ਸ਼੍ਰੋਮਣੀ ਅਕਾਲੀ ਦਲ ਦੀ ਸਟੂਡੈਂਟ ਵਿੰਗ ਐਸ.ਓ.ਆਈ ਦੀ ਨਵੀਂ ਟੀਮ ਨੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰ, ਲਿਆ ਅਸ਼ੀਰਵਾਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 19 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਵਿੰਗ ਐਸ.ਓ.ਆਈ ਦੀ ਦਿੱਲੀ ਇਕਾਈ ਦਾ ਹਾਲ ਹੀ ਵਿਚ ਐਲਾਨ ਕੀਤਾ ਗਿਆ ਸੀ। ਜਿਨ੍ਹਾਂ ਨੇ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਸੁਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਪਾਰਟੀ ਦੀ ਦਿੱਲੀ ਇਕਾਈ ਦੀ ਸੀਨੀਅਰ ਆਗੂ ਬੀਬੀ ਰਣਜੀਤ ਕੌਰ ਅਤੇ ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਵੀ ਮੌਜੂਦ ਸਨ।
ਐਸ.ਓ.ਆਈ ਦਿੱਲੀ ਇਕਾਈ ਦੇ ਪ੍ਰਧਾਨ ਮਨਦੀਪ ਸਿੰਘ ਅਤੇ ਸਰਪ੍ਰਸਤ ਮਨਜੋਤ ਸਿੰਘ ਨੇ ਨਵੀਂ ਟੀਮ ਦੇ ਗਠਨ ਲਈ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਬੀਬੀ ਰਣਜੀਤ ਕੌਰ ਅਤੇ ਰਮਨਦੀਪ ਸਿੰਘ ਦਾ ਧੰਨਵਾਦ ਕੀਤਾ। ਦੋਵਾਂ ਆਗੂਆਂ ਨੇ ਕਿਹਾ ਕਿ ਐਸਓਆਈ ਹਮੇਸ਼ਾ ਕਾਲਜ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਹੱਲ ਲਈ ਯਤਨਸ਼ੀਲ ਰਹਿੰਦਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਦਿੱਲੀ ਦੇ ਤਿੰਨਾਂ ਕਾਲਜਾਂ ਵਿੱਚ ਵਿਦਿਆਰਥੀਆਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਦੋਵਾਂ ਆਗੂਆਂ ਨੇ ਵਿਰੋਧੀਆਂ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਦੇ ਮੈਂਬਰ ਕਾਲਜਾਂ ’ਚ ਵਿਦਿਆਰਥੀਆਂ ’ਤੇ ਦਬਾਅ ਬਣਾ ਕੇ ਧਮਕਾਉਣ ਦੀ ਕੋਸ਼ਿਸ਼ ਕਰਦੇ ਹਨ ਉਸ ਨੂੰ ਰੋਕਣ ਲਈ ਵੀ ਐਸ.ਓ.ਆਈ ਮੁਹਿੰਮ ਚਲਾਏਗੀ ਕਿ ਚੋਣਾਂ ਦੌਰਾਨ ਸਿਰਫ਼ ਵਿਦਿਆਰਥੀ ਹੀ ਕਾਲਜਾਂ ਵਿੱਚ ਦਾਖਲ ਹੋਣੇ ਚਾਹੀਦੇ ਹਨ।
Comments (0)