ਭਾਰਤ ਸਰਕਾਰ ਪੈਗਾਸਸ ਰਾਹੀਂ ਵੱਡੇ ਪੱਤਰਕਾਰਾਂ ਨੂੰ ਬਣਾ ਰਹੀ ਹੈ ਨਿਸ਼ਾਨਾ: ਐਮਨੇਸਟੀ ਇੰਟਰਨੈਸ਼ਨਲ

ਭਾਰਤ ਸਰਕਾਰ ਪੈਗਾਸਸ ਰਾਹੀਂ ਵੱਡੇ ਪੱਤਰਕਾਰਾਂ ਨੂੰ ਬਣਾ ਰਹੀ ਹੈ ਨਿਸ਼ਾਨਾ: ਐਮਨੇਸਟੀ ਇੰਟਰਨੈਸ਼ਨਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 29 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਜਾਸੂਸੀ ਲਈ ਬਣੇ ਸਾਫਟਵੇਅਰ ਪੈਗਾਸਸ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਐਮਨੇਸਟੀ ਇੰਟਰਨੈਸ਼ਨਲ ਅਤੇ ਦ ਵਾਸ਼ਿੰਗਟਨ ਪੋਸਟ ਨੇ ਆਪਣੀ ਇੱਕ ਰਿਪੋਰਟ ਵਿੱਚ ਵੱਡਾ ਦਾਅਵਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਅਜੇ ਵੀ ਪੈਗਾਸਸ ਰਾਹੀਂ ਦੇਸ਼ ਦੇ ਹਾਈ ਪ੍ਰੋਫਾਈਲ ਪੱਤਰਕਾਰਾਂ ਦੀ ਜਾਸੂਸੀ ਕਰ ਰਹੀ ਹੈ। ਜਿਕਰਯੋਗ ਹੈ ਕਿ ਕੇਂਦਰ ਦੀ ਸੱਤਾਧਾਰੀ ਨਰਿੰਦਰ ਮੋਦੀ ਸਰਕਾਰ 'ਤੇ ਪਹਿਲਾਂ ਹੀ ਇਜ਼ਰਾਇਲੀ ਸਾਫਟਵੇਅਰ 'ਪੈਗਾਸਸ' ਦੀ ਵਰਤੋਂ ਕਰਕੇ ਜਾਸੂਸੀ ਕਰਨ ਦੇ ਦੋਸ਼ ਲੱਗ ਚੁੱਕੇ ਹਨ।

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਅਤੇ ਦ ਵਾਸ਼ਿੰਗਟਨ ਪੋਸਟ ਨੇ ਸਾਂਝੀ ਜਾਂਚ ਵਿਚ ਕਿਹਾ ਕਿ ਪੈਗਾਸਸ ਸਪਾਈਵੇਅਰ ਰਾਹੀਂ ਉੱਚ ਪੱਧਰੀ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਐਮਨੈਸਟੀ ਨੇ ਕਿਹਾ ਕਿ ਦ ਵਾਇਰ ਪੱਤਰਕਾਰ ਸਿਧਾਰਥ ਵਰਦਰਾਜਨ, ਪੱਤਰਕਾਰ ਰਵੀ ਨਾਇਰ ਅਤੇ ਆਰਗੇਨਾਈਜ਼ਡ ਕ੍ਰਾਈਮ ਐਂਡ ਕਰੱਪਸ਼ਨ ਰਿਪੋਰਟਿੰਗ ਪ੍ਰੋਜੈਕਟ (ਓਸੀਸੀਆਰਪੀ) ਦੇ ਆਨੰਦ ਮੰਗਨਾਲੇ ਨੂੰ ਉਨ੍ਹਾਂ ਦੇ ਆਈਫੋਨ 'ਤੇ ਸਪਾਈਵੇਅਰ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਐਮਨੈਸਟੀ ਇੰਟਰਨੈਸ਼ਨਲ ਦੀ ਸੁਰੱਖਿਆ ਲੈਬ ਦੇ ਮੁਖੀ ਡੋਨਚਾ ਓ ਸਿਅਰਭੈਲ ਨੇ ਕਿਹਾ, "ਇਹ ਖੋਜਾਂ ਦਰਸਾਉਂਦੀਆਂ ਹਨ ਕਿ ਭਾਰਤ ਵਿੱਚ ਸਪਾਈਵੇਅਰ ਦੀ ਦੁਰਵਰਤੋਂ ਲਗਾਤਾਰ ਜਾਰੀ ਹੈ। ਭਾਰਤ ਵਿੱਚ ਪੱਤਰਕਾਰ, ਕਾਰਕੁਨ ਅਤੇ ਵਿਰੋਧੀ ਸਿਆਸਤਦਾਨ ਇਸ ਸਪਾਈਵੇਅਰ ਤੋਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਰ ਸਕਦੇ ਹਨ।"

ਉਨ੍ਹਾਂ ਕਿਹਾ, "ਭਾਰਤ ਵਿੱਚ ਪੱਤਰਕਾਰਾਂ ਨੂੰ ਸਿਰਫ਼ ਆਪਣਾ ਕੰਮ ਕਰਨ ਲਈ ਗ਼ੈਰ-ਕਾਨੂੰਨੀ ਨਿਗਰਾਨੀ ਦੇ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਧਮਕੀ ਪੱਤਰਕਾਰਾਂ ਲਈ ਪਹਿਲਾਂ ਹੀ ਵਿਰੋਧੀ ਮਾਹੌਲ ਪੈਦਾ ਕਰ ਰਹੀ ਹੈ।"

ਰਿਪੋਰਟ ਮੁਤਾਬਕ ਵਰਦਰਾਜਨ ਨੂੰ 30 ਅਕਤੂਬਰ ਨੂੰ ਐਪਲ ਤੋਂ ਹੈਕਿੰਗ ਨਾਲ ਜੁੜੀ ਚਿਤਾਵਨੀ ਮਿਲੀ ਸੀ। ਐਮਨੈਸਟੀ ਨੇ ਪਾਇਆ ਕਿ ਉਹੀ ਹੈਕਰ ਜਿਨ੍ਹਾਂ ਨੇ ਮੰਗਨਾਲੇ ਦੇ ਫੋਨ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਨੇ ਵਰਦਰਾਜਨ ਦੇ ਫੋਨ 'ਤੇ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿਉਂਕਿ ਪੱਤਰਕਾਰ ਰਵੀ ਅਤੇ ਮੰਗਨਾਲੇ ਨੇ ਹਿੰਡਨਬਰਗ ਰਿਸਰਚ ਨੂੰ ਲੈ ਕੇ ਅਡਾਨੀ ਗਰੁੱਪ ਨਾਲ ਜੁੜੀ ਇੱਕ ਕਹਾਣੀ ਲਿਖੀ ਸੀ, ਜਿਸ ਤੋਂ ਬਾਅਦ ਉਹ ਚਰਚਾ ਵਿੱਚ ਆਏ ਸਨ।