ਹਰਿਆਣਾ ਵਿੱਚ ਸਿੱਖਾਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਅਕਾਲੀ ਦਲ ਬਣਾਇਆ

ਹਰਿਆਣਾ ਵਿੱਚ ਸਿੱਖਾਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਅਕਾਲੀ ਦਲ ਬਣਾਇਆ

ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਪੰਜ ਮੈਂਬਰੀ ਕਮੇਟੀ ਅਕਾਲ ਤਖ਼ਤ ਵਿਖੇ ਨਤਮਸਤਕ

ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਿਆਸੀ ਤੇ ਪੰਥਕ ਨਿਘਾਰ ਕਾਰਣ ਜਿਥੇ ਇਸ ਦਾ ਅਕਸ ਬੁਰੀ ਤਰ੍ਹਾਂ ਡਿਗਿਆ ਹੈ ,ਉਥੇ ਪੰਜਾਬ ਤੋਂ ਬਾਹਰਲੇ ਰਾਜਾਂ ਨੇ ਆਪਣੇ ਮੰਚ ਤੇ ਜਥੇਬੰਦੀਆਂ ਸਿਰਜਣੀਆਂ ਸ਼ੁਰੂ ਕਰ ਦਿਤੀਆਂ ਹਨ।ਕੁਝ ਸਮਾਂ ਪਹਿਲਾਂ ਦਮਦਮੀ ਟਕਸਾਲ ਦੇ ਆਗੂ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਿਚ ਮਹਾਂਰਾਸ਼ਟਰ ਵਿਖੇ ਸਿੱਖਾਂ ਦੇ ਇਕ ਧੜੇ ਨੇ ਆਪਣੀਆਂ ਸਮਸਿਆਵਾਂ ਹੱਲ ਕਰਾਉਣ ਲਈ ਭਾਜਪਾ ਦੀ ਮਦਦ ਕੀਤੀ ਸੀ।

ਹੁਣ ਹਰਿਆਣਾ ਵਿੱਚ ਬਣੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦੀ ਨਾਮਜ਼ਦਗੀ ਤੋਂ ਪਹਿਲਾਂ ਇਸ ਸਬੰਧੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਅਕਾਲ ਤਖ਼ਤ ਵਿਖੇ ਮੱਥਾ ਟੇਕਿਆ ਅਤੇ ਨਵੇਂ ਬਣਾਏ ਦਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਪੰਜ ਮੈਂਬਰੀ ਕਮੇਟੀ ਵਿੱਚ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ, ਮਲਕੀਤ ਸਿੰਘ ਪੰਨੀਵਾਲਾ ਸਿਰਸਾ, ਸਵਰਨ ਸਿੰਘ ਰਤੀਆ ਫਤਿਹਾਬਾਦ ਅਤੇ ਉਮਰਾਓ ਸਿੰਘ ਛੀਨਾ ਕੈਥਲ ਸ਼ਾਮਲ ਸਨ। ਉਨ੍ਹਾਂ ਇੱਥੇ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਮਗਰੋਂ ਅਕਾਲ ਤਖ਼ਤ ਵਿਖੇ ਨਵੀਂ ਬਣਾਈ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਸੀ। ਇਸ ਮੌਕੇ ਸੁਖਵਿੰਦਰ ਸਿੰਘ ਮੰਡੇਬਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜਥੇਬੰਦੀ ਦਾ ਹਾਲ ਹੀ ਵਿੱਚ ਐਲਾਨ ਕੀਤਾ ਗਿਆ ਹੈ ਅਤੇ ਇਸ ਦੇ ਪ੍ਰਧਾਨ ਦੀ ਨਾਮਜ਼ਦਗੀ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ 15 ਦਿਨਾਂ ਵਿੱਚ ਸਿੱਖ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਅਤੇ ਸਿੱਖ ਸੰਗਤਾਂ ਦੀ ਰਾਏ ਲੈ ਕੇ ਪ੍ਰਧਾਨ ਦੀ ਚੋਣ ਕਰੇਗੀ। ਉਨ੍ਹਾਂ ਕਿਹਾ ਕਿ ਇਹ ਨਵੀਂ ਜਥੇਬੰਦੀ ਹਰਿਆਣਾ ਵਿੱਚ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਅਤੇ ਧਾਰਮਿਕ ਚੋਣਾਂ ਲੜਨ ਦੇ ਮੰਤਵ ਲਈ ਬਣਾਈ ਗਈ ਹੈ। ਇਹ ਜਥੇਬੰਦੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਸਮੁੱਚੇ ਤੌਰ ’ਤੇ ਰਾਏ ਲੈਣ ਮਗਰੋਂ ਉਹ ਹਰਿਆਣਾ ਵਿੱਚ ਇਕੱਠ ਸੱਦਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।

ਇਸ ਤੋਂ ਸਪਸ਼ਟ ਹੈ ਕਿ ਸ੍ਰੋਮਣੀ ਅਕਾਲੀ ਦਲ ਨੂੰ ਆਪਣੇ ਘਰ ਵਿਚੋਂ ਹੀ ਚੈਲਿੰਜ ਮਿਲਣੇ ਸ਼ੁਰੂ ਹੋ ਗਏ ਹਨ।ਸਿੱਖ ਪੰਥ ਹੁਣ ਵੱਡੀ ਪੱਧਰ ਉਪਰ ਧੜੇਬੰਦੀਆਂ ਵਿਚ ਵੰਡਿਆ ਜਾ ਰਿਹਾ ਹੈ।ਇਸ ਪਿਛੇ ਸਰਕਾਰਾਂ ਦਾ ਹੱਥ ਵੀ ਹੈ ਤਾਂ ਜੋ ਸਿਖ ਸਿਆਸਤ ਕਮਜ਼ੋਰ ਹੋ ਸਕੇ।ਸੋ ਅਕਾਲੀ ਦਲ ਨੂੰ ਸਤਾ ਦਾ ਲੋਭ ਛਡਕੇ ਸਿਖ ਪੰਥ ਦੇ ਵਡੇਰੇ ਹਿੱਤਾਂ ਵਲ ਧਿਆਨ ਦੇਣਾ ਪਵੇਗਾ।