ਦਲਿਤ ਤੋਂ ਸਿਖ ਬਣੀ ਅੰਮ੍ਰਿਤਧਾਰੀ ਬੀਬੀ ਸੀਤਾ ਕੌਰ ਪ੍ਰਿਅੰਕਾ ਗਾਂਧੀ ਨੂੰ ਦੇਵੇਗੀ ਟੱਕਰ
ਬਹੁਜਨ ਦ੍ਰਵਿੜ ਪਾਰਟੀ ਨੇ ਵਾਇਨਾਡ ਲੋਕ ਸਭਾ ਹਲਕੇ ਤੋਂ ਦਿੱਤੀ ਟਿਕਟ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ : ਵਾਇਨਾਡ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੀ ਉਮੀਦਵਾਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਇੱਕ ਸਿੱਖ ਬੀਬੀ ਸੀਤਾ ਕੌਰ ਟੱਕਰ ਦੇਵੇਗੀ। ਬਹੁਜਨ ਦ੍ਰਵਿੜ ਪਾਰਟੀ ਨੇ ਉਸ ਨੂੰ ਟਿਕਟ ਦਿੱਤੀ ਹੈ। ਚੋਣ ਪ੍ਰਚਾਰ ਦੌਰਾਨ ਉਹ ਨੀਲੀ ਦਸਤਾਰ ਬੰਨ੍ਹੀ ਤੇ ਮੋਢੇ 'ਤੇ ਕਿਰਪਾਨ ਰੱਖੀ ਨਜ਼ਰ ਆਵੇਗੀ।
ਸੀਤਾ ਕੌਰ ਦਲਿਤਾਂ, ਆਦਿਵਾਸੀਆਂ ਅਤੇ ਹੋਰ ਦੱਬੇ-ਕੁਚਲੇ ਭਾਈਚਾਰਿਆਂ ਨੂੰ ਉੱਚਾ ਚੁੱਕਣ ਦੇ ਮਿਸ਼ਨ ਦੇ ਨਾਲ ਬਹੁਜਨ ਦ੍ਰਵਿੜ ਪਾਰਟੀ (ਬੀਡੀਪੀ) ਦੀ ਉਮੀਦਵਾਰ ਹੈ, ਜੋ ਜ਼ਿਆਦਾਤਰ ਤਾਮਿਲ ਸਿੱਖਾਂ ਦੀ ਇੱਕ ਜਥੇਬੰਦੀ ਹੈ, ਜੋ ਸਮਾਜ ਸੁਧਾਰਕ ਪੇਰੀਆਰ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੀ ਪਾਲਣਾ ਕਰਦੀ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ, ਬਹੁਜਨ ਦ੍ਰਵਿੜ ਪਾਰਟੀ ਨੇ ਤਾਮਿਲਨਾਡੂ ਵਿੱਚ ਸੱਤ ਤਾਮਿਲ ਸਿੱਖ ਉਮੀਦਵਾਰ ਖੜ੍ਹੇ ਕੀਤੇ ਸਨ। ਸੀਤਾ ਕੌਰ ਨੇ ਟੇਨਕਾਸੀ ਤੋਂ ਚੋਣ ਲੜੀ ਸੀ, ਜਦਕਿ ਉਸ ਦਾ ਪਤੀ ਰਾਜਨ ਸਿੰਘ ਕੰਨਿਆਕੁਮਾਰੀ ਤੋਂ ਚੋਣ ਲੜਿਆ ਸੀ। ਪਾਰਟੀ ਨੇ ਤਾਮਿਲਨਾਡੂ ਤੋਂ ਬਾਹਰਲੇ ਹਲਕਿਆਂ ਵਿਚ 40 ਹੋਰ ਉਮੀਦਵਾਰ ਖੜ੍ਹੇ ਕੀਤੇ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਧਰਮ ਅਪਣਾਉਣ ਦੇ ਚਾਹਵਾਨ ਸਨ।
ਉਹ ਸ਼ੁਰੂ ਵਿੱਚ 2020-2021 ਦੇ ਕਿਸਾਨ ਸੰਘਰਸ਼ ਦੌਰਾਨ ਸਿੱਖ ਧਰਮ ਦੀ ਜਾਤ-ਰਹਿਤ ਵਿਚਾਰਧਾਰਾ ਵੱਲ ਖਿੱਚੇ ਗਏ ਸਨ। ਉਨ੍ਹਾਂ 2023 ਵਿੱਚ ਸਿੱਖ ਧਰਮ ਗ੍ਰਹਿਣ ਕੀਤਾ।
ਜ਼ਿਕਰਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੂਨ ਵਿੱਚ ਦੋ ਸੀਟਾਂ ਰਾਇਬਰੇਲੀ ਤੇ ਵਾਇਨਾਡ ਤੋਂ ਜਿੱਤ ਪ੍ਰਾਪਤ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਵਾਇਨਾਡ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿੱਥੇ ਹੁਣ ਜ਼ਿਮਨੀ ਚੋਣ ਹੋ ਰਹੀ ਹੈ।
Comments (0)