ਗੁਰਦਾਸ ਮਾਨ ਨਵੇਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਰਾਹੀਂ ਮੁੜ ਆਲੋਚਨਾ ਦਾ ਸ਼ਿਕਾਰ

ਗੁਰਦਾਸ ਮਾਨ ਨਵੇਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਰਾਹੀਂ ਮੁੜ ਆਲੋਚਨਾ ਦਾ ਸ਼ਿਕਾਰ

*ਗੁਰਦਾਸ ਮਾਨ  ਭਗਵੀ ਸਿਆਸਤ ਦਾ ਫੀਲਾ *ਭਾਜਪਾ ਦੇ  ਹਿੰਦੂ ਫਾਸ਼ੀਵਾਦ ਦੇ ਭਾਸ਼ਾਈ ਸਾਮਰਾਜਵਾਦ ਦੀ  ਕਰ ਰਿਹਾ ਹਮਾਇਤ

ਕਵਰ ਸਟੋਰੀ

ਉੱਘੇ ਗਾਇਕ ਗੁਰਦਾਸ ਮਾਨ ਆਪਣੇ ਨਵੇਂ ਗੀਤ ‘ “ ਗੱਲ ਸੁਣੋ ਪੰਜਾਬੀ ਦੋਸਤੋ “ ਰਾਹੀ ਭਾਵਕੁਤਾ ਦੇ ਲਬਾਦੇ ਅੰਦਰ ਮੁਲਕ ਦੀ ਸਾਂਝੀ ਬੋਲੀ ਵਜੋਂ ਹਿੰਦੀ ਦੀ ਵਜ਼ਾਹਤ ਕਰਨ ਦੇ ਆਪਣੇ ਬੱਜਰ ਸਿਆਸੀ ਗੁਨਾਹ ਨੂੰ ਮੁੜ ਸਹੀ ਠਹਿਰਾਉਣ ਤੇ ਪ੍ਰਵਾਨਗੀ ਦਿਵਾਉਣ ਲਈ ਹਮਲਾਵਰ ਹੋ ਕੇ ਸਾਹਮਣੇ ਆਇਆ ਹੈ। ਉਹ ਆਪਣੇ ਵਿਚਾਰ ਦੀ ਅਲੋਚਨਾ ਕਰਨ ਵਾਲਿਆਂ ਨੂੰ ਹਿੰਦੂ ਰਾਸ਼ਟਰਵਾਦੀਆਂ ਵਾਂਗੂੰ “ਦੁਸ਼ਮਣ” ਕਰਾਰ ਦੇ ਰਿਹਾ ਹੈ ਜਿਸ ਦਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹਰ ਪੰਜਾਬੀ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਸੋਸ਼ਲ ਮੀਡੀਆ ’ਤੇ ਗੁਰਦਾਸ ਮਾਨ ਨੂੰ ਕਾਫ਼ੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦਾਸ ਮਾਨ ਨਾਲ ਮੱਤ-ਭੇਦਾਂ ਦਾ ਮਸਲਾ ਮੁਲਕ ਅੰਦਰ ਬੋਲੀਆਂ , ਉਹਨਾ ਦੇ ਰੁਤਬੇ ਅਤੇ ਮੁਲਕ ਦੀ ਇਕ ਸਾਂਝੀ ਬੋਲੀ ਹੋਵੇ, ਨਾ ਹੋਵੇ ਤੇ ਕੀ ਹੋਵੇ ਬਾਰੇ ਹੈ ਜੋ ਕਿ ਨਿਰੋਲ ਇਕ ਸਿਆਸੀ ਸੁਆਲ ਹੈ। ਮਾਨ ਦਾ ਰੋਲੇ ਵਾਲਾ ਇਹ ਬਿਆਨ ਉਸ ਵੇਲੇ ਆਇਆ ਸੀ ਜਦੋਂ ਮੁਲਕ ਦਾ ਗ੍ਰਹਿ ਮੰਤਰੀ ਇਕ ਮੁਲਕ ਤੇ ਇਕ ਭਾਸ਼ਾ ਦੇ ਸਿਧਾਂਤ ਨੂੰ ਅੱਗੇ ਵਧਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਹਿੰਦੀ ਮੁਲਕ ਦੀ ਸਾਂਝੀ ਕੌਮੀ ਬੋਲੀ ਹੋਣੀ ਚਾਹੀਦੀ ਹੈ। ਇਹ ਇੰਡੀਆ ਦੇ ਸੰਵਿਧਾਨ ਅੰਦਰ ਬੋਲੀਆਂ ਦੇ ਰੁਤਬੇ ਦੀ ਘੋਰ ਉਲੰਘਣਾ ਸੀ।ਭਾਰਤ ਕੋਈ ਕੌਮ ਨਹੀ ਹੈ ,  ਇੰਡੀਆ ਦਾ ਸੰਵਿਧਾਨ ਕਹਿੰਦਾ ਹੈ ਕਿ ਮੁਲਕ ਰਾਜਾਂ ਦੀ ਯੂਨੀਅਨ ਹੈ।  ਇਸੇ ਲਈ ਲੱਗਭੱਗ ਦੋ ਦਰਜਨ ਬੋਲੀਆਂ ਨੂੰ ਮੁਲਕ ਅੰਦਰ ਬਰਾਬਰ ਦਾ ਰੁਤਬਾ ਦਿੱਤਾ ਹੋਇਆ ਹੈ। ਇਸ ਦੇ ਨਾਲ ਹੀ ਕੇਂਦਰ ਅਤੇ ਰਾਜਾਂ ਵਿਚਕਾਰ ਆਪਸੀ ਸੰਚਾਰ ਲਈ ਪਹਿਲਾਂ ਅੰਗਰੇਜ਼ੀ ਭਾਸ਼ਾ ਨੂੰ ਮਾਨਤਾ ਸੀ ਤੇ ਬਾਅਦ ਵਿੱਚ ਇਸ ਨਾਲ ਹਿੰਦੀ ਜੋੜ ਦਿੱਤੀ ਗਈ। ਇੰਡੀਆ ਦੀ ਕੋਈ ਕੌਮੀ ਭਾਸ਼ਾ ਨਹੀ ਹੈ। ਇਸੇ ਲਈ ਮੁਲਕ ਦੀ ਅਨੇਕਤਾ ਮੂਲ ਹੈ ਤੇ ਏਕਤਾ ਆਪਸੀ ਸਾਂਝੇ ਹਿਤਾਂ ‘ਤੇ ਆਧਾਰਿਤ ਹੈ।ਗੁਰਦਾਸ ਮਾਨ ਦਾ ਤਰਕ ਸੰਘ ਪਰਿਵਾਰ ਵਰਗਾ ਹੈ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇਕ ਹੈ, ਦੇਸ਼ ਦੀ ਏਕਤਾ ਅਖੰਡਤਾ, ਭਾਰਤੀ ਰਾਸ਼ਟਰਵਾਦ ਤੇ ਹੁਣ ਹਿੰਦੂ ਰਾਸ਼ਟਰਵਾਦ ਉਭਾਰਿਆ ਜਾ ਰਿਹਾ ਹੈ। ਹੁਣ ਅਨੇਕਤਾ ਵਿੱਚ ਏਕਤਾ ਦੀ ਥਾਂ ਏਕਤਾ ਵਿੱਚ ਅਨੇਕਤਾ ਦਾ ਸੰਕਲਪ ਉਭਾਰਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਭਾਰਤੀ ਹਾਂ। ਯਾਦ ਰਹੇ ਕਿ ਅਮਿੱਤ ਸ਼ਾਹ ਦੀ ਮੁਲਕ ਦੀ ਸਾਂਝੀ/ਕੌਮੀ ਭਾਸ਼ਾ ਹਿੰਦੀ ਬਣਾਉਣ ਵਾਲੀ ਮੁਹਿੰਮ ਦਾ ਜ਼ਬਰਦਸਤ ਵਿਰੋਧ ਹੋਇਆ ਸੀ ਤੇ ਉਸਨੂੰ ਆਪਣੇ ਉਸ ਬਿਆਨ ਨੂੰ ਵਾਪਸ ਲੈਣ ਵਰਗੀ ਸਫਾਈ ਦੇਣੀ ਪਈ ਸੀ  ।  ਇਸ ਹਾਲਤ ਵਿੱਚ ਹੀ ਗੁਰਦਾਸ ਮਾਨ ਵੱਲੋਂ ਹਿੰਦੀ ਨੂੰ ਮੁਲਕ ਦੀ ਕੌਮੀ ਭਾਸ਼ਾ ਬਣਾਉਣ ਦੀ ਮੁਹਿੰਮ ਦਾ ਸਮਰਥਨ ਕਰਨ ਤੇ ਹਿੰਦੀ ਨੂੰ ਪੰਜਾਬੀਆਂ ਦੀ ਮਾਸੀ ਭਾਸ਼ਾ ਦਾ ਰੁਤਬਾ ਦੇਣ ਦਾ ਕੈਨੇਡਾ ਦੀ ਧਰਤੀ ਉਪਰ ਪੰਜਾਬੀਆਂ ਵਲੋਂ ਵਿਰੋਧ ਹੋਇਆ ਸੀ। ਗੁਰਦਾਸ ਮਾਨ ਇਸ ਗੰਭੀਰ ਸਿਆਸੀ ਮੁੱਦੇ ਮਾਂ ਬੋਲੀ ਦੇ ਰੁਤਬੇ ਤੇ ਹਿੰਦੀ ਦੇ ਕੌਮੀ ਭਾਸ਼ਾ ਹੋਣ ਬਾਰੇ ਉਸ ਵੇਲੇ ਵੀ ਗਲਤ ਸੀ ਤੇ ਇਸ ਗੀਤ ਰਾਹੀ ਅਸਲ ਮੁੱਦੇ ਨੂੰ ਭਾਵਕੁਤਾ ਨਾਲ ਰੋਲਣ ਪੱਖੋਂ ਅੱਜ ਵੀ ਗਲਤ ਹੈ।     ਭਾਵੇਂ ਗੀਤ ਦੇ ਰੂਪ ਵਿਚ ਮਾਨ ਨੇ ਆਪਣੀ ਗੱਲ ਨੂੰ ਤਰਕ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ, ਪਰ ਪੰਜਾਬੀਆਂ ਨੂੰ ਉਨ੍ਹਾਂ ਦਾ ਤਰਕ ਹਜ਼ਮ ਨਹੀਂ ਹੋਇਆ ।  ਗੁਰਦਾਸ ਮਾਨ ਦੇ ਉਪਾਸ਼ਕ ਕਹਿੰਦੇ ਹਨ ਕਿ ਉਸਦਾ ਕੱਦ ਵੱਡਾ ਹੈ। ਪਰ ਇਹ ਕੱਦ ਕਿਸ ਖੇਤਰ ਵਿੱਚ ਵੱਡਾ ਹੈ? ਕਦੇ ਉਸਨੇ ਆਪਣੇ ਕਿਸੇ ਗੀਤ ਅੰਦਰ ਪੰਜਾਬ ਦੇ ਕਿਸੇ ਦੁੱਖ, ਲੁੱਟ , ਬੇਇਨਸਾਫੀ ਤੇ ਢਾਹੇ ਜੁਲਮ ਦੀ ਕਦੇ ਬਾਤ ਪਾਈ ਹੈ? ਪੰਜਾਬੀ ਗੀਤ ਸੰਗੀਤ ਦੇ ਖੇਤਰ ਵਿੱਚ ਕੱਦ ਵੱਡਾ ਹੋਣ ਨਾਲ ਕੀ ਅਜਿਹਾ ਸਿਆਸੀ ਝੱਲ ਖਿਲਾਰਨ ਦਾ ਹੱਕ ਮਿਲ ਜਾਂਦਾ ਹੈ? ਉਸਦਾ ਇਹ ਬਿਆਨ ਸਿਰਫ ਪੰਜਾਬੀ ਭਾਸ਼ਾ ਹੀ ਨਹੀ ਸਗੋਂ ਮੁਲਕ ਦੀਆਂ ਹੋਰਨਾ ਭਾਸ਼ਾਵਾਂ ਦੇ ਜੜਾਂ ਵਿੱਚ ਦਾਤੀ ਫੇਰਨ ਵਾਲਾ ਸੀ ਤੇ ਅੱਜ ਵੀ ਹੈ ।ਗੁਰਦਾਸ ਮਾਨ ਮੁਲਕ ਦੀ ਭਗਵੀ ਸਿਆਸਤ ਤੇ ਮੁਲਕ ਅੰਦਰ ਇਕ ਬੋਲੀ ਦੀ ਸਿਆਸਤ ਨੂੰ ਸਮਝਣ ਲਈ ਬੌਧਿਕ ਕੰਗਾਲੀ ਦਾ ਸ਼ਿਕਾਰ  ਤੇ ਫੀਲਾ ਹੈ। 

ਯਾਦ ਰਹੇ ਕਿ ਪਹਿਲਾਂ ਗੁਰਦਾਸ ਮਾਨ ਨੇ ਕਾਂਗਰਸ ਦੇ ਸੈਕੂਲਰ ਚਿਹਰੇ ਵਾਲ਼ੇ ਹਿੰਦੂ ਫਾਸ਼ੀਵਾਦ ਦੇ ਹੱਕ ਵਿੱਚ ਹਵਾ ਬਣਾਉਣ ‘ਵਿਚ ਹਿੱਸਾ ਪਾਇਆ, ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਨੰਗੇ-ਚਿੱਟੇ ਹਿੰਦੂ ਫਾਸ਼ੀਵਾਦ ਦੇ ਭਾਸ਼ਾਈ ਸਾਮਰਾਜਵਾਦ ਦੀ ਹਮਾਇਤ ਕਰ ਰਿਹਾ ਹੈ।ਸਾਰੀ ਗੱਲ ਦਾ ਮੁੱਖ ਮਕਸਦ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨੂੰ ਹੌਲ਼ੀ-ਹੌਲ਼ੀ ਹਿੰਦੂਵਾਦ ਵਿੱਚ ਜਜ਼ਬ ਕਰਨਾ ਹੈ। ਗੁਰਦਾਸ ਮਾਨ ਵਰਗੇ ਝੂਠੇ ਸੱਭਿਆਚਾਰਕ ਮੁਨਾਰੇ ਸਥਾਪਤ ਹੋਣੇ ਹੀ ਅਸਲ ਮਸਲਾ ਹੈ।

ਫੇਸਬੁੱਕ ’ਤੇ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਕੈਨੇਡਾ ਨੇ ਮਾਨ ਨੂੰ ਲਾਹਨਤਾ ਪਾਉਂਦਿਆਂ ਲਿਖਿਆ ਹੈ ਕਿ ਪੰਜਾਬੀਆਂ ਨੇ ਕਦੋਂ ਕਿਹਾ ਕਿ ਬੰਗਾਲ ਵਿਚ ਜਾ ਕੇ ਪੰਜਾਬੀ ਵਿਚ ਗੱਲ ਕਰੋ। ਉਨ੍ਹਾਂ ਗੁਰਦਾਸ ਮਾਨ ਨੂੰ ਸਵਾਲ ਕੀਤਾ ਕਿ ਜੇਕਰ ਤੁਹਾਨੂੰ ਗੁੱਸਾ ਆ ਸਕਦਾ ਹੈ ਤੇ ਤੁਸੀਂ ਗਾਲ੍ਹ ਕੱਢ ਸਕਦੇ ਹੋ ਤਾਂ ਦੂਜਾ ਮੁਰਦਾਬਾਦ ਵੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਸਵਿੰਦਰ ਸਿੰਘ ਐਡਵੋਕੇਟ ਨੇ ਕੁਮੈਂਟ ਕੀਤਾ ਹੈ ਕਿ ਗੁਰਦਾਸ ਮਾਨ ਆਪਣੇ ਬੱਜਰ ਗੁਨਾਹ ਨੂੰ ਮੁੜ ਸਹੀ ਠਹਿਰਾਉਣ ਲਈ ਹਮਲਾਵਰ ਹੋ ਕੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਾਨ ਮਾਂ ਬੋਲੀ ਦੇ ਰੁਤਬੇ ਨੂੰ ਲੈ ਕੇ ਪਹਿਲਾਂ ਵੀ ਗਲਤ ਸੀ ਤੇ ਨਵੇਂ ਗੀਤ ਰਾਹੀਂ ਵੀ ਗਲਤ ਹੈ ਤੇ ਉਹ ਬੋਲੀ ਦੀ ਸਿਆਸਤ ਨੂੰ ਸਮਝਣ ਲਈ ਬੌਧਿਕ ਕੰਗਾਲੀ ਦਾ ਸ਼ਿਕਾਰ ਹੋਇਆ ਹੈ। ਵੱਡਾ ਗਾਇਕ ਤੇ ਗੀਤਕਾਰ ਹੋ ਕੇ ਵੀ ਉਸਨੂੰ ਬੋਲੀ ਦੇ ਸਿਆਸੀ ਅਰਥਾਂ ਦੀ ਸਮਝ ਨਹੀੰ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਬਾਰੇ ਇਕ ਬਿਆਨ ਦਿੱਤਾ ਸੀ ਜਿਸਦਾ ਪੰਜਾਬੀਆਂ ਨੇ ਵੱਡੇ ਪੱਧਰ ’ਤੇ ਵਿਰੋਧ ਕੀਤਾ ਸੀ। ਮਾਨ ਨੂੰ ਕੈਨੇਡਾ ਵਿਚ ਸ਼ੋਅ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਨ੍ਹਾਂ ਚੱਲਦੇ ਸ਼ੋਅ ਵਿਚ ਗਾਲ੍ਹ ਕੱਢ ਦਿੱਤੀ ਸੀ, ਜਿਸ ਤੋਂ ਬਾਅਦ ਪੰਜਾਬੀ ਪੇ੍ਮੀਆਂ ਨੇ ਇਸਦਾ ਵਿਰੋਧ ਕੀਤਾ ਸੀ। ਹੁਣ ਪੰਜਾਬੀ ਪੇ੍ਮੀ ਗੁਰਦਾਸ ਮਾਨ ’ਤੇ ਸਵਾਲ ਖੜ੍ਹੇ ਕਰ ਰਹੇ ਹਨ ਕਿ ਹੁਣ ਦੁਬਾਰਾ ਗਾਲ੍ਹ ਕੱਢ ਕੇ ਗੁਰਦਾਸ ਮਾਨ ਕੀ ਸਾਬਤ ਕਰਨਾ ਚਾਹੁੰਦੇ ਹਨ?

 

ਪ੍ਰਗਟ ਸਿੰਘ ਜੰਡਿਆਲਾ ਗੁਰੂ