ਜੱਗੀ ਜੌਹਲ ਬਾਰੇ 7 ਸਾਲਾਂ ਬਾਅਦ ਵੀ ਕੋਈ ਸਬੂਤ ਨਹੀਂ, ਦੋਸ਼ੀ ਠਹਿਰਾਏ ਬਿਨਾਂ ਹੀ ਰਿਮਾਂਡ ’ਤੇ ਕੈਦ
ਯੂਕੇ ਸਰਕਾਰ ਨੇ ਜਗਤਾਰ ਦੀ ਰਿਹਾਈ ਲਈ ਆਵਾਜ਼ ਨਹੀਂ ਉਠਾਈ
ਡਮਬੈਰਟਨ (ਸਕਾਟਲੈਂਡ) ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੌਹਲ ਨੂੰ ਭਾਰਤ ਵਿੱਚ ਨਜ਼ਰਬੰਦ ਹੋਇਆਂ ਅੱਜ ਪੂਰੇ 7 ਸਾਲ ਬੀਤ ਗਏ ਹਨ। ਜਾਣਕਾਰੀ ਮੁਤਾਬਕ ਅੱਜ ਤੱਕ ਪੁਲਿਸ ਜਾਂ ਏਜੰਸੀਆਂ ਜੱਗੀ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਸਕੀਆਂ, ਬਲਕਿ ਰਿਮਾਂਡ ’ਤੇ ਦੋਸ਼ੀ ਠਹਿਰਾਏ ਬਿਨਾਂ ਹੀ ਉਸਨੂੰ ਕੈਦ ਕੀਤਾ ਹੋਇਆ ਹੈ।
‘ਫਰੀ ਜੱਗੀ ਨਾਓ’ ਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਇਸ ਸਬੰਧੀ ਪੋਸਟ ਲਿਖ ਕੇ ਜੱਗੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਹਨ। ਪੋਸਟ ਵਿੱਚ ਲਿਖਿਆ ਹੈ, “ਅੱਜ 7 ਸਾਲ ਪੂਰੇ ਹੋ ਗਏ ਹਨ ਜਦੋਂ ਜਗਤਾਰ ਨੂੰ ਭਾਰਤ ਵਿੱਚ ਸਾਦੇ ਕੱਪੜਿਆਂ ਵਾਲੇ ਅਫਸਰਾਂ ਦੁਆਰਾ ਅਗਵਾ ਕੀਤਾ ਗਿਆ ਸੀ ਅਤੇ ਉਦੋਂ ਤੋਂ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤਾ ਗਿਆ ਹੈ। ਯੂਕੇ ਸਰਕਾਰ ਨੇ ਜਗਤਾਰ ਦੀ ਰਿਹਾਈ ਲਈ ਆਵਾਜ਼ ਨਹੀਂ ਉਠਾਈ ਅਤੇ ਜਗਤਾਰ ਨੂੰ ਜੋ ਤਸ਼ੱਦਦ ਸਹਿਣਾ ਪਿਆ ਹੈ, ਉਸ ਵਿਚ ਵੀ ਉਹ ਭਾਗੀਦਾਰ ਰਹੀ ਹੈ। ਅੱਜ ਤੱਕ, ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਅਤੇ ਜਗਤਾਰ ਸਿੰਘ ਜੱਗੀ ਰਿਮਾਂਡ ’ਤੇ ਦੋਸ਼ੀ ਠਹਿਰਾਏ ਬਿਨਾਂ ਹੀ ਕੈਦ ਹੈ।”
ਦੱਸ ਦੇਈਏ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਨੂੰ ਪੰਜਾਬ ਪੁਲਿਸ ਨੇ 4 ਨਵੰਬਰ 2017 ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ। ਉਸ ’ਤੇ ਆਰਐਸਐਸ ਆਗੂ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਸਮੇਤ ਕਈ ਆਗੂਆਂ ਦੀ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸੀ। ਫਿਲਹਾਲ ਉਹ ਦਿੱਲੀ ਦੀ ਤਿਹਾੜ ਜੇਲਵਿ’ਚ ਬੰਦ ਹੈ ਅਤੇ ਉਸ ’ਤੇ ਕਿਸੇ ਵੀ ਇਲਜ਼ਾਮ ਵਿਚ ਮੁਕੱਦਮਾ ਨਹੀਂ ਚਲਾਇਆ ਗਿਆ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਜੌਹਲ ਖ਼ਿਲਾਫ਼ ਅੱਠ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
2017 ਵਿੱਚ ਉਸ ਵੇਲੇ ਜੱਗੀ ਡਮਬੈਰਟਨ (ਸਕਾਟਲੈਂਡ) ਤੋਂ ਭਾਰਤ ਆਇਆ ਹੋਇਆ ਸੀ। ਉਸ ਵੇਲੇ ਉਸਦੇ ਪਰਿਵਾਰ ਦਾ ਕਹਿਣਾ ਸੀ ਕਿ ਇੱਕ ਅਣਜਾਣ ਕਾਰ ਜਗਤਾਰ ਸਿੰਘ ਜੱਗੀ ਨੂੰ ਚੁੱਕ ਕੇ ਲੈ ਗਈ ਸੀ। ਜਗਤਾਰ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਸਨੂੰ ਕਈ ਦਿਨਾਂ ਤੱਕ ਤਸੀਹੇ ਦਿੱਤੇ ਗਏ। ਉਸਨੂੰ ਬਿਜਲੀ ਦੇ ਝਟਕੇ ਵੀ ਦਿੱਤੇ ਗਏ। ਉਦੋਂ ਤੋਂ ਉਸਨੂੰ ਨਜ਼ਰਬੰਦ ਰੱਖਿਆ ਗਿਆ ਹੈ।
ਉਸ ਤੋਂ ਬਾਅਦ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਖ-ਵੱਖ ਸਮਿਆਂ ਉੱਤੇ ਮਾਮਲਾ ਚੁੱਕਿਆ ਹੈ ਪਰ ਭਾਰਤ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜੌਹਲ ਨੂੰ ਤਸੀਹੇ ਦਿੱਤੇ ਗਏ ਸਨ ਜਾਂ ਉਨ੍ਹਾਂ ਨਾਲ ਕੋਈ ਦੁਰਵਿਵਹਾਰ ਕੀਤਾ ਗਿਆ ਸੀ। ਮਈ 2022 ਵਿੱਚ ਜੌਹਲ ’ਤੇ ਕਤਲ ਦੀ ਸਾਜ਼ਿਸ਼ ਰਚਣ ਅਤੇ ਇੱਕ ਖਾੜਕੂ ਜਥੇਬੰਦੀ ਦਾ ਮੈਂਬਰ ਹੋਣ ਦਾ ਇਲਜ਼ਾਮ ਕਾਨੂੰਨੀ ਤੌਰ ’ਤੇ ਲਗਾ ਦਿੱਤਾ ਗਿਆ ਸੀ।
ਜਗਤਾਰ ਸਿੰਘ ਉਰਫ ਜੱਗੀ ਜੌਹਲ ਦਾ ਜਨਮ ਇੰਗਲੈਂਡ ਵਿੱਚ ਇਕ ਚੰਗੇ ਪਰਿਵਾਰ ਵਿੱਚ ਹੋਇਆ, ਉਥੇ ਦੇ ਜੰਮਪਲ ਹੋਣ ਦੇ ਬਾਵਜੂਦ ਉਹ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨਾਲ ਬਚਪਨ ਤੋਂ ਹੀ ਜੁੜਿਆ ਸੀ। ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਉਸ ਦਾ ਝੁਕਾਅ 1984 ਅਤੇ ਉਸ ਤੋਂ ਬਾਅਦ ਦੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਵਾਰੇ ਜਾਣਕਾਰੀ ਇਕੱਠੀ ਕਰਨ ਵੱਲ ਹੋ ਗਿਆ।
ਉਸ ਨੇ ਲੰਮਾ ਸਮਾਂ ਬੜੀ ਮਿਹਨਤ ਨਾਲ 1984 ਅਤੇ ਸਿੱਖ ਸ਼ੰਘਰਸ਼ ਨਾਲ ਸਬੰਧਿਤ ਸ਼ਹੀਦਾਂ ਬਾਰੇ ਜਾਣਕਾਰੀ ਤਸਵੀਰਾਂ ਅਤੇ ਵੀਡੀਓਜ਼ ਆਦਿ ਇਕੱਤਰ ਕੀਤੀਆਂ। ਫਿਰ ਪੰਜਾਬੀ ਤੋਂ ਉਹਨਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਅੱਜ ਤੋਂ 10 -15 ਸਾਲ ਪਹਿਲਾਂ ਸਿੱਖ ਸੰਘਰਸ਼ ਅਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਵਾਰੇ ਜਾਣਕਾਰੀ ਦੇਣ ਲਈ ਅਤੇ ਦੇਸ਼ ਵਿਦੇਸ਼ ਦੇ ਲੋਕਾਂ ਅਤੇ ਸਿੱਖਾਂ ਨੂੰ ਜਾਗਰੂਕ ਕਰਨ ਲਈ www.Neverforget84.com ਨਾਮ ਦੀ ਵੈਬਸਾਈਟ ਰਾਹੀਂ ਸ਼ਹੀਦਾਂ ਸਿੰਘਾਂ ਦੀਆਂ ਜੀਵਨੀਆਂ, ਤਸਵੀਰਾਂ, ਸਿੱਖ ਸ਼ੰਘਰਸ਼ ਦੇ ਬਾਰੇ ਅਹਿਮ ਜਾਣਕਾਰੀ ਭਰਪੂਰ ਵੀਡੀਓ ਅਤੇ ਸਿੱਖਾਂ ਨਾਲ ਹੋਏ ਜੁਲਮਾਂ ਨੂੰ ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ ਰਾਹੀਂ ਦੁਨੀਆਂ ਭਰ ਦੇ ਸਾਹਮਣੇ ਲਿਆਂਦਾ।
ਅੱਜ ਅਸੀਂ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਜਾਂ ਸਿੱਖ ਸ਼ੰਘਰਸ਼ ਦੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਦੇਖਦੇ ਹਾਂ, ਇਹਨਾਂ ਵਿਚੋਂ 80% ਤੋਂ ਵੱਧ ਤਸਵੀਰਾਂ ਜਾਂ ਵੀਡੀਓਜ਼ ਆਦਿ ਨੂੰ ਇਕੱਤਰ ਕਰਕੇ ਸੰਗਤਾਂ ਅੱਗੇ ਲਿਆਉਣ ਵਿੱਚ ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀ ਅਹਿਮ ਸੇਵਾ ਰਹੀ ਹੈ।
ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਜੰਮੇ ਪਲੇ ਸਿੱਖ ਬੱਚੇ, ਜੋ ਚੰਗੀ ਤਰਾਂ ਪੰਜਾਬੀ ਨਹੀਂ ਪੜ੍ਹ ਸਕਦੇ ਸਨ, ਉਹਨਾਂ ਤੱਕ ਸਿੱਖ ਸ਼ੰਘਰਸ਼ ਅਤੇ ਸ਼ਹੀਦਾਂ ਬਾਰੇ ਆਪਣੀ ਵੈਬਸਾਈਟ www.neverforget84.com ਰਾਹੀਂ ਅੰਗਰੇਜ਼ੀ ਵਿੱਚ ਜਾਣਕਾਰੀ ਪਹੁੰਚਾਉਣ ਵਿੱਚ ਜੱਗੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸੇ ਕਾਰਨ ਉਹ ਭਾਰਤੀ ਏਜੰਸੀਆਂ ਤੇ ਸਿਸਟਮ ਦੀਆਂ ਅੱਖਾਂ ਵਿੱਚ ਰੜਕਦਾ ਸੀ, ਕਿਉਂਕਿ ਉਹ ਦੇਸ਼-ਵਿਦੇਸ਼ ਦੀ ਸਿੱਖ ਨੌਜਵਾਨੀ ਨੂੰ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਸੀ ਅਤੇ ਸਿੱਖੀ ਤੋਂ ਦੂਰ ਹੋ ਰਹੇ ਨੌਜਵਾਨਾਂ ਨੂੰ ਪ੍ਰੇਰ ਕੇ ਆਪਣੇ ਇਤਿਹਾਸ ਨਾਲ ਜੋੜ ਰਿਹਾ ਸੀ।
ਵਿਦੇਸ਼ ਵਿੱਚ ਜੰਮਿਆ ਪਲਿਆ ਵਧੀਆ ਤੇ ਸੈਟਲ ਲਾਈਫ ਜੀਅ ਰਿਹਾ ਇਕ ਸਿੱਖ ਨੌਜਵਾਨ, ਅੱਜ ਤਿਹਾੜ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹੈ ਕਿਉਂਕ ਉਸਨੇ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਅਤੇ ਆਪਣੀ ਕੌਮ ਨਾਲ ਹੋਏ ਧੱਕੇ ਵਾਰੇ ਦੁਨੀਆਂ ਨੂੰ ਦੱਸਿਆ। ਮਨੁੱਖਤਾਵਾਦੀ ਲੋਕਾਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਸਾਰੇ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਆਪਣੀ ਅਵਾਜ਼ ਬੁਲੰਦ ਕਰਨ।
Comments (0)