ਅਕਾਲੀ ਦਲ ਦੀ ਹੋਏਗੀ ਮੁੜ ਸਿਰਜਣਾ ,ਜਥੇਦਾਰ ਧਾਮੀ ਦੀ ਅਗਵਾਈ ਵਿਚ ਕਮੇਟੀ ਬਣੀ

ਅਕਾਲੀ ਦਲ ਦੀ ਹੋਏਗੀ ਮੁੜ ਸਿਰਜਣਾ ,ਜਥੇਦਾਰ ਧਾਮੀ ਦੀ ਅਗਵਾਈ ਵਿਚ ਕਮੇਟੀ ਬਣੀ

ਫਖਰੇ - ਏ - ਕੌਮ ਦੀ ਉਪਾਧੀ ਵਾਪਸ

ਬਹੁਤ ਸਾਰੇ ਸਿੱਖ ਚਿੰਤਕ ਤੇ ਜਥੇਬੰਦੀਆਂ ਇਸ ਗੱਲ ਦੀ ਵਕਾਲਤ ਕਰ ਰਹੀਆਂ ਸਨ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਤਰ੍ਹਾਂ ਦੀ ਰੋਕ ਲਗਾ ਕੇ ਉਸ ਨੂੰ ਸਿਆਸੀ ਕੀਮਤ ਚੁਕਾਉਣੀ ਚਾਹੀਦੀ ਹੈ, ਅਤੇ ਇਹ ਸੁਖਬੀਰ ਸਿੰਘ ਬਾਦਲ ਦੇ ਖੇਮੇ ਦੀ ਸਭ ਤੋਂ ਵੱਡੀ ਚਿੰਤਾ ਸੀ ਜਿਸ ਨੇ ਸਿੰਘ ਸਾਹਿਬਾਨ ਦਾ ਕੰਮ ਵੀ ਔਖਾ ਕਰ ਦਿੱਤਾ ਸੀ। ਸੁਖਬੀਰ ਸਿੰਘ ਬਾਦਲ ਦਾ ਗਰੁਪ ਤੇ ਆਈਟੀ ਵਿੰਗ ਲਗਾਤਾਰ ਸ਼ੋਸ਼ਲ ਮੀਡੀਆ ਉਪਰ ਜਥੇਦਾਰਾਂ ਉਪਰ ਹਮਲੇ ਕਰ ਰਿਹਾ ਸੀ ਕਿ ਸੂਖਬੀਰ ਸਿੰਘ ਬਾਦਲ ਨੂੰ ਸਿਆਸੀ ਸਜ਼ਾ ਨਹੀਂ ਹੋਣੀ ਚਾਹੀਦੀ। ਸੁਖਬੀਰ ਸਿੰਘ ਬਾਦਲ ਲਈ ਇਹ ਇਕੱਲੀ ਸਕਾਰਾਤਮਕ ਗੱਲ ਸੀ ਕਿ ਉਸਨੂੰ ਸਿਆਸੀ ਸਜ਼ਾ ਨਹੀਂ ਮਿਲੀ ਪਰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ ਕਿ ਉਸਨੂੰ ਆਪਣੇ ਗੁਨਾਹ ਅਕਾਲ ਤਖਤ ਸਾਹਿਬ ਤੋਂ ਕਬੂਲ ਕਰਨੇ ਪਏ ਹਨ। ਉਸ ਦੇ ਖੇਮੇ ਲਈ ਦੂਸਰੀ ਤਸੱਲੀ ਇਹ ਹੋ ਸਕਦੀ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲ ਤਖਤ ਸਾਹਿਬ ਤੋਂ ਦਿਤੀ ਫਖਰੇ ਕੌਮ ਦੀ ਉਪਾਧੀ ਵਾਪਸ ਲੈਣ ਤੋਂ ਇਲਾਵਾ ਸਮੂਹਿਕ ਸਜ਼ਾ ਲਈ ਗਈ ਸੀ। ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਕੁਝ ਹੋਰ ਆਗੂਆਂ ਦੇ ਬਰਾਬਰ ਖੜ੍ਹਾ ਕਰ ਦਿੱਤਾ ਗਿਆ।

ਭਾਵੇਂ ਇਸ ਫੈਸਲੇ ਨੇ ਸੁਖਬੀਰ ਸਿੰਘ ਬਾਦਲ ਨੂੰ ਇਕੱਲੇ ਦੋਸ਼ੀ ਹੋਣ ਤੋਂ ਬਚਾਇਆ, ਜੋ ਕਿ ਸੁਖਬੀਰ ਸਿੰਘ ਬਾਦਲ ਦਾ ਖੇਮਾ ਚਾਹੁੰਦਾ ਸੀ ਪਰ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਦਾ ਬਿਰਤਾਂਤ ਦਿਲਚਸਪ ਤੇ ਇਤਿਹਾਸਕ ਪਹਿਲੂ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਬਾਦਲ ਸ਼ਾਸਨ ਦੌਰਾਨ ਕੀਤੇ ਗਏ ਅਪਰਾਧਾਂ ਲਈ "ਹਾਂ ਜਾਂ ਨਾਂਹ" ਵਿਚ ਸਵੀਕਾਰ ਕਰਨ ਲਈ ਕਿਹਾ ਗਿਆ ਸੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦਾ ਇਹ ਫੈਸਲਾ ਸਿਖ ਸੰਗਤ ਦੀ ਯਾਦ ਵਿਚ ਉਕਰਿਆ ਰਹਿ ਸਕਦਾ ਹੈ ਕਿ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਗੁਨਾਹਾਂ ਬਾਰੇ ਸੁਆਲਾਂ ਦੇ ਅਸਪਸ਼ਟ ਜਵਾਬ ਦਾ ਸਹਾਰਾ ਲੈਣ ਦੀ ਆਗਿਆ ਨਹੀਂ ਦਿੱਤੀ।

ਪਾਰਟੀ ਵਿਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਉੱਠੀ ਬਗ਼ਾਵਤ ਅਤੇ ਦਲ ਦੀ ਅੰਦਰੂਨੀ ਲੜਾਈ ਕਰਕੇ ਹੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰਾਂ ਨੂੰ ਇਸ ਵਿਚ ਦਖ਼ਲ ਦੇਣਾ ਪਿਆ, ਜਿਨ੍ਹਾਂ ਨੇ ਅੱਜ ਅਕਾਲੀ ਲੀਡਰਸ਼ਿਪ ਨੂੰ ਇਕ ਤਰ੍ਹਾਂ ਨਾਲ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੰਘ ਸਾਹਿਬਾਨ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਵਜੋਂ ਅਸਤੀਫ਼ਾ ਪ੍ਰਵਾਨ ਕਰਨ ਅਤੇ ਨਵੇਂ ਸਿਰੇ ਤੋਂ ਭਰਤੀ ਕਰਕੇ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨ ਦਾ ਆਦੇਸ਼ ਦਿੱਤਾ ਹੈ। ਇਸ ਦੌਰਾਨ ਜਥੇਦਾਰ ਸਾਹਿਬਾਨ ਵਲੋਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਨ੍ਹਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ । ਇਸ ਲਈ ਪੰਜ ਸਿੰਘ ਸਾਹਿਬਾਨ ਵਲੋਂ ਹੇਠ ਲਿਖੇ ਅਨੁਸਾਰ ਦੋਵਾਂ ਧਿਰਾਂ ਨਾਲ ਸੰਬੰਧਿਤ ਤੇ ਅਕਾਲ ਤਖ਼ਤ ਸਾਹਿਬ ਦੇ ਨੁਮਾਇੰਦੇ ਵਜੋਂ 7 ਆਗੂਆਂ ਦੀ ਡਿਊਟੀ ਲਗਾਈ ਗਈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ, ਭਰਤੀ ਬੋਗਸ ਨਾ ਹੋਵੇ, ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ।ਪੁਰਾਣੇ ਡੈਲੀਗੇਟਾਂ ਦੇ ਨਾਲ-ਨਾਲ ਨਵੇਂ ਡੈਲੀਗੇਟ ਬਣਾ ਕੇ ਛੇ ਮਹੀਨੇ ਦੇ ਅੰਦਰ-ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਿਕ ਕਰਨ । ਇਸ 7 ਮੈਂਬਰੀ ਕਮੇਟੀ ਵਿਚ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਇਸ ਕਮੇਟੀ ਦੇ ਮੁਖੀ ਹੋਣਗੇ ਜਦ ਕਿ ਪੋ੍: ਕਿ੍ਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਇਕਬਾਲ ਸਿੰਘ ਝੂੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ (ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ) ਅਕਾਲ ਤਖ਼ਤ ਸਾਹਿਬ ਦੇ ਨੁਮਾਇੰਦੇ ਵਜੋਂ ਮੈਂਬਰ ਹੋਣਗੇ ।ਇਸੇ ਦੌਰਾਨ ਸਿੰਘ ਸਾਹਿਬਾਨ ਵਲੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਗਿਆ ਕਿ ਪ੍ਰਧਾਨ ਸੁਖਬੀਰ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ, ਦੇ ਤਿੰਨ ਦਿਨਾਂ ਦੇ ਅੰਦਰ-ਅੰਦਰ ਅਸਤੀਫੇ ਪ੍ਰਵਾਨ ਕਰਕੇ ਅਕਾਲ ਤਖ਼ਤ ਸਾਹਿਬ ਵਿਖੇ ਜਾਣਕਾਰੀ ਭੇਜੀ ਜਾਵੇ ।ਉਨ੍ਹਾਂ ਕਿਹਾ ਕਿ ਵੱਖ ਹੋਇਆ ਧੜਾ ਆਪਣਾ ਅਲੱਗ ਚੁੱਲ੍ਹਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ । ਬਾਗ਼ੀ ਤੇ ਦਾਗੀ ਅਕਾਲੀਆਂ ਨੂੰ ਆਦੇਸ਼ ਦਿੱਤਾ ਗਿਆ ਕਿ ਆਪਣੀਆਂ ਸਾਰੀਆਂ ਅਹੁਦੇਦਾਰੀਆਂ ਭੰਗ ਕਰੋ, ਵੱਖਰਾ ਸੁਰ ਰਾਗ ਮੀਡੀਆ ਵਿਚ ਨਹੀਂ ਦਿਖਣਾ ਚਾਹੀਦਾ ।ਦੋਵੇਂ ਧਿਰਾਂ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ।

ਸਵਾ ਲੱਖ ਬੂਟੇ ਲਗਾਉਣ ਦਾ ਆਦੇਸ਼

​​​​​​ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਮਿਤੀ 1 ਮਾਰਚ ਤੋਂ ਲੈ ਕੇ 30 ਅਪ੍ਰੈਲ 2025 ਤੱਕ 1,25,000 ਬੂਟੇ ਲਗਾਉਣ ਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਦਾ ਵੀ ਆਦੇਸ਼ ਜਾਰੀ ਕੀਤਾ ਗਿਆ ।

ਸਰਨਾ ਤਨਖ਼ਾਹੀਆ ਐਲਾਨਿਆ

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਹਰਵਿੰਦਰ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਵਿਦਵਾਨਾਂ ਨੂੰ ਇੱਜੜ ਕਹਿਣ, ਸਿੰਘ ਸਾਹਿਬਾਨ ਦੀ ਆਪਸੀ ਇਕਸੁਰਤਾ ਨੂੰ ਯੂਨੀਅਨ ਆਖ ਕੇ ਜਥੇਦਾਰ ਸਾਹਿਬਾਨਾਂ ਦੀ ਸ਼ਖ਼ਸੀਅਤ ਨੂੰ ਨੀਵਾਂ ਵਿਖਾਉਣ ਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਚਿੱਠੀ ਭੇਜ ਕੇ ਇਹ ਕਹਿਣਾ ਕਿ, ਮੈਨੂੰ ਆਪਣੇ ਕਹੇ 'ਤੇ ਕੋਈ ਪਛਤਾਵਾ ਨਹੀਂ ਹੈ, ਕਾਰਨ ਹਰਵਿੰਦਰ ਸਿੰਘ ਸਰਨਾ ਨੂੰ ਤਨਖ਼ਾਹੀਆ ਐਲਾਨਦਿਆਂ ਆਦੇਸ਼ ਕੀਤਾ ਗਿਆ ਕਿ ਸੰਗਤਾਂ ਇਸ ਨੂੰ ਮੂੰਹ ਨਾ ਲਗਾਉਣ ।