ਨਸ਼ੇ ਦਾ ਕਹਿਰ: ਪਿੰਡ ਸ਼ਾਮਖੇੜਾ ਦੇ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਨਾਲ ਚਿੰਬੜੀ ਹੈਪਟਾਈਟਸ 'ਸੀ'
ਮਲੋਟ: ਪੰਜਾਬ ਵਿੱਚ ਸਰਕਾਰਾਂ ਬਦਲਣ ਨਾਲ ਹਾਲਾਤ ਨਹੀਂ ਬਦਲ ਰਹੇ ਤੇ ਨਿਤ ਦਿਨ ਪੰਜਾਬ ਦਮ ਤੋੜਦਾ ਪ੍ਰਤੀਤ ਹੋ ਰਿਹਾ ਹੈ। ਭਾਵੇਂ ਕਿ ਵਿਧਾਨ ਸਭਾ ਚੋਣਾਂ ਵਿੱਚ ਨਸ਼ਾ ਪੰਜਾਬ ਦੀ ਰਾਜ ਸੱਤਾ ਹਾਸਿਲ ਕਰਨ ਦੀ ਜੰਗ ਦਾ ਅਹਿਮ ਮੁੱਦਾ ਬਣਿਆ ਸੀ ਪਰ ਨਸ਼ਾ ਖਤਮ ਕਰਨ ਸਬੰਧੀ ਗੁਟਕਾ ਸਾਹਿਬ ਦੀ ਸੋਂਹ ਖਾ ਕੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਦੋ ਸਾਲ ਦੇ ਕਰੀਬ ਸਮਾਂ ਲੰਘ ਜਾਣ ਦੇ ਬਾਅਦ ਵੀ ਪੰਜਾਬ ਵਿੱਚ ਨਸ਼ੇ ਦਾ ਕਹਿਰ ਜਿਉਂ ਦਾ ਤਿਉਂ ਜਾਰੀ ਹੈ।
ਇੱਥੋਂ ਨਜ਼ਦੀਕ ਪਿੰਡ ਸ਼ਾਮਖੇੜਾ ’ਚ ਨਸ਼ੇ ਦੀ ਵਿਕਰੀ ਅਤੇ ਨਸ਼ਾ ਪੀੜਤਾਂ ਸਬੰਧੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਪਿੰਡ ਦੇ ਕਈ ਨੌਜਵਾਨ ਦੂਸ਼ਿਤ ਸਰਿੰਜਾਂ ਦੀ ਵਰਤੋਂ ਕਰਨ ਕਰਕੇ ਹੈਪੇਟਾਈਟਸ ‘ਸੀ’ ਦੇ ਘਾਤਕ ਰੋਗ ਤੋਂ ਪੀੜਤ ਹੋ ਚੁੱਕੇ ਹਨ। ਸਥਾਨਕ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ‘ਚ ਜ਼ੇਰੇ ਇਲਾਜ ਪਿੰਡ ਸ਼ਾਮਖੇੜਾ ਦੇ 30 ਸਾਲਾ ਨੌਜਵਾਨ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਪੱਤਕਰਾਰ ਸਾਹਮਣੇ ਕਈ ਖ਼ੁਲਾਸੇ ਕੀਤੇ।
ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਦਰਜਨ ਦੇ ਕਰੀਬ ਵਿਅਕਤੀ ਵੱਖ-ਵੱਖ ਨਸ਼ਿਆਂ ਦੀ ਤਸਕਰੀ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਹੋਏ ਹਨ। ਉਨ੍ਹਾਂ ਵਿਚੋਂ ਅੱਧੀ ਦਰਜਨ ਵਿਅਕਤੀ ਚਿੱਟੇ ਦੀ ਵਿਕਰੀ ਕਰਦੇ ਹਨ। ਉਨ੍ਹਾਂ ਨੇ ਅੱਗੇ ਕੁੱਝ ਨਸ਼ੇੜੀ ਨੌਜਵਾਨ ਰੱਖੇ ਹੋਏ ਹਨ, ਜੋ ਆਲੇ-ਦੁਆਲੇ ਦੇ ਪਿੰਡਾਂ ਤੋਂ ਆਉਂਦੇ ਨੌਜਵਾਨਾਂ ਨੂੰ ਚਿੱਟੇ ਦੀ ਡਿਲੀਵਰੀ ਕਰਦੇ ਹਨ। ਉਸ ਨੇ ਦੱਸਿਆ ਕਿ ਨਸ਼ਾ ਪੀੜਤਾਂ ਦੇ ਮਾਪੇ ਇਸ ਗੱਲੋਂ ਦੁਖੀ ਹਨ ਕਿ ਉਨ੍ਹਾਂ ਦੀ ਨਸ਼ੇੜੀ ਔਲਾਦ ਘਰ ਦਾ ਸਾਮਾਨ, ਮੋਬਾਈਲ, ਵਾਹਨ, ਇਥੋਂ ਤੱਕ ਕਣਕ ਅਤੇ ਖਾਦ ਵੀ ਖੇਤਾਂ ਵਿਚ ਪਾਉਣ ਦੀ ਬਜਾਇ ਨਸ਼ਾ ਲੈਣ ਲਈ ਨਸ਼ਾ ਤਸਕਰਾਂ ਨੂੰ ਵੇਚ ਆਉਂਦੇ ਹਨ।
ਉਸ ਨੇ ਦੱਸਿਆ ਕਿ ਪਿੰਡ ਦੇ ਕਈ ਨਸ਼ਾ ਤਸਕਰਾਂ ’ਤੇ ਪੁਲੀਸ ਕੇਸ ਵੀ ਦਰਜ ਹਨ ਪਰ ਉਹ ਜ਼ਮਾਨਤ ’ਤੇ ਆ ਕੇ ਫਿਰ ਉਸੇ ਕਾਲੇ ਕਾਰੋਬਾਰ ‘ਚ ਲੱਗ ਜਾਂਦੇ ਹਨ।
ਉਸ ਨੇ ਦੱਸਿਆ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਜੇ ਇਸ ਪਿੰਡ ਵਿੱਚ ਚਿੱਟੇ ਦੀ ਤਸਕਰੀ ਬੰਦ ਕਰਨ ਲਈ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਿੰਡ ਦੇ ਕਈ ਹੋਰ ਨੌਜਵਾਨ ਹੈਪੇਟਾਈਟਸ ਦੀ ਬਿਮਾਰੀ ਤੋਂ ਪੀੜਤ ਹੋ ਜਾਣਗੇ। ਪਿੰਡ ਸ਼ਾਮਖੇੜਾ ’ਚ ਚਿੱਟੇ ਦੀ ਵਿਕਰੀ ਕਈ ਨੌਜਵਾਨਾਂ ਦੀ ਜਾਨ ਲੈ ਲਵੇਗੀ। ਉਸ ਨੇ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਜਾਇਦਾਦਾਂ ਸਬੰਧੀ ਖ਼ੁਲਾਸੇ ਕਰਨ ਦੇ ਨਾਲ-ਨਾਲ ਪੁਲੀਸ ਅਤੇ ਤਸਕਰਾਂ ਵਿੱਚ ਮਿਲੀਭੁਗਤ ਦੀ ਗੱਲ ਵੀ ਕਹੀ।
ਇਸ ਸਬੰਧੀ ਥਾਣਾ ਕਬਰਵਾਲਾ ਦੇ ਇੰਚਾਰਜ ਗੁਰਦੀਪ ਸਿੰਘ ਨੇ ਕਿਹਾ ਕਿ ਤਸਕਰਾਂ ਨੇ ਆਪਣੇ ਘਰਾਂ ਦੇ ਅੰਦਰ-ਬਾਹਰ ਸੀਸੀਟੀਵੀ ਕੈਮਰੇ ਲਗਵਾਏ ਹੋਏ ਹਨ। ਇਸ ਕਰਕੇ ਪੁਲੀਸ ਕਾਰਵਾਈ ਵਿਚ ਵਿਘਨ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਪਿੰਡ ਦੇ ਮੋਹਤਬਰ ਵਿਅਕਤੀ ਪੰਚ, ਸਰਪੰਚ ਤਸਕਰਾਂ ਖ਼ਿਲਾਫ਼ ਮਤਾ ਪਾ ਕੇ ਉਨ੍ਹਾਂ ਨੂੰ ਦੇਣ ਤਾਂ ਉਹ ਸਖ਼ਤ ਕਾਰਵਾਈ ਕਰਨਗੇ।
ਪਿੰਡ ਵਿੱਚ ਨਸ਼ੇ ਦੇ ਘਾਤਕ ਸਿੱਟਿਆਂ ਦੀ ਪੁਸ਼ਟੀ ਕਰਦਿਆਂ ਨਸ਼ਾ ਛੁਡਾਊ ਕੇਂਦਰ ਦੀ ਇੰਚਾਰਜ ਡਾ. ਰਸ਼ਮੀ ਚਾਵਲਾ ਨੇ ਕਿਹਾ ਕਿ ਪਿੰਡ ਸ਼ਾਮਖੇੜਾ ਵਸਨੀਕ ਇਕ ਨੌਜਵਾਨ ਦਾ ਉਨ੍ਹਾਂ ਕੋਲ ਇਲਾਜ ਚੱਲ ਰਿਹਾ ਹੈ, ਜੋ ਚਿੱਟੇ ਦਾ ਆਦੀ ਸੀ ਅਤੇ ਉਸ ਦੀ ਖੂਨ ਜਾਂਚ ਵਿੱਚ ਪਤਾ ਲੱਗਿਆ ਕਿ ਉਹ ਹੈਪੇਟਾਈਟਸ ਰੋਗ ਤੋਂ ਪੀੜਤ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਫਿਲਹਾਲ ਦਵਾਈਆਂ ਦਿਤੀਆਂ ਗਈਆਂ ਹਨ, ਜੇਕਰ ਲੋੜ ਪਈ ਤਾਂ ਉਸ ਨੂੰ ਦਾਖ਼ਲ ਕੀਤਾ ਜਾਵੇਗਾ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)