ਵਿਦੇਸ਼ੀ ਧਰਤੀ 'ਤੇ ਪੰਜਾਬੀ ਸਭਿਆਚਾਰ

ਵਿਦੇਸ਼ੀ ਧਰਤੀ 'ਤੇ  ਪੰਜਾਬੀ ਸਭਿਆਚਾਰ

ਰੁਤਬੇ ਸ਼ਾਹਾਂ ਦੇ ਰੱਖਦੇ ਜੱਗ ਉੱਤੇ, 
ਤੇਰੇ ਬੂਹੇ ਦੇ ਜਿਹੜੇ ਫਕੀਰ ਨਾਨਕ ! 

ਬਾਬੇ ਨਾਨਕ ਪਾਤਸ਼ਾਹ ਜੀ ਦੀਆਂ ਰਹਿਮਤਾਂ ਨੇ ਜਿਨਾਂ ਅਪਣੇ ਸਿੱਖਾਂ ਨੂੰ ਰੁਤਬੇ ਸ਼ਾਹਾਂ ਦੇ ਤੇ ਦਿਲ ਫਕੀਰਾਂ ਵਰਗੇ ਦਿੱਤੇ ਨੇ ! ਇਹ ਦੇਸ਼ਾਂ ਪ੍ਰਦੇਸ਼ਾਂ ਵਿੱਚ ਕਿਤੇ ਵੀ ਆਪਣੀ ਵੱਖਰੀ ਹੋੰਦ ਤੇ ਨਿਆਰੇ ਪਣ ਦਾ ਵਿਖਾਵਾ ਅਕਸਰ ਕਰਦੇ ਰਹਿੰਦੇ ਹਨ ! 

     
 

ਗੱਲ ਧਾਰਮਿਕ ਪਹਿਚਾਣ ਦੀ ਹੋਵੇ, ਸਭਿਆਚਾਰ ਜਾਂ ਬੋਲੀ ਦੀ ਸਿੱਖ ਦੁਨੀਆਂ ਨੂੰ ਇਹ ਦੱਸਦੇ ਰਹਿੰਦੇ ਹਨ ਕਿ ਅਸੀਂ ਇਕ ਵੱਖਰੀ ਕੌਮ ਹਾਂ ! ਸਾਡੇ ਰੀਤ ਰਿਵਾਜ਼, ਦਿਨ, ਤਿਉਹਾਰ, ਬੋਲੀ ਤੇ ਪਹਿਰਾਵਾ ਵੀ ਵੱਖਰੇ ਹਨ ਇਹ ਸੱਭ ਕਾਹੇ ਨੂੰ ਦਰਸਾਉਣ ਲਈ ਬੀਤੇ ਐਤਵਾਰ ਜਰਮਨ ਦੇ ਸ਼ਹਿਰ ਮਾਰਬਰਗ ਵਿੱਚ ਸ. ਨਿਰਮਲ ਸਿੰਘ ਹੰਸਪਾਲ ਵੱਲੋਂ ਇਕ ਨਿਵੇਕਲੀ ਪਹਿਲ ਤੇ ਉੱਦਮ ਕੀਤਾ ਗਿਆ ਜੋ ਬੜਾ ਸਫਲ ਉਪਰਾਲਾ ਰਿਹਾ ! 


ਭਾਜੀ ਨਿਰਮਲ ਸਿੰਘ ਹੰਸਪਾਲ ਜੋ ਕਿ ਜਰਮਨ ਦੀ ਇਕ ਜਾਣੀ ਪਹਿਚਾਣੀ ਸਿੱਖ ਸ਼ਖ਼ਸੀਅਤ ਹਨ ! ਸ. ਹੰਸਪਾਲ ਜਰਮਨ ਦੀ ਸਟੇਟ ਹੈਸਨ ਦੇ ਸ਼ਹਿਰ ਮਾਰਬਰਗ ਵਿੱਚ ਰਹਿਣ ਵਾਲੇ ਉਹ ਕਾਰੋਬਾਰੀ ਸਿੱਖ ਹਨ ਜਿਨਾਂ ਆਪਣੀ ਸਿੱਖੀ ਪਹਿਚਾਣ ਤੇ ਸਿਰਦਾਰੀ ਕਾਇਮ ਰੱਖੀ ਹੋਈ ਹੈ ! ਉਹ ਲੋਕ ਭਲਾਈ ਦੇ ਕਾਰਜ ਭਾਵੇਂ ਜਰਮਨ ਹੋਣ ਜਾਂ ਪੰਜਾਬ ਹਮੇਸ਼ਾ ਮੋਹਰੀ ਹੁੰਦੇ ਹਨ ! ਮਸਲਾ ਭਾਵੇਂ ਬੰਦੀ ਸਿੰਘਾਂ ਦਾ ਹੋਵੇ ਜਾਂ ਕਿਸਾਨ ਮੋਰਚੇ ਦਾ ਉਹ ਹਫ਼ਤਾ ਭਰ ਪੱਕਾ ਝੰਡਾ  ਹਿੰਦੁਸਤਾਨੀ ਸਫ਼ਾਰਤਖ਼ਾਨੇ ਸਾਹਮਣੇ ਗੱਡ ਦਿੰਦੇ ਨੇ ! ਆਪਣੇ ਸ਼ਹਿਰ ਦੀ ਸਿਆਸਤ ਵਿੱਚ ਉਹ ਪਹਿਲੇ ਸਿੰਘ ਹਨ ਜੋ ਦਸਤਾਰ ਦਾ ਰੁਤਬਾ ਬੁਲੰਦ ਕਰ ਰਹੇ ਹਨ.

 
 Ausländerbeirat ਨਗਰ ਦੀ ਵਿਦੇਸ਼ੀ ਕੌਂਸਲ ਜਿਸਦੇ ਭਾਅ ਜੀ ਹੰਸਪਾਲ ਮੈਂਬਰ ਵੀ ਹਨ ਦੇ ਸਹਿਯੋਗ ਨਾਲ ਪੰਜਾਬੀ ਮੇਲਾ ਕਰਾਇਆ ਗਿਆ ! ਪੰਜਾਬੀ ਸਭਿਆਚਾਰ ਦੀਆਂ ਝਲਕੀਆਂ ਗਿੱਧਾ,ਭੰਗੜਾ, ਗੀਤ ਸੰਗੀਤ ਤੇ ਹੋਰ ਵੰਨਗੀਆਂ ਨਾਲ ਭਰਪੂਰ ਇਹ ਮੇਲਾ ਨਵੀਂਆਂ ਪੈੜਾਂ ਛੱਡ ਗਿਆ ! ਪੰਜਾਬੀ ਸਭਿਆਚਾਰ ਤੇ ਲਿਬਾਸ ਜਰਮਨਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ! ਪੰਜਾਬੀ ਪੇਂਡੂ ਗੀਤ ਸੰਗੀਤ ਨੇ ਗੋਰੇ ਵੀ ਨੱਚਣ ਲਾ ਛੱਡੇ ! 
ਵਿਸ਼ੇਸ਼ ਗੱਲ ਮੇਲੇ ਦੀ ਇਹ ਰਹੀ ਕਿ ਨਵੇਂ ਬੱਚੇ ਬੱਚੀਆਂ ਨੇ ਪੰਜਾਬ, ਪੰਜਾਬੀਅਤ ਸਿੱਖ ਧਰਮ , ਗੁਰੂ ਬਾਬੇ ਨਾਨਕ ਜੀ ਦੇ ਸਾਂਝੀਵਾਲਤਾ ਦੇ ਉਪਦੇਸ਼ ਤੇ ਸਿੱਖਾਂ ਵਿੱਚ ਵੰਡ ਛੱਕਣ ਵਾਲੀ ਲੰਗਰ ਪ੍ਰਥਾ ਤੇ ਜਰਮਨ ਵਿੱਚ ਚਾਨਣਾ ਪਾਇਆ ! ਪੰਜਾਬੀਅਤ ਤੇ ਸਿੱਖ ਫ਼ਲਸਫ਼ੇ ਬਾਰੇ ਜਰਮਨ ਵਿੱਚ ਸੁਣ ਕੇ ਗੋਰਿਆਂ ਨੇ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ ! 


ਅਖੀਰ ਵਿੱਚ ਪੰਜਾਬੀ ਦੀਆਂ ਕਲਾਸਾਂ ਲਾਉਣ ਵਾਲੇ ਬੱਚਿਆਂ ਨੂੰ ਸਰਟੀਫ਼ਿਕੇਟ ਦਿੱਤੇ ਗਏ ਤੇ ਸਨਮਾਨਿਤ ਕੀਤਾ ਗਿਆ ! ਵਰਨਣਯੋਗ ਹੈ ਕਿ ਭਰਪੂਰ ਰੁਝੇਵਿਆਂ ਦੇ ਬਾਵਜੂਦ ਭਾਜੀ ਨਿਰਮਲ ਸਿੰਘ ਹੰਸਪਾਲ ਤੇ ਉਹਨਾਂ ਦੇ ਸੁਪਤਨੀ ਭੈਣ ਜੀ ਦੀਪਕਾ ਕੌਰ ਪਿੱਛਲੇ ਅਰਸੇ ਤੋਂ ਬੱਚਿਆਂ ਦੀਆਂ ਫ੍ਰੀ ਪੰਜਾਬੀ ਕਲਾਸਾਂ ਲਾ ਰਹੇ ਹਨ ! ਵਿਸ਼ੇਸ਼  ਧੰਨਵਾਦ ਅਧਿਆਪਕ ਗਿਆਨੀ ਜਗਦੀਸ਼ ਸਿੰਘ ਜੀ ਦਾ ਜਿਨਾਂ ਗੁਰਮੁਖੀ ਲਿੱਪੀ ਨੂੰ ਪੜ੍ਹਨ, ਲਿਖਣ, ਬੋਲਣ ਦੀ ਸਿਖਲਾਈ ਵਿੱਚ ਬੱਚਿਆਂ ਦਾ ਸਹਿਯੋਗ ਦਿੱਤਾ ! ਗਿਆਨੀ ਜਗਦੀਸ਼ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਜਰਮਨ ਵਾਲੇ ਪੂਰਨ ਤੌਰ ਤੇ ਗੁਰਮੱਤ ਤੇ ਗੁਰਮੁਖੀ ਲਿਪੀ ਨੂੰ ਸਮਰਪਿਤ ਹਨ ਤੇ ਆਪਣੇ ਤੌਰ ਤੇ ਮਾਂ ਬੋਲੀ ਦਾ ਪ੍ਰਚਮ ਬੁਲੰਦ ਕਰ ਰਹੇ ਹਨ ! ਪੰਜਾਬੀ ਨੂੰ ਅੰਤਾਂ ਦਾ ਮੋਹ ਕਰਨ ਵਾਲੀ ਅੰਜੂਜੀਤ ਪੰਜਾਬਣ (ਸ਼ਰਮਾ) ਨੇ ਸਾਰੇ ਪ੍ਰੋਗਰਾਮ ਨੂੰ ਬਾਖੂਬੀ ਨਿਭਾਇਆ ! ਅੰਜੂਜੀਤ ਸ਼ਰਮਾ ਦਿਕ ਸੋਹਣੀ ਲੇਖਿਕਾ, ਕਵਿਤਰੀ , ਮੰਚ ਸਚਾਲਿਕ ਤੇ ਸਾਡੇ ਪੰਜਾਬੀ ਸਾਂਝ ਜਰਮਨੀ ਦੀ ਸਰਪ੍ਰਸਤ ਵੀ ਏ !


ਇਹਨਾਂ ਸੱਭ ਰੂਹਾਂ ਨੂੰ ਇਸ ਨੇਕ ਉਪਰਾਲੇ ਲਈ ਮੁਬਾਰਕਬਾਦ ਜੋ ਨਵੀਂ ਪਨੀਰੀ ਨੂੰ ਆਪਣੇ ਮਾਣ ਮੱਤੇ ਫ਼ਲਸਫ਼ੇ ਨਾਲ ਜੋੜ ਕੇ ਸ਼ੁਭ ਕਰਮਨ ਕਰ ਰਹੇ ਹਨ ! ਸੋ ਅਖੀਰ ਵਿੱਚ ਇਸ ਮੇਲੇ ਤੋ ਬਾਗ਼ੋਂ ਬਾਗ ਹੋਏ ਲੋਕ ਇਹੋ ਕਹਿ ਰਹੇ ਸਨ ਕਿ ਐਸੇ ਉਪਰਾਲੇ ਹਰ ਨਗਰ ਹੋਣੇ ਚਾਹੀਦੇ ਹਨ ! ਬਾਕੀ ਸਿੰਘਾਂ ਵੱਲੋਂ ਅਯੋਜਤ ਮੇਲਾ ਹੋਵੇ ਤੇ ਗੁਰੂ ਬਾਬੇ ਦਾ ਲੰਗਰ ਨਾ ਹੋਵੇ ਇਹ ਕਿੱਦਾਂ ਹੋ ਸਕਦਾ ! ਸੋ ਚਾਹ ਪਕੌੜੇ, ਸਮੋਸੇ ਤੇ ਅੰਬਾ ਵਾਲੀ ਲੱਸੀ ਤੋ ਗੁਰੂ ਕਾ ਲੰਗਰ ਅਤੁੱਟ ਵਰਤਿਆ ! ਵਾਹਿਗੁਰੂ ਕਰੇ ਅਗਲਾ ਮੇਲਾ ਹੋਰ ਚੜਦੀ ਕਲਾ ਵਾਲਾ ਹੋਵੇ ! ਸ਼ੁਰੂਆਤ ਬਾਗ਼ੋਂ ਬਾਗ ਕਰਨ ਵਾਲੀ ਸੀ ! ਭਾਜੀ ਨਿਰਮਲ ਸਿੰਘ ਹੰਸਪਾਲ ਭੈਣ ਦੀਪਕਾ ਕੌਰ ਤੇ ਸੱਭ ਸੰਗਤਾਂ ਨੂੰ ਵਧਾਈ ! 
ਇਸ ਖੁਸ਼ਨੁਮਾ ਮੌਕੇ ਸਮੇਂ ਵਿਦੇਸ਼ੀ ਸਿਟੀ ਕੌਂਸਲ ਦੇ ਸ੍ਰ. ਨਰਿੰਦਰ ਸਿੰਘ ਘੋਤੜਾ, ਵਿਦੇਸ਼ੀ ਸਿਟੀ ਕੌਂਸਲ ਹਾਇਡਲਬਰਗ ਦੇ ਪ੍ਰਧਾਨ ਜਸਵਿੰਦਰਪਾਲ ਸਿੰਘ ਰਾਠ, ਪੰਜਾਬੀ ਸਾਂਝ ਜਰਮਨੀ ਦੇ ਅੰਜੂਜੀਤ ਪੰਜਾਬਣ, ਮਝੈਲ ਅਰਪਿੰਦਰ ਸਿੰਘ ਬਿੱਟੂ, ਬਲਕਾਰ ਸਿੰਘ ਬਾਹੀਆ, ਮਾਰਕੋ ਆਂਧਰੇ ਵਿਦੇਸ਼ੀ ਸਿਟੀ ਕੌਂਸਲ ਵਾਈਸ ਪ੍ਰਧਾਨ, ਲਿਬਾਨ ਫਾਰਹਾ ਵਿਦੇਸ਼ੀ ਸਿਟੀ ਕੌਂਸਲ ਮੈਂਬਰ, ਤਰਨਬੀਰ ਕੌਰ ਸਿੰਘ ਨੌਜੁਆਨ ਸਭਾ ਵੋਰਮਸ ਦੀ ਪ੍ਰਧਾਨ, ਹਰਪ੍ਰੀਤ ਕੌਰ ਵਿਦੇਸ਼ੀ ਸਿਟੀ ਕੌਂਸਲ ਕੈਲਕਹਾਈਮ ਮੈਂਬਰ ਆਦਿ ਹਾਜਿਰ ਸਨ ׀

 

ਬਿੱਟੂ ਅਰਪਿੰਦਰ ਸਿੰਘ ਸੇਖੋਂ