ਅਮਰੀਕਾ ਵਿਚ ਆਏ ਜਬਰਦਸਤ ਤੂਫਾਨ ਕਾਰਨ 39 ਮੌਤਾਂ, ਵੱਡੀ ਪੱਧਰ 'ਤੇ ਮਕਾਨਾਂ ਤੇ ਹੋਰ ਇਮਾਰਤਾਂ ਨੂੰ ਪੁੱਜਾ ਨੁਕਸਾਨ, ਕਈ ਜਗਾ ਹੜ ਵਰਗੇ ਹਾਲਾਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਕਈ ਰਾਜਾਂ ਵਿਚ ਆਏ ਜਬਰਦਸਤ ਤੂਫਾਨ ਕਾਰਨ 39 ਲੋਕਾਂ ਦੇ ਮਾਰੇ ਜਾਣ ਤੇ ਅਨੇਕਾਂ ਮਕਾਨਾਂ ਤੇ ਹੋਰ ਇਮਾਰਤਾਂ ਨੂੰ ਵੱਡੀ ਪੱਧਰ ਉਪਰ ਨੁਕਸਾਨ ਪੁੱਜਣ ਦੀਆਂ ਰਿਪੋਰਟਾਂ ਹਨ। ਕਈ ਜਗਾ ਹੜ ਵਰਗੇ ਹਾਲਾਤ ਹਨ। ਹੈਲਨ ਤੂਫਾਨ ਨੇ ਸਮੁੱਚੇ ਦੱਖਣ ਪੂਰਬੀ ਰਾਜਾਂ ਨੂੰ ਆਪਣੀ ਲਪੇਟ ਵਿਚ ਲਿਆ ਤੇ ਜਿਥੋਂ ਜਿਥੋਂ ਵੀ 140 ਮੀਲ ਦੀ ਰਫਤਾਰ ਨਾਲ ਹਵਾਵਾਂ ਲੰਘੀਆਂ ਉਥੇ ਉਥੇ ਭਾਰੀ ਤਬਾਹੀ ਹੋਈ ਹੈ। ਤੂਫਾਨ ਦੀ ਸ਼ੁਰੂਆਤ ਪੈਰੀ, ਫਲੋਰਿਡਾ ਨੇੜੇ ਸ਼ੁੱਕਰਵਾਰ ਨੂੰ 11.10 ਵਜੇ ਰਾਤ ਨੂੰ ਹੋਈ। ਤੂਫਾਨ ਕਾਰਨ ਸਮੁੰਦਰ ਵਿਚ ਖੜੀਆਂ ਕਿਸ਼ਤੀਆਂ ਉਲਟ ਗਈਆਂ, ਘਰ ਤਬਾਹ ਹੋ ਗਏ ਤੇ ਨੀਵੇਂ ਇਲਾਕਿਆਂ ਵਿਚ ਕਈ ਕਈ ਫੁੱਟ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ। ਤੱਟੀ ਕਸਬੇ ਸਟੀਨਹੈਚੀ ਵਿਚ 9.63 ਫੁੱਟ ਉੱਚੀਆਂ ਉੱਠੀਆਂ ਪਾਣੀ ਦੀਆਂ ਲਹਿਰਾਂ ਨੇ ਕਸਬਾ ਵਾਸੀਆਂ ਦੀ ਜਾਨ ਖਤਰੇ ਵਿਚ ਪਾ ਦਿੱਤੀ ਤੇ ਉਥੇ ਭਾਰੀ ਨੁਕਸਾਨ ਹੋਇਆ। ਜਗਾ ਜਗਾ ਦਰੱਖਤ ਡਿੱਗੇ ਹੋਏ ਹਨ ਤੇ ਮਲਬਾ ਖਿਲਰਿਆ ਪਿਆ ਹੈ। ਕਈ ਘੰਟਿਆਂ ਤੱਕ ਤੂਫਾਨ ਦੀ ਰਫਤਾਰ ਬਹੁਤ ਮਜਬੂਤ ਰਹੀ ਤੇ ਇਸ ਨੇ ਉੱਤਰੀ ਫਲੋਰਿਡਾ , ਜਾਰਜੀਆ ਕੈਂਟੁਕੀ ਵਿਚ ਤਬਾਹੀ ਮਚਾਈ। ਕੈਰੋਲੀਨਾਸ ਤੇ ਐਂਟਲਾਂਟਾ ਖੇਤਰ ਵਿਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਉੱਚੀਆਂ ਥਾਵਾਂ 'ਤੇ ਪਨਾਹ ਲੈਣ। ਇਸ ਖੇਤਰ ਵਿਚ 10 ਇੰਚ ਤੱਕ ਬਾਰਿਸ਼ ਹੋਈ ਹੈ। ਫਲੋਰਿਡਾ ਤੋਂ ਲੈ ਕੇ ਵਿਰਜੀਨੀਆ ਤੱਕ ਬਿਜਲੀ ਠੱਪ ਹੋ ਗਈ ਹੈ ਤੇ ਲੱਖਾਂ ਲੋਕ ਬਿਜਲੀ ਬਿਨਾਂ ਰਹਿਣ ਲਈ ਮਜਬੂਰ ਹਨ । ਇਕ ਅੰਦਾਜੇ ਅਨੁਸਾਰ 45 ਲੱਖ ਤੋਂ ਵਧ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ। ਬਿਜਲੀ ਸੇਵਾ ਬਹਾਲ ਕਰਨ ਲਈ ਕਈ ਦਿਨ ਲੱਗ ਸਕਦੇ ਹਨ।
Comments (0)