਕਰਾਅ ਦੀ ਚਿਤਾਵਨੀ ਨੂੰ ਵੀ ਦੁਹਰਾਇਆ। ਰੂਸੀ ਆਗੂ ਨੇ ਕਿਹਾ ਕਿ ਇਸ ਨੂੰ ਹਲਕੇ ਵਿਚ ਨਾ ਲਿਆ ਜਾਵੇ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੂੰ ਯੂਕਰੇਨ ਵਿਚ ਗੋਲੀਬੰਦੀ ਦਾ ਸੱਦਾ ਦਿੱਤਾ ਹੈ। ਉਨ੍ਹਾਂ ਅੱਜ ਇੱਥੇ ਲੈਵਰੋਵ ਨਾਲ ਮੁਲਾਕਾਤ ਕੀਤੀ। ਗੁਟੇਰੇਜ਼ ਮਾਸਕੋ ਦੇ ਦੌਰੇ ਉਤੇ ਹਨ ਤੇ ਇਸ ਹਫ਼ਤੇ ਕੀਵ ਵੀ ਜਾਣਗੇ। ਗੁਟੇਰੇਜ਼ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਪ੍ਰਭਾਵੀ ਸੰਵਾਦ ਲਈ ਰਾਹ ਤਲਾਸ਼ ਰਿਹਾ ਹੈ। ਜਲਦੀ ਤੋਂ ਜਲਦੀ ਗੋਲੀਬੰਦੀ ਕਰਾਉਣ ਲਈ ਮਾਹੌਲ ਤਿਆਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਗੁਟੇਰੇਜ਼ ਨੇ ਕਿਹਾ ਕਿ ਉਹ ਯੂਕਰੇਨ ਜੰਗ ਦੇ ਦੁਨੀਆ ਦੇ ਦੂਜੇ ਹਿੱਸਿਆਂ ਉਤੇ ਪੈਣ ਵਾਲੇ ਅਸਰਾਂ ਨੂੰ ਘਟਾਉਣਾ ਚਾਹੁੰਦੇ ਹਨ।
Comments (0)