ਖਾਲਿਸਤਾਨੀ ਪ੍ਰਦਰਸ਼ਨ ਵਿਚ ਸ਼ਾਮਲ ਕੈਨੇਡੀਅਨ ਪੁਲਸ ਅਧਿਕਾਰੀ ਸੋਹੀ ਨੂੰ ਮਿਲੀ ਕਲੀਨ ਚਿੱਟ

ਖਾਲਿਸਤਾਨੀ ਪ੍ਰਦਰਸ਼ਨ ਵਿਚ ਸ਼ਾਮਲ ਕੈਨੇਡੀਅਨ ਪੁਲਸ ਅਧਿਕਾਰੀ ਸੋਹੀ ਨੂੰ ਮਿਲੀ ਕਲੀਨ ਚਿੱਟ

ਗੋਦੀ ਮੀਡੀਆ ਦਾ ਪੱਖ ਖਾਲਿਸਤਾਨੀਆਂ ਦਾ ਸਾਥ ਦੇਣ ਵਾਲੇ ਪੁਲੀਸ ਅਧਿਕਾਰੀਆਂ ਪ੍ਰਤੀ ਨਰਮ ਹੈ ਕੈਨੇਡਾ ਸਰਕਾਰ

ਹਿੰਸਕ ਘਟਨਾਵਾਂ ਕਾਰਨ ਬਰੈਂਪਟਨ ਵਿਚ ਧਾਰਮਿਕ ਸਥਾਨਾਂ ਅੱਗੇ ਪ੍ਰਦਰਸ਼ਨਾਂ ’ਤੇ ਲਗੀ ਪਾਬੰਦੀ

*ਹਿੰਦੂ-ਸਿੱਖ ਤਣਾਅ ਫੈਲਣ ਲੱਗਾ,ਖਾਲਿਸਤਾਨੀ ਦੇ ਕਤਲ ਦੇ ਦੋਸ਼ 'ਵਿਚ ਹਿੰਦੂ ਗ੍ਰਿਫ਼ਤਾਰ

ਕੈਨੇਡੀਅਨ ਸਰਕਾਰ ਨੇ ਖਾਲਿਸਤਾਨ ਪੱਖੀ ਪ੍ਰਦਰਸ਼ਨ ਵਿਚ ਹਿੱਸਾ ਲੈਣ ਦੇ ਦੋਸ਼ ਵਿਚ ਮੁਅੱਤਲ ਕੀਤੇ ਗਏ ਇੱਕ ਪੁਲਸ ਅਧਿਕਾਰੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਬਰੈਂਪਟਨ ਦੇ ਇਕ ਹਿੰਦੂ ਮੰਦਰ ਦੇ ਬਾਹਰ ਭਾਰਤੀ ਰਾਸ਼ਟਰਵਾਦੀਆਂ ਤੇ ਖਾਲਿਸਤਾਨੀਆਂ ਦਾ ਝਗੜਾ ਹੋ ਗਿਆ ਸੀ । 3 ਨਵੰਬਰ ਦੀਆਂ ਕਈ ਵੀਡੀਓਜ਼ ਵਿਚ ਸੋਹੀ ਨੂੰ ਖਾਲਿਸਤਾਨੀ ਝੰਡਾ ਲਿਜਾਂਦੇ ਦੇਖਿਆ ਗਿਆ ਸੀ।

ਹੁਣ ਕੈਨੇਡਾ ਦੀ ਸਥਾਨਕ ਪੀਲ ਪੁਲਸ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਧਿਕਾਰੀ ਨੇ ਜਾਂਚ ਦੌਰਾਨ ਕਾਨੂੰਨੀ ਤੌਰ 'ਤੇ ਆਪਣੀ ਡਿਊਟੀ ਨਿਭਾਈ ਹੈ। ਪੁਲਸ ਨੇ ਕਿਹਾ ਕਿ ਮੰਦਰ ਦੇ ਨੇੜੇ ਵਿਰੋਧ ਪ੍ਰਦਰਸ਼ਨ ਤੇਜ਼ੀ ਨਾਲ ਵਧ ਗਿਆ ਸੀ, ਸੁਰੱਖਿਆ ਚਿੰਤਾਵਾਂ ਵਧੀਆਂ ਸਨ ਅਤੇ ਅਧਿਕਾਰੀਆਂ ਨੇ ਉਹ ਚੀਜ਼ਾਂ ਜ਼ਬਤ ਕਰ ਲਈਆਂ ਜੋ ਹਥਿਆਰਾਂ ਵਜੋਂ ਵਰਤੀਆਂ ਜਾ ਸਕਦੀਆਂ ਸਨ।ਇਸ ਵਿੱਚ ਬੱਲੇ, ਡੰਡੇ ਅਤੇ ਝੰਡੇ ਸ਼ਾਮਲ ਸਨ।

ਪੀਲ ਪੁਲਸ ਨੇ ਝਗੜੇ ਦੀ ਅਫਸਰ ਬਾਡੀਕੈਮ ਫੁਟੇਜ ਜਾਰੀ ਕੀਤੀ, ਜਿਸ ਵਿੱਚ ਸੋਹੀ ਇੱਕ ਵਿਅਕਤੀ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੰਦਾ ਹੈ ਜੋ ਆਪਣਾ ਹਥਿਆਰ ਸੌਂਪਣ ਤੋਂ ਇਨਕਾਰ ਕਰ ਰਿਹਾ ਸੀ ਅਤੇ ਹਮਲਾ ਕਰ ਦਿੰਦਾ ਹੈ। ਫੁਟੇਜ ਵਿਚ ਦੇਖਿਆ ਜਾ ਰਿਹਾ ਹੈ ਕਿ ਅਧਿਕਾਰੀ ਇਕ ਵਿਅਕਤੀ ਵੱਲ ਜਾਂਦਾ ਹੈ ਜਿਸ ਦੇ ਹੱਥ ਵਿਚ ਸੋਟੀ ਹੈ ਅਤੇ ਉਹ ਉਸ ਤੋਂ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਅਕਤੀ ਨੇ ਵਿਰੋਧ ਕੀਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਥੋੜ੍ਹੀ ਜਿਹੀ ਝੜਪ ਹੋਈ ਅਤੇ ਫਿਰ ਅਧਿਕਾਰੀ ਨੇ ਡੰਡਾ ਜ਼ਬਤ ਕਰ ਲਿਆ ਅਤੇ ਭੀੜ ਨੂੰ ਖਿੰਡਾਇਆ। ਇਸ ਤਰ੍ਹਾਂ ਉਸਨੇ ਕਾਨੂੰਨੀ ਤੌਰ 'ਤੇ ਆਪਣੀ ਡਿਊਟੀ ਨਿਭਾਈ। ਪਰ ਭਾਰਤੀ ਗੋਦੀ ਮੀਡੀਆ ਆਖ ਰਿਹਾ ਹੈ ਕਿ ਖਾਲਿਸਤਾਨੀਆਂ ਦੀ ਮਦਦ ਕਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਕੈਨੇਡਾ ਸਰਕਾਰ ਬਖਸ਼ ਰਹੀ ਹੈ।

ਹਾਲਾਂਕਿ ਪਿਛਲੇ ਦਿਨੀਂ ਬਰੈਂਪਟਨ ਦੇ ਹਿੰਦੂ ਮੰਦਰ ਅੱਗੇ ਪ੍ਰਦਰਸ਼ਨ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਹੁਣ ਬਰੈਂਪਟਨ ਦੀ ਸਿਟੀ ਕੌਂਸਲ ਵੱਲੋਂ ਧਾਰਮਿਕ ਸਥਾਨਾਂ ਅੱਗੇ ਪ੍ਰਦਰਸ਼ਨ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਜੋ ਧਾਰਮਿਕ ਤੌਰ ਉਪਰ ਭੜਕਾਹਟ ਨਾ ਹੋਵੇ। ਇਸ ਨਵੇਂ ਕਾਨੂੰਨ ਅਨੁਸਾਰ ਕਿਸੇ ਵੀ ਧਾਰਮਿਕ ਸਥਾਨ ਦੇ 100 ਮੀਟਰ ਦੇ ਘੇਰੇ ਅੰਦਰ ਪ੍ਰਦਰਸ਼ਨ ਕਰਨ ਦੀ ਮਨਾਹੀ ਹੋਵੇਗੀ। ਇਹ ਮਤਾ ਸਿਟੀ ਕੌਂਸਲ ਵਿਚ ਬਰੈਂਪਟਨ ਦੇ ਮੇਅਰ ਵੱਲੋਂ ਲਿਆਂਦਾ ਗਿਆ। ਜਦਕਿ ਭਗਵੇਂਵਾਦੀ ਕੈਨੇਡਾ ਸਰਕਾਰ ਨੂੰ ਖਾਲਿਸਤਾਨੀ ਪਖੀ ਦਸਕੇ ਸ਼ੋਸ਼ਲ ਮੀਡੀਆ ਵਿਚ ਪ੍ਰਚਾਰ ਕਰ ਰਹੇ ਹਨ।ਭਗਵੇਵਾਦੀਆਂ ਦੇ ਪ੍ਰਚਾਰ ਕਾਰਣ ਕੈਨੇਡਾ ਵਿਖੇ ਨਫਰਤੀ ਤਣਾਅ ਫੈਲਣਾ ਸ਼ੁਰੂ ਹੋ ਗਿਆ ਹੈ।ਕੈਨੇਡਾ ਪੁਲਸ ਨੇ ਖਾਲਿਸਤਾਨ ਸਮਰਥਕ ਰਬਿੰਦਰ ਸਿੰਘ ਮੱਲ੍ਹੀ ਦੇ ਕਤਲ ਦੇ ਦੋਸ਼ ਵਿਚ ਭਾਰਤੀ ਮੂਲ ਦੇ ਕੈਨੇਡੀਅਨ ਵਿਅਕਤੀ ਰਜਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਵਿੱਚ ਦੋ ਭਾਈਚਾਰਿਆਂ ਦਰਮਿਆਨ ਤਣਾਅ ਵਧਾਉਣ ਵਾਲੇ ਇਸ ਕਤਲ ਦੀ ਖ਼ਬਰ 9 ਨਵੰਬਰ ਨੂੰ ਓਂਟਾਰੀਓ ਵਿੱਚ ਪ੍ਰਾਪਤ ਹੋਈ ਸੀ। ਪੁਲਸ ਨੇ ਕੁਮਾਰ ਦੀ ਪਤਨੀ ਸ਼ੀਤਲ ਵਰਮਾ ਨੂੰ ਵੀ ਕਾਨੂੰਨੀ ਪ੍ਰਕਿਰਿਆ ਵਿੱਚ ਅੜਿੱਕਾ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ।ਜ਼ਿਕਰਯੋਗ ਹੈ ਕਿ ਸਥਾਨਕ ਪੁਲਸ ਨੇ ਅਜੇ ਤੱਕ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪੁਲਸ ਨੇ ਦੱਸਿਆ ਹੈ ਕਿ ਰਜਿੰਦਰ ਕੁਮਾਰ ਅਤੇ ਮੱਲ੍ਹੀ ਇੱਕ ਦੂਜੇ ਨੂੰ ਜਾਣਦੇ ਸਨ। ਹਾਲਾਂਕਿ ਇਸ ਮਾਮਲੇ ਵਿੱਚ ਸਿੱਖ ਫਾਰ ਜਸਟਿਸ ਦੀ ਸ਼ਮੂਲੀਅਤ ਕਈ ਸਵਾਲ ਖੜ੍ਹੇ ਕਰ ਰਹੀ ਹੈ। ਗੁਰਪਤਵੰਤ ਸਿੰਘ ਪੰਨੂ ਦੀ ਇਹ ਜਥੇਬੰਦੀ ਜ਼ੋਰ ਦੇ ਰਹੀ ਹੈ ਕਿ ਇਸ ਕਤਲ ਵਿੱਚ ਹਿੰਦੂਤਵੀ ਤੱਤ ਸ਼ਾਮਲ ਸਨ। 

ਇਸ ਦੌਰਾਨ SFJ ਮੁਖੀ ਅਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਹਿੰਦੂ ਸਭਾ ਮੰਦਰ ਦੇ ਪੁਜਾਰੀ ਰਾਜਿੰਦਰ ਪ੍ਰਸਾਦ ਵੱਲੋਂ 3 ਨਵੰਬਰ ਨੂੰ ਹਿੰਸਾ ਲਈ ਉਕਸਾਉਣ ਤੋਂ ਬਾਅਦ ਰਜਿੰਦਰ ਕੁਮਾਰ ਦੀ ਮੱਲ੍ਹੀ ਨਾਲ ਵਟਸਐਪ 'ਤੇ ਤਿੱਖੀ ਬਹਿਸ ਹੋਈ ਸੀ। ਪੰਨੂ ਨੇ ਕਿਹਾ, “ਬਹਿਸ ਤੋਂ ਬਾਅਦ ਰਜਿੰਦਰ ਕੁਮਾਰ ਨੇ ਮੱਲ੍ਹੀ ਨੂੰ ਆਪਣੇ ਘਰ ਬੁਲਾਇਆ ਅਤੇ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਉਸ 'ਤੇ ਚਾਕੂ ਨਾਲ ਹਮਲਾ ਕੀਤਾ। ਉਸਨੇ ਕਿਹਾ ਹੈ ਕਿ ਕੈਨੇਡੀਅਨ ਪੁਲਸ ਨੂੰ ਰਜਿੰਦਰ ਪ੍ਰਸਾਦ ਨੂੰ ਵੀ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਬਰੈਂਪਟਨ ਦੀ ਰਹਿਣ ਵਾਲਾ ਮੱਲ੍ਹੀ (52) 9 ਨਵੰਬਰ ਨੂੰ ਰਾਤ ਕਰੀਬ 10 ਵਜੇ ਹਾਈਵੇਅ ਨੇੜੇ ਇਕ ਘਰ ਵਿਚ ਜ਼ਖਮੀ ਹਾਲਤ ਵਿਚ ਮਿਲਿਆ। ਪੀਲ ਰੀਜਨਲ ਪੁਲਸ ਨੇ ਦੋ ਲੋਕਾਂ- ਰਜਿੰਦਰ ਕੁਮਾਰ (47) ਅਤੇ ਸ਼ੀਤਲ ਵਰਮਾ (35) ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ। ਉਹ ਇਸ ਸਮੇਂ ਹਿਰਾਸਤ ਵਿੱਚ ਹੈ ।

ਇਹ ਜ਼ਿਕਰਯੋਗ ਹੈ ਕਿ ਭਗਵੀਂ ਸਿਆਸਤ ਵਲੋਂ ਕੈਨੇਡਾ ਵਿਚ ਹਿੰਦੂ ਸਿੱਖਾਂ ਵਿਚਾਲੇ ਖਾਲਿਸਤਾਨ ਨੂੰ ਆਧਾਰ ਬਣਾਕੇ ਨਫਰਤ ਫੈਲਾਉਣ ਦੀ ਸਾਜਿਸ਼ ਚਲ ਰਹੀ ਹੈ।ਕੈਨੇਡਾ ਸਰਕਾਰ ਇਸ ਬਾਰੇ ਸਾਵਧਾਨ ਹੈ ਤਾਂ ਜੋ ਸਟੇਟ ਵਿਚ ਨਫਰਤੀ ਵਾਤਾਵਰਨ ਨਾ ਫੈਲੇ।