ਸੀ਼ਬੀਆਈ. ਵਲੋਂ ਦਿੱਲੀ ਦੀ ਅਦਾਲਤ 'ਚ ਦਾਅਵਾ ਕਿ ਟਾਈਟਲਰ ਵਿਰੁੱਧ ਦੋਸ਼ ਤੈਅ ਕਰਨ ਲਈ ਪੁਖ਼ਤਾ ਸਬੂਤ
ਮਾਮਲਾ 1984 ਸਿੱਖ ਵਿਰੋਧੀ ਕਤਲੇਆਮ ਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ-਼ਸੀ਼ਬੀਆਈ. ਨੇ ਦਿੱਲੀ ਦੀ ਇਕ ਅਦਾਲਤ 'ਚ ਦਾਅਵਾ ਕੀਤਾ ਹੈ ਕਿ ਚਸ਼ਮਦੀਦ ਗਵਾਹਾਂ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਭੀੜ ਨੂੰ ਭੜਕਾਉਂਦੇ ਦੇਖਿਆ ਸੀ, ਜਿਸ ਕਾਰਨ ਰਾਸ਼ਟਰੀ ਰਾਜਧਾਨੀ ਦੇ ਪੁਲ ਬੰਗਸ਼ ਇਲਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਸੀ । ਸੀ.ਬੀ.ਆਈ. ਨੇ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਅੱਗੇ ਇਹ ਦਾਅਵਾ ਕੀਤਾ ਤੇ ਅਦਾਲਤ ਨੂੰ ਇਸ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰਨ ਦੀ ਅਪੀਲ ਕੀਤੀ ।ਕੇਂਦਰੀ ਜਾਂਚ ਬਿਊਰੋ ਨੇ ਅਦਾਲਤ ਨੂੰ ਦੱਸਿਆ ਕਿ ਟਾਈਟਲਰ ਵਿਰੁੱਧ ਦੋਸ਼ ਤੈਅ ਕਰਨ ਲਈ ਪੁਖਤਾ ਸਬੂਤ ਹਨ । ਅਜਿਹੇ ਚਸ਼ਮਦੀਦ ਗਵਾਹ ਹਨ, ਜਿਨ੍ਹਾਂ ਉਸ ਨੂੰ 1984 ਦੇ ਕਤਲੇਆਮ ਦੌਰਾਨ ਭੀੜ ਨੂੰ ਭੜਕਾਉਂਦੇ ਦੇਖਿਆ ਸੀ । ਸੀ.ਬੀ.ਆਈ. ਨੇ ਟਾਈਟਲਰ ਖ਼ਿਲਾਫ਼ ਦੋਸ਼ ਤੈਅ ਕਰਨ 'ਤੇ ਆਪਣੀਆਂ ਦਲੀਲਾਂ ਖ਼ਤਮ ਕਰ ਦਿੱਤੀਆਂ ਹਨ ।ਟਾਈਟਲਰ ਦੇ ਵਕੀਲ ਵਲੋਂ ਬਹਿਸ ਪੇਸ਼ ਕਰਨ ਲਈ ਸਮਾਂ ਮੰਗਣ ਤੋਂ ਬਾਅਦ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ 'ਤੇ ਪਾ ਦਿੱਤੀ ਹੈ । ਇਕ ਮੈਜਿਸਟ੍ਰੇਟ ਅਦਾਲਤ ਨੇ 11 ਸਤੰਬਰ, 2023 ਨੂੰ ਕੇਸ ਅਗਲੀ ਕਾਰਵਾਈ ਲਈ ਜ਼ਿਲ੍ਹਾ ਜੱਜ ਕੋਲ ਭੇਜ ਦਿੱਤਾ ਸੀ ।ਇਹ ਨੋਟ ਕਰਦਿਆਂ ਕਿ ਟਾਈਟਲਰ 'ਤੇ ਕਤਲ (ਆਈ.ਪੀ.ਸੀ. ਦੀ ਧਾਰਾ 302 ਅਧੀਨ ਸਜ਼ਾਯੋਗ) ਦਾ ਦੋਸ਼ ਹੈ, ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਵਿਧੀ ਗੁਪਤਾ ਆਨੰਦ ਨੇ ਕੇਸ ਨੂੰ ਜ਼ਿਲ੍ਹਾ ਜੱਜ ਕੋਲ ਭੇਜ ਦਿੱਤਾ, ਤਾਂ ਜੋ ਇਹ ਮਾਮਲਾ ਸੈਸ਼ਨ ਜੱਜ ਨੂੰ ਸੌਂਪਿਆ ਜਾ ਸਕੇ, ਜੋ ਕਿ ਸੈਸ਼ਨ ਅਦਾਲਤ ਵਲੋਂ ਨਿਵੇਕਲੇ ਤੌਰ 'ਤੇ ਮੁਕੱਦਮੇਯੋਗ ਅਪਰਾਧ ਹੈ । ਦੁਰਲੱਭ ਮਾਮਲਿਆਂ ਵਿਚ ਇਸ ਅਪਰਾਧ 'ਚ ਮੌਤ ਦੀ ਸਜ਼ਾ ਦੀ ਵੱਧ ਤੋਂ ਵੱਧ ਸਜ਼ਾ ਸ਼ਾਮਿਲ ਹੈ ।
Comments (0)