ਸਿਖਿਆ ਤੇ ਮੈਡੀਕਲ ਖੇਤਰ ਵਿਚ ਕੈਨੇਡਾ ਭਾਰਤ ਤੋਂ ਕਿਤੇ ਵਿਕਸਤ ਏ

ਸਿਖਿਆ ਤੇ ਮੈਡੀਕਲ ਖੇਤਰ ਵਿਚ ਕੈਨੇਡਾ ਭਾਰਤ ਤੋਂ ਕਿਤੇ ਵਿਕਸਤ ਏ

ਸਿਹਤ ਪ੍ਰਬੰਧ ਪੱਖੋਂ ਜਿਹੜਾ ਮੁਲਕ ਜਿੰਨਾ ਵਧੀਆ ਹੋਵੇਗਾ,ਓਨੇ ਹੀ ਉਸ ਮੁਲਕ ਦੇ ਲੋਕ ਸਿਹਤਮੰਦ ਹੋਣਗੇ ਅਤੇ ਉਸ ਮੁਲਕ 'ਚ ਬਿਮਾਰੀਆਂ ਵੀ ਘੱਟ ਹੋਣਗੀਆਂ। ਬਿਮਾਰ ਲੋਕ ਆਪਣੇ ਦੇਸ਼ ਉੱਤੇ ਬੋਝ ਹੁੰਦੇ ਹਨ ਅਤੇ ਆਪਣੇ ਦੇਸ਼ ਦੀ ਤਰੱਕੀ 'ਚ ਬਣਦਾ ਯੋਗਦਾਨ ਵੀ ਨਹੀਂ ਪਾ ਸਕਦੇ। ਬਿਮਾਰੀਆਂ ਉੱਤੇ ਲੱਗਣ ਵਾਲਾ ਧਨ ਦੇਸ਼ ਦੀ ਤਰੱਕੀ ਉੱਤੇ ਲੱਗਦਾ ਹੈ। ਸਿੱਖਿਆ ਤੇ ਸਿਹਤ ਪੱਖੋਂ ਅੱਵਲ ਮੁਲਕਾਂ ਦੀ ਅੰਤਰਰਾਸ਼ਟਰੀ ਪੱਧਰ 'ਤੇ ਵੀ ਸਦਾ ਹੀ ਝੰਡੀ ਰਹਿੰਦੀ ਹੈ।

ਸਾਡੇ ਮੁਲਕ ਵਾਂਗ ਉਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਵਿਚ ਰੁਜ਼ਗਾਰ ਲੱਭਣ ਲਈ ਨਹੀਂ ਜਾਣਾ ਪੈਂਦਾ। ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਇਆ ਕਿ ਸਾਡੇ ਮੁਲਕ ਦੀਆਂ ਸਰਕਾਰਾਂ ਇਹ ਕਿਵੇਂ ਕਹਿੰਦੀਆਂ ਆ ਰਹੀਆਂ ਹਨ ਕਿ ਸਾਡੇ ਮੁਲਕ ਨੇ ਬਹੁਤ ਤਰੱਕੀ ਕੀਤੀ ਹੈ, ਜਦੋਂ ਕਿ ਨਾ ਤਾਂ ਸਾਡਾ ਸਿੱਖਿਆ ਪ੍ਰਬੰਧ ਚੰਗਾ ਹੈ ਤੇ ਨਾ ਹੀ ਸਿਹਤ ਪ੍ਰਬੰਧ। ਕੈਨੇਡਾ 'ਚ ਰਹਿੰਦਿਆਂ ਇੱਥੋਂ ਦੇ ਸਿੱਖਿਆ ਤੇ ਸਿਹਤ ਪ੍ਰਬੰਧ ਬਾਰੇ ਗੱਲ ਕਰਨ ਤੋਂ ਪਹਿਲਾਂ ਚੰਗਾ ਹੋਵੇਗਾ ਕਿ ਪਹਿਲਾਂ ਅੰਤਰਰਾਸ਼ਟਰੀ ਪੱਧਰ 'ਤੇ ਕੈਨੇਡਾ ਅਤੇ ਭਾਰਤ ਦੀ ਸਿੱਖਿਆ ਤੇ ਸਿਹਤ ਦੇ ਮਿਆਰ ਦੀ ਸਥਿਤੀ ਵੇਖ ਲਈ ਜਾਵੇ। 'ਵਰਡ ਪਾਪੂਲੇਸ਼ਨ ਰੀਵਿਊ ਸਾਈਟ' ਦੇ ਅਨੁਸਾਰ ਸਿੱਖਿਆ ਦੇ ਖੇਤਰ 'ਚ ਕੈਨੇਡਾ ਅੰਤਰਰਾਸ਼ਟਰੀ ਪੱਧਰ ਉੱਤੇ ਚੌਥੇ ਨੰਬਰ ਉੱਤੇ ਅਤੇ ਭਾਰਤ 32ਵੇਂ ਨੰਬਰ ਉੱਤੇ ਹੈ। ਸਿਹਤ ਪ੍ਰਬੰਧ ਦੇ ਖੇਤਰ 'ਚ ਭਾਰਤ 19ਵੇਂ ਅਤੇ ਕੈਨੇਡਾ 23ਵੇਂ ਨੰਬਰ 'ਤੇ ਹੈ।

ਸਿੱਖਿਆ ਸੰਬੰਧੀ ਕੈਨੇਡਾ ਦੇ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਇਹ ਤੱਥ ਸਾਹਮਣੇ ਆਏ ਕਿ ਸਿੱਖਿਆ ਸਹੂਲਤਾਂ ਪੱਖੋਂ ਕੈਨੇਡਾ ਭਾਰਤ ਤੋਂ ਕਿਤੇ ਅੱਗੇ ਹੈ ਪਰ ਸਿੱਖਿਆ ਪ੍ਰਣਾਲੀ ਭਾਰਤ ਦੀ ਚੰਗੀ ਹੈ। ਕੈਨੇਡਾ 'ਚ ਜ਼ਿਆਦਾਤਰ ਸਕੂਲ ਸਰਕਾਰੀ ਹੀ ਹਨ। ਪ੍ਰਾਈਵੇਟ ਸਕੂਲਾਂ ਦੀ ਗਿਣਤੀ ਬਹੁਤ ਘੱਟ ਹੈ। ਸਾਡੇ ਦੇਸ਼ ਵਾਂਗ ਹਰ ਗਲੀ-ਮੁਹੱਲੇ 'ਚ ਦੁਕਾਨਾਂ ਵਰਗੇ ਪ੍ਰਾਈਵੇਟ ਸਕੂਲ ਨਹੀਂ ਖੁੱਲ੍ਹੇ ਹੋਏ। ਸਰਕਾਰੀ ਸਕੂਲ ਵੀ ਪ੍ਰਾਈਵੇਟ ਵਰਗੇ ਹੀ ਹਨ। ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਉਨ੍ਹਾਂ 'ਚ ਸਹੂਲਤਾਂ ਅਤੇ ਸਾਜ਼ੋ-ਸਾਮਾਨ ਸਾਡੇ ਦੇਸ਼ ਦੇ ਵਧੀਆ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਚੰਗੀਆਂ ਹਨ। ਸਾਡੇ ਦੇਸ਼ ਵਾਂਗ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨਾ ਤਾਂ ਡੰਗ ਟਪਾਊ ਹਨ ਤੇ ਨਾ ਹੀ ਸਕੂਲ ਲੋੜੀਦੀਆਂ ਸਹੂਲਤਾਂ ਤੋਂ ਸੱਖਣੇ ਹਨ। ਪ੍ਰਾਈਵੇਟ ਸਕੂਲਾਂ 'ਚ ਸਿਰਫ਼ ਅਮੀਰਾਂ ਦੇ ਬੱਚੇ ਹੀ ਪੜ੍ਹਦੇ ਹਨ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਫ਼ੀਸ ਕੇਵਲ ਅਮੀਰ ਵਰਗ ਦੇ ਲੋਕ ਹੀ ਦੇ ਸਕਦੇ ਹਨ। ਪ੍ਰਾਈਵੇਟ ਸਕੂਲਾਂ 'ਚ ਸਾਡੇ ਦੇਸ਼ ਦੀ ਤਰ੍ਹਾਂ ਲੱਖਾਂ ਰੁਪਏ ਚੰਦਾ (ਡੋਨੇਸ਼ਨ) ਨਹੀਂ ਦੇਣਾ ਪੈਂਦਾ। ਸਰਕਾਰੀ ਸਕੂਲਾਂ ਦੀ ਇਕ ਕਿਸਮ ਕੈਥੋਲਿਕ ਸਰਕਾਰੀ ਸਕੂਲ ਵੀ ਹਨ, ਜਿਨ੍ਹਾਂ 'ਚ ਕੇਵਲ ਕੈਥੋਲਿਕ ਧਰਮ ਨਾਲ ਸੰਬੰਧਤ ਬੱਚਿਆਂ ਨੂੰ ਹੀ ਦਾਖਲਾ ਦਿੱਤਾ ਜਾਂਦਾ ਹੈ। ਸਰਕਾਰੀ ਸਕੂਲਾਂ ਦੇ ਹਰ ਕਮਰੇ 'ਚ ਵਾਈ-ਫਾਈ ਅਤੇ ਕਮਰੇ ਵਾਤਾਵਰਨ ਅਨੁਕੂਲ ਰੱਖਣ ਦੀ ਸਹੂਲਤ ਹੈ। ਸਾਡੇ ਦੇਸ਼ ਵਾਂਗ ਬੱਚਿਆਂ ਨੂੰ ਗਰਮੀ ਤੇ ਸਰਦੀ 'ਚ ਨਹੀਂ ਪੜ੍ਹਨਾ ਪੈਂਦਾ। ਸਕੂਲਾਂ 'ਚ 25 ਬੱਚਿਆਂ ਲਈ ਇਕ ਅਧਿਆਪਕ ਦੀ ਵਿਵਸਥਾ ਹੈ। ਸਾਡੇ ਦੇਸ਼ ਵਾਂਗ ਜਮਾਤ ਦੇ ਕਮਰੇ 'ਚ 60-70 ਬੱਚੇ ਨਹੀਂ ਬੈਠੇ ਹੁੰਦੇ। ਸਾਡੇ ਦੇਸ਼ ਵਾਂਗ ਸਕੂਲਾਂ ਦੇ ਬਾਹਰ ਨਾ ਤਾਂ ਬੱਚਿਆਂ ਦੇ ਸਾਈਕਲ, ਸਕੂਟਰ, ਮੋਟਰ ਸਾਈਕਲ ਖੜ੍ਹੇ ਹੁੰਦੇ ਹਨ ਅਤੇ ਨਾ ਹੀ ਰੇਹੜੀਆਂ। ਬੱਚਿਆਂ ਦੀ ਸੁਰੱਖਿਆ ਪੱਖੋਂ ਸਕੂਲਾਂ ਦੇ ਨੇੜੇ ਬਿਨਾਂ ਪੁੱਛੇ ਪੰਛੀ ਵੀ ਪਰ ਨਹੀਂ ਮਾਰ ਸਕਦਾ। ਸਾਡੇ ਦੇਸ਼ ਵਾਂਗ ਨਾ ਤਾਂ ਸਕੂਲਾਂ ਦੇ ਬਾਹਰ ਲੜਾਈਆਂ ਹੁੰਦੀਆਂ ਹਨ ਅਤੇ ਨਾ ਹੀ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਲੈਣ ਲਈ ਮਾਪਿਆਂ ਦੀ ਭੀੜ ਹੁੰਦੀ ਹੈ। ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਅਤੇ ਛੁੱਟੀ ਤੋਂ ਬਾਅਦ ਸਕੂਲ ਅਧਿਆਪਕਾਂ ਦੀ ਬੱਚਿਆਂ ਨੂੰ ਸੰਭਾਲਣ ਦੀ ਡਿਊਟੀ ਲੱਗੀ ਹੁੰਦੀ ਹੈ। ਕੋਈ ਵੀ ਅਧਿਆਪਕ ਸਕੂਲ ਦੇਰ ਨਾਲ ਨਹੀਂ ਆ ਸਕਦਾ। ਬੱਚਿਆਂ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਮਿਲਣ ਲਈ ਪਹਿਲਾਂ ਸਮਾਂ ਲੈਣਾ ਪੈਂਦਾ ਹੈ ਅਤੇ ਮਿਲਣ ਦਾ ਕਾਰਨ ਦੱਸਣਾ ਪੈਂਦਾ ਹੈ। ਸਾਡੇ ਦੇਸ਼ ਵਾਂਗ ਕੋਈ ਵੀ ਕਿਸੇ ਵੀ ਵੇਲੇ ਮਨਮਰਜ਼ੀ ਨਾਲ ਸਕੂਲ 'ਚ ਨਹੀਂ ਘੁੰਮ ਸਕਦਾ। ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਕਿਤਾਬਾਂ ਮੁਫ਼ਤ ਮਿਲਦੀਆਂ ਹਨ। ਛੇਵੀਂ ਜਮਾਤ ਤੋਂ ਬੱਚੇ ਸਕੂਲ ਆਪਣਾ ਮੋਬਾਈਲ ਲਿਜਾ ਸਕਦੇ ਹਨ ਪਰ ਕੋਈ ਵੀ ਬੱਚਾ ਆਪਣੀ ਜਮਾਤ 'ਚ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਦਾ।

ਕੇਂਦਰੀ ਪੱਧਰ 'ਤੇ ਕੈਨੇਡਾ ਸਕੂਲ ਬੋਰਡ ਆਫ਼ ਐਸੋਸੀਏਸ਼ਨ ਹੈ। ਹਰ ਪ੍ਰਾਂਤ ਦਾ ਆਪਣਾ-ਆਪਣਾ ਬੋਰਡ ਹੈ। ਹਰ ਪ੍ਰਾਂਤ ਦੇ ਬੋਰਡ ਦਾ ਸਿਲੇਬਸ ਅੱਡ ਹੈ। ਬੱਚੇ ਆਪਣੀ ਇੱਛਾ ਅਨੁਸਾਰ ਫਰੈਂਚ ਅਤੇ ਪੰਜਾਬੀ ਭਾਸ਼ਾਵਾਂ ਪੜ੍ਹ ਸਕਦੇ ਹਨ। ਇਨ੍ਹਾਂ ਭਾਸ਼ਾਵਾਂ ਲਈ ਹਫ਼ਤੇ 'ਚ ਦੋ ਪੀਰੀਅਡ ਹੁੰਦੇ ਹਨ। ਸਕੂਲ ਜਾਣ ਤੋਂ ਪਹਿਲਾਂ ਬੱਚੇ ਡੇਅ ਕੇਅਰ 'ਚ ਜਾਂਦੇ ਹਨ, ਜਿਸ ਨੂੰ ਸਾਡੇ ਦੇਸ਼ 'ਚ ਬਾਲਵਾੜੀ ਕਹਿੰਦੇ ਹਨ। ਡੇਅ ਕੇਅਰ ਤੇ ਬਾਲਵਾੜੀ ਦੇ ਮਿਆਰ 'ਚ ਬੇਅੰਤ ਫ਼ਰਕ ਹੈ। ਡੇਅ ਕੇਅਰ ਦੀ ਫ਼ੀਸ 900 ਰੁਪਏ ਤੋਂ 1500 ਰੁਪਏ ਹੈ। ਸਾਰੇ ਦੇਸ਼ 'ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਇੱਕੋ ਜਿਹੇ ਨਿਯਮ ਹਨ ਤੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ। ਸਾਡੇ ਦੇਸ਼ ਵਾਂਗ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ। ਡੇਅ ਕੇਅਰ ਦਾ ਅੱਧਾ ਖ਼ਰਚਾ ਸਰਕਾਰ ਦਿੰਦੀ ਹੈ। ਬੱਚੇ ਨੂੰ ਡੇਅ ਕੇਅਰ 'ਚ ਭੇਜਣਾ ਜਾਂ ਨਾ ਭੇਜਣਾ ਉਸ ਦੇ ਮਾਪਿਆਂ ਦੀ ਆਮਦਨ ਅਤੇ ਇੱਛਾ 'ਤੇ ਨਿਰਭਰ ਕਰਦਾ ਹੈ। ਬੱਚੇ ਦੇ ਜੰਮਦਿਆਂ ਹੀ ਉਸ ਦੇ ਮਾਪਿਆਂ ਦੀ ਆਮਦਨ ਅਨੁਸਾਰ ਸਰਕਾਰ ਵਲੋਂ ਖਰਚਾ ਲੱਗ ਜਾਂਦਾ ਹੈ। ਇਸ ਮੁਲਕ 'ਚ ਵਿੱਦਿਅਕ ਵਰ੍ਹਾ ਸਤੰਬਰ 'ਚ ਸ਼ੁਰੂ ਹੁੰਦਾ ਹੈ। ਬੱਚਾ ਚਾਰ ਸਾਲ ਦੀ ਉਮਰ ਤੋਂ ਕਿੰਡਰ ਗਾਰਟਨ 'ਚ ਜਾਣਾ ਸ਼ੁਰੂ ਕਰਦਾ ਹੈ। ਕਿੰਡਰ ਗਾਰਟਨ 'ਚ ਬੱਚਾ ਦੋ ਸਾਲ ਪੜ੍ਹਦਾ ਹੈ। ਅੱਠਵੀਂ ਜਮਾਤ ਤੱਕ ਕੋਈ ਪ੍ਰੀਖਿਆ ਨਹੀਂ ਹੁੰਦੀ। ਅੱਠਵੀਂ ਜਮਾਤ ਤੱਕ ਬੱਚਿਆਂ ਦਾ ਸਕੂਲ ਬੈਗ ਸਕੂਲ ਹੀ ਰਹਿੰਦਾ ਹੈ। ਬੱਚਿਆਂ ਨੂੰ ਸਕੂਲ 'ਚ ਕਰਨ ਵਾਲਾ ਬਾਕੀ ਰਹਿੰਦਾ ਕੰਮ ਆਨਲਾਈਨ ਭੇਜਿਆ ਜਾਂਦਾ ਹੈ ਜੋ ਕਿ ਉਨ੍ਹਾਂ ਨੇ ਲੈਪਟਾਪ 'ਤੇ ਕਰਨਾ ਹੁੰਦਾ ਹੈ। ਅੱਠਵੀਂ ਜਮਾਤ ਤੱਕ ਬੱਚਿਆਂ ਦੇ ਦਿਮਾਗ 'ਤੇ ਪੜ੍ਹਾਈ ਦਾ ਕੋਈ ਬੋਝ ਨਹੀਂ ਪਾਇਆ ਜਾਂਦਾ। ਨੌਵੀਂ ਜਮਾਤ ਤੋਂ ਬੱਚਿਆਂ ਦੀ ਪ੍ਰੀਖਿਆ ਹੋਣੀ ਸ਼ੁਰੂ ਹੁੰਦੀ ਹੈ।

ਨੌਵੀਂ ਜਮਾਤ ਤੋਂ ਬੱਚਿਆਂ 'ਤੇ ਪੜ੍ਹਾਈ ਦਾ ਬੋਝ ਇਕਦਮ ਵਧ ਜਾਂਦਾ ਹੈ। ਪੜ੍ਹਾਈ ਰੱਟਾ ਲੁਆ ਕੇ ਨਹੀਂ ਸਗੋਂ ਖੋਜ ਵਿਧੀ ਨਾਲ ਕਰਵਾਈ ਜਾਂਦੀ ਹੈ। ਬਾਰ੍ਹਵੀਂ ਜਮਾਤ ਤੱਕ ਬੱਚਿਆਂ ਤੋਂ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ। ਬੱਚਿਆਂ ਨੂੰ ਸਕੂਲ 'ਚ ਕਿਸੇ ਵੀ ਤਰ੍ਹਾਂ ਦੀ ਸਰੀਰਕ ਤੌਰ 'ਤੇ ਸਜ਼ਾ ਨਹੀਂ ਦਿੱਤੀ ਜਾ ਸਕਦੀ। ਬੱਚਿਆਂ ਨੂੰ ਜ਼ਿਆਦਾ ਆਜ਼ਾਦੀ ਦੇਣ ਕਾਰਨ ਉਹ ਆਪਣੇ ਅਧਿਆਪਕਾਂ ਤੋਂ ਨਹੀਂ ਡਰਦੇ ਅਤੇ ਉਨ੍ਹਾਂ 'ਚ ਅਨੁਸ਼ਾਸਨਹੀਣਤਾ ਹੁੰਦੀ ਹੈ। ਬੱਚਿਆਂ ਵਲੋਂ ਲੜਾਈ-ਝਗੜਾ ਕਰਨ 'ਤੇ ਉਨ੍ਹਾਂ ਦੇ ਮਾਂ-ਬਾਪ ਨੂੰ ਈਮੇਲ ਰਾਹੀਂ ਸੂਚਿਤ ਕਰਕੇ ਬੱਚੇ ਨੂੰ ਕੁਝ ਦਿਨ ਲਈ ਸਕੂਲ ਤੋਂ ਕੱਢ ਦਿੱਤਾ ਜਾਂਦਾ ਹੈ। ਬੱਚਿਆਂ ਦੀ ਹਾਜ਼ਰੀ ਕੰਪਿਊਟਰ 'ਤੇ ਲਗਦੀ ਹੈ। ਬੱਚਿਆਂ ਦੇ ਗ਼ੈਰਹਾਜ਼ਰ ਹੋਣ ਦੀ ਸੂਰਤ 'ਚ ਉਨ੍ਹਾਂ ਦੇ ਮਾਪਿਆਂ ਨੂੰ ਈਮੇਲ ਰਾਹੀਂ ਗ਼ੈਰਹਾਜ਼ਰ ਹੋਣ ਦਾ ਕਾਰਨ ਪੁੱਛਿਆ ਜਾਂਦਾ ਹੈ। ਛੁੱਟੀ ਲੈਣ ਲਈ ਸਕੂਲ ਨੂੰ ਈਮੇਲ ਰਾਹੀਂ ਸੂਚਨਾ ਦੇਣੀ ਪੈਂਦੀ ਹੈ। ਸਵੇਰ ਦੀ ਪ੍ਰਾਰਥਨਾ ਸਭਾ ਬੱਚੇ ਜਮਾਤਾਂ ਦੇ ਕਮਰਿਆਂ 'ਚ ਹੀ ਕਰਦੇ ਹਨ। ਸਕੂਲ ਲਾਇਬ੍ਰੇਰੀਆਂ ਵੇਖਣ ਵਾਲੀਆਂ ਹਨ। ਸਾਡੇ ਦੇਸ਼ ਵਾਂਗ ਲਾਇਬ੍ਰੇਰੀਆਂ ਕੇਵਲ ਨਾਂਅ ਦੀਆਂ ਹੀ ਨਹੀਂ ਹੁੰਦੀਆਂ। ਛੇਵੀਂ ਜਮਾਤ ਤੋਂ ਬੱਚਿਆਂ ਲਈ ਲਾਇਬ੍ਰੇਰੀ ਜਾਣਾ ਲਾਜ਼ਮੀ ਹੋ ਜਾਂਦਾ ਹੈ। ਬੱਚਿਆਂ ਦੀ ਪੜ੍ਹਾਈ ਜ਼ਿਆਦਾਤਰ ਲਾਇਬ੍ਰੇਰੀਆਂ 'ਤੇ ਹੀ ਨਿਰਭਰ ਕਰਦੀ ਹੈ। ਸਕੂਲਾਂ 'ਚ ਜ਼ਿਆਦਾਤਰ ਬੱਚੇ ਆਇਸ ਹਾਕੀ, ਸੋਕਰ, ਫੁੱਟਬਾਲ, ਬਾਸਕਿਟ ਬਾਲ ਖੇਡਦੇ ਹਨ। ਜ਼ਿਆਦਾ ਵਰਖਾ, ਸਰਦੀ ਅਤੇ ਬਰਫ਼ ਪੈਣ ਵਾਲੇ ਮਹੀਨਿਆਂ ਵਿਚ ਚੈੱਸ, ਟੇਬਲ ਟੈਨਿਸ, ਬੈਡਮਿੰਟਨ 'ਇਨ ਡੋਰ ਗੇਮਾਂ' ਖੇਡਦੇ ਹਨ। ਇਸ ਦੇਸ਼ 'ਚ ਸਾਡੇ ਦੇਸ਼ ਵਾਂਗ ਖੇਡਾਂ ਵੱਲ ਲੋੜੀਂਦੀ ਤਵੱਕੋ ਨਹੀਂ ਦਿੱਤੀ ਜਾਂਦੀ। ਬੱਚੇ ਗਿਆਰ੍ਹਵੀਂ, ਬਾਰ੍ਹਵੀਂ ਜਮਾਤ 'ਚ ਕਾਮਰਸ, ਸਾਇੰਸ ਤੇ ਕੰਪਿਊਟਰ ਦੇ ਵਿਸ਼ੇ ਇਕੱਠੇ ਹੀ ਪੜ੍ਹਦੇ ਹਨ। ਆਰਟਸ ਦੀ ਪੜ੍ਹਾਈ ਅੱਡ ਹੁੰਦੀ ਹੈ। ਯੂਨੀਵਰਸਟੀ ਪੱਧਰ 'ਤੇ ਜਾ ਕੇ ਸਾਇੰਸ ਅਤੇ ਕਾਮਰਸ ਗਰੁੱਪ ਅੱਡ-ਅੱਡ ਹੋ ਜਾਂਦੇ ਹਨ। ਸਕੂਲ ਬੱਸ ਦਾ ਬੱਚਿਆਂ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਂਦਾ। ਬੱਸਾਂ 'ਚ ਸੀ.ਸੀ.ਟੀ.ਵੀ. ਕੈਮਰੇ ਅਤੇ ਵਾਈ-ਫਾਈ ਲੱਗੇ ਹੋਏ ਹਨ। ਬੱਸਾਂ 'ਚ ਬੱਚਿਆਂ ਵਲੋਂ ਸ਼ਰਾਰਤਾਂ ਕੀਤੇ ਜਾਣ 'ਤੇ ਸਕੂਲ 'ਚੋਂ ਕੁਝ ਦਿਨਾਂ ਲਈ ਕੱਢ ਦਿੱਤਾ ਜਾਂਦਾ ਹੈ। ਬੱਸਾਂ 'ਚ 25 ਤੋਂ ਵੱਧ ਬੱਚੇ ਨਹੀਂ ਨਹੀਂ ਹੁੰਦੇ। ਸਾਡੇ ਦੇਸ਼ ਵਾਂਗ ਬੱਸਾਂ 'ਚ ਬੱਚਿਆਂ ਦੀ ਭੀੜ ਨਹੀਂ ਹੁੰਦੀ ਤੇ ਨਾ ਹੀ ਉਨ੍ਹਾਂ ਨੂੰ ਆਟੋ ਅਤੇ ਰਿਕਸ਼ੇ ਸਕੂਲ ਲਿਜਾਂਦੇ ਹਨ।

ਬੱਚੇ ਨੂੰ ਉਸ ਦੇ ਜ਼ੋਨ 'ਚ ਪੈਂਦੇ ਸਕੂਲ 'ਚ ਦਾਖਲਾ ਲੈਣਾ ਪੈਂਦਾ ਹੈ। ਸਾਡੇ ਦੇਸ਼ ਵਾਂਗ ਬੱਚੇ ਬੱਸਾਂ 'ਚ ਹੀ ਨਹੀਂ ਘੁੰਮਦੇ ਰਹਿੰਦੇ। ਸਕੂਲ ਦੀ ਕੋਈ ਵਰਦੀ ਨਹੀਂ। ਬੱਚੇ ਆਪਣੀ ਮਨਮਰਜ਼ੀ ਦੇ ਕੱਪੜੇ ਪਾ ਕੇ ਜਾ ਸਕਦੇ ਹਨ। ਹਰ ਬੱਚਾ ਸਕੂਲ ਜਾਂਦਾ ਹੈ। ਸਾਡੇ ਦੇਸ਼ ਵਾਂਗ ਬੱਚੇ ਨਾ ਤਾਂ ਸੜਕਾਂ, ਰੇਲਵੇ ਸਟੇਸ਼ਨਾਂ ਅਤੇ ਜਨਤਕ ਥਾਵਾਂ 'ਤੇ ਭੀਖ ਮੰਗਦੇ ਵਿਖਾਈ ਦਿੰਦੇ ਹਨ ਤੇ ਨਾ ਹੀ ਛੋਟੀ ਉਮਰ ਵਿਚ ਦੁਕਾਨਾਂ 'ਤੇ ਕੰਮ ਕਰਦੇ ਹਨ। ਬੱਚੇ ਸਕੂਲ ਪੱਧਰ 'ਤੇ ਅੱਧ ਵਾਟੇ ਪੜ੍ਹਾਈ ਨਹੀਂ ਛੱਡਦੇ। ਯੂਨੀਵਰਸਟੀ ਪੱਧਰ 'ਤੇ ਪੜ੍ਹਾਈ ਬਹੁਤ ਮਹਿੰਗੀ ਹੈ। ਯੂਨੀਵਰਸਟੀ ਪੱਧਰ 'ਤੇ ਪੜ੍ਹਾਈ ਮਹਿੰਗੀ ਹੋਣ ਕਾਰਨ ਬਹੁਤ ਸਾਰੇ ਬੱਚੇ ਪੜ੍ਹਾਈ ਛੱਡ ਜਾਂਦੇ ਹਨ। ਸਕੂਲ ਪੱਧਰ 'ਤੇ ਬੱਚਿਆਂ ਨੂੰ ਛੁੱਟੀਆਂ 'ਚ ਸਮਾਜ ਸੇਵਾ ਲਈ ਕੰਮ ਕਰਕੇ ਪੈਸੇ ਕਮਾਉਣ ਦਾ ਪ੍ਰਾਜੈਕਟ ਦਿੱਤਾ ਜਾਂਦਾ ਹੈ ਤਾਂ ਕਿ ਉਹ ਕੰਮ ਕਰਕੇ ਆਤਮ ਨਿਰਭਰ ਹੋਣਾ ਸਿੱਖ ਜਾਣ। ਉਚੇਰੀ ਪੜ੍ਹਾਈ ਦੇ ਨਾਲ-ਨਾਲ ਬੱਚੇ ਕੋਈ ਨਾ ਕੋਈ ਕੰਮ ਕਰਕੇ ਪੜ੍ਹਾਈ ਦਾ ਖ਼ਰਚਾ ਕੱਢ ਲੈਂਦੇ ਹਨ। ਸਕੂਲਾਂ 'ਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸੰਗੀਤ, ਡਾਂਸ, ਡਰਾਮਾ, ਜੂਡੋ ਕਰਾਟੇ ਅਤੇ ਹੋਰ ਸਰਗਰਮੀਆਂ ਦਾ ਪ੍ਰਬੰਧ ਤਾਂ ਹੈ ਪਰ ਬੱਚਿਆਂ ਨੂੰ ਪ੍ਰਾਈਵੇਟ ਕੋਚਾਂ ਤੋਂ ਪੈਸੇ ਦੇ ਕੇ ਸਿਖਲਾਈ ਲੈਣੀ ਪੈਂਦੀ ਹੈ, ਜੋ ਕਿ ਬਹੁਤ ਮਹਿੰਗੀ ਪੈਂਦੀ ਹੈ। ਬੱਚਿਆਂ ਦੇ ਮਾਪਿਆਂ ਦੇ ਕਹਿਣ ਅਨੁਸਾਰ ਸਕੂਲਾਂ 'ਚ ਸੱਤਵੀ, ਅੱਠਵੀਂ ਜਮਾਤ ਤੱਕ ਪ੍ਰੀਖਿਆਵਾਂ ਨਾ ਹੋਣ ਕਾਰਨ ਅਤੇ ਸਿੱਖਿਆ ਪ੍ਰਣਾਲੀ ਦੀਆਂ ਖ਼ਾਮੀਆਂ ਕਾਰਨ ਸਾਡੇ ਦੇਸ਼ ਦੇ ਮੁਕਾਬਲੇ ਪੜ੍ਹਾਈ ਦਾ ਪੱਧਰ ਜ਼ਿਆਦਾ ਵਧੀਆ ਨਹੀਂ। ਬੱਚਿਆਂ ਨੂੰ ਨੌਵੀਂ, ਦਸਵੀਂ ਜਮਾਤ 'ਚ ਹਿਸਾਬ, ਸਾਇੰਸ ਤੇ ਸਮਾਜਿਕ ਵਿਸ਼ੇ ਪੜ੍ਹਨ ਵਿਚ ਔਖ ਆਉਂਦੀ ਹੈ। ਬੱਚੇ ਟਿਊਸ਼ਨ ਸੈਂਟਰਾਂ ਅਤੇ ਅਧਿਆਪਕਾਂ ਦੇ ਘਰਾਂ 'ਚ ਜਾ ਕੇ ਪੜ੍ਹਦੇ ਹਨ। ਟਿਊਸ਼ਨ ਬਹੁਤ ਮਹਿੰਗੀ ਹੈ, ਪਰ ਫਿਰ ਵੀ ਇਸ ਮੁਲਕ ਦੀ ਸਰਕਾਰ ਇਹ ਗੱਲ ਸਮਝਦੀ ਹੈ ਕਿ ਸਕੂਲ ਬੱਚਿਆਂ ਲਈ ਹਨ ਨਾ ਕਿ ਬੱਚੇ ਸਕੂਲਾਂ ਲਈ।

ਸਿਹਤ ਪ੍ਰਬੰਧ

ਹੁਣ ਜੇਕਰ ਇਸ ਮੁਲਕ ਦੇ ਸਿਹਤ ਪ੍ਰਬੰਧ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇੱਥੋਂ ਦੀ ਸਿਹਤ ਤਕਨਾਲੋਜੀ ਸਾਡੇ ਮੁਲਕ ਨਾਲੋਂ ਕਿਤੇ ਜ਼ਿਆਦਾ ਅੱਗੇ ਹੈ, ਪਰ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਾਪਤ ਕਰਨ ਵਿਚ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਹਰੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਡਾਕਟਰਾਂ ਤੇ ਹਸਪਤਾਲਾਂ ਦੀ ਗਿਣਤੀ 'ਚ ਵਾਧਾ ਨਹੀਂ ਹੋ ਰਿਹਾ। ਪੱਕੇ ਨਾਗਰਿਕਾਂ ਲਈ ਇਲਾਜ ਮੁਫ਼ਤ ਹੋਣ ਦੀ ਸਹੂਲਤ ਤਾਂ ਹੈ ਪਰ ਇਲਾਜ ਹੋਣ 'ਚ ਬਹੁਤ ਦੇਰ ਹੁੰਦੀ ਹੈ। ਬੀਮੇ ਉੱਤੇ ਆਧਾਰਿਤ ਇਲਾਜ ਲਈ ਮਰੀਜ਼ਾਂ ਨੂੰ ਬਹੁਤ ਔਕੜਾਂ ਆਉਂਦੀਆਂ ਹਨ। ਬੀਮੇ ਤੋਂ ਬਿਨਾਂ ਇਲਾਜ ਆਮ ਬੰਦਾ ਕਰਵਾ ਹੀ ਨਹੀਂ ਸਕਦਾ। ਉਨ੍ਹਾਂ ਲਈ ਇਲਾਜ ਬਹੁਤ ਮਹਿੰਗਾ ਹੈ। ਬੀਮੇ ਉੱਤੇ ਆਧਾਰਿਤ ਅਤੇ ਮੁਫ਼ਤ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਅਤੇ ਡਾਕਟਰਾਂ ਤੇ ਹਸਪਤਾਲਾਂ ਦੀ ਗਿਣਤੀ ਘੱਟ ਹੋਣ ਕਾਰਨ ਮਰੀਜ਼ ਇਲਾਜ ਤੇ ਟੈਸਟਾਂ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇ ਹਨ। ਬੀਮੇ ਉੱਤੇ ਆਧਾਰਿਤ ਲੋਕਾਂ ਨੂੰ ਆਪਣੇ ਇਲਾਜ ਲਈ ਪਹਿਲਾਂ ਆਪਣੇ ਕੋਲੋਂ ਪੈਸੇ ਖਰਚਣੇ ਪੈਂਦੇ ਹਨ, ਬੀਮਾ ਕੰਪਨੀਆਂ ਬਾਅਦ 'ਚ ਉਨ੍ਹਾਂ ਪੈਸਿਆਂ ਦੀ ਅਦਾਇਗੀ ਕਰਦੀਆਂ ਹਨ। ਅਜਿਹੀ ਸਥਿਤੀ 'ਚ ਮਰੀਜ਼ ਕੋਲ ਪੈਸੇ ਨਾ ਹੋਣ ਦੀ ਸਥਿਤੀ 'ਚ ਇਲਾਜ ਕਰਾਉਣ ਤੋਂ ਰਹਿ ਜਾਂਦਾ ਹੈ। ਬੀਮੇ 'ਤੇ ਆਧਾਰਿਤ ਮਰੀਜ਼ ਕਾਗਜ਼ੀ ਕਾਰਵਾਈ ਵਿਚ ਉਲਝੇ ਰਹਿੰਦੇ ਹਨ। ਡਾਕਟਰਾਂ ਤੋਂ ਸੱਦਾ ਆਉਣ 'ਤੇ ਇਲਾਜ ਹੋਣ ਤੇ ਨੌਕਰੀ ਪੇਸ਼ਾ ਅਤੇ ਛੋਟੇ ਧੰਦੇ ਕਰਨ ਵਾਲੇ ਲੋਕਾਂ ਨੂੰ ਛੁੱਟੀ ਲੈਣ ਦੀ ਸਮੱਸਿਆ ਆਉਂਦੀ ਹੈ। ਲੰਬੀ ਦੇਰ ਤੱਕ ਅਲਟਰਾ ਸਾਊਂਡ, ਐਮ.ਆਰ.ਆਈ. ਅਤੇ ਹੋਰ ਵੱਡੇ ਟੈਸਟ ਸਮੇਂ ਸਿਰ ਨਾ ਹੋਣ ਕਾਰਨ ਮਰੀਜ਼ ਬਿਨਾਂ ਇਲਾਜ ਤੋਂ ਬੈਠੇ ਰਹਿੰਦੇ ਹਨ। ਇਸ ਮੁਲਕ 'ਚ ਮਾਹਿਰ ਡਾਕਟਰਾਂ ਦੀ ਬਹੁਤ ਘਾਟ ਹੈ। ਦਵਾਈਆਂ ਬਹੁਤ ਮਹਿੰਗੀਆਂ ਹਨ। ਜਦੋਂ ਤੱਕ ਕੋਈ ਡਾਕਟਰ ਮਰੀਜ਼ ਦੀ ਵਿਸ਼ੇਸ਼ ਡਾਕਟਰ ਵਲੋਂ ਵੇਖਣ ਦੀ ਸਿਫ਼ਾਰਸ਼ ਨਹੀਂ ਕਰਦਾ ਉਦੋਂ ਤੱਕ ਮਾਹਿਰ ਡਾਕਟਰ ਮਰੀਜ਼ ਨੂੰ ਨਹੀਂ ਵੇਖਦਾ। ਬਾਹਰਲੇ ਦੇਸ਼ਾਂ ਤੋਂ ਆਏ ਲੋਕ ਸਿਹਤ ਸਹੂਲਤਾਂ ਦੀ ਘਾਟ ਕਾਰਨ ਜਾਂ ਤਾਂ ਮੁੜ ਜਾਂਦੇ ਹਨ ਜਾਂ ਫਿਰ ਆਪਣੇ ਦੇਸ਼ 'ਚ ਇਲਾਜ ਕਰਵਾ ਕੇ ਵਾਪਸ ਆਉਂਦੇ ਹਨ, ਪਰ ਇਸ ਦੇਸ਼ ਦੇ ਸਿਹਤ ਪ੍ਰਬੰਧ ਦੀ ਵਿਸ਼ੇਸ਼ ਗੱਲ ਇਹ ਹੈ ਕਿ ਡਾਕਟਰ ਬਹੁਤ ਕਾਬਲ ਹਨ। ਗੰਭੀਰ ਹਾਲਤ ਹੋਣ ਦੀ ਸਥਿਤੀ 'ਚ ਮਰੀਜ਼ ਦਾ ਇਲਾਜ ਬਹੁਤ ਵਧੀਆ ਢੰਗ ਨਾਲ ਕਰਦੇ ਨੇ ਤੇ ਗ਼ਰੀਬ ਅਤੇ ਅਮੀਰ ਦੇ ਇਲਾਜ ਵਿਚ ਕੋਈ ਫ਼ਰਕ ਨਹੀਂ। ਸਾਰੇ ਇਕ ਬਰਾਬਰ ਹਨ ਤੇ ਨਾ ਹੀ ਕੋਈ ਸਿਫਾਰਸ਼ ਚਲਦੀ ਹੈ। ਜਿਨ੍ਹਾਂ ਲੋਕਾਂ ਦਾ ਸਿਹਤ ਕਾਰਡ ਬਣਿਆ ਹੁੰਦਾ ਹੈ, ਉਨ੍ਹਾਂ ਦਾ ਇਲਾਜ ਮੁਫ਼ਤ ਹੁੰਦਾ ਹੈ। ਦੋ ਤਰ੍ਹਾਂ ਦੇ ਹਸਪਤਾਲ ਹਨ। ਪਹਿਲੀ ਕਿਸਮ ਦੇ ਹਸਪਤਾਲ ਪੂਰੀ ਤਰ੍ਹਾਂ ਸਰਕਾਰੀ ਹਨ, ਦੂਜੀ ਕਿਸਮ 'ਚ ਉਹ ਆਉਂਦੇ ਹਨ ਜੋ ਕਿ ਹੈਂ ਤਾਂ ਪ੍ਰਾਈਵੇਟ ਪਰ ਉਹ ਮਰੀਜ਼ਾਂ ਦਾ ਇਲਾਜ ਕਰਕੇ ਸਰਕਾਰ ਤੋਂ ਪੈਸੇ ਪ੍ਰਾਪਤ ਕਰਦੇ ਹਨ। ਦੰਦਾਂ, ਅੱਖਾਂ ਅਤੇ ਫੀਜ਼ਿਓਥਰੈਪੀ ਦੇ ਕਲੀਨਿਕ ਪ੍ਰਾਈਵੇਟ ਹਨ। ਸਾਡੇ ਦੇਸ਼ ਵਾਂਗ ਇਸ ਮੁਲਕ 'ਚ ਨੀਮ-ਹਕੀਮ ਮਰੀਜ਼ ਦਾ ਇਲਾਜ ਨਹੀਂ ਕਰ ਸਕਦੇ। ਸਾਡੇ ਮੁਲਕ ਵਾਂਗ ਡਾਕਟਰ ਨਾ ਤਾਂ ਬਿਨਾਂ ਜ਼ਰੂਰਤ ਤੋਂ ਟੈਸਟ ਕਰਵਾਉਂਦੇ ਹਨ ਅਤੇ ਨਾ ਹੀ ਉਨ੍ਹਾਂ ਵਿਚੋਂ ਕਮਿਸ਼ਨ ਖਾਂਦੇ ਹਨ। ਸਾਡੇ ਮੁਲਕ 'ਚ ਗੰਭੀਰ ਬਿਮਾਰੀਆਂ ਦਾ ਇਲਾਜ ਬਹੁਤ ਮਹਿੰਗਾ ਹੈ। ਅਮੀਰ ਆਦਮੀ ਪੈਸੇ ਦੇ ਜ਼ੋਰ ਨਾਲ ਚੰਗੇ ਤੋਂ ਚੰਗਾ ਇਲਾਜ ਕਰਵਾ ਸਕਦਾ ਹੈ। ਗ਼ਰੀਬ ਆਦਮੀ ਪੈਸੇ ਦੀ ਘਾਟ ਕਾਰਨ ਬਿਨਾਂ ਇਲਾਜ ਤੋਂ ਮਰ ਜਾਂਦਾ ਹੈ। ਗ਼ਰੀਬ ਬੰਦੇ ਦੀ ਟੈਸਟ ਅਤੇ ਦਵਾਈਆਂ ਹੀ ਬੱਸ ਕਰਵਾ ਦਿੰਦੇ ਹਨ। ਸਾਡੇ ਦੇਸ਼ ਵਿਚ ਸਰਕਾਰੀ ਹਸਪਤਾਲਾਂ ਵਿਚ ਨਾ ਤਾਂ ਡਾਕਟਰ ਹਨ ਤੇ ਨਾ ਹੀ ਦਵਾਈਆਂ। ਪ੍ਰਾਈਵੇਟ ਹਸਪਤਾਲਾਂ ਦਾ ਇਲਾਜ ਮਹਿੰਗਾ ਹੋਣ ਕਾਰਨ ਗ਼ਰੀਬ ਆਦਮੀ ਉਨ੍ਹਾਂ ਤੱਕ ਪਹੁੰਚਦਾ ਹੀ ਨਹੀਂ। ਆਬਾਦੀ ਜ਼ਿਆਦਾ ਅਤੇ ਸਰਕਾਰਾਂ ਦੀ ਬੇਰੁਖੀ ਕਾਰਨ ਸਾਡੇ ਦੇਸ਼ ਦੀ ਸਿਹਤ ਵਿਵਸਥਾ ਬਹੁਤੀ ਚੰਗੀ ਨਹੀਂ। ਸਰਕਾਰ ਸਰਕਾਰੀ ਕਰਮਚਾਰੀਆਂ ਨੂੰ ਕਹਿਣ ਨੂੰ ਤਾਂ ਬਿਮਾਰੀਆਂ ਦੇ ਇਲਾਜ ਲਈ ਪੈਸੇ ਦਿੰਦੀ ਹੈ ਪਰ ਕਰਮਚਾਰੀਆਂ ਨੂੰ ਪਹਿਲਾਂ ਪੈਸੇ ਪੱਲਿਓਂ ਖਰਚਣੇ ਪੈਂਦੇ ਹਨ ਪਰ ਖਰਚੇ ਹੋਏ ਪੈਸੇ ਵਾਪਸ ਮਿਲਣ ਲਈ ਕਈ ਸਾਲ ਲੱਗ ਜਾਂਦੇ ਹਨ ਤੇ ਮਿਲਦੇ ਵੀ ਬਹੁਤ ਘੱਟ ਨੇ। ਬਿਮਾਰੀਆਂ ਦੇ ਇਲਾਜ ਲਈ ਪ੍ਰਾਈਵੇਟ ਬੀਮਾ ਕੰਪਨੀਆਂ ਬਹੁਤ ਕਮਾਈ ਕਰ ਰਹੀਆਂ ਹਨ। ਪ੍ਰਾਈਵੇਟ ਹਸਪਤਾਲ ਬੀਮੇ ਦੀ ਆੜ 'ਚ ਚੰਗੀ ਕਮਾਈ ਕਰਦੇ ਹਨ। ਕੇਂਦਰ ਸਰਕਾਰ ਵਲੋਂ ਗ਼ਰੀਬਾਂ ਲਈ ਆਯੁਸ਼ਮਾਨ ਭਾਰਤ ਬੀਮਾ ਸਕੀਮ ਦੀ ਵਿਵਸਥਾ ਕੀਤੀ ਗਈ ਹੈ ਪਰ ਉਸ ਦੀਆਂ ਵੀ ਛੱਤੀ ਤਰ੍ਹਾਂ ਦੀਆਂ ਸ਼ਰਤਾਂ ਹਨ। ਮੁੱਕਦੀ ਗੱਲ ਇਹ ਹੈ ਕਿ ਦੋਹਾਂ ਮੁਲਕਾਂ ਦੇ ਸਿੱਖਿਆ ਅਤੇ ਸਿਹਤ ਪ੍ਰਬੰਧ ਵਿਚ ਕਈ ਵਿਸ਼ੇਸ਼ਤਾਵਾਂ ਵੀ ਹਨ ਤੇ ਕਈ ਸਮੱਸਿਆਵਾਂ ਵੀ ਹਨ।

 

ਪਿ੍ੰਸੀਪਲ ਵਿਜੈ ਕੁਮਾਰ