ਪੰਜਾਬੀ ਸਮਾਜ ਵਿਚ ਵਿਚੋਲੇ ਦਾ ਮਹੱਤਵ
ਵਿਚੋਲੇ ਵੱਲੋਂ ਚੰਗਾ ਸਬੰਧ ਜੋੜਨ ਲਈ ਉਸ ਦਾ ਆਦਰ-ਮਾਣ ਕੀਤਾ ਜਾਂਦਾ ਹੈ। ਘਰ ਆਉਣ ’ਤੇ ਵਿਚੋਲੇ ਦੀ ਪੂਰੀ ਖ਼ਾਤਰਦਾਰੀ ਕੀਤੀ ਜਾਂਦੀ ਹੈ ਕਿਉਂਕਿ ਦੋਵਾਂ ਘਰਾਂ ਦੀ ਪੱਤ ਦਾ ਰਾਖਾ ਉਹੀ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜੇਕਰ ਕਿਸੇ ਪਾਸੇ ਕੋਈ ਕਮੀ ਵੀ ਰਹਿ ਜਾਂਦੀ ਹੈ ਤਾਂ ਉਹ ਸਮਝਾ ਕੇ ਇੱਕ ਦੂਜੇ ਨੂੰ ਚੁੱਪ ਕਰਵਾ ਦਿੰਦਾ ਹੈ।
ਵਿਆਹ ਵਿੱਚ ਲੈਣ-ਦੇਣ ਅਤੇ ਹੋਰ ਪਰੰਪਰਾਵਾਂ ਦੀ ਪਾਲਣਾ ਕਰਨ ਲਈ ਉਹ ਆਪਣਾ ਮਹੱਤਵਪੂਰਨ ਕਿਰਦਾਰ ਨਿਭਾਉਂਦਾ ਹੈ। ਇਸ ਕਰਕੇ ਹੀ ਉਹ ਇਸ ਮਹੱਤਵਪੂਰਨ ਕਾਰਜ ਨੂੰ ਸਿਰੇ ਚੜ੍ਹਾਉਂਦਾ ਹੈ। ਕੁੜੀ ਵਾਲੇ ਵਿਚੋਲੇ ਅਤੇ ਵਿਚੋਲਣ ਦਾ ਮਾਣ ਸੂਟ ਅਤੇ ਕੰਬਲ/ਖੇਸ, ਮਿਠਾਈ ਆਦਿ ਦੇ ਕੇ ਕਰਦੇ ਹਨ ਜਦਕਿ ਮੁੰਡੇ ਵਾਲੇ ਵਿਚੋਲੇ ਅਤੇ ਵਿਚੋਲਣ ਦਾ ਮਾਣ ਸੂਟ ਅਤੇ ਕੰਬਲ/ਖੇਸ, ਮਿਠਾਈ ਆਦਿ ਤੋਂ ਬਿਨਾ ਛਾਪ (ਮੁੰਦਰੀ) ਵੀ ਪਾਉਂਦੇ ਹਨ। ਅਜਿਹਾ ਮਾਣ ਅਪਣੱਤ ਵਜੋਂ ਕੀਤਾ ਜਾਂਦਾ ਹੈ ਕਿਉਂਕਿ ਉਸ ਨੂੰ ਦੋਵੇਂ ਘਰਾਂ ਦਾ ਭੇਤ ਹੁੰਦਾ ਹੈ। ਦੋਵੇਂ ਘਰ ਉਸ ਨੂੰ ਆਪਣਾ ਸਮਝਦੇ ਹਨ। ਜਦੋਂ ਉਹ ਵਿਚੋਲੇ ਨੂੰ ਆਪਣਾ ਮੰਨ ਲੈਂਦੇ ਹਨ ਤਾਂ ਉਨ੍ਹਾਂ ਦਾ ਉਸ ਉੱਤੇ ਆਪਣਿਆਂ ਵਾਂਗ ਹੀ ਅਧਿਕਾਰ ਹੋ ਜਾਂਦਾ ਹੈ।
ਸੋ ਰਿਸ਼ਤੇਦਾਰਾਂ ਨਾਲ ਵਿਚੋਲੇ ਲਈ ਵੀ ਗੀਤ ਗਾਏ ਜਾਂਦੇ ਹਨ। ਵਿਚੋਲੇ ਦੀ ਚੰਗੀ ਕਾਰਗੁਜ਼ਾਰੀ ਦੇਖ ਕੇ
ਉਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਅਸੀਸਾਂ ਦਿੱਤੀਆਂ ਜਾਂਦੀਆਂ ਹਨ ਕਿ ਉਸ ਨੇ ਵਧੀਆ ਮੇਲ ਮਿਲਾਇਆ ਹੈ:
ਵਿਚੋਲਿਆ ਵੇ ਤੇਰਾ ਪੁੱਤ ਜੀਵੇ
ਸਾਡਾ ਜੀਵੇ ਵੇ ਪਰਿਵਾਰ।
ਐਸਾ ਬੂਟਾ ਲਾ ਦਿੱਤਾ
ਜਿਹੜਾ ਸੋਹੇ ਬਾਬਲ ਦੇ ਬਾਰ।
ਇਹ ਦੋਹਾ ਮੁੰਡੇ ਅਤੇ ਕੁੜੀ ਵਾਲੇ ਦੋਵੇਂ ਹੀ ਲਾਉਂਦੇ ਹਨ ਕਿਉਂਕਿ ਘਰ ਵਿੱਚ ਜੁਆਈ ਚੰਗਾ ਆ ਜਾਵੇ ਤਾਂ ਸਭ ਨੂੰ ਵਧੀਆ ਲੱਗਦਾ ਹੈ। ਇਸ ਲਈ ਜੇਕਰ ਨੂੰਹ ਚੰਗੀ ਆ ਜਾਵੇ ਤਾਂ ਵੀ ਪਰਿਵਾਰ ਖ਼ੁਸ਼ ਕਿਉਂਕਿ ਨੂੰਹਾਂ ਹੀ ਘਰ ਦੀਆਂ ਨੀਹਾਂ ਹੁੰਦੀਆਂ ਹਨ। ਉਨ੍ਹਾਂ ਨਾਲ ਹੀ ਘਰ ਸਵਰਗ ਬਣਦਾ ਹੈ ਅਤੇ ਦੇਹਲੀ ਭਾਵ ਵੰਸ਼ ਵਧਦੀ ਹੈ। ਵਿਚੋਲੇ ਦੀ ਪ੍ਰਸ਼ੰਸਾ ਕਰਨ ਤੋਂ ਬਾਅਦ ਮਖੌਲ ਕਰਨ ਭਾਵ ਸਿੱਠਣੀਆਂ ਦੀ ਲੜੀ ਵੀ ਸ਼ੁਰੂ ਹੋ ਜਾਂਦੀ ਹੈ। ਪ੍ਰਸ਼ੰਸਾ ਦਾ ਪਾਤਰ ਵਿਚੋਲਾ ਨਿੰਦਿਆ ਦੀ ਜਕੜ ਵਿੱਚ ਆ ਜਾਂਦਾ ਹੈ। ਸਿੱਠਣੀਆਂ ਰਾਹੀਂ ਉਸ ਦੀ ਖ਼ੂਬ ਲਾਹ ਪਾਹ ਕੀਤੀ ਜਾਂਦੀ ਹੈ। ਵਿਚੋਲੇ ਨੂੰ ਬੇਸ਼ਰਮ ਹਾਸੀ ਹੱਸਣੀ ਪੈਂਦੀ ਹੈ ਅਤੇ ਸਬਰ ਕਰਨਾ ਪੈਂਦਾ ਹੈ ਕਿਉਂਕਿ ਉਹ ਗੀਤਾਂ ਰਾਹੀਂ ਉਸ ਦੀ ਬੇਇੱਜ਼ਤੀ ਕਰ ਰਹੀਆਂ ਨਾਲ ਉਹ ਮੁਕਾਬਲਾ ਕਿਵੇਂ ਕਰੇ? ਸਿੱਠਣੀਆਂ ਵਾਲੀਆਂ ਤਾਂ ਇੱਕ ਤੋਂ ਇੱਕ ਸਿੱਠਣੀ ਤਿਆਰ ਰੱਖਦੀਆਂ ਹਨ। ਪਹਿਲੀ ਸਿੱਠਣੀ ਇਹ ਹੁੰਦੀ ਹੈ:
ਕੁੜਮੋਂ ਕੁੜਮੀ ਵਰਤਣਗੇ
ਵਿਚੋਲੇ ਬੈਠੇ ਤਰਸਣਗੇ।
ਵਿਚੋਲਾ ਤਾਂ ਵਿਆਹ ਤੱਕ ਹੀ ਹੁੰਦਾ ਹੈ ਅਤੇ ਵਰਤਣਾ ਵੀ ਕੁੜਮਾਂ ਨੇ ਆਪਸ ਵਿੱਚ ਹੀ ਹੁੰਦਾ ਹੈ, ਪਰ ਤਰਸੇਵਾਂ ਕਿਸ ਗੱਲ ਦਾ? ਇਹ ਸਿਰਫ਼ ਵਿਚੋਲੇ ਨੂੰ ਖਿਝਾਉਣ ਲਈ ਹੁੰਦਾ ਹੈ। ਇੱਥੇ ਹੀ ਬਸ ਨਹੀਂ। ਉਹ ਨਵੇਂ ਬੰਦ ਲੈ ਕੇ ਹੋਰ ਅੱਗੇ ਵਧਦੀਆਂ ਹਨ:
ਕੁੜਮੋਂ ਕੁੜਮੀਂ ਚੰਗੀ ਹੋਈ ਐ
ਵਿਚੋਲੇ ਦੀ ਇੱਜ਼ਤ ਨੰਗੀ ਹੋਈ ਐ।
ਕਾਰਜ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਵਾਲੇ ਵਿਚੋਲੇ ਨੂੰ ਬਦਨਾਮ ਕਰਨ ’ਤੇ ਤੁਲੀਆਂ ਮੇਲਣਾਂ ਇੱਕ ਹੋਰ ਨਵੀਂ ਤੁਹਮਤ ਵਿਚੋਲੇ ਦੀ ਮਾਂ ’ਤੇ ਵੀ ਲਾ ਦਿੰਦੀਆਂ ਹਨ:
ਕੁੜਮੋਂ ਕੁੜਮੀਂ ਅੱਛੀ ਹੋਈ ਐ
ਵਿਚੋਲੇ ਦੀ ਮਾਂ ਦੇ ਵੱਛੀ ਹੋਈ ਐ।
ਅਜਿਹੀਆਂ ਤੁਹਮਤਾਂ ਕੁੜੀ ਵਾਲੇ ਪਾਸੇ ਦੀਆਂ ਮੇਲਣਾਂ ਲਾਉਂਦੀਆਂ ਹੋਈਆਂ ਕੁੜਮਾਂ ਦੀ ਵਡਿਆਈ ਕਰਦੀਆਂ ਹਨ ਅਤੇ ਵਿਚੋਲੇ ਦੀ ਬਗਦੋਈ। ਵਿਚੋਲਾ ਸਬਰ ਸੰਤੋਖ ਅਤੇ ਸਹਿਣਸ਼ੀਲਤਾ ਦਾ ਧਾਰਨੀ ਹੁੰਦਾ ਹੈ। ਇਸ ਲਈ ਇਸ ਨੂੰ ਉਦੋਂ ਹੀ ਪਰਖ ਲਿਆ ਜਾਂਦਾ ਹੈ ਜਦੋਂ ਕਿਸੇ ਪਾਸਿਉਂ ਕਮੀਂ ਦਿਸਦੀ ਹੋਵੇ ਤਾਂ ਉਹ ਝੱਟ ਹੀ ਦਰੁਸਤ ਕਰਦਾ ਹੈ। ਉਹ ਗੱਲ ਨੂੰ ਅੱਗੇ ਨਹੀਂ ਵਧਣ ਦਿੰਦਾ ਸਗੋਂ ਇੱਕ ਦੂਜੇ ਦੀ ਚੰਗਿਆਈ ਦਿਖਾ ਕੇ ਪੇਸ਼ ਕਰਦਾ ਹੈ, ਪਰ ਭੰਡਣ ਵਾਲਿਆਂ ਕੋਲ ਭੰਡਣ ਦੇ ਤਰੀਕਿਆਂ ਦੀ ਕਮੀ ਨਹੀਂ ਹੁੰਦੀ। ਉਨ੍ਹਾਂ ਨੇ ਆਪਣੇ ਸ਼ਬਦਾਂ ਦੇ ਬਾਣਾਂ ਰਾਹੀਂ ਵਿਚੋਲੇ ਨੂੰ ਵਿੰਨ੍ਹ ਹੀ ਦੇਣਾ ਹੈ:
ਕੁੜਮੋਂ ਕੁੜਮੀਂ ਲੱਖ ਵਾਰੀ
ਵਿਚੋਲੇ ਦੀ ਢੂਹੀ ਵਿੱਚ ਲੱਤ ਮਾਰੀ।
ਵਿਚੋਲਾ ਤਾਂ ਅਜੇ ਆਪਣੀ ਗ਼ਲਤੀ ਬਾਰੇ ਹੀ ਸੋਚਦਾ ਹੈ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਲੱਤ ਮਾਰਨ ਵਾਲੀ ਗੱਲ ਕਿਉਂ ਹੁੰਦੀ ਹੈ ਤਾਂ ਅਚਾਨਕ ਉਸ ਉੱਤੇ ਸਿੱਠਣੀ ਦਾ ਇੱਕ ਹੋਰ ਬਾਣ ਡਿੱਗਦਾ ਹੈ:
ਕੁੜਮੋਂ ਕੁੜਮੀਂ ਸੌ ਵਾਰੀ
ਵਿਚੋਲੇ ਦੀ ਢੂਹੀ ਵਿੱਚ ਚੌ ਮਾਰੀ।
ਚੌ ਹਲ਼ ਵਿੱਚ ਜੜਿਆ ਉਹ ਪੁਰਜ਼ਾ ਹੈ ਜੋ ਬਹੁਤ ਹੀ ਤਿੱਖਾ ਹੁੰਦਾ ਹੈ। ਉਹ ਧਰਤੀ ਵਿੱਚ ਖੁੱਭ ਕੇ ਉਸ ਨੂੰ ਚੀਰਦਾ ਹੋਇਆ ਅੱਗੇ ਵਧਦਾ ਹੈ। ਸੋ ਉਹ ਵੀ ਵਿਚੋਲੇ ਦੀ ਕਮਰ ਵਿੱਚ ਮਾਰਨ ਦੀ ਲੋੜ ਸਮਝੀ ਗਈ। ਵਿਚੋਲਾ ਅੰਤਾਂ ਦੀ ਸਹਿਣਸ਼ੀਲਤਾ ਦਾ ਧਾਰਨੀ ਹੁੰਦਾ ਹੈ ਅਤੇ ਸਿੱਠਣੀਆਂ ਦੇ ਬਾਣਾਂ ਨੂੰ ਇਸ਼ਕ ਦੇ ਮਰੀਜ਼ ਵਾਂਗ ਸਹਿ ਜਾਂਦਾ ਹੈ ਕਿਉਂਕਿ ਵਿਚੋਲਾ ਬਣਨਾ ਵੀ ਕੋਈ ਸੌਖਾ ਕੰਮ ਨਹੀਂ। ਇਸ ਨੂੰ ਨਿਭਾਉਣ ਲਈ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ, ਪਰ ਇਹ ਇਸ਼ਕ ਵਾਂਗ ਸਿਦਕ ਅਤੇ ਸਿਰੜ ਨਾਲ ਹੀ ਨਿਭਾਉਣਾ ਪੈਂਦਾ ਹੈ। ਫਿਰ ਵੀ ਸਿੱਠਣੀਆਂ ਦੇਣ ਵਾਲੀਆਂ ਉਸ ਦੇ ਸਬਰ ਨੂੰ ਪਰਖਣ ਲਈ ਅਜਿਹੇ ਸ਼ਬਦਾਂ ਦੀ ਚੋਣ ਕਰਦੀਆਂ ਹਨ ਕਿ ਹਰ ਵਾਰ ਬਾਣ ਦਾ ਰੁਖ਼ ਨਿਵੇਕਲਾ ਹੁੰਦਾ ਹੈ:
ਮੱਕੀ ਦਾ ਦਾਣਾ ਟਿੰਡ ਵਿੱਚ ਨੀਂ,
ਵਿਚੋਲਾ ਨ੍ਹੀਂ ਛੱਡਣਾ ਪਿੰਡ ਵਿੱਚ ਨੀਂ।
ਸਿੱਠਣੀਆਂ ਦੇਣ ਵਾਲੀਆਂ ਇੱਕ ਨਹੀਂ ਬਲਕਿ ਦੋ ਜਣੀਆਂ ਹੁੰਦੀਆਂ ਹਨ। ਵਿਚੋਲੇ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਦੇ ਨਾਲ ਨਾਲ ਉਸ ਦਾ ਚੰਗੀ ਤਰ੍ਹਾਂ ਜਲੂਸ ਕੱਢਣ ’ਤੇ ਤੁਲ ਜਾਂਦੀਆਂ ਹਨ:
ਮੱਕੀ ਦਾ ਦਾਣਾ ਕੋਠੇ ’ਤੇ
ਵਿਚੋਲਾ ਚੜ੍ਹਾਉਣਾ ਝੋਟੇ ’ਤੇ।
ਉਂਜ ਤਾਂ ਗੁਨਾਹਗਾਰ ਨੂੰ ਮੂੰਹ ਕਾਲਾ ਕਰਕੇ ਗਧੇ ਉੱਪਰ ਬਿਠਾ ਕੇ ਪਿੰਡ ਦਾ ਚੱਕਰ ਲੁਆਇਆ ਜਾਂਦਾ ਹੈ, ਪਰ ਮੇਲਣਾਂ ਇਸ ਪਰਿਪਾਟੀ ਵਿੱਚ ਸੋਧ ਕਰਕੇ ਵਿਚੋਲੇ ਨੂੰ ਝੋਟੇ ’ਤੇ ਚੜ੍ਹਾ ਕੇ ਪਿੰਡ ਦਾ ਚੱਕਰ ਲੁਆਉਣ ਲਈ ਤਿਆਰ ਹਨ। ਵਿਚੋਲੇ ਨੂੰ ਪਿੰਡੋਂ ਕੱਢਣਾ, ਉਸ ਨੂੰ ਝੋਟੇ ’ਤੇ ਚੜ੍ਹਾਉਣਾ ਅਤੇ ਉਸ ਨੂੰ ਹੋਰ ਵੱਧ ਘੱਟ ਕਹਿਣਾ ਤਾਂ ਮੇਲਣਾਂ ਲਈ ਆਮ ਗੱਲ ਹੈ। ਉਹ ਵਿਚੋਲੇ ਨੂੰ ਪਿੰਡ ਦੀ ਜੂਹ ਵਿੱਚੋਂ ਵੀ ਕੱਢਣ ਦੀ ਗੱਲ ਕਰ ਦਿੰਦੀਆਂ ਹਨ:
ਮੱਕੀ ਦਾ ਦਾਣਾ ਖੂਹ ਵਿੱਚ ਨੀਂ
ਵਿਚੋਲਾ ਨ੍ਹੀਂ ਛੱਡਣਾ ਜੂਹ ਵਿੱਚ ਨੀਂ।
ਵਿਚੋਲੇ ਨੂੰ ਸਿੱਠਣੀਆਂ ਦੇਣ ਦਾ ਮਕਸਦ ਸੱਚੀਮੁੱਚੀ ਉਸ ਨੂੰ ਬਦਨਾਮ ਕਰਨਾ ਨਹੀਂ ਬਲਕਿ ਖ਼ੁਸ਼ੀ ਦੇ ਮੌਕੇ ’ਤੇ ਜਿਵੇਂ ਘਰ ਦੇ ਪ੍ਰਾਹੁਣਿਆਂ ਨੂੰ, ਨਾਨਕੀਆਂ ਵੱਲੋਂ ਦਾਦਕੀਆਂ ਨੂੰ ਅਤੇ ਹੋਰ ਰਿਸ਼ਤੇਦਾਰਾਂ ਨੂੰ ਸਿੱਠਿਆ ਜਾਂਦਾ ਹੈ ਉਵੇਂ ਜਿਵੇਂ ਹੀ ਵਿਚੋਲੇ ਨੂੰ ਅਪਣੱਤ ਦਿਖਾ ਕੇ ਸਿੱਠਿਆ ਜਾਂਦਾ ਹੈ। ਇਹ ਸਿੱਠਣੀਆਂ ਸਾਡੀ ਲੋਕਧਾਰਾ ਦੀ ਇੱਕ ਮਹੱਤਵਪੂਰਨ ਵਿਧਾ ਹੈ ਜਿਸ ਦੀ ਵਰਤੋਂ ਵਿਆਹ ਸ਼ਾਦੀ ਮੌਕੇ ਕਰਨਾ ਚੰਗਾ ਲੱਗਦਾ ਹੈ। ਔਰਤਾਂ ਦਾ ਇਸ ਕਲਾ ਵਿੱਚ ਨਿਪੁੰਨ ਹੋਣ ਵੀ ਸਾਡੇ ਅਮੀਰ ਸੱਭਿਆਚਾਰ ਦੀ ਨਿਸ਼ਾਨੀ ਹੈ।
ਜੋਗਿੰਦਰ ਕੌਰ ਅਗਨੀਹੋਤਰੀ
Comments (0)