ਪੰਜਾਬੀਆਂ ਨੇ ਭਾਨਾ ਸਿਧੂ ਦੀ ਰਿਹਾਈ ਲਈ ਮੋਰਚਾ ਲਗਾਕੇ ਭਗਵੰਤ ਸਰਕਾਰ ਨੂੰ ਗੋਡਿਆਂ ਭਾਰ ਕੀਤਾ
ਪੁਲਿਸ ਦੀ ਸਖਤੀ ਦੇ ਬਾਵਜੂਦ ਪੰਜਾਬੀ ਸੰਗਰੂਰ 'ਵਿਚ ਜ਼ਬਰਦਸਤ ਧਰਨਾ ਲਗਾਉਣ 'ਚ ਕਾਮਯਾਬ
*ਪੁਲਿਸ ਪ੍ਰਸ਼ਾਸਨ ਵਲੋਂ 10 ਤੱਕ ਭਾਨਾ ਸਿੱਧੂ ਨੂੰ ਰਿਹਾਅ ਕਰਨ ਦਾ ਭਰੋਸਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੰਗਰੂਰ -ਭਾਨਾ ਸਿੱਧੂ ਦੇ ਹੱਕ ਵਿਚ ਮੁੱਖ ਮੰਤਰੀ ਦੀ ਸਥਾਨਕ ਰਿਹਾਇਸ਼ ਘੇਰਨ ਦੇ ਸੱਦੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਸਮਰਥਕਾਂ ਦੇ ਰੋਹ ਅੱਗੇ ਪੰਜਾਬ ਸਰਕਾਰ ਨੂੰ ਯੂ-ਟਰਨ ਲੈਣ ਲਈ ਮਜਬੂਰ ਹੋਣਾ ਪਿਆ । ਵੱਖ-ਵੱਖ ਸੀਨੀਅਰ ਪੁਲਿਸ ਤੇ ਸਿਵਲ ਅਧਿਕਾਰੀਆਂ ਨਾਲ ਚੱਲੀਆਂ ਕਈ ਮੀਟਿੰਗਾਂ ਪਿੱਛੋਂ ਆਖਰੀ ਮੀਟਿੰਗ ਏ.ਡੀ.ਜੀ.ਪੀ. ਜਸਕਰਨ ਸਿੰਘ, ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਆਦਿ ਨਾਲ ਹੋਈ, ਜਿਸ ਵਿਚ ਹੋਏ ਲਿਖਤੀ ਫੈਸਲੇ ਨੂੰ ਸਮਾਜਿਕ ਕਾਰਕੁੰਨ ਲੱਖਾ ਸਿਧਾਣਾ ਨੇ ਟਰਾਲੀ 'ਤੇ ਬਣੀ ਸਟੇਜ ਤੋਂ ਪੜ੍ਹ ਕੇ ਸੁਣਾਇਆ, ਜਿਸ ਅਨੁਸਾਰ ਭਾਨਾ ਸਿੱਧੂ ਨੂੰ 10 ਫਰਵਰੀ ਤੱਕ ਰਿਹਾਅ ਕਰਨ ਦੀ ਗੱਲ ਆਖੀ ਗਈ ਹੈ ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁੱਦੇ 'ਤੇ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਗਿ੍ਫਤਾਰ ਕੀਤੇ ਜਾਂ ਹਿਰਾਸਤ 'ਚ ਲਏ ਕਾਰਕੁੰਨਾਂ ਨੂੰ ਜਲਦ ਰਿਹਾਅ ਕਰ ਦਿੱਤਾ ਜਾਵੇਗਾ । ਬਾਅਦ ਵਿਚ ਮੰਚ ਤੋਂ ਸੰਬੋਧਨ ਕਰਦਿਆਂ ਏ.ਡੀ.ਜੀ.ਪੀ. ਜਸਕਰਨ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ।ਇਹ ਵੀ ਦੱਸਿਆ ਗਿਆ ਕਿ ਜੇ ਇਨ੍ਹਾਂ ਕੇਸਾਂ ਦੀ ਮੁਦੱਈ ਪੰਜਾਬ ਸਰਕਾਰ ਹੁੰਦੀ ਤਾਂ ਇਹ ਕੇਸ ਅੱਜ ਹੀ ਰੱਦ ਕਰ ਦਿੱਤੇ ਜਾਣੇ ਸਨ, ਪਰ ਇਹ ਕੇਸ ਵੱਖ-ਵੱਖ ਨਿੱਜੀ ਲੋਕਾਂ ਨੇ ਕੀਤੇ ਹੋਏ ਹਨ, ਇਸ ਲਈ ਪੜਤਾਲ ਦੀ ਪ੍ਰਕਿਰਿਆ ਰਾਹੀਂ ਇਨ੍ਹਾਂ ਕੇਸਾਂ ਨੂੰ ਖਤਮ ਕਰ ਕੇ ਭਾਨਾ ਸਿੱਧੂ ਨੂੰ 10 ਫਰਵਰੀ ਤੱਕ ਰਿਹਾਅ ਕਰ ਦਿੱਤਾ ਜਾਵੇਗਾ । ਬੀਕੇਯੂ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ 10 ਤਰੀਕ ਨੂੰ ਭਾਨਾ ਸਿੱਧੂ ਦੀ ਰਿਹਾਈ ਵਿੱਚ ਕੋਈ ਪ੍ਰਸ਼ਾਸਨ ਵੱਲੋਂ ਢਿੱਲ ਵਰਤੀ ਗਈ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਭਾਨਾ ਸਿੱਧੂ ਦੇ ਹੱਕ 'ਚ ਮੁੱਖ ਮੰਤਰੀ ਦੀ ਸਥਾਨਕ ਰਿਹਾਇਸ਼ ਘੇਰਨ ਦੇ ਸੱਦੇ ਨੂੰ ਮੁੱਖ ਰੱਖਦਿਆਂ ਪੁਲਿਸ ਵਲੋਂ ਬਹੁਤ ਸਖਤ ਪ੍ਰਬੰਧਾਂ ਦੇ ਬਾਵਜੂਦ ,ਨਾਕਿਆਂ,ਪਾਣੀ ਦੀਆਂ ਬੁਛਾਰਾਂ ,ਲਾਠੀਚਾਰਜ,ਗਿ੍ਫਤਾਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਵੱਖ-ਵੱਖ ਸਿਆਸੀ, ਕਿਸਾਨੀ ਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁੰਨ ਬਠਿੰਡਾ-ਚੰਡੀਗੜ੍ਹ ਹਾਈਵੇਅ 'ਤੇ ਧਰਨਾ ਲਗਾਉਣ 'ਚ ਕਾਮਯਾਬ ਹੋ ਗਏ, ਜੋ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਤੋਂ ਤਕਰੀਬਨ ਡੇਢ ਕਿੱਲੋਮੀਟਰ ਦੀ ਦੂਰੀ 'ਤੇ ਸੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਵੱਧ ਰਹੇ ਕਿਸਾਨਾਂ, ਨੌਜਵਾਨਾਂ ਤੇ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਦੀ ਪੁਲਿਸ ਨਾਲ ਤਕਰਾਰ ਵੀ ਹੋਈ।ਇਥੋਂ ਤਕ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ,ਮਾਨ,ਕਿਸਾਨ ਆਗੂ ਰੁਲਦੂ ਸਿੰਘ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿਤਾ ਗਿਆ ਸੀ।ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਲਜ਼ਾਮ ਲਗਾਏ ਸੀ ਕਿ ਪੁਲਿਸ ਨੇ ਉਨ੍ਹਾਂ ਨੂੰ ਸੰਗਰੂਰ ਜਾਣ ਤੋਂ ਰੋਕਿਆ ਸੀ।
ਵੱਡੀ ਗਿਣਤੀ ਵਿਚ ਇਕੱਤਰ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਏਜੰਸੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕ ਆਗੂਆਂ ਦਾ ਕਿਰਦਾਰ ਖਰਾਬ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦਾ ਕਤਲ ਹੋਇਆ ਤਾਂ ਏਜੰਸੀਆਂ ਨੇ ਉਸ ਨੂੰ ਸ਼ਰਾਬੀ ਤੇ ਕਾਰ ਵਿਚ ਉਸ ਨਾਲ ਇਕ ਔਰਤ ਹੋਣ ਦਾ ਪ੍ਰਚਾਰ ਕੀਤਾ ।ਸਿੱਧੂ ਮੂਸੇਵਾਲਾ ਦੇ ਕਤਲ ਨੂੰ ਗੈਂਗਵਾਰ ਦਾ ਨਾਂਅ ਦਿੱਤਾ ਗਿਆ ਤੇ ਭਾਈ ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਵੇਲੇ ਕਿਹਾ ਗਿਆ ਕਿ ਉਨ੍ਹਾਂ ਚੋਲਾ ਉੱਤਾਰ ਦਿੱਤਾ ਹੈ ਤੇ ਸਿਰੀ ਸਾਹਿਬ ਹਟਾ ਲਈ ਹੈ । ਉਨ੍ਹਾਂ ਕਿਹਾ ਕਿ ਭਾਨੇ ਸਿੱਧੂ 'ਤੇ ਤਸ਼ੱਦਦ ਨਾ ਕਰਨ ਦਾ ਦਾਅਵਾ ਕਰਨ ਵਾਲਾ ਪੁਲਿਸ ਦਾ ਡੀ.ਸੀ.ਪੀ. ਝੂਠ ਬੋਲ ਰਿਹਾ ਹੈ । ਲੱਖਾ ਨੇ ਕਿਹਾ ਕਿ ਭਾਨੇ ਉੱਪਰ ਕੇਵਲ ਤਸ਼ੱਦਦ ਹੀ ਨਹੀਂ ਹੋਇਆ ਬਲਕਿ ਉਸ ਦੀ ਨੰਗਿਆ ਕਰ ਕੇ ਸੀ.ਡੀ. ਮੁੱਖ ਮੰਤਰੀ ਨੂੰ ਭੇਜੀ ਗਈ ਹੈ । ਲੱਖਾ ਸਿਧਾਨਾ ਨੇ ਨੌਜਵਾਨਾਂ ਨੂੰ ਜ਼ਾਬਤੇ ਵਿਚ ਰਹਿ ਕੇ ਸੰਘਰਸ਼ ਲੜਨ ਲਈ ਕਿਹਾ ਤਾਂ ਜੋ ਏਜੰਸੀਆਂ ਦੇ ਝੂਠੇ ਪ੍ਰਚਾਰ ਤੋਂ ਬਚਿਆ ਜਾ ਸਕੇ ।
ਯਾਦ ਰਹੇ ਕਿ ਭਾਨਾ ਸਿੱਧੂ ਉੱਤੇ ਪੰਜਾਬ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।ਇਨ੍ਹਾਂ ਵਿੱਚ ਇੱਕ ਟਰੈਵਲ ਏਜੰਟ ਨੂੰ ਧਮਕਾਉਣ ਅਤੇ ਚੋਰੀ ਦੇ ਇਲਜ਼ਾਮ ਵੀ ਸ਼ਾਮਲ ਹਨ।ਇਹ ਕਿਹਾ ਜਾ ਰਿਹਾ ਹੈ ਕਿ ਭਾਨਾ ਸਿੱਧੁ ਉੱਤੇ ਕੇਸ ਸਰਕਾਰ ਦੇ ਵਿਰੁੱਧ ਬੋਲਣ ਕਾਰਨ ਬਦਲਾਖੋਰੀ ਤਹਿਤ ਦਰਜ ਕੀਤੇ ਗਏ ਹਨ। ਲੱਖਾ ਸਿਧਾਨਾ ਨੇ ਦਾਅਵਾ ਕੀਤਾ ਕਿ ਭਾਨਾ ਸਿੱਧੂ ਨੇ ਆਮ ਲੋਕਾਂ ਦੇ ਕਰੋੜਾਂ ਰੁਪਏ ਜੋ ਕਥਿਤ ਤੌਰ ’ਤੇ ਟਰੈਵਲ ਏਜੰਟਾਂ ਨੇ ਹੜੱਪ ਲਏ ਸਨ, ਵਾਪਿਸ ਕਰਵਾਏ ਹਨ।ਉਨ੍ਹਾਂ ਨੇ ਕਿਹਾ ਕਿ ਪੁਲੀਸ ਉਨ੍ਹਾਂ ਖ਼ਿਲਾਫ਼ ਇੱਕ ਤਰਫਾ ਐਫਆਈਆਰ ਦਰਜ ਕਰ ਰਹੀ ਹੈ। ਜਦੋਂ ਵੀ ਕੋਈ ਕਿਸੇ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਂਦਾ ਹੈ, ਤਾਂ ਪੁਲਿਸ ਦਾ ਫਰਜ਼ ਬਣਦਾ ਹੈ ਕਿ ਉਹ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਬੁਲਾਵੇ ਅਤੇ ਉਨ੍ਹਾਂ ਦੇ ਬਿਆਨ ਦਰਜ ਕਰੇ।
33 ਸਾਲਾ ਭਾਨਾ ਸਿੱਧੂ ਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਜ਼ਦੀਕੀ ਸਾਥੀ ਰਿਹਾ ਹੈ। ਉਸਨੇ ਵੱਖ-ਵੱਖ ਪੰਜਾਬੀ ਫਿਲਮਾਂ ਜਿਵੇਂ ਮੂਸਾ ਜੱਟ ਅਤੇ ਹੋਰ ਕਈ ਪੰਜਾਬੀ ਗੀਤਾਂ ਵਿੱਚ ਕੰਮ ਕੀਤਾ ਹੈ।ਭਾਨਾ ਸਿੱਧੂ ਦੇ ਛੋਟੇ ਭਰਾ ਅਮਨਦੀਪ ਸਿੰਘ ਅਨੁਸਾਰ ਭਾਨਾ ਸਿੱਧੂ ਨੇ 2011-12 ਵਿੱਚ ਸਮਾਜਿਕ ਕਾਰਜ ਸ਼ੁਰੂ ਕੀਤੇ ਸਨ ਅਤੇ ਬਾਅਦ ਵਿੱਚ ਉਹ ਕਿਸਾਨ ਯੂਨੀਅਨਾਂ ਵਿੱਚ ਸਰਗਰਮ ਰਿਹਾ।ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੀਬ 11 ਏਕੜ ਜ਼ਮੀਨ ਹੈ ਜਦਕਿ ਭਾਨਾ ਸਿੱਧੂ ਨੂੰ ਕਮਾਈ ਸੋਸ਼ਲ ਮੀਡੀਆ ਅਤੇ ਪੰਜਾਬੀ ਫ਼ਿਲਮਾਂ ਅਤੇ ਗੀਤਾਂ ਵਿੱਚ ਅਦਾਕਾਰੀ ਤੋਂ ਹੁੰਦੀ ਹੈ।
Comments (0)