ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਵਿਰੁਧ ਉਠਣ ਲੱਗੀ ਆਵਾਜ਼

ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਵਿਰੁਧ ਉਠਣ ਲੱਗੀ ਆਵਾਜ਼

*ਆਪ ਵਿਧਾਇਕ ਗਿਆਸਪੁਰਾ ਨੇ ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦੀ ਮੰਗੀ ਜਾਂਚ,ਸਪੀਕਰ ਵਿਧਾਨ ਸਭਾ ਨੂੰ ਲਿਖੀ ਚਿੱਠੀ

*ਪੰਜਾਬ ਪੁਲੀਸ ਪੰਜਾਬ ਸੰਤਾਪ ਦੇ ਦੌਰ ਵਾਲੀਆਂ ਫਿਲਮੀ ਕਹਾਣੀਆਂ ਘੜਨ ਲਗੀ

*ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੋਏ

ਬੇਸ਼ੱਕ ਪੰਜਾਬ ਪੁਲਿਸ ਪਿਛਲੇ ਦਿਨੀਂ ਪੀਲੀਭੀਤ  ਵਿਚ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਤਿੰਨ ਨੌਜਵਾਨਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਤ ਖਾੜਕੂ ਦੱਸ ਕੇ ਢਹਿ ਢੇਰੀ ਕਰਨ ਨੂੰ ਵੱਡੀ ਪ੍ਰਾਪਤੀ ਦੱਸ ਰਹੀ ਹੈ, ਪਰ ਹੁਕਮਰਾਨ ਧਿਰ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ  ਨੇ ਪੁਲਿਸ ਮੁਕਾਬਲੇ ਨੂੰ ਸ਼ੱਕੀ ਦੱਸਦੇ ਹੋਏ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਗਿਆਸਪੁਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿਖ ਕੇ ਪੁਲਿਸ ਮੁਕਾਬਲੇ ’ਤੇ ਸਵਾਲ ਖੜ੍ਹੇ ਕੀਤੇ ਹਨ। ਗਿਆਸਪੁਰਾ ਦੀ ਇਸ ਚਿੱਠੀ ਨੇ ਸੂਬਾ ਸਰਕਾਰ ਤੇ ਪੰਜਾਬ ਪੁਲਿਸ ਲਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਪਹਿਲਾਂ ਹੀ ਮਨੁੱਖੀ ਅਧਿਕਾਰਾਂ ਦੀ ਲੜ੍ਹਾਈ ਲੜ੍ਹ ਰਹੀਆਂ ਜਥੇਬੰਦੀਆਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦਾ ਦੋਸ਼ ਲਾ ਰਹੀਆਂ ਸਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਗ੍ਰਹਿ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ, ਜੋ ਸਿੱਧੇ ਰੂਪ ਵਿਚ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੋ ਰਹੇ ਹਨ।

ਸਪੀਕਰ ਨੂੰ ਲਿਖੀ ਚਿੱਠੀ ਵਿਚ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਆਪ (ਸਪੀਕਰ) ਵਿਧਾਨ ਸਭਾ ਦੇ ਕਸਟੋਡੀਅਨ ਹਨ, ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਝੂਠਾ ਪੁਲਿਸ ਮੁਕਾਬਲਾ ਦਿਖਾਕੇ ਕਿਸੇ ਹੋਰ ਸੂਬੇ ਵਿਚ ਮਾਰਿਆ ਜਾਵੇਗਾ ਤਾਂ ਅਵਾਜ਼ ਚੁੱਕਣੀ ਬਣਦੀ ਹੈ। ਉਨ੍ਹਾਂ ਸਪੀਕਰ ਤੋਂ ਯੂਪੀ ਸਰਕਾਰ ਨੂੰ ਉੱਚ ਪੱਧਰੀ ਜਾਂਚ ਕਰਨ ਲਈ ਚਿੱਠੀ ਲਿਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਦੋਸ਼ੀ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਗਿਆਸਪੁਰਾ ਵਲੋਂ ਸਪੀਕਰ ਨੂੰ ਲਿਖੀ ਚਿੱਠੀ ਸੂਬਾ ਸਰਕਾਰ ਲਈ ਵੱਡੀ ਚੁਣੌਤੀ ਬਣ ਸਕਦੀ ਹੈ ਕਿਉਂਕਿ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਦੀ ਲੜ੍ਹਾਈ ਲੜ੍ਹਨ ਵਾਲੇ ਪਹਿਲਾਂ ਹੀ ਨੌਜਵਾਨਾਂ ਦਾ ਕਿਸੇ ਖਾੜਕੂ ਜਥੇਬੰਦੀ ਨਾਲ ਸਬੰਧ ਨਾ ਹੋਣ ਦਾ ਦਾਅਵਾ ਕਰ ਰਹੇ ਹਨ। ਇੱਥੇ ਦੱਸਿਆ ਜਾਂਦਾ ਹੈ ਕਿ ਗਿਆਸਪੁਰਾ ਨੇ 1984 ਸਿਖ ਕਤਲੇਆਮ ਦੌਰਾਨ ਹੌਂਦ ਚਿੱਲੜ (ਹਰਿਆਣਾ) ਦਾ ਮਾਮਲਾ ਵੀ ਉਜਾਗਰ ਕੀਤਾ ਸੀ।

ਇਸਤੋਂ ਪਹਿਲਾਂ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿਚ ਦੋਸੀਆਂ ਖਿਲਾਫ਼ ਕੋਈ ਕਾਰਵਾਈ ਨਾ ਕਰਨ ਨੂੰ ਲੈ ਕੇ ਸਮੇਂ ਸਮੇਂ ਸਵਾਲ ਚੁੱਕਦੇ ਆ ਰਹੇ ਹਨ। ਹੁਣ ਗਿਆਸਪੁਰਾ ਨੇ ਪੁਲਿਸ ਮੁਕਾਬਲੇ ਨੂੰ ਝੂਠਾ ਦੱਸਕੇ ਪੰਜਾਬ ਪੁਲਿਸ ਲਈ ਵੱਡੀ ਸਿਰਦਰਦੀ ਪੈਦਾ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਪਿਛਲੇ ਦਿਨ ਪੀਲੀਭੀਤ ਵਿਖੇ ਗੁਰਵਿੰਦਰ ਸਿੰਘ, ਰਵਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਦੀ ਪੁਲਿਸ ਮੁਕਾਬਲੇ ਦੌਰਾਨ ਹਲਾਕ ਹੋਣ ਦਾ ਪੁਲਿਸ ਨੇ ਦਾਅਵਾ ਕੀਤਾ ਸੀ।

ਪੁਲਿਸ ਦੇ ਦਾਅਵੇ ਬਨਾਮ ਪੰਜਾਬ ਸੰਤਾਪ ਵਾਲੀਆਂ ਫਿਲਮੀ ਕਹਾਣੀਆਂ

ਪੰਜਾਬ ਪੁਲੀਸ  ਜੋ ਕਿ ਫਿਲਮੀ ਕਹਾਣੀਆਂ ਘੜਨ ਵਿਚ ਮਾਹਿਰ ਹੈ ,ਉਹ ਇਸ ਸਬੰਧੀ ਖਾੜਕੂਆਂ ਤੇ ਗੈਂਗਸਟਰਾਂ ਦੇ ਆਪਸੀ ਗੱਠਜੋੜ ਬਾਰੇ ਨਵੀਆਂ ਫਿਲਮੀ ਕਹਾਣੀਆਂ ਘੜ ਰਹੀ ਹੈ।ਪੁਲਿਸ ਦੀ ਥਿਊਰੀ ਇਹ ਵੀ ਹੈ ਕਿ ਦਰਅਸਲ ਖਾੜਕੂ ਸੰਗਠਨ ਪੰਜਾਬ ਦੇ ਨਸ਼ੇੜੀ ਨੌਜਵਾਨਾਂ ਨੂੰ ਪੈਸਿਆਂ, ਨਸ਼ਿਆਂ ਅਤੇ ਵਿਦੇਸ਼ਾਂ ਵਿਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਰਹੇ ਹਨ । ਇਸ ਲਾਲਚ ਬਦਲੇ ਨੌਜਵਾਨ ਖਾੜਕੂਆਂ ਦੇ ਗੁਰਗਿਆਂ ਤੱਕ ਹਥਿਆਰ/ਵਿਸਫ਼ੋਟਕ ਸਮੱਗਰੀ ਪਹੁੰਚਾਉਣ ਅਤੇ ਧਮਾਕੇ ਕਰਨ ਦਾ ਕੰਮ ਕਰ ਰਹੇ ਹਨ । ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਨੌਜਵਾਨਾਂ ਨੂੰ ਖਾੜਕੂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਨਸ਼ੇੜੀ ਜਾਂ ਬੇਰੁਜ਼ਗਾਰ ਸਨ । ਵਿਦੇਸ਼ਾਂ 'ਚ ਬੈਠੇ ਗੁਰਗੇ ਅੰਮਿ੍ਤਸਰ, ਤਰਨਤਾਰਨ ਅਤੇ ਫ਼ਿਰੋਜਪੁਰ ਸਣੇ ਕਈ ਸਰਹੱਦੀ ਇਲਾਕਿਆਂ 'ਚ ਸਥਾਨਕ ਨੌਜਵਾਨਾਂ ਨੂੰ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਲਈ ਨਾਲ ਜੋੜ ਰਹੇ ਹਨ

ਦਲ ਖਾਲਸਾ ਪੰਜਾਬ ਪੁਲੀਸ ਉਪਰ ਅਜਿਹੇ ਦੋਸ਼ ਲਗਾ ਰਿਹਾ ਹੈ। ਪੰਜਾਬ ਦੇ ਡੀਜੀਪੀ ਪੰਜਾਬ ਗੌਰਵ ਯਾਦਵ ਦਾ ਤਾਜ਼ਾ ਦਾਅਵਾ ਹੈ ਕਿ ਹੁਣੇ ਜਿਹੇ ਪਾਕਿਸਤਾਨ-ਆਈਐੱਸਆਈ ਹਮਾਇਤ ਪ੍ਰਾਪਤ ਖਾੜਕੂ ਮਾਡਿਊਲ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਬਟਾਲਾ ਅਤੇ ਗੁਰਦਾਸਪੁਰ ਦੇ ਪੁਲੀਸ ਥਾਣੇ ਤੇ ਚੌਕੀ ’ਤੇ ਹੱਥਗੋਲਿਆਂ ਨਾਲ ਹੋਏ ਹਮਲਿਆਂ ਦਾ ਮਾਸਟਰਮਾਈਂਡ ਅਭੀਜੋਤ ਸਿੰਘ ਵੀ ਸ਼ਾਮਲ ਹੈ। ਪੁਲਿਸ ਅਨੁਸਾਰ ਇਹ ਮਾਡਿਊਲ ਵਿਦੇਸ਼ ਆਧਾਰਿਤ ਹਰਪ੍ਰੀਤ ਸਿੰਘ  ਹੈਪੀ ਪਸੀਆ ਤੇ ਸ਼ਮਸ਼ੇਰ  ਹਨੀ ਵੱਲੋਂ ਚਲਾਈ ਜਾ ਰਹੀ ਬੱਬਰ ਖਾਲਸਾ  ਜਥੇਬੰਦੀ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ।  

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ  ਥਾਣਿਆਂ ’ਤੇ ਹਮਲਿਆਂ ਦੀਆਂ ਅੱਠ ਘਟਨਾਵਾਂ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਨਾਲ ਸਬੰਧਤ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯਾਦਵ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਕਿਹਾ, ‘ਅਸੀਂ ਪਾਕਿਸਤਾਨ ਦੀ ਆਈਐੱਸਆਈ ਅਤੇ ਖਾੜਕੂ ਗਰੁੱਪਾਂ ਦੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਭੰਗ ਕਰਨ ਦੀ ਨਵੀਂ ਸਾਜਿਸ਼ ਨਾਕਾਮ ਕਰ ਦਿੱਤੀ ਹੈ।’

ਉਨ੍ਹਾਂ ਦੱਸਿਆ ਕਿ ਇਨ੍ਹਾਂ ਅੱਠ ਧਮਾਕਿਆਂ ਲਈ ਪੰਜ ਖਾੜਕੂ ਮਾਡਿਊਲ ਜ਼ਿੰਮੇਵਾਰ ਹਨ। ਇਨ੍ਹਾਂ ਵੱਲੋਂ ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਰਹਿੰਦੇ ਇਨ੍ਹਾਂ ਦੇ ਸਰਗਣਿਆਂ ਤੋਂ ਮਿਲੇ ਹੁਕਮਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਜਾ ਰਹੀ ਸੀ। ਹਮਲਿਆਂ ਵਿੱਚ ਗ੍ਰਨੇਡਾਂ ਅਤੇ ਆਰਡੀਐੱਕਸ ਦੀ ਵਰਤੋਂ ਹੋਈ ਸੀ। ਉਨ੍ਹਾਂ ਕਿਹਾ, ‘ਇਨ੍ਹਾਂ ਵਿਚੋਂ ਤਿੰਨ ਮਾਡਿਊਲ ਬੀਕੇਆਈ, ਜਦਕਿ ਦੋ ਕੇਜ਼ੈੱਡਐੱਫ ਨਾਲ ਸਬੰਧਤ ਹਨ। ਉਨ੍ਹਾਂ ਕੋਲੋਂ ਦੋ ਏਕੇ-47 ਰਾਈਫਲਾਂ, ਪੰਜ ਗ੍ਰਨੇਡ, ਦੋ ਗਲੌਕ ਪਿਸਤੌਲਾਂ ਅਤੇ 1.04 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਡੀਜੀਪੀ ਨੇ ਲੋਕਾਂ ਨੂੰ ਅਜਿਹੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪਹਿਲਾ ਹਮਲਾ 23 ਨਵੰਬਰ ਨੂੰ ਅਜਨਾਲਾ ਥਾਣੇ ’ਤੇ ਹੋਇਆ ਸੀ। ਇਸ ਹਮਲੇ ਲਈ 1.5 ਕਿਲੋ ਆਈਈਡੀ ਦੀ ਵਰਤੋਂ ਕੀਤੀ ਗਈ ਸੀ। 29 ਨਵੰਬਰ ਨੂੰ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਵਿੱਚ ਰਾਤ 11 ਵਜੇ ਪੁਲੀਸ ਚੌਕੀ ਨੇੜੇ ਧਮਾਕਾ ਹੋਇਆ। 2 ਦਸੰਬਰ ਨੂੰ ਨਵਾਂਸ਼ਹਿਰ ਦੀ ਅਨਸਾਰੋ ਚੌਕੀ ਵਿੱਚ ਧਮਾਕਾ ਹੋਇਆ। 4 ਦਸੰਬਰ ਨੂੰ ਅੰਮ੍ਰਿਤਸਰ ਦੇ ਮਜੀਠਾ ਥਾਣੇ ਵਿੱਚ ਹੋਏ ਗ੍ਰਨੇਡ ਧਮਾਕੇ ਵਿੱਚ ਥਾਣੇ ਦੀਆਂ ਖਿੜਕੀਆਂ ਟੁੱਟ ਗਈਆਂ ਸਨ। ਇਸੇ ਤਰ੍ਹਾਂ 13 ਦਸੰਬਰ ਨੂੰ ਬਟਾਲਾ ਦੇ ਥਾਣਾ ਘਣੀਆਂ ਕੇ ਬਾਂਗਰ ’ਤੇ ਹਮਲਾ ਹੋਇਆ। 17 ਦਸੰਬਰ ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਬੀਕੇਆਈ ਦੇ ਜੀਵਨ ਸਿੰਘ ਫ਼ੌਜੀ ਨੇ ਲਈ ਸੀ

ਡੀਜੀਪੀ ਅਨੁਸਾਰ  ਗ੍ਰਿਫ਼ਤਾਰ ਕੀਤੇ ਗਏ ਬਾਕੀ ਚਾਰ ਵਿਅਕਤੀਆਂ ਦੀ ਪਛਾਣ ਕੁਲਜੀਤ ਸਿੰਘ, ਰੋਹਿਤ  ਘੇਸੀ, ਸ਼ੁਭਮ ਅਤੇ ਗੁਰਜਿੰਦਰ ਸਿੰਘ  ਰਾਜਾ ਸਾਰੇ ਵਾਸੀਆਨ ਕਿਲ੍ਹਾ ਲਾਲ ਸਿੰਘ, ਬਟਾਲਾ ਵਜੋਂ ਹੋਈ ਹੈ। ਪੁਲੀਸ ਦੀਆਂ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ 9 ਐੱਮਐੱਮ ਤੇ ਇੱਕ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। 

ਡੀਜੀਪੀ ਨੇ ਦੱਸਿਆ ਕਿ ਜਦੋਂ ਮੁਲਜ਼ਮ ਅਭੀਜੋਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਹਿਰਾਸਤ ਵਿਚੋਂ ਭੱਜਣ ਲਈ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ, ਜਿਸ ਦੇ ਜਵਾਬ ਵਿੱਚ ਪੁਲੀਸ ਨੇ ਵੀ ਆਪਣੇ ਬਚਾਅ ਵਿਚ ਗੋਲੀਬਾਰੀ ਕੀਤੀ। ਇਸ ਦੌਰਾਨ ਦੋਹਾਂ ਮੁਲਜ਼ਮਾਂ ਦੇ ਗੋਲੀਆਂ ਲੱਗੀਆਂ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 

 ਪੁਲਿਸ ਅਨੁਸਾਰ ਪਿਛਲੇ ਦਿਨੀਂ ਮੁਕਾਬਲੇ ਵਿਚ ਮਾਰੇ ਗਏ ਖਾਲਿਸਤਾਨੀ  ਗੁਰਵਿੰਦਰ ਸਿੰਘ, ਵਰਿੰਦਰ ਤੇ ਜਸਨਪ੍ਰੀਤ ਦਾ ਪੂਰਨਪੁਰ ਪਹੁੰਚਣਾ ਯੋਜਨਾਬੱਧ ਸੀ। ਲੰਡਨ ਵਿਚ ਬੈਠਾ 10 ਲੱਖ ਦਾ ਇਨਾਮੀ ਬੱਬਰ ਖਾਲਸਾ ਦਾ ਖਾੜਕੂ ਕੁਲਬੀਰ ਸਿੰਘ ਸਿੱਧੂ  ਉਨ੍ਹਾਂ ਤਿੰਨਾਂ ਨੂੰ ਫੋਨ ’ਤੇ ਲਗਾਤਾਰ ਮਦਦ ਪਹੁੰਚਾਉਂਦਾ ਰਿਹਾ ਸੀ।  ਜਾਂਚ ਦੇ ਮੁਤਾਬਕ, ਲੰਡਨ ਵਿਚ ਬੈਠੇ ਖਾਲਸਾ ਇੰਟਰਨੈਸ਼ਨਲ ਦੇ  ਸਿੱਧੂ ਨੇ 20 ਦਸੰਬਰ ਨੂੰ ਜਸਪਾਲ ਨੂੰ ਫੋਨ ਕਰ ਕੇ ਤਿੰਨੋ ਖਾੜਕੂਆਂ ਨੂੰ ਹੋਟਲ ਵਿਚ ਕਮਰਾ ਦਿਵਾਇਆ ਸੀ। ਉਸੇ ਨੇ ਜਸਪਾਲ ਦੇ ਵ੍ਹਟਸਐਪ ਨੰਬਰ ’ਤੇ ਤਿੰਨੋਂ ਖਾੜਕੂਆਂ ਦੇ ਫਰਜ਼ੀ ਆਧਾਰ ਕਾਰਡ ਭੇਜੇ, ਜਿਨ੍ਹਾਂ ਨੂੰ ਬਤੌਰ ਆਈਡੀ ਇਸਤੇਮਾਲ ਕੀਤਾ ਗਿਆ ਸੀ। ਪੁਲਿਸ ਅਨੁਸਾਰ ਸਿੱਧੂ 2021 ਵਿਚ ਨੌ ਮਹੀਨੇ ਗਜਰੌਲਾ ਜਪਤੀ ਪਿੰਡ ਵਿਚ ਅਰਸ਼ਦੀਪ ਸਿੰਘ ਦੇ ਘਰ ਤੇ ਕੁਝ ਹੋਰ ਥਾਵਾਂ ’ਤੇ ਰਿਹਾ। ਉੱਥੇ ਨੈੱਟਵਰਕ ਬਣਾਇਆ, ਇਸਦੇ ਬਾਅਦ ਚਲਾ ਗਿਆ। 13 ਅਪ੍ਰੈਲ ਨੂੰ ਪੰਜਾਬ ਵਿਚ ਵੀਐੱਚਪੀ ਦੇ ਆਗੂ ਪ੍ਰਭਾਕਰ ਦੀ ਹੱਤਿਆ ਦੇ ਬਾਅਦ ਫਰਾਰ ਹੋ ਗਿਆ। ਉਸ ’ਤੇ ਐੱਨਆਈਏ 10 ਲੱਖ ਦਾ ਇਨਾਮ ਐਲਾਨ ਚੁੱਕੀ ਹੈ। ਉਹ ਹਰਿਆਣਾ ਦੇ ਯਮੁਨਾਨਗਰ ਦਾ ਰਹਿਣ ਵਾਲਾ ਹੈ। ਹੱਤਿਆ ਲਈ ਸਿੱਧੂ ਨੇ 10 ਲੱਖ ਰੁਪਏ ਦਾ ਲੈਣਦੇਣ ਵੀ ਅਰਸ਼ਦੀਪ ਰਾਹੀਂ ਕੀਤਾ ਸੀ। ਵੀਰਵਾਰ ਨੂੰ ਪੁਲਿਸ ਨੇ ਅਰਸ਼ਦੀਪ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਐੱਸਪੀ ਅਵਿਨਾਸ਼ ਪਾਂਡੇ ਨੇ ਕਿਹਾ ਕਿ ਜਸਪਾਲ ਨੂੰ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਹੋਵੇਗੀ ਤਾਂ ਜੋ ਖਾੜਕੂ ਨੈੱਟਵਰਕ ਦੀ ਸਥਿਤੀ ਜ਼ਿਆਦਾ ਸਪਸ਼ਟ ਹੋ ਸਕੇ। ਬੀਤੇ ਵੀਰਵਾਰ ਨੂੰ ਪੁਲਿਸ ਨੇ ਜਸਪਾਲ ਨੂੰ ਜੇਲ੍ਹ ਭੇਜ ਦਿੱਤਾ ਸੀ। ਹੁਣ ਸਿੱਧੂ ਦੀਆਂ ਜੜਾਂ ਲੱਭਣ ਤੇ ਉਸਨੂੰ ਸ਼ਰਨ ਦੇਣ ਵਾਲੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।