ਮੋਦੀ ਸਰਕਾਰ ਖਿਲਾਫ ਕਿਸਾਨ 13 ਫਰਵਰੀ ਫਿਰ ਕਰਨਗੇ ਅੰਦੋਲਨ
*ਮੁੜ ਘੇਰਨਗੇ ਦਿੱਲੀ, ਭਾਰਤ ਦੀਆਂ 100 ਕਿਸਾਨ ਜਥੇਬੰਦੀਆਂ ਨੇ ਕੀਤਾ ਐਲਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਕਿਸਾਨਾਂ ਵੱਲੋਂ ਮੁੜ ਦਿੱਲੀ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨੂੰ ਦਿੱਲੀ ਅੰਦੋਲਨ-2 ਦਾ ਨਾਮ ਦਿੱਤਾ ਗਿਆ ਹੈ। ਕਿਸਾਨ ਯੂਨੀਅਨਾਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਅੰਦੋਲਨ-2 ਦੇਸ਼ਵਿਆਪੀ ਬਣਨ ਜਾ ਰਿਹਾ ਹੈ। ਇਸ ਲਈ ਦੇਸ਼ ਭਰ ਦੀਆਂ 100 ਸੰਘਰਸ਼ਸ਼ੀਲ ਜਥੇਬੰਦੀਆਂ ਨੇ ‘ਕਿਸਾਨ-ਮਜ਼ਦੂਰ ਮੋਰਚਾ’ ਦਾ ਗਠਨ ਕੀਤਾ ਹੈ। ਇਸ ‘ਕਿਸਾਨ-ਮਜ਼ਦੂਰ ਮੋਰਚਾ’ ਨੇ 13 ਫਰਵਰੀ ਤੋਂ ਦਿੱਲੀ ਵਿੱਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਦਰਅਸਲ ਦੇਸ਼ ਭਰ ਦੀਆਂ ਕਰੀਬ 100 ਸੰਘਰਸ਼ਸ਼ੀਲ ਜਥੇਬੰਦੀਆਂ ਨੇ ਦਿੱਲੀ ਵਿੱਚ ਕੀਤੇ ਜਾਣ ਵਾਲੇ ਅੰਦੋਲਨ ਲਈ ਇਕਜੁੱਟ ਹੋ ਕੇ ‘ਕਿਸਾਨ-ਮਜ਼ਦੂਰ ਮੋਰਚਾ’ ਦਾ ਗਠਨ ਕੀਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ ਤੇ ਸੁਰਜੀਤ ਸਿੰਘ ਫੂਲ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਕਿਹਾ ਕਿ ਦਿੱਲੀ ਅੰਦੋਲਨ-2 ਦੇਸ਼ਵਿਆਪੀ ਬਣਨ ਜਾ ਰਿਹਾ ਹੈ ।ਉਨ੍ਹਾਂ ਨੇ ਕਿਹਾ ਕਿ ਤਾਲਮੇਲ ਕਮੇਟੀ ਵਿੱਚ ਕੇਰਲ ਤੋਂ ਦੋ, ਤਾਮਿਲਨਾਡੂ ਤੋਂ ਪੰਜ, ਰਾਜਸਥਾਨ ਤੋਂ ਇੱਕ, ਬਿਹਾਰ ਤੋਂ ਇਕ, ਉੱਤਰ ਪ੍ਰਦੇਸ਼ ਤੋਂ ਇਕ, ਮੱਧ ਪ੍ਰਦੇਸ਼ ਤੋਂ ਇਕ, ਪੁਡੂਚੇਰੀ ਤੋਂ ਇਕ, ਹਰਿਆਣਾ ਤੋਂ ਇਕ ਅਤੇ ਪੰਜਾਬ ਤੋਂ ਤਿੰਨ ਮੈਂਬਰ ਨਾਮਜ਼ਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰੈੱਸ ਕਮੇਟੀ, ਫੰਡ ਕਮੇਟੀ, ਲਿਖਤ-ਪੜ੍ਹਤ ਕਮੇਟੀ ਤੇ ਆਈਟੀ ਸੈੱਲ ਦਾ ਗਠਨ ਵੀ ਕੀਤਾ ਗਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕਿਸਾਨ-ਮਜ਼ਦੂਰ ਮੋਰਚਾ ਲੋਕ ਹਿੱਤਾਂ ਦੀ ਰੱਖਿਆ ਲਈ ਦੇਸ਼ ਭਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਨਾਲ ਲੈ ਕੇ 13 ਫਰਵਰੀ ਤੋਂ ਦਿੱਲੀ ਵਿੱਚ ਅੰਦੋਲਨ ਸ਼ੁਰੂ ਕਰਨ ਲਈ ਰਵਾਨਾ ਹੋਵੇਗਾ।
Comments (0)