ਐਮਐਸਪੀ, ਕਰਜ਼ਾ ਮੁਆਫੀ ਅਤੇ ਬਿਜਲੀ ਬਿੱਲ ਰੱਦ ਕਰਵਾਉਣ ਲਈ ਸੰਘਰਸ਼ ਹੋਵੇਗਾ ਕਰੇਗਾ: ਸੰਯੁਕਤ ਕਿਸਾਨ ਮੋਰਚਾ

ਐਮਐਸਪੀ, ਕਰਜ਼ਾ ਮੁਆਫੀ ਅਤੇ ਬਿਜਲੀ ਬਿੱਲ ਰੱਦ ਕਰਵਾਉਣ ਲਈ ਸੰਘਰਸ਼ ਹੋਵੇਗਾ ਕਰੇਗਾ: ਸੰਯੁਕਤ ਕਿਸਾਨ ਮੋਰਚਾ

500 ਜ਼ਿਲ੍ਹਿਆਂ ਵਿੱਚ ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਟਰੈਕਟਰ ਪਰੇਡ ਹੋਵੇਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 29 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸੰਯੁਕਤ ਕਿਸਾਨ ਮੋਰਚਾ ਦੀ ਆਲ-ਇੰਡੀਆ ਜਨਰਲ ਬਾਡੀ ਮੀਟਿੰਗ ਨੇ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਗਰੰਟੀ ਨਾਲ ਖ੍ਰੀਦ ਯਕੀਨੀ ਬਣਾਉਣ, ਬਿਜਲੀ ਦੇ ਨਿੱਜੀਕਰਨ ਨੂੰ ਰੋਕਣ ਅਤੇ ਕਿਸਾਨਾਂ ਦੀ ਕਰਜ਼ੇ ਦੇ ਜਾਲ ਤੋਂ ਮੁਕਤੀ ਅਤੇ ਹੋਰ ਮੁੱਖ ਮੰਗਾਂ ਦੀ ਪ੍ਰਾਪਤੀ ਲਈ 2024 ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। 

ਇਹਨਾਂ ਮੰਗਾਂ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ (ਕਿਸਾਨਾਂ ਦੇ ਲਖੀਮਪੁਰ ਖੇੜੀ ਕਤਲੇਆਮ ਦਾ ਮੁੱਖ ਸਾਜ਼ਿਸ਼ਕਰਤਾ) ਦੀ ਬਰਖਾਸਤਗੀ ਅਤੇ ਮੁਕੱਦਮਾ ਚਲਾਉਣਾ ਵੀ ਮੁੱਖ ਤੌਰ 'ਤੇ ਸ਼ਾਮਲ ਹੈ।

20 ਰਾਜਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਸੂਬਾਈ ਇਕਾਈਆਂ 10 ਤੋਂ 20 ਜਨਵਰੀ 2024 ਤੱਕ ਪੂਰੇ ਭਾਰਤ ਵਿੱਚ ਘਰ-ਘਰ ਜਾ ਕੇ ਅਤੇ ਪਰਚੇ ਵੰਡ ਕੇ ਵਿਸ਼ਾਲ "ਜਨ ਜਾਗਰਣ ਮੁਹਿੰਮ" ਚਲਾਉਣਗੀਆਂ। ਇਸ ਜਨ ਮੁਹਿੰਮ ਦਾ ਉਦੇਸ਼ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਦਾ ਪਰਦਾਫਾਸ਼ ਕਰਨਾ ਹੈ, ਜੋ ਕਿ ਕਿਸਾਨਾਂ, ਮਜ਼ਦੂਰਾਂ ਅਤੇ ਲੋਕਾਂ ਦੇ ਹਿੱਤਾਂ ਲਈ ਹਾਨੀਕਾਰਕ ਹਨ। ਇਹ ਮੁਹਿੰਮ ਮੋਦੀ ਸਰਕਾਰ ਦੀਆਂਂ ਕਾਰਪੋਰੇਟ ਨੀਤੀਆਂ ਖ਼ਿਲਾਫ਼ ਹੋਵੇਗੀ।ਕਿਸਾਨ-ਮਜ਼ਦੂਰ ਘਰ-ਘਰ ਜਾ ਕੇ ਪਰਚੇ ਵੰਡਣਗੇ ਅਤੇ ਆਰ.ਐਸ.ਐਸ.-ਭਾਜਪਾ ਹਕੂਮਤ ਦੀ ਸਰਪ੍ਰਸਤੀ ਹੇਠ ਹੋ ਰਹੀ ਕਾਰਪੋਰੇਟ ਲੁੱਟ ਵਿਰੁੱਧ ਅਗਾਮੀ ਸਾਂਝੇ ਅਤੇ ਤਾਲਮੇਲ ਵਾਲੇ ਸੰਘਰਸ਼ ਐਕਸ਼ਨਾਂ ਵਿੱਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣਗੇ। ਰਾਜ ਪੱਧਰੀ ਤਾਲਮੇਲ ਕਮੇਟੀਆਂ 30.40 ਕਰੋੜ ਪਰਿਵਾਰਾਂ ਵਿੱਚੋਂ ਘੱਟੋ-ਘੱਟ 40% ਨੂੰ ਕਵਰ ਕਰਨ ਦੇ ਟੀਚੇ ਲਈ ਮੁਹਿੰਮ ਦੀ ਤਿਆਰੀ ਲਈ ਤੁਰੰਤ ਮੀਟਿੰਗ ਕਰਨਗੀਆਂ।

ਸੰਯੁਕਤ ਕਿਸਾਨ ਮੋਰਚਾ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਜ਼ਿਲ੍ਹਾ ਪੱਧਰ 'ਤੇ 26 ਜਨਵਰੀ, 2024 ਦੇ ਗਣਤੰਤਰ ਦਿਵਸ ਨੂੰ "ਟਰੈਕਟਰ ਪਰੇਡ" ਆਯੋਜਿਤ ਕਰੇਗਾ। ਉਮੀਦ ਹੈ ਕਿ ਇਹ ਪਰੇਡ ਘੱਟੋ-ਘੱਟ 500 ਜ਼ਿਲ੍ਹਿਆਂ ਵਿੱਚ ਹੋਵੇਗੀ। ਟਰੈਕਟਰ ਪਰੇਡ ਵਿੱਚ ਭਾਗ ਲੈਣ ਵਾਲੇ ਕਿਸਾਨ ਕੌਮੀ ਝੰਡੇ ਦੇ ਨਾਲ-ਨਾਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਝੰਡੇ ਵੀ ਲਹਿਰਾਉਣਗੇ। ਕਿਸਾਨ ਭਾਰਤ ਦੇ ਸੰਵਿਧਾਨ ਵਿੱਚ ਦਰਜ ਲੋਕਤੰਤਰ, ਸੰਘਵਾਦ, ਧਰਮ ਨਿਰਪੱਖਤਾ ਅਤੇ ਸਮਾਜਵਾਦ ਦੇ ਸਿਧਾਂਤਾਂ ਦੀ ਰਾਖੀ ਕਰਨ ਦਾ ਪ੍ਰਣ ਲੈਣਗੇ। ਟਰੈਕਟਰਾਂ ਦੇ ਨਾਲ-ਨਾਲ ਹੋਰ ਵਾਹਨ ਅਤੇ ਮੋਟਰ ਸਾਈਕਲ ਵੀ ਪਰੇਡ ਵਿੱਚ ਸ਼ਾਮਲ ਹੋਣਗੇ।

ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਭਰ ਦੇ ਕਿਸਾਨਾਂ ਨੂੰ ਫਿਰਕੂ ਅਤੇ ਜਾਤੀਵਾਦੀ ਧਰੁਵੀਕਰਨ ਰਾਹੀਂ ਲੋਕਾਂ ਦਾ ਸ਼ੋਸ਼ਣ ਅਤੇ ਵੰਡਣ ਵਾਲੇ ਕਾਰਪੋਰੇਟ ਫਿਰਕੂ ਗਠਜੋੜ ਨੂੰ ਹਰਾਉਣ ਦੇ ਦ੍ਰਿੜ ਇਰਾਦੇ ਨੂੰ ਦਰਸਾਉਣ ਲਈ ਜਨ ਜਾਗਰਣ ਮੁਹਿੰਮ ਅਤੇ ਟਰੈਕਟਰ ਪਰੇਡ ਨੂੰ ਸਫਲ ਬਣਾਉਣ ਲਈ ਸੱਦਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਤੇਜ਼ ਕੀਤਾ ਜਾਵੇਗਾ।