ਵੱਡੇ ਕਲਾਕਾਰ ਦੀਆਂ ਠੁਸ ਹੋ ਰਹੀਆਂ ਫ਼ਿਲਮਾਂ

ਵੱਡੇ ਕਲਾਕਾਰ ਦੀਆਂ ਠੁਸ ਹੋ ਰਹੀਆਂ ਫ਼ਿਲਮਾਂ

ਫਿਲਮ ਸੰਸਾਰ

ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਢਾਈ ਸਾਲ ਵਿਚ ਜਿਸ ਤਰ੍ਹਾਂ ਦਰਸ਼ਕਾਂ ਨੂੰ ਘਰ 'ਵਿਚ ਰਹਿ ਕੇ ਇੰਟਰਟੇਨਮੈਂਟ ਦੀ ਆਦਤ ਪੈ ਚੁੱਕੀ ਹੈ, ਹੁਣ ਉਹ ਉਸ ਤੋਂ ਬਾਹਰ ਆਉਣਾ ਨਹੀਂ ਚਾਹੁੰਦੇ। ਦਰਸ਼ਕਾਂ ਦੇ ਇਸ ਬਦਲੇ ਹੋਏ ਮਿਜਾਜ਼ ਦੀ ਵਜ੍ਹਾ ਕਰਕੇ ਵੱਡੇ ਅਦਾਕਾਰਾਂ ਦੀਆਂ ਵੱਡੀਆਂ-ਵੱਡੀਆਂ ਫ਼ਿਲਮਾਂ ਇਕ ਤੋਂ ਬਾਅਦ ਇਕ ਟਿਕਟ ਖਿੜਕੀ 'ਤੇ ਮੂਧੇ ਮੂੰਹ ਡਿੱਗ ਰਹੀਆਂ ਹਨ। ਸਲਮਾਨ ਖਾਨ, ਆਮਿਰ ਜਾਂ ਅਕਸ਼ੈ ਕੁਮਾਰ ਵਰਗੇ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਨੂੰ ਦਰਸ਼ਕ ਸਿਰੇ ਤੋਂ ਨਕਾਰ ਰਹੇ ਹਨ। ਉਨ੍ਹਾਂ ਦੀ ਬਜਾਏ ਛੋਟੇ ਜਾਂ ਉੱਭਰਦੇ ਕਲਾਕਾਰਾਂ ਦੀਆਂ ਫ਼ਿਲਮਾਂ ਵਿਚ ਦਰਸ਼ਕ ਜ਼ਿਆਦਾ ਦਿਲਚਸਪੀ ਲੈਂਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਦੇ ਮੁਕਾਬਲੇ ਦੱਖਣ ਦੀਆਂ 'ਪੈਨ ਇੰਡੀਆ' ਫ਼ਿਲਮਾਂ ਵੀ ਕਾਫ਼ੀ ਚੰਗਾ ਕਰ ਰਹੀਆਂ ਹਨ। ਅਕਸ਼ੈ ਕੁਮਾਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਟਿਕਟ ਖਿੜਕੀ 'ਤੇ ਕਲਾਬਾਜ਼ੀਆਂ ਖਾ ਰਹੇ ਹਨ। ਚਾਰ ਸਾਲ ਬਾਅਦ ਬੜੇ ਜੋਸ਼ ਨਾਲ ਸਨਅਤ ਵਿਚ ਵਾਪਸ ਆਏ ਆਮਿਰ ਖਾਨ ਵੀ 'ਲਾਲ ਸਿੰਘ ਚੱਢਾ' ਦੀ ਨਾਕਾਮੀ ਤੋਂ ਬਾਅਦ ਮੂੰਹ ਦੇ ਭਾਰ ਡਿੱਗੇ ਹਨ। ਦਰਸ਼ਕਾਂ ਦੇ ਇਸ ਨਵੇਂ ਰੁਝਾਨ ਤੋਂ ਬਾਅਦ ਬਾਲੀਵੁੱਡ ਵਿਚ ਭੜਥੂ ਪਿਆ ਹੋਇਆ ਹੈ। ਵੱਡੇ ਸਿਤਾਰੇ ਤਾਂ ਬੁਰੀ ਤਰ੍ਹਾਂ ਘਬਰਾਏ ਹੋਏ ਹਨ। ਅੱਜਕਲ੍ਹ ਸਾਰਿਆਂ ਦੇ ਚਿਹਰੇ ਤੋਂ ਹੰਕਾਰ ਵਾਲੇ ਭਾਵ ਗ਼ਾਇਬ ਹਨ ਅਤੇ ਚਿੰਤਾ ਦੀਆਂ ਲਕੀਰਾਂ ਉਨ੍ਹਾਂ ਦੇ ਮੱਥੇ ਅਤੇ ਚਿਹਰੇ 'ਤੇ ਸਾਫ਼ ਨਜ਼ਰ ਆਉਣ ਲੱਗੀਆਂ ਹਨ। ਇਸ ਨਕਾਰੇ ਜਾਣ ਦੇ ਪਿੱਛੇ ਇਕ ਵਜ੍ਹਾ ਕੁਝ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਦਾ ਬਾਈਕਾਟ ਵੀ ਰਿਹਾ ਹੈ। ਵੱਡੇ ਸਿਤਾਰਿਆਂ ਦੀਆਂ ਅਤੀਤ ਵਿਚ ਕੀਤੀਆਂ ਗੱਲਾਂ, ਉਨ੍ਹਾਂ ਦੇ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੇ ਰਾਹ 'ਚ ਰੋੜਾ ਬਣਦੀਆਂ ਜਾ ਰਹੀਆਂ ਹਨ। ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕਿਸੇ ਵੀ ਸਟਾਰ ਵਲੋਂ ਅਤੀਤ ਵਿਚ ਕੀਤੀ ਗਈ ਕੋਈ ਨਕਾਰਾਤਮਿਕ ਗੱਲ ਨੂੰ ਮੁੱਦਾ ਬਣਾਉਂਦੇ ਹੋਏ ਉਨ੍ਹਾਂ ਦੀਆਂ ਫ਼ਿਲਮਾਂ ਦੇ ਬਾਈਕਾਟ ਦੀ ਲਹਿਰ ਜਿਹੀ ਚੱਲ ਪਈ ਹੈ।

ਸ਼ੁਰੂ ਵਿਚ ਵੱਡੇ ਸਿਤਾਰਿਆਂ ਨੂੰ ਲੱਗਿਆ ਸੀ ਕਿ ਇਸ ਬਾਈਕਾਟ ਦਾ ਜ਼ਿਆਦਾ ਅਸਰ ਨਹੀਂ ਹੋਵੇਗਾ। ਸ਼ਾਇਦ ਇਹੀ ਵਜ੍ਹਾ ਸੀ ਕਿ ਜਦੋਂ ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦੇ ਬਾਈਕਾਟ ਦਾ ਐਲਾਨ ਹੋਇਆ ਤਾਂ ਆਮਿਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਜਿਸ ਦੀ ਮਰਜ਼ੀ ਹੋਵੇ, ਉਹ ਉਨ੍ਹਾਂ ਦੀ ਫ਼ਿਲਮ ਦੇਖੇ ਅਤੇ ਜਿਸ ਨੇ ਨਹੀਂ ਦੇਖਣੀ, ਉਹ ਨਾ ਦੇਖੇ। ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਬਾਈਕਾਟ ਨੇ ਤਾਂ ਸਾਰਾ ਕਾਰੋਬਾਰ ਹੀ ਚੌਪਟ ਕਰ ਕੇ ਰੱਖ ਦਿੱਤਾ ਹੈ।

ਇਸ ਸਾਲ ਪ੍ਰਦਰਸ਼ਿਤ ਹੋਈਆਂ ਫ਼ਿਲਮਾਂ ਵਿਚ 'ਦ ਕਸ਼ਮੀਰ ਫਾਈਲਜ਼', 'ਦਸਵੀਂ', 'ਭੂਲ ਭਲਈਆ-2' ਤੋਂ ਇਲਾਵਾ 'ਪੈਨ ਇੰਡੀਆ' ਫ਼ਿਲਮ 'ਆਰ. ਆਰ. ਆਰ.' ਨੇ ਕਾਫ਼ੀ ਚੰਗਾ ਕਾਰੋਬਾਰ ਕੀਤਾ ਪਰ ਦੂਜੇ ਪਾਸੇ ਅਕਸ਼ੈ ਕੁਮਾਰ ਦੀ 'ਬੱਚਨ ਪਾਂਡੇ', 'ਸਮਰਾਟ ਪ੍ਰਿਥਵੀਰਾਜ' ਅਤੇ 'ਰਕਸ਼ਾ ਬੰਧਨ' ਨੇ ਬੁਰੀ ਤਰ੍ਹਾਂ ਨਿਰਾਸ਼ ਕੀਤਾ। ਨਾ ਚੱਲਣ ਵਾਲੀਆਂ ਫ਼ਿਲਮਾਂ ਦੀ ਸੂਚੀ ਕਾਫ਼ੀ ਲੰਮੀ ਰਹੀ, ਜਿਸ 'ਚ ਸ਼ਾਹਿਦ ਕਪੂਰ ਦੀ 'ਜਰਸੀ', ਟਾਈਗਰ ਸ਼ਰਾਫ ਦੀ 'ਹੀਰੋਪੰਤੀ-2', ਕੰਗਨਾ ਦੀ 'ਧਾਕੜ', ਤਾਪਸੀ ਪੰਨੂੰ ਦੀ 'ਸ਼ਾਬਾਸ਼ ਮਿੱਠੂ', ਰਣਬੀਰ ਕਪੂਰ ਦੀ 'ਸ਼ਮਸ਼ੇਰਾ', ਜਾਨ ਅਬਰਾਹਮ ਅਤੇ ਅਰਜੁਨ ਕਪੂਰ ਦੀ 'ਏਕ ਵਿਲੇਨ ਰਿਟਨਰਜ਼', ਜਾਨ ਦੀਆਂ ਹੀ ਦੂਜੀਆਂ ਫ਼ਿਲਮਾਂ 'ਸਤਿਆਮੇਵ ਜਯਤੇ-2' ਅਤੇ 'ਅਟੈਕ' ਆਦਿ ਤੋਂ ਇਲਾਵਾ ਪਤਾ ਨਹੀਂ ਕਿੰਨੀਆਂ ਹੀ ਫ਼ਿਲਮਾਂ ਸ਼ਾਮਿਲ ਹਨ।