ਸੀਬੀਆਈ ਨੇ ਵਿਦੇਸ਼ੀ ਨਾਗਰਿਕਾਂ ਨਾਲ ਸਾਈਬਰ ਠੱਗੀ ਕਰਨ ਵਾਲਿਆਂ ਦਾ ਕੀਤਾ ਪਰਦਾਫ਼ਾਸ਼ 

ਸੀਬੀਆਈ ਨੇ ਵਿਦੇਸ਼ੀ ਨਾਗਰਿਕਾਂ ਨਾਲ ਸਾਈਬਰ ਠੱਗੀ ਕਰਨ ਵਾਲਿਆਂ ਦਾ ਕੀਤਾ ਪਰਦਾਫ਼ਾਸ਼ 

* 26 ਲੋਕਾਂ ਗ੍ਰਿਫ਼ਤਾਰ,32 ਸ਼ਹਿਰਾਂ ਵਿਚ ਛਾਪੇਮਾਰੀ ਕੀਤੀ

*ਪੁਣੇ, ਹੈਦਰਾਬਾਦ, ਅਹਿਮਦਾਬਾਦ ਤੇ ਵਿਸ਼ਾਖਾਪਟਨਮ ਵਿਚ ਚਾਰ ਨਾਜਾਇਜ਼ ਕਾਲ ਸੈਂਟਰ ਚਲਾ ਰਹੇ ਸਨ ਠੱਗ

 *ਇਕ ਛੋਟੀ ਜਿਹੀ ਗਲਤੀ ਨਾਲ ਤੁਹਾਡਾ ਬੈਂਕ ਖਾਤਾ ਹੋ ਸਕਦਾ ਏ ਖਾਲੀ

ਸੀਬੀਆਈ ਨੇ ਵਿਦੇਸ਼ੀ ਨਾਗਰਿਕਾਂ ਤੇ ਖ਼ਾਸ ਤੌਰ ’ਤੇ ਅਮਰੀਕੀ ਨਾਗਰਿਕਾਂ ਨਾਲ ਸਾਈਬਰ ਠੱਗੀ ਕਰਨ ਵਾਲਿਆਂ ਦਾ ਪਰਦਾਫ਼ਾਸ਼ ਕਰ ਕੇ 26 ਲੋਕਾਂ ਦੀ ਜਿਹੜੀ ਗ੍ਰਿਫ਼ਤਾਰੀ ਕੀਤੀ, ਉਹ ਇਹੀ ਦੱਸਦੀ ਹੈ ਕਿ ਭਾਰਤ ਵਿਚ ਸਾਈਬਰ ਠੱਗ ਕਿੰਨੇ ਵੱਡੇ ਪੱਧਰ ’ਤੇ ਸਰਗਰਮ ਹਨ। ਆਪ੍ਰੇਸ਼ਨ ਚੱਕਰ ਤਹਿਤ ਸੀਬੀਆਈ ਨੇ ਸਾਈਬਰ ਠੱਗਾਂ ਖ਼ਿਲਾਫ਼ 32 ਸ਼ਹਿਰਾਂ ਵਿਚ ਛਾਪੇਮਾਰੀ ਕੀਤੀ। ਇਨ੍ਹਾਂ ਵਿੱਚੋਂ ਚਾਰ ਸ਼ਹਿਰਾਂ, ਪੁਣੇ, ਹੈਦਰਾਬਾਦ, ਅਹਿਮਦਾਬਾਦ ਤੇ ਵਿਸ਼ਾਖਾਪਟਨਮ ਵਿਚ ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਚਾਰ ਨਾਜਾਇਜ਼ ਕਾਲ ਸੈਂਟਰ ਚਲਾ ਰਹੇ ਸਨ। ਅਜਿਹੇ ਕਾਲ ਸੈਂਟਰ ਪਹਿਲੀ ਵਾਰ ਉਜਾਗਰ ਨਹੀਂ ਹੋਏ। ਇਸ ਤੋਂ ਪਹਿਲਾਂ ਵੀ ਕਈ ਸ਼ਹਿਰਾਂ, ਖ਼ਾਸ ਤੌਰ ’ਤੇ ਦਿੱਲੀ-ਐੱਨਸੀਆਰ ਵਿਚ ਵੀ ਅਜਿਹੇ ਕਾਲ ਸੈਂਟਰ ਚੱਲਦੇ ਪਾਏ ਗਏ ਹਨ। ਇਨ੍ਹਾਂ ਵਿੱਚੋਂ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਠੱਗਦੇ ਸਨ ਤੇ ਕੁਝ ਭਾਰਤੀ ਨਾਗਰਿਕਾਂ ਨੂੰ।  ਆਪਣੇ ਦੇਸ਼ ਵਿਚ ਮੋਬਾਈਲ ਫੋਨ ਰਾਹੀਂ ਲੋਕਾਂ ਨੂੰ ਠੱਗਣ ਵਾਲੇ ਪਤਾ ਨਹੀਂ ਕਿੰਨੇ ਗਿਰੋਹ ਜਗ੍ਹਾ-ਜਗ੍ਹਾ ਸਰਗਰਮ ਹਨ। ਪਿਛਲੇ ਕੁਝ ਸਮੇਂ ਤੋਂ ਉਹ ਨਕਲੀ ਬੈਂਕ, ਪੁਲਿਸ, ਸੀਬੀਆਈ ਅਤੇ ਕਸਟਮ ਅਧਿਕਾਰੀ ਬਣ ਕੇ ਵੀ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ। ਇਹ ਕਿਸੇ ਤੋਂ ਲੁਕਿਆ ਨਹੀਂ ਕਿ ਲੋਕਾਂ ਨੂੰ ਡਿਜੀਟਲ ਅਰੈਸਟ ਕਰ ਕੇ ਠੱਗਣ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ।  

 ਅੱਜ ਕੱਲ ਸਾਈਬਰ ਠੱਗਾਂ ਨੇ ਗੁਗਲ ਸਰਚ ’ਤੇ ਆਪਣਾ ਜਾਲ ਵਿਛਾਇਆ ਹੋਇਆ ਹੈ। ਉਹ ਉਸ ਜਾਲ ’ਚ ਸ਼ਿਕਾਰ ਫਸਣ ਦਾ ਇੰਤਜ਼ਾਰ ਕਰਦੇ ਹਨ- ਜਿਵੇਂ ਹੀ ਸ਼ਿਕਾਰ ਉਨ੍ਹਾਂ ਦੇ ਜਾਲ ’ਚ ਫਸਦਾ ਹੈ, ਉਹ ਉਸ ਨੂੰ ਆਪਣਾ ਨਿਸ਼ਾਨਾ ਬਣਾ ਲੈਂਦੇ ਹਨ, ਕਿਉਂਕਿ ਲੋਕ ਗੂਗਲ ’ਤੇ ਜਾ ਕੇ ਕਿਸੇ ਸੰਸਥਾ ਜਾਂ ਕੰਪਨੀ ਦਾ ਨਾਂ ਸਰਚ ਕਰਦੇ ਹਨ ਅਤੇ ਉਥੇ ਜ਼ਿਆਦਾਤਰ ਸਭ ਤੋਂ ਉੱਪਰ ਵਾਲਾ ਲਿੰਕ ਕਲਿੱਕ ਕਰਦੇ ਹਨ ਤਾਂ ਉਸ ਵਿਚ ਕੰਪਨੀ ਦੇ ਮੋਬਾਈਲ ਨੰਬਰ ਆਉਂਦੇ ਹਨ। ਜ਼ਰੂਰੀ ਨਹੀਂ ਉਹ ਨੰਬਰ ਉਸੇ ਕੰਪਨੀ ਦਾ ਹੋਵੇ। ਉਹ ਕਿਸੇ ਸਾਈਬਰ ਠੱਗ ਦਾ ਵਿਛਾਇਆ ਹੋਇਆ ਜਾਲ ਵੀ ਹੋ ਸਕਦਾ ਹੈ।

ਜਦੋਂ ਤੁਸੀਂ ਉਸ ਨੰਬਰ ’ਤੇ ਗੱਲ ਕਰਦੇ ਹੋ ਤਾਂ ਸਾਈਬਰ ਠੱਗ ਤੁਹਾਨੂੰ ਗੱਲਾਂ ’ਚ ਉਲਝਾ ਲੈਣਗੇ ਅਤੇ ਤੁਹਾਡੀ ਮਦਦ ਈ ਤੁਹਾਨੂੰ ਭਰੋਸਾ ਵੀ ਦਿਵਾਉਣਗੇ। ਫਿਰ ਝਾਂਸਾ ਦੇ ਕੇ ਤੁਹਾਨੂੰ ਇਕ ਲਿੰਕ ਭੇਜਣਗੇ ਜਾਂ ਫਿਰ ਕਿਸੇ ਹੋਰ ਢੰਗ ਨਾਲ ਤੁਹਾਨੂੰ ਉਲਝਾ ਕੇ ਤੁਹਾਡਾ ਬੈਂਕ ਅਕਾਊਂਟ ਖਾਲੀ ਕਰ ਦੇਣਗੇ।

ਗੈਸ ਸਿਲੰਡਰ ਦੇਰ ਨਾਲ ਆਉਣ ’ਤੇ ਕੰਪਨੀ ਦਾ ਹੈਲਪਲਾਈਨ ਨੰਬਰ ਕੀਤਾ ਸਰਚ, 11 ਲੱਖ ਠੱਗੇ ਗਏ

ਪਹਿਲੇ ਮਾਮਲੇ ਵਿਚ ਰਾਕੇਸ਼ ਖੰਨਾ ਨੇ ਗੈਸ ਸਿਲੰਡਰ ਦੇਰੀ ਨਾਲ ਡਲਿਵਰੀ ਹੋਣ ਦੀ ਸ਼ਿਕਾਇਤ ਕੰਪਨੀ ਵਿਚ ਦਰਜ ਕਰਵਾਉਣੀ ਸੀ। ਇਸ ਲਈ 17 ਸਤੰਬਰ ਨੂੰ ਗੁੂਗਲ ’ਤੇ ਕੰਪਨੀ ਦਾ ਕਸਟਮਰ ਕੇਅਰ ਦਾ ਨੰਬਰ ਲੱਭਿਆ ਸੀ ਪਰ ਨੰਬਰ ਲੱਭਦੇ ਹੋਏ ਉਹ ਸਾਈਬਰ ਠੱਗਾਂ ਦੇ ਜਾਲ ’ਚ ਫਸ ਗਏ, ਜੋ ਨੰਬਰ ਮਿਲਾ ਕੇ ਉਸ ’ਤੇ ਕਾਲ ਕੀਤੀ ਤਾਂ ਸਾਹਮਣਿਓਂ ਗੱਲ ਕਰਨ ਵਾਲੇ ਨੇ ਖੁਦ ਨੂੰ ਇੰਡੇਨ ਦਾ ਕਸਟਮਰ ਕੇਅਰ ਕਾਰਜਕਾਰੀ ਮੁਲਾਜ਼ਮ ਦੱਸਿਆ।

ਉਸ ਨੇ ਗੱਲਾਂ ਵਿਚ ਉਲਝਾ ਕੇ ਉਨ੍ਹਾਂ ਨੂੰ ਝਾਂਸੇ ਵਿਚ ਲੈ ਲਿਆ ਅਤੇ ਕਿਹਾ ਕਿ ਉਸ ਦੀ ਕੇ. ਵਾਈ. ਸੀ. ਨਹੀਂ ਹੋਈ। ਇਸ ਲਈ ਉਹ ਕੇ. ਵਾਈ. ਸੀ. ਫੀਸ ਲਈ 10 ਰੁਪਏ ਦੇਣ ਲਈ ਕਿਹਾ। ਸਾਈਬਰ ਠੱਗ ਨੇ ਉਸ ਨੂੰ ਇਕ ਵ੍ਹਟਸਐਪ ’ਤੇ ਲਿੰਕ ਭੇਜ ਦਿੱਤਾ। ਉਸ ਨੇ ਲਿੰਕ ਕਲਿੱਕ ਕਰ ਕੇ ਜਿਉਂ ਹੀ 10 ਰੁਪਏ ਆਨਲਾਈਨ ਕੀਤੇ ਤਾਂ ਉਸ ਦੇ ਖਾਤੇ ਵਿਚੋਂ ਵੱਖ-ਵੱਖ ਐਂਟਰੀਆਂ ਜ਼ਰੀਏ 11 ਲੱਖ ਰੁਪਏ ਟ੍ਰਾਂਸਫਰ ਕਰਵਾ ਲਏ।

ਇਹ ਪੈਸੇ ਬੰਧਨ ਬੈਂਕ, ਐੱਨ. ਐੱਸ. ਡੀ. ਐੱਲ. ਪੇਮੈਂਟ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਕੋਟਿਕ ਮਹਿੰਦਰਾ, ਸੈਂਟਰਲ ਬੈਂਕ ਆਫ ਇੰਡੀਆ, ਯੂਨੀਅਨ ਬੈਂਕ, ਇੰਡੀਅਨ ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਸਮੇਤ 22 ਵੱਖ-ਵੱਖ ਬੈਂਕ ਖਾਤਿਆਂ ’ਚ ਟ੍ਰਾਂਸਫਰ ਕੀਤੇ ਗਏ, ਜੋ ਕਿ ਅਸਾਮ, ਮੁੰਬਈ, ਦਿੱਲੀ, ਗੁਜਰਾਤ ਅਤੇ ਰਾਜਸਥਾਨ ’ਚ ਮੌਜੂਦ ਸਨ, ਜਿਨ੍ਹਾਂ ਤੋਂ ਪੈਸੇ ਵੀ ਕਢਵਾ ਲਏ ਗਏ।

ਮਾਤਾ ਵੈਸ਼ਣੋ ਦੇਵੀ ਜਾਣ ਲਈ ਕਰਵਾਈ ਹਵਾਈ ਟਿਕਟ, 50 ਹਜ਼ਾਰ ਠੱਗੇ ਗਏ

ਇਸੇ ਤਰ੍ਹਾਂ ਦੂਜੇ ਕੇਸ ਵਿਚ ਹੈਬੋਵਾਲ ਦੇ ਰਹਿਣ ਵਾਲੇ ਅਮਿਤ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਨਾਲ ਮਾਤਾ ਵੈਸ਼ਣੋ ਦੇਵੀ ਜਾਣਾ ਸੀ। ਇਸ ਲਈ ਉਸ ਨੇ ਗੁੂਗਲ ’ਤੇ ਸਰਚ ਕਰ ਕੇ ਹਿਮਾਲੀਅਨ ਹੈਲੀ ਸਰਚ ਕੰਪਨੀ ਨੂੰ ਸਰਚ ਕੀਤਾ ਸੀ। ਉਸ ’ਤੇ ਆਏ ਨੰਬਰਾਂ ’ਤੇ ਸੰਪਰਕ ਕਰ ਕੇ ਉਸ ਨੇ ਟਿਕਟ ਬੁਕ ਕਰਵਾ ਲਈ ਅਤੇ ਕਰੀਬ 50,000 ਰੁਪਏ ਵੀ ਦੇ ਦਿੱਤੇ ਸਨ ਪਰ ਉਸ ਨੂੰ ਇਕ ਹਫਤੇ ਬਾਅਦ ਜਾ ਕੇ ਪਤਾ ਲੱਗਾ ਕਿ ਉਸ ਦੇ ਨਾਲ ਠੱਗੀ ਹੋ ਚੁੱਕੀ ਹੈ। ਉਸ ਦੀ ਹਵਾਈ ਟਿਕਟ ਫਰਜ਼ੀ ਸੀ, ਜਿਸ ਵੈੱਬਸਾਈਟ ’ਤੇ ਉਸ ਨੇ ਟਿਕਟ ਬੁਕ ਕਰਵਾਈ ਸੀ, ਉਹ ਠੱਗਾਂ ਦੀ ਸੀ।

ਲਿੰਕ ਕਲਿੱਕ ਕਰਦੇ ਹੀ ਕ੍ਰੈਡਿਟ ਕਾਰਡ ਤੋਂ 40 ਹਜ਼ਾਰ ਦੀ ਹੋਈ ਸ਼ਾਪਿੰਗ

ਇਸਲਾਮਗੰਜ ਦੇ ਰਹਿਣ ਵਾਲੇ ਬਿੰਨੀ ਨਿਰਵਾਨ ਨੇ ਦੱਸਿਆ ਕਿ ਉਸ ਕੋਲ ਇਕ ਬੈਂਕ ਦਾ ਕ੍ਰੈਡਿਟ ਕਾਰਡ ਹੈ। ਕੁਝ ਦਿਨ ਪਹਿਲਾਂ ਉਸ ਨੂੰ ਇਕ ਕਾਲ ਆਈ ਸੀ। ਕਾਲ ਕਰਨ ਵਾਲਾ ਖੁਦ ਨੂੰ ਬੈਂਕ ਦਾ ਮੁਲਾਜ਼ਮ ਦੱਸ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉਸ ਦਾ ਬਿੱਲ ਅਜੇ ਬਾਕੀ ਹੈ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਨੌਜਵਾਨ ਨੇ ਉਸ ਨੂੰ ਇਕ ਲਿੰਕ ਭੇਜ ਕੇ ਸਟੇਟਮੈਂਟ ਦੇਖਣ ਲਈ ਕਿਹਾ।

ਜਿਉਂ ਹੀ ਉਸ ਨੇ ਲਿੰਕ ਕਲਿੱਕ ਕੀਤਾ ਤਾਂ ਉਸ ਦੇ ਕ੍ਰੈਡਿਟ ਕਾਰਡ ਤੋਂ ਵੱਖ-ਵੱਖ ਐਂਟਰੀਆਂ ਜ਼ਰੀਏ ਗੁੜਗਾਓਂ ਅਤੇ ਨੋਇਡਾ ’ਚ ਆਨਲਾਈਨ ਸ਼ਾਪਿੰਗ ਹੋ ਗਈ। ਕਰੀਬ 50,000 ਰੁਪਏ ਦੀ ਸ਼ਾਪਿੰਗ ਕੀਤੀ ਗਈ ਪਰ ਉਸ ਨੂੰ ਇਸ ਠੱਗੀ ਦਾ ਕੁਝ ਦਿਨਾਂ ਬਾਅਦ ਜਾ ਕੇ ਪਤਾ ਲੱਗਾ। ਜਦੋਂ ਉਹ ਬੈਂਕ ਗਿਆ। ਇਸ ਤੋਂ ਬਾਅਦ ਉਸ ਨੇ ਸਾਈਬਰ ਥਾਣੇ ਵਿਚ ਜਾ ਕੇ ਸ਼ਿਕਾਇਤ ਦਰਜ ਕਰਵਾਈ।

ਇਸ ਤਰ੍ਹਾਂ ਠੱਗੀ ਤੋਂ ਬਚਿਆ ਜਾ ਸਕਦੈ 

ਸਾਈਬਰ ਠੱਗੀ ਤੋਂ ਬਚਣ ਲਈ ਸਿਰਫ ਜਾਗਰੂਕਤਾ ਜ਼ਰੂਰੀ ਹੈ। ਪੁਲਸ ਸਮੇਂ-ਸਮੇਂ ’ਤੇ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ। ਗੂਗਲ ’ਤੇ ਠੱਗਾਂ ਦਾ ਜਾਲ ਵਿਛਿਆ ਹੋਇਆ ਹੈ। ਇਸ ਲਈ ਗੂਗਲ ’ਤੇ ਸਰਚ ਕਰਨ ਦੀ ਬਜਾਏ ਕੰਪਨੀ ਜਾਂ ਸੰਸਥਾ ਦੀ ਵੈੱਬਸਾਈਟ ’ਤੇ ਜਾ ਕੇ ਹੀ ਫੋਨ ਨੰਬਰ ਪ੍ਰਾਪਤ ਕਰ ਕੇ ਗੱਲਬਾਤ ਕਰੋ।

ਇਸ ਤੋਂ ਇਲਾਵਾ ਜੇਕਰ ਕੋਈ ਵੀ ਵਿਅਕਤੀ ਤੁਹਾਨੂੰ ਫੋਨ ਰਾਹੀਂ ਤੁਹਾਡੇ ਫਾਇਦੇ ਦੀ ਗੱਲ ਕਰਦਾ ਹੈ ਤਾਂ ਇਸ ਤਰ੍ਹਾਂ ਦੇ ਵਿਅਕਤੀ ਤੋਂ ਸਾਵਧਾਨ ਹੋ ਕੇ ਗੱਲ ਕਰੋ ਅਤੇ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਜਾਂ ਦਸਤਾਵੇਜ਼ ਆਦਿ ਉਸ ਦੇ ਨਾਲ ਸਾਂਝਾ ਨਾ ਕਰੋ। ਇਸ ਤੋਂ ਇਲਾਵਾ ਆਨਲਾਈਨ ਐਪ (ਗੁਗਲ-ਪੇ, ਫੋਨ-ਪੇ, ਪੇ. ਟੀ. ਐੱਮ.) ਆਦਿ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤੋਂ, ਕਿਉਂਕਿ ਪੈਸੇ ਦਾ ਲੈਣ-ਦੇਣ ਕਰਦੇ ਸਮੇਂ ਧੋਖਾਦੇਹੀ ਹੋ ਸਕਦੀ ਹੈ।

ਸਾਈਬਰ ਠੱਗ ਤੁਹਾਨੂੰ ਫੋਨ ਕਰ ਕੇ ਕਹਿੰਦੇ ਹਨ ਕਿ ਉਸ ਨੇ ਤੁਹਾਨੂੰ ਗੂਗਲ-ਪੇ ਜਾਂ ਫੋਨ-ਪੇ ’ਤੇ ਪੈਸਾ ਟ੍ਰਾਂਸਫਰ ਕਰ ਦਿੱਤਾ ਹੈ। ਜਦੋਂ ਤੁਸੀਂ ਐਪ ਨੂੰ ਓਪਨ ਕਰ ਕੇ ਦੇਖਦੇ ਹੋ ਤਾਂ ਉਸ ’ਚ ਪੈਸੇ ਐਕਸੈਪਟ ਨਾਲ ਸਬੰਧਤ ਲਿੰਕ ਹੁੰਦਾ ਹੈ, ਜਿਸ ’ਤੇ ਤੁਸੀਂ ਕਲਿੱਕ ਕਰ ਕੇ ਆਪਣਾ ਪਿਨ ਪਾਉਂਦੇ ਹੋ ਤਾਂ ਤੁਹਾਡੇ ਖਾਤੇ ’ਚੋਂ ਪੈਸੇ ਕੱਟ ਜਾਂਦੇ ਹਨ। ਇਸ ਤਰ੍ਹਾਂ ਦੇ ਕਿਸੇ ਵੀ ਲਿੰਕ ’ਤੇ ਕਲਿੱਕ ਨਾ ਕਰੋ, ਨਾ ਹੀ ਕਿਸੇ ਵਿਅਕਤੀ ਵੱਲੋਂ ਕਹਿਣ ’ਤੇ ਕਿਸੇ ਵੀ ਤਰ੍ਹਾਂ ਦੀ ਰਿਮੋਟਲੀ ਐਪ (ਐਨੀ ਡੈਸਕ, ਟੀਮ ਵਿਊਅਰ) ਨਾ ਇੰਸਟਾਲ ਕਰੋ।

ਮਸਲਾ ਸਿਰਫ਼ ਇਹ ਨਹੀਂ ਕਿ ਸਾਈਬਰ ਠੱਗੀ ਖ਼ਿਲਾਫ਼ ਲੋੜੀਂਦੇ ਨਿਯਮ-ਕਾਨੂੰਨ ਨਹੀਂ ਹਨ। ਸਮੱਸਿਆ ਇਹ ਵੀ ਹੈ ਕਿ ਪੁਲਿਸ ਤੇ ਹੋਰ ਏਜੰਸੀਆਂ ਸਾਈਬਰ ਠੱਗਾਂ ਦੀ ਹਿਮਾਕਤ ਦਾ ਦਮਨ ਕਰਨ ਵਿਚ ਨਾਕਾਮ ਹਨ। ਕਈ ਵਾਰ ਤਾਂ ਉਹ ਠੱਗਾਂ ਦਾ ਪਤਾ ਵੀ ਨਹੀਂ ਲਗਾ ਪਾਉਂਦੀਆਂ। ਇਸ ਕਾਰਨ ਠੱਗੀ ਦੇ ਸ਼ਿਕਾਰ ਬਹੁਤ ਸਾਰੇ ਲੋਕਾਂ ਦਾ ਪੈਸਾ ਉਨ੍ਹਾਂ ਨੂੰ ਵਾਪਸ ਨਹੀਂ ਮਿਲਦਾ। ਸਾਈਬਰ ਠੱਗੀ ’ਤੇ ਇਸ ਲਈ ਵੀ ਕਾਬੂ ਨਹੀਂ ਪੈ ਰਿਹਾ ਕਿਉਂਕਿ ਇਹ ਠੱਗ ਫ਼ਰਜ਼ੀ ਨਾਂ ’ਤੇ ਸਿਮ ਲੈਣ ਵਿਚ ਸਫਲ ਰਹਿੰਦੇ ਹਨ। ਸਮਝਣਾ ਮੁਸ਼ਕਲ ਹੈ ਕਿ ਅਜਿਹਾ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਰਿਹਾ ਜਿਸ ਸਦਕਾ ਕੋਈ ਫ਼ਰਜ਼ੀ ਨਾਂ ’ਤੇ ਸਿਮ ਲੈ ਹੀ ਨਾ ਸਕੇ। ਯਕੀਨੀ ਤੌਰ ’ਤੇ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਪਾਕਿਸਤਾਨੀ ਨੰਬਰਾਂ ਤੋਂ ਵ੍ਹਟਸਐਪ ਕਾਲ ਕਰ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਇਸਤਰ੍ਹਾਂ ਭਾਰਤ ਵਿਚ ਸਾਈਬਰ ਠੱਗ ਬੇਲਗਾਮ ਹੁੰਦੇ ਜਾ ਰਹੇ ਹਨ।