ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਤੇ ਮਿਸ਼ੈਲ ਉਬਾਮਾ ਮੰਗਣਗੇ ਕਮਲਾ ਹੈਰਿਸ ਲਈ ਵੋਟਾਂ

ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਤੇ ਮਿਸ਼ੈਲ ਉਬਾਮਾ ਮੰਗਣਗੇ ਕਮਲਾ ਹੈਰਿਸ ਲਈ ਵੋਟਾਂ
ਕੈਪਸ਼ਨ ਬਰਾਕ ਉਬਾਮਾ ਤੇ ਮਿਸ਼ੈਲ ਉਬਾਮਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਚੋਣ ਪ੍ਰਚਾਰ ਦੇ ਆਖਰੀ ਪੜਾਅ ਦੌਰਾਨ ਚੋਣ ਮੁਹਿੰਮ ਵਿਚ ਨਵੀਂ ਰੂਹ ਫੂਕਣ ਦੇ ਮੰਤਵ ਨਾਲ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਤੇ ਉਨਾਂ ਦੀ ਪਤਨੀ ਮਿਸ਼ੈਲ ਉਬਾਮਾ ਅਗਲੇ ਹਫਤੇ ਵੱਖਰੇ ਵੱਖਰੇ ਤੌਰ 'ਤੇ ਡੈਮੋਕਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਕਮਲਾ ਹੈਰਿਸ ਲਈ ਵੋਟਾਂ ਮੰਗਣਗੇ। ਉਹ ਵੱਖ ਵੱਖ ਸਮਾਗਮਾਂ ਦੌਰਾਨ ਕਮਲਾ ਹੈਰਿਸ ਨਾਲ ਸੰਬੋਧਨ ਕਰਨਗੇ। ਇਹ ਜਾਣਕਾਰੀ ਹੈਰਿਸ ਦੀ ਚੋਣ ਮੁਹਿੰਮ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ।

ਇਥੇ ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਉਬਾਮਾ ਤੇ ਉਨਾਂ ਦੀ ਪਤਨੀ ਡੈਮੋਕਰੈਟਿਕ ਸਫਾਂ ਵਿਚ ਬਹੁਤ ਅਸਰ ਰਸੂਖ ਰਖਦੇ ਹਨ ਤੇ ਪਾਰਟੀ ਆਸ ਕਰਦੀ ਹੈ ਕਿ ਉਹ ਉਨਾਂ ਰਾਜਾਂ ਜਿਥੇ ਜਿੱਤ ਦਾ ਫਰਕ ਬਹੁਤ ਥੋੜਾ ਰਹਿਣ ਦੀ ਸੰਭਾਵਨਾ ਹੈ, ਵਿਚ ਵਫਾਦਾਰ ਡੈਮੋਕਰੈਟ ਵੋਟਰਾਂ ਵਿੱਚ ਨਵਾਂ ਜੋਸ਼ ਭਰਨ ਵਿੱਚ ਸਫਲ ਹੋਣਗੇ। ਮਿਸ਼ੈਲ ਉਬਾਮਾ ਚੋਣ ਮੁਹਿੰਮ ਦੌਰਾਨ ਪਹਿਲੀ ਵਾਰ ਮਿਸ਼ੀਗਨ ਵਿਚ ਹੈਰਿਸ ਨਾਲ 26 ਅਕਤੂਬਰ ਨੂੰ ਚੋਣ ਪ੍ਰਚਾਰ ਕਰਨਗੇ ਤੇ ਸਮਾਗਮਾਂ ਨੂੰ ਸੰਬੋਧਨ ਕਰਨਗੇ। ਉਨਾਂ ਦੇ ਪਤੀ ਬਰਾਕ ਉਬਾਮਾ ਅਗਲੇ ਹਫਤੇ ਜਾਰਜੀਆ ਵਿਚ ਹੈਰਿਸ ਨਾਲ ਚੋਣ ਪ੍ਰਚਾਰ ਕਰਨਗੇ। ਹਾਲ ਹੀ ਵਿਚ ਉਨਾਂ ਨੇ ਪਿਟਸਬਰਗ ਵਿਚ ਸਮਾਗਮ ਨੂੰ ਸੰਬੋਧਨ ਕੀਤਾ ਸੀ। ਆਉਣ ਵਾਲੇ ਦਿਨਾਂ ਵਿਚ ਉਹ ਟਕਸਨ, ਲਾਸ ਵੇਗਾਸ, ਡੈਟਰਾਇਟ ਤੇ ਮੈਡੀਸਨ ਵਿਚ ਚੋਣ ਪ੍ਰਚਾਰ ਕਰਨਗੇ। ਇਥੇ ਇਹ ਵੀ ਵਰਨਣਯੋਗ ਹੈ ਕਿ ਹੈਰਿਸ ਨੇ 2008 ਵਿਚ ਰਾਸ਼ਟਰਪਤੀ ਅਹੁੱਦੇ ਲਈ ਬਰਾਕ ਉਬਾਮਾ ਦਾ ਸਮਰਥਨ ਕੀਤਾ ਸੀ ਜਦ ਕਿ ਉਬਾਮਾ ਨੇ 2024 ਵਿਚ ਪਾਰਟੀ ਉਮੀਦਵਾਰ ਵਜੋਂ ਕਮਲਾ ਹੈਰਿਸ ਲਈ ਪਰਦੇ ਪਿੱਛੇ ਸਮਰਥਨ ਜੁਟਾਇਆ ਸੀ।