ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਨੋਨੀ ਦਾ 420 ਦੇ ਕੇਸ ਵਿੱਚ ਜੇਲ੍ਹ ਯਾਤਰਾ ਕਰਨਾ ਨਿਮੋਸ਼ੀ ਭਰੀ ਤੇ ਸ਼ਰਮਨਾਕ ਗੱਲ: ਸਰਨਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 29 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਜਦੋਂ ਸਾਰੀ ਕੌਮ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਤਾਂ ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਜਸਮੇਨ ਸਿੰਘ ਨੋਨੀ ਦਾ 420 ਦੇ ਕੇਸ ਵਿੱਚ ਜੇਲ੍ਹ ਯਾਤਰਾ ਕਰਨਾ ਨਿਮੋਸ਼ੀ ਭਰੀ ਤੇ ਸ਼ਰਮਨਾਕ ਗੱਲ ਹੈ । ਪਰ ਇਹਨਾਂ ਗੱਲਾਂ ਨਾਲ ਦਿੱਲੀ ਕਮੇਟੀ ਤੇ ਕਾਬਜ਼ ਹੋਏ ਬੈਠੇ ਹਰਮੀਤ ਸਿੰਘ ਕਾਲਕਾ ਤੇ ਉਸਦੀ ਜੁੰਡਲੀ ਨੂੰ ਕੋਈ ਫਰਕ ਨਹੀ ਪੈਂਦਾ ਕਿਉਂਕਿ ਇਹਨਾਂ ਦਾ ਇੱਕੋ ਇੱਕ ਮਕਸਦ ਹਰ ਹੀਲਾ ਤੇ ਹੇਰਾ ਫੇਰੀ ਕਰਕੇ ਪੈਸਾ ਇਕੱਠਾ ਕਰਨਾ ਹੈ । ਇਹਨਾਂ ਸਭ ਨੂੰ ਇਹਨਾਂ ਦੇ ਆਗੂ ਮਨਜਿੰਦਰ ਸਿਰਸਾ ਨੇ ਇਹੀ ਕੁਝ ਸਿਖਾਇਆ ਹੈ । ਕਿਉਂਕਿ ਜਦੋਂ ਸਿਰਸਾ ਤੇ ਕਾਲਕਾ ਵਰਗਾ ਲੋਕ ਗੁਰੂ ਘਰਾਂ ਨੂੰ ਹਵਾਲੇ ਦੇ ਪੈਸੇ ਲਈ ਵਰਤ ਸਕਦੇ ਹਨ ਤਾਂ ਨੋਨੀ ਵਰਗਿਆਂ ਨੂੰ ਹੇਰਾ ਫੇਰੀਆਂ ਕਰਕੇ ਲੋਕਾਂ ਦੀਆਂ ਜਾਇਦਾਦਾਂ ਦੱਬਣ ‘ਚ ਕਿਸ ਗੱਲ ਦੀ ਸ਼ਰਮ ਹੈ । ਜਸਮੇਨ ਸਿੰਘ ਨੋਨੀ ਖ਼ਿਲਾਫ਼ ਗਾਂਧੀ ਨਗਰ ਪੁਲਿਸ ਸਟੇਸ਼ਨ ਵਿੱਚ 2022 ਵਿੱਚ ਆਈ.ਪੀ.ਸੀ ਦੀ ਧਾਰਾ 420, 447, 448 ਤੇ 471 ਤਹਿਤ ਕੇਸ ਦਰਜ ਹੋਇਆ ਸੀ । ਚਾਹੀਦਾ ਤਾਂ ਇਹ ਸੀ ਕਿ ਜਦੋਂ ਇਹ ਐਫ.ਆਈ.ਆਰ ਦਰਜ ਹੋਈ ਸੀ ਉਸੇ ਵੇਲੇ ਇਸਨੂੰ ਅਹੁਦੇ ਤੋਂ ਹਟਾਇਆ ਜਾਂਦਾ ਪਰ ਇਹ ਕਾਰਵਾਈ ਕਰਨ ਦੀ ਨੈਤਿਕ ਤਾਕਤ ਹਰਮੀਤ ਸਿੰਘ ਕਾਲਕਾ ਵਿੱਚ ਨਹੀ ਹੈ ਕਿਉਂਕਿ ਉਹ ਤੇ ਖੁਦ ਸਿਰ ਤੋਂ ਲੈ ਕੇ ਪੈਰਾਂ ਤੱਕ ਭ੍ਰਿਸ਼ਟਾਚਾਰ ਤੇ ਹੇਰਾ ਫੇਰੀਆਂ ‘ਚ ਲਥਪੱਥ ਹੈ । ਇਸ ਮਹੀਨੇ 13 ਤਰੀਕ ਨੂੰ ਨੋਨੀ ਖ਼ਿਲਾਫ਼ ਮਾਣਯੋਗ ਅਦਾਲਤ ਵੱਲੋਂ ਗੈਰ ਜ਼ਮਾਨਤੀ ਵਰੰਟ ਜਾਰੀ ਕੀਤੇ ਗਏ ਸਨ । ਜਿਸ ਤਹਿਤ ਇਸਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ ਤੇ ਸ਼ਹੀਦੀ ਹਫ਼ਤੇ ਦੌਰਾਨ ਤਿਹਾੜ ਜੇਲ੍ਹ ਦੀ ਹਵਾ ਖਾਣ ਤੋਂ ਬਾਅਦ ਇਸਨੂੰ ਹੁਣ ਜ਼ਮਾਨਤ ਮਿਲੀ ਹੈ ।
ਇਹ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ‘ਚ ਕੋਈ ਨਵੀਂ ਗੱਲ ਨਹੀਂ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਆਦਿ ਇਹ ਸਾਰੀ ਜੁੰਡਲੀ ਦਾ ਰਿਕਾਰਡ ਇਹੋ ਜਿਹੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ ਪਰ ਦਿੱਲੀ ਦੀ ਸੰਗਤ ਹੁਣ ਇਹਨਾਂ ਦੀਆਂ ਕਰਤੂਤਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਤੇ ਇਹਨਾਂ ਤੋਂ ਕੀਤੇ ਹਰ ਕੰਮ ਦਾ ਪੂਰਾ ਪੂਰਾ ਹਿਸਾਬ ਲਵੇਗੀ । ਸਾਡੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਬੇਨਤੀ ਹੈ ਕਿ ਇਹਨਾਂ ਲੋਕਾਂ ਨੇ ਜੋ ਸਰਕਾਰ ਪਾਸੋਂ ਗੰਨਮੈਨ ਲਏ ਹੋਏ ਹਨ । ਉਹਨਾਂ ਦੇ ਸਿਰ ਤੇ ਇਹ ਲੋਕਾਂ ਤੇ ਆਪਣੀ ਪਹੁੰਚ ਹੋਣ ਦਾ ਪ੍ਰਭਾਵ ਪਾ ਕੇ ਠੱਗੀ ਤੇ ਕਬਜ਼ੇ ਕਰਦੇ ਹਨ । ਇਸ ਲਈ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਇਹਨਾਂ ਕੋਲ਼ੋਂ ਸਰਕਾਰੀ ਸੁਰੱਖਿਆ ਵਾਪਸ ਲੈਣੀ ਚਾਹੀਦੀ ਹੈ । ਕਿਉਂਕਿ ਇਹ ਸਰਕਾਰੀ ਸੁਰੱਖਿਆ ਦੀ ਵੀ ਦੁਰਵਰਤੋਂ ਕਰ ਰਹੇ ਹਨ । ਇਸ ਮੌਕੇ ਸਰਦਾਰ ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖਾਲਸਾ, ਕਰਤਾਰ ਸਿੰਘ ਚਾਵਲਾ, ਬਲਦੇਵ ਸਿੰਘ ਰਾਣੀ ਬਾਗ਼, ਭੁਪਿੰਦਰ ਸਿੰਘ ਪੀਆਰਓ ਸਮੇਤ ਬਹੁਤ ਸਾਰੇ ਆਗੂ ਹਾਜਿਰ ਸਨ ।
Comments (0)