ਕੈਨੇਡਾ ਦਾ ਪੂੰਜੀਵਾਦੀ ਸਿਸਟਮ, ਪਰਵਾਸ ਬਨਾਮ ਪੰਜਾਬੀ ਭਾਈਚਾਰਾ
ਅਖ਼ਬਾਰ ਦੇ ਮੁੱਖ ਪੰਨੇ ਦੀ ਖ਼ਬਰ ਜੇਕਰ ਆਉਂਦੇ ਦਿਨਾਂ ਦੌਰਾਨ ਅੰਦਰਲੇ ਕਿਸੇ ਪੰਨੇ ’ਤੇ ਇੱਕ ਡੱਬੀ ਵਿੱਚ ਸਿਮਟ ਕੇ ਰਹਿ ਜਾਵੇ ਤਾਂ ਸਮਝ ਆ ਜਾਂਦਾ ਹੈ ਕਿ ਵੱਡੇ ਮਹੱਤਵ ਵਾਲੀ ਇਸ ਖ਼ਬਰ ਦਾ ਭੋਗ ਪਾ ਦਿੱਤਾ ਗਿਆ ਹੈ।
ਕਾਰਨ ਰਾਜਨੀਤਕ ਦਬਾਅ ਵੀ ਹੋ ਸਕਦਾ ਹੈ ਤੇ ਮੀਡੀਆ ਦੀ ਖਰੀਦੋ-ਫ਼ਰੋਖ਼ਤ ਵੀ। ਨਤੀਜਾ ਇਹ ਨਿਕਲਦਾ ਹੈ ਕਿ ਆਉਂਦੇ ਦਿਨਾਂ ਦੌਰਾਨ ਅਸੀਂ ਖ਼ਬਰ ਵਾਲੀ ਉਸ ਘਟਨਾ ਨੂੰ ਭੁੱਲ ਵਿਸਰ ਜਾਂਦੇ ਹਾਂ। ਹਊ ਪਰੇ ਕਰਨ ਵਾਲੀ ਸਾਡੀ ਬਿਰਤੀ ਵਧੀਕੀਆਂ ਸਹਿਣ ਕਰਨ ਵਾਲੀ ਤੇ ਵਿਦਰੋਹਾਂ, ਸੰਘਰਸ਼ਾਂ ਤੋਂ ਦੂਰ ਲੈ ਕੇ ਜਾਣ ਵਾਲੀ ਹੁੰਦੀ ਹੈ। ਬਰੈਂਪਟਨ (ਕੈਨੇਡਾ) ਵਿੱਚ ਛਪਦੀਆਂ ਅਖ਼ਬਾਰਾਂ ਵਿੱਚ ਪਹਿਲੇ ਪੰਨੇ ’ਤੇ ਮੋਟੀ ਸੁਰਖੀ ਛਪਦੀ ਹੈ, ਜਿਸ ਅਨੁਸਾਰ ਪੁਲਿਸ ਨੇ ਤਿੰਨ ਪੰਜਾਬੀ ਮੁੰਡਿਆਂ ਨੂੰ ਸਟੋਰ ਲੁੱਟਣ ਦੇ ਮਾਮਲੇ ਵਿੱਚ ਕਾਬੂ ਕੀਤਾ ਹੈ। ਤਿੰਨਾਂ ਦੇ ਨਾਂਵਾਂ ਪਿੱਛੇ ਪ੍ਰੀਤ ਲਗਦਾ ਹੈ। ਇਹ ਖ਼ਬਰ ਪੜ੍ਹ ਕੇ ਅਸੀਂ ਅਚੰਭਿਤ ਨਹੀਂ ਹੁੰਦੇ। ਇਹ ਖ਼ਤਰਨਾਕ ਵਰਤਾਰਾ ਹੈ। ਜਦੋਂ ਅਜਿਹੀਆਂ ਘਟਨਾਵਾਂ ਸਾਨੂੰ ਹੈਰਾਨ ਨਾ ਕਰਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਜੀਵਨ ਦੀਆਂ ਬੇਤਰਤੀਬੀਆਂ ਨਾਲ ਸਮਝੌਤਾ ਕਰ ਲਿਆ ਹੈ। ਸਮਾਜ ਵਿੱਚ ਗਲਤ ਹੋ ਵਾਪਰ ਰਹੇ ਦੇ ਨਤੀਜਿਆਂ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ। ਅਸੀਂ ਕਿਸੇ ਵੱਡੇ ਹਾਦਸੇ ਦੇ ਵਾਪਰਨ ਦੀ ਉਡੀਕ ਕਰ ਰਹੇ ਹਾਂ। ਅਜਿਹਾ ਉਦੋਂ ਵੀ ਵਾਪਰਦਾ ਹੈ ਜਦੋਂ ਸਾਡੇ ਆਸ ਪਾਸ ਜਾਂ ਪੜੋਸ ਵਿੱਚ ਗੈਰ ਕਾਨੂੰਨੀ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਹੁੰਦਾ ਹੈ, ਪਰਿਵਾਰ ਬਿਖਰ ਰਹੇ ਹੁੰਦੇ ਹਨ, ਜਵਾਨ ਲੜਕੇ ਮਰ ਰਹੇ ਹੁੰਦੇ ਹਨ ਤੇ ਅਸੀਂ ਚੁੱਪ ਰਹਿੰਦੇ ਹਾਂ। ਅਜਿਹਾ ਚੋਣਾਂ ਵਿੱਚ ਹਰ ਵਾਰ ਕਿਸੇ ਕਾਤਲ, ਬਲਾਤਕਾਰੀ, ਗੁੰਡੇ, ਬਦਮਾਸ਼ ਤੇ ਭ੍ਰਿਸ਼ਟ ਦਾ ਵੱਡੇ ਫਰਕ ਨਾਲ ਚੋਣਾਂ ਜਿੱਤਣ ਤੋਂ ਬਾਅਦ ਸੰਸਦ ਵਿੱਚ ਪਹੁੰਚਣ ਵੇਲੇ ਵੀ ਵਾਪਰਦਾ ਹੈ। ਇਹ ਘਟਨਾਵਾਂ ਆਪਣੀ ਸੂਲ਼ੀ ਦਾ ਆਪਣੇ ਹੱਥੀਂ ਪ੍ਰਬੰਧ ਕਰਨਾ ਹੁੰਦਾ ਹੈ। ਪਰਵਾਸ ਕਰਕੇ ਬਿਹਤਰ ਜੀਵਨ ਹਾਲਤਾਂ ਲਈ ਦੂਜੇ ਦੇਸ਼ ਵਿੱਚ ਅਜਿਹੀਆਂ ਕਰਤੂਤਾਂ ਡੂੰਘੀ ਸੋਚ ਵਿਚਾਰ ਮੰਗਦੀਆਂ ਹਨ। ਕੈਨੇਡਾ ਵਿੱਚ ਅਜਿਹਾ ਕੀ ਹੈ ਕਿ ਅਸੀਂ ਆਪਣੀਆਂ ਚੰਗੀਆਂ ਨੌਕਰੀਆਂ ਛੱਡ ਕੇ, ਕਾਰੋਬਾਰ ਤਿਆਗ ਕੇ, ਚੰਗੀ ਭਲੀ ਵਾਹੀ ਖੇਤੀ ਕਿਰਸਾਨੀ ਛੱਡ ਕੇ, ਦੋ-ਮੰਜ਼ਲੀਆਂ ਕੋਠੀਆਂ ਨੂੰ ਜਿੰਦਰੇ ਮਾਰ ਕੇ ਇੱਧਰ ਆ ਗਏ ਹਾਂ ਜਾਂ ਆਉਣ ਲਈ ਤਰਲੋਮੱਛੀ ਹੋ ਰਹੇ ਹਾਂ। ਅਸੀਂ ਆਪਣੀਆਂ ਅਠਾਰਾਂ ਅਠਾਰਾਂ ਸਾਲਾਂ ਦੀਆਂ ਮਾਸੂਮ ਧੀਆਂ ਤੇ ਪੁੱਤਰਾਂ ਨੂੰ ਵੱਡੀ ਰਕਮ ਖ਼ਰਚ ਕਰਕੇ ਜਹਾਜ਼ੇ ਚਾੜ੍ਹ ਰਹੇ ਹਾਂ? ਸ਼ਾਇਦ ਬਹੁਤ ਕੁਝ ਸੀ ’ਤੇ ਹੈ ਵੀ। ਪਰ ਸਾਡਾ ਵਿਹਾਰ ਤੇ ਚਾਲ-ਚੱਲਣ ਇਸਦੇ ਸਿਫਤੀ ਮੁਹਾਂਦਰੇ ਨੂੰ ਵਲੂੰਧਰ ਰਿਹਾ ਹੈ। ਕਾਰਾਂ ਚੋਰੀ ਕਰਨ, ਡਰੱਗਜ਼ ਦਾ ਕਾਰੋਬਾਰ ਕਰਨ, ਸਟੋਰਾਂ ਦੀਆਂ ਕੰਧਾਂ ਪਾੜ ਕੇ ਸਮਾਨ ਲੁੱਟ ਕੇ ਲੈ ਜਾਣ, ਸਟੋਰਾਂ ਦੀਆਂ ਟਰਾਲੀਆਂ ਵਿੱਚ ਗਰੌਸਰੀ ਦਾ ਸਮਾਨ ਲੱਦ ਕੇ ਆਪਣੇ ਘਰ ਤਕ ਲਿਜਾਕੇ ਟਰਾਲੀ ਕਿਸੇ ਗਲੀ ਸੜਕ ਕਿਨਾਰੇ ਲਾਵਾਰਸ ਛੱਡ ਦੇਣੀ, ਕਾਰਾਂ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਲਾਉਣੇ ਤੇ ਪਲਾਜ਼ਿਆਂ, ਸਿਟੀ ਸੈਂਟਰਾਂ ਦੀਆਂ ਪਾਰਕਾਂ ਵਿੱਚ ਗੇੜੇ ਲਾਉਣੇ, ਕੁੜੀਆਂ ਨੂੰ ਕਾਮੀ ਨਿਗਾਹਾਂ ਨਾਲ ਘੂਰਨਾ ਆਦਿ ਕਈ ਨਿੱਕੀਆਂ ਨਿੱਕੀਆਂ ਗੱਲਾਂ ਹਨ, ਜਿਨ੍ਹਾਂ ਦੇ ਨਤੀਜੇ ਵੱਡੇ ਨਿਕਲਣ ਵਾਲੇ ਹਨ। ਅਜਿਹੇ ਧੰਦਿਆਂ ਵਿੱਚ ਲੁਪਤ ਲੋਕ ਭਾਵੇਂ ਥੋੜ੍ਹੇ ਜਿਹੇ ਹਨ, ਪਰ ਸਮੁੱਚੇ ਭਾਈਚਾਰੇ ਦੇ ਮੱਥੇ ’ਤੇ ਕਲੰਕ ਦਾ ਦਾਗ ਲਾਉਣ ਲਈ ਬਥੇਰੇ ਹਨ।
ਇਹ ਹੁਣ ਕੋਈ ਨਵੀਂ ਗੱਲ ਨਹੀਂ ਕਿ ਕੈਨੇਡਾ ਵਿੱਚ ਪਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇੱਥੇ ਪੱਕੇ ਹੋਣ ਲਈ ਅਸਾਇਲਮ ਮੰਗਣ ਵਾਲਿਆਂ ਦੀ ਗਿਣਤੀ ਦੋ ਲੱਖ ਦੇ ਨੇੜੇ ਪੁੱਜ ਗਈ ਹੈ, ਜਿਹਨਾਂ ਵਿੱਚ 10 ਹਜ਼ਾਰ ਪੰਜਾਬੀ ਹਨ। ਅਸਾਇਲਮ (ਸ਼ਰਨ) ਕੈਨੇਡਾ ਵਿੱਚ ਪੱਕੇ ਹੋਣ ਦਾ ਇੱਕ ਰਾਹ ਹੈ। ਇਸਦੀ ਇਜਾਜ਼ਤ ਤਾਂ ਮਿਲਦੀ ਹੈ ਜੇਕਰ ਤੁਹਾਡੀ ਨਸਲ, ਧਰਮ, ਕੌਮੀਅਤ, ਜਾਂ ਰਾਜਨੀਤਕ ਵਿਚਾਰਾਂ ਕਾਰਨ ਤੁਹਾਨੂੰ ਤੁਹਾਡੇ ਆਪਣੇ ਦੇਸ਼ ਵਿੱਚ ਸਤਾਇਆ ਜਾ ਰਿਹਾ ਹੈ। ਤੁਹਾਡੇ ਉੱਪਰ ਅੱਤਿਆਚਾਰ ਹੋ ਰਿਹਾ ਹੈ ਜਾਂ ਹੋਣ ਦਾ ਡਰ ਹੈ। ਇਸ ਤੋਂ ਇਲਾਵਾ ਵਰਕ ਪਰਮਿਟ ਵੀ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਕੈਨੇਡਾ ਵਿੱਚ ਪੱਕੇ ਹੋਣ ਦੀ ਆਸ ਕਰ ਸਕਦੇ ਹਾਂ। ਵਿਦਿਆਰਥੀ ਵੀਜ਼ੇ ਉੱਪਰ ਕੈਨੇਡਾ ਆਏ ਜਾਂ ਆ ਰਹੇ ਕੌਮਾਂਤਰੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ। ਰਾਹ ਗਲੀ ਮਿਲਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਦੋਂ ਜੌਬ ਦਾ ਪੁੱਛੀਦਾ ਹੈ ਤਾਂਹ ਬਹੁਤਿਆਂ ਦਾ ਜਵਾਬ ਹੁੰਦਾ ਕਿ ਕੋਸ਼ਿਸ਼ ਕਰ ਰਹੇ ਹਾਂ ਪਰ ਅਜੇ ਮਿਲੀ ਨਹੀਂ। ਗਰੌਸਰੀ ਮਹਿੰਗੀ ਹੋ ਗਈ ਹੈ। ਰਹਿਣ ਲਈ ਬੇਸਮੈਂਟਾਂ ਦੇ ਕਿਰਾਏ ਵਧ ਗਏ ਹਨ। ਜੇਕਰ ਇਨ੍ਹਾਂ ਦੇ ਭਵਿੱਖ ਦੀ ਗੱਲ ਕਰੀਏ ਤਾਂ ਹਾਲਾਤ ਹੱਕ ਵਿੱਚ ਭੁਗਤਦੇ ਨਹੀਂ ਲੱਗਦੇ।
ਪਰੈੱਸ ਦੇ ਇੱਕ ਹਿੱਸੇ ਦੀ ਖ਼ਬਰ ਹੈ ਕਿ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪੱਕੇ ਤੌਰ ’ਤੇ ਕੈਨੇਡਾ ਵਿੱਚ ਨਹੀਂ ਰਹਿ ਸਕਦੇ। ਉਸ ਨੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਮੁਕੰਮਲ ਕਰਕੇ ਆਪਣੇ ਘਰ ਪਰਤ ਜਾਣ ਦੀ ਸਲਾਹ ਦਿੱਤੀ ਹੈ। ਅਫ਼ਵਾਹਾਂ ਵਰਗੀ ਖ਼ਬਰ ਇਹ ਵੀ ਹੈ ਕਿ ਕੈਨੇਡਾ ਸਰਕਾਰ ਵਰਕ ਪਰਮਿਟ ਦੇਣੇ ਬੰਦ ਕਰ ਰਹੀ ਹੈ। ਉਂਝ ਜਦੋਂ ਇਸਦਾ ਦੂਜਾ ਪਾਸਾ ਵੇਖਦੇ ਹਾਂ ਤਾਂ ਸਥਿਤੀ ਭਿੰਨ ਲਗਦੀ ਹੈ। ਵਿਦਿਆਰਥੀ ਵੀਜ਼ੇ ’ਤੇ ਆਏ ਵਿਦਿਆਰਥੀਆਂ ਦੀ ਫੀਸ ਦੇ ਰੂਪ ਵਿੱਚ ਆਉਂਦੀ ਰਕਮ ਅਰਬਾਂ ਡਾਲਰ ਹੈ। ਇਸ ਦੇਸ਼ ਦੀ ਆਰਥਿਕਤਾ ਪਰਵਾਸੀਆਂ ਦੁਆਰਾ ਫੀਸ ਅਤੇ ਟੈਕਸ ਦੇ ਰੂਪ ਵਿੱਚ ਆਉਂਦੀ ਰਾਸ਼ੀ ਉੱਪਰ ਨਿਰਭਰ ਹੈ। ਕੁਝ ਵੀ ਹੋਵੇ, ਹੁਣ ਦੇ ਵੇਲਿਆਂ ਵਿੱਚ ਹਰ ਹੈਸੀਅਤ ਦਾ ਪਰਵਾਸੀ ਸੰਕਟ ਵਿੱਚ ਹੈ। ਪਰਵਾਸ ਲਈ ਘਰੋਂ ਤੁਰਨਾ ਕਠਿਨ ਫੈਸਲਾ ਹੁੰਦਾ ਹੈ। ਰਿਵਰਸ ਪਰਵਾਸ ਹੋਰ ਵੀ ਕਠਿਨ ਤੇ ਨਿਰਾਸ਼ਾਜਨਕ ਹੁੰਦਾ ਹੈ। ਕੁਝ ਇਹ ਕਠਿਨ ਫੈਸਲਾ ਕਰ ਵਾਪਸ ਵੀ ਪਰਤ ਰਹੇ ਹਨ। ਇਹ ਰੁਝਾਨ ਅਜੇ ਮੁਢਲੇ ਪੜਾਅ ’ਤੇ ਹੈ। ਫਿਰ ਵੀ ਸਥਿਤੀ ਦਾ ਮੁਲਾਂਕਣ ਕਰਨ ਲਈ ਬਹੁਤ ਹੈ। ਬਾਕੀਆਂ ਨੂੰ ਵੀ ਸੋਚਣ ਦੀ ਲੋੜ ਹੈ।
ਵਿਜ਼ਟਰ ਵੀਜ਼ੇ ’ਤੇ ਆ ਰਹੇ ਪਰਵਾਸੀ ਇੱਥੇ ਪੱਕੇ ਤੌਰ ’ਤੇ ਟਿਕ ਜਾਣਾ ਚਾਹੁੰਦੇ ਹਨ। ਇਸ ਲਈ ਉਹ ਏਜੰਟਾਂ ਅਤੇ ਵਕੀਲਾਂ ਦੀ ਸ਼ਰਨ ਵਿੱਚ ਜਾਂਦੇ ਹਨ। ਇਹ ਲੋਕ ਚਾਹਵਾਨਾਂ ਕੋਲੋਂ ਮੋਟੀ ਰਕਮ ਵਸੂਲ ਕੇ ਉਨ੍ਹਾਂ ਦੀ ਫਾਈਲ ਅਸਾਇਲਮ ਲਈ ਲਾ ਦਿੰਦੇ ਹਨ। ਫਾਈਲ ਨਾਲ ਝੂਠੇ ਸੱਚੇ ਡਾਕੂਮੈਂਟਸ ਵਕੀਲ ਤਿਆਰ ਕਰ ਲੈਂਦੇ ਹਨ। ਅਸਾਇਲਮ ਮਿਲਣ ’ਤੇ ਬੰਦੇ ਨੂੰ ਰਿਫਊਜੀ ਦਾ ਸਟੇਟਸ ਮਿਲ ਜਾਂਦਾ ਹੈ, ਜਿਸਦਾ ਭਾਵ ਹੈ ਕਿ ਤੁਹਾਨੂੰ ਆਪਣੇ ਹੀ ਦੇਸ਼ ਵਿੱਚ ਖ਼ਤਰਾ ਹੈ। ਇੱਥੇ ਕੈਨੇਡਾ ਵਿੱਚ ਪੱਕੇ ਹੋਣ ਲਈ ਆਪਣੇ ਦੇਸ਼ ਵਿੱਚ ਖ਼ਤਰੇ ਦਾ ਖ਼ਤਰਾ ਵੀ ਮੁੱਲ ਲੈਣਾ ਪੈਂਦਾ ਹੈ। ਇੰਝ ਹੀ ਲੋਕ ਮੋਟੀਆਂ ਰਕਮਾਂ ਲੈ ਕੇ ਵਰਕ ਪਰਮਿਟ ਦਿੰਦੇ ਹਨ।
ਬੱਸ ਸਟਾਪ ’ਤੇ ਮਿਲੀ ਇੱਕ ਲੜਕੀ ਦੱਸਦੀ ਹੈ ਕਿ ਮੇਰੇ ਕੋਲ ਵਰਕ ਪਰਮਿਟ ਹੈ ਪਰ ਵਰਕ ਨਹੀਂ ਹੈ। ਕੈਨੇਡਾ ਦੇ ਚਾਹਵਾਨਾਂ ਨਾਲ ਇਹ ਧਾਂਦਲੀਆਂ ਵੀ ਹੋ ਰਹੀਆਂ ਹਨ। ਇੱਕ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਦਿੱਤਾ ਤਾਂ ਬਹੁਤ ਸਾਰੀਆਂ ਗੱਲਾਂ ਦਾ ਓਹਲਾ ਰੱਖਕੇ ਲੜਕੀਆਂ ਨੇ ਦੱਸਿਆ ਕਿ ਜੌਬ ਦੇਣ ਬਦਲੇ ਉਨ੍ਹਾਂ ਨੂੰ ਉਹ ਕੰਮ ਵੀ ਕਰਨ ਨੂੰ ਕਿਹਾ ਜਾਂਦਾ ਹੈ, ਜਿਸਦਾ ਜ਼ਿਕਰ ਉਹ ਇੱਥੇ ਨਹੀਂ ਕਰ ਸਕਦੀਆਂ। ਇੱਕ ਲੜਕੀ ਨੂੰ ਮਸਾਜ਼ ਕਰਨ ਦੀ ਨੌਕਰੀ ਦੀ ਪੇਸ਼ਕਸ ਕੀਤੀ ਗਈ। ਉਹ ਮਸਾਜ਼ ਦੇ ਅਰਥ ਸਮਝਦੀ ਸੀ। ਪੇਸ਼ਕਸ ਠੁਕਰਾ ਕੇ ਆ ਗਈ। ਇੱਕ ਹੋਰ ਨੂੰ ਸ਼ਰਾਬ ਵਰਤਾਉਣ ਦੀ ਜੌਬ ਦੇਣ ਵੇਲੇ ਸ਼ਰਤ ਸੀ ਕਿ ਕੱਪੜੇ ਛੋਟੇ ਪਹਿਨਣੇ ਹਨ ਅਤੇ ਖ਼ੁਦ ਸ਼ਰਾਬ ਦਾ ਸੇਵਨ ਕਰਨਾ ਹੈ ਤਾਂ ਜੋ ਗਾਹਕ ਨੂੰ ਉਸਦੇ ਸਵਾਦ ਬਾਰੇ ਦੱਸਿਆ ਜਾਵੇ। ਉਸ ਨੂੰ ਵੀ ਜੌਬ ਠੁਕਰਾਉਣੀ ਠੀਕ ਲੱਗੀ। ਇਹ ਸਮਝ ਤੇ ਇਰਾਦਾ ਹਰ ਕਿਸੇ ਕੋਲ ਨਹੀਂ ਹੁੰਦਾ। ਕਿਸੇ ਸਵੀਕਾਰ ਵੀ ਕਰ ਲਿਆ ਹੋਵੇਗਾ। ਇੰਝ ਕੁਝ ਹੋਰ ਵਿਦਿਆਰਥੀਆਂ ਨੇ ਆਪਣੇ ਮੁਢਲੇ ਦਿਨਾਂ ਦੇ ਸੰਘਰਸ਼ ਦੀਆਂ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਸੈਸ਼ਨ ਦੌਰਾਨ ਮੈਨੂੰ ਇਹ ਸਮਝ ਆਈ ਕਿ ਸਾਨੂੰ ਵੱਧ ਤੋਂ ਵੱਧ ਅਜਿਹੇ ਮੰਚ ਮੁਹਈਆ ਕਰਵਾਉਣੇ ਚਾਹੀਦੇ ਹਨ, ਜਿੱਥੇ ਉਹ ਆਪਣੇ ਸੰਘਰਸ਼ ਦੀ ਗੱਲ ਕਰਦਿਆਂ ਆਉਂਦੀਆਂ ਮੁਸ਼ਕਿਲਾਂ ਬਾਰੇ ਗੱਲ ਕਰ ਸਕਣ। ਇੰਝ ਹੋਰਾਂ ਅਤੇ ਨਵਿਆਂ ਨੂੰ ਲੋੜੀਂਦਾ ਗਿਆਨ ਮਿਲ ਸਕਦਾ ਹੈ, ਜਿਸ ਨਾਲ ਉਹ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਤਿਆਰ ਹੋ ਸਕਦੇ ਹਨ।
ਕੈਨੇਡਾ ਚੰਗਾ ਮੁਲਕ ਹੈ। ਪੌਣ-ਪਾਣੀ ਤੇ ਭੋਏਂ ਨੂੰ ਸੰਭਾਲਿਆ ਹੋਇਆ ਹੈ। ਲੋਕ ਨਿਯਮਾਂ ਦਾ ਪਾਲਣ ਕਰਦੇ ਹਨ। ਆਪਣੇ ਕਿਸੇ ਕੰਮ ਲਈ ਦਫਤਰਾਂ ਵਿੱਚ ਖੱਜਲ ਖੁਆਰ ਨਹੀਂ ਹੋਣਾ ਪੈਂਦਾ। ਪਰ ਮੰਦੀ ਦਾ ਦੌਰ ਚੱਲ ਰਿਹਾ ਹੈ। ਨਵੇਂ ਆਏ ਵਿਦਿਆਰਥੀਆਂ ਨੂੰ ਤੇ ਕਈ ਪੁਰਾਣਿਆਂ ਨੂੰ ਵੀ ਜੌਬ ਨਹੀਂ ਮਿਲ ਰਹੀ। ਬਿਆਜ ਦਰਾਂ ਵਧਣ ਕਾਰਨ ਘਰ ਖਰੀਦਣੇ ਔਖੇ ਹੋ ਗਏ ਹਨ। ਜਿਊਣਾ ਮਹਿੰਗਾ ਹੋ ਗਿਆ ਹੈ। ਅਜਿਹੇ ਵਿੱਚ ਤਹੱਮਲ ਰੱਖਣ ਦੀ ਲੋੜ ਹੈ। ਪਰਵਾਸੀ, ਜਿਹੜੇ ਸਿਸਟਮ ਦੇ ਮੇਚ ਨਹੀਂ ਆਉਂਦੇ, ਸਰਕਾਰ ਦੀ ਅੱਖ ਵਿੱਚ ਰੜਕਦੇ ਹਨ। ਸਟਡੀ ਵੀਜ਼ੇ ’ਤੇ ਆਇਆਂ ਨੂੰ ਪੀ.ਆਰ ਨਾ ਦੇਣ ਦੇ ਫੈਸਲੇ ਵਰਗੇ ਹੋਰ ਕਠਿਨ ਫੈਸਲੇ ਵੀ ਆ ਸਕਦੇ ਹਨ। ਪੀ.ਆਰ. ਹੋ ਗਿਆਂ ਨੂੰ ਵੀ ਕਿਸੇ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ। ਪੂਜੀਵਾਦੀ ਸਿਸਟਮ ਮੁਨਾਫ਼ੇ ਨੂੰ ਕੇਂਦਰ ਵਿੱਚ ਰੱਖਦਾ ਹੈ। ਜਦੋਂ ਤਕ ਪਰਵਾਸੀ ਉਹਨਾਂ ਲਈ ਸਸਤੀ ਲੇਬਰ ਹਨ, ਆਪਣੀਆਂ ਮੁਢਲੀਆਂ ਲੋੜਾਂ ਲਈ ਸੁਚੇਤ ਨਹੀਂ ਹਨ, ਥਾਂ ਥਾਂ ਉੱਸਰ ਚੁੱਕੇ ਧਾਰਮਕ ਸਥਾਨਾਂ ਦੀ ਬਹੁਤਾਤ ਨੂੰ ਹੀ ਆਪਣੀ ਪ੍ਰਾਪਤੀ ਸਮਝ ਰਹੇ ਹਨ, ਸਿਹਤ ਨਾਲ ਸੰਬੰਧਿਤ ਲੋੜਾਂ ਲਈ ਸਾਂਝੀ ਆਵਾਜ਼ ਬਣ ਸੜਕਾਂ ’ਤੇ ਨਹੀਂ ਨਿਕਲਦੇ, ਵਧੀਆਂ ਵਿਆਜ ਦਰਾਂ ਤੇ ਮਹਿੰਗੀ ਹੋ ਗਈ ਗਰੌਸਰੀ ਨੂੰ ਮੁੱਦਾ ਨਹੀਂ ਬਣਾਉਂਦੇ ਅਤੇ ਟੈਕਸ ਦਰਾਂ, ਮਾਮੂਲੀ ਉਜਰਤ ਲਈ ਕੈਸ਼ ’ਤੇ ਕੰਮ ਕਰਦੇ ਕਾਮਿਆਂ ਅਤੇ ਉਚੇਰੀ ਸਿੱਖਿਆ ਲਈ ਲੋੜੀਂਦੇ ਕਾਲਜ, ਯੂਨੀਵਰਸਿਟੀਆਂ ਦੀ ਮੰਗ ਲਈ ਇਕੱਠੇ ਨਹੀਂ ਹੁੰਦੇ, ਪੂੰਜੀਵਾਦੀ ਸਰਕਾਰ ਪੀ.ਆਰ. ਅਤੇ ਕੱਚੇ ਕਾਮਿਆਂ ਦਾ ਸਵਾਗਤ ਕਰਦੀ ਰਹੇਗੀ। ਜਦੋਂ ਸਿਸਟਮ ਨੂੰ ਸਾਡੀ ਲੋੜ ਨਾ ਰਹੀ, ਇੱਕ ਨੋਟਿਸ ਨਾਲ ਸਾਨੂੰ ਬਾਹਰ ਜਾਣ ਦਾ ਫੁਰਮਾਨ ਜਾਰੀ ਹੋ ਜਾਵੇਗਾ। ਅਜਿਹੀ ਸਥਿਤੀ ਦੇ ਸੱਚ ਨੂੰ ਸਮਝਦਿਆਂ ਪਰਵਾਸੀਆਂ ਤੇ ਖਾਸ ਕਰਕੇ ਪੰਜਾਬੀ ਪਰਵਾਸੀਆਂ ਨੂੰ ਸੋਚਣ ਦੀ ਲੋੜ ਹੈ। ਨਹੀਂ ਤਾਂ ਕੈਨੇਡਾ ਹੱਥਾਂ ਵਿੱਚੋਂ ਤਿਲਕ ਜਾਵੇਗਾ।
ਮਲਵਿੰਦਰ
Comments (0)