ਅਮਰੀਕਾ ਵਿਚ ਜਹਾਜ਼ ਹਾਦਸੇ ਵਿੱਚ ਇਕ ਸੰਗੀਤ ਗਰੁੱਪ ਦੇ 3 ਮੈਂਬਰਾਂ ਸਮੇਤ 7 ਮੌਤਾਂ

ਅਮਰੀਕਾ ਵਿਚ ਜਹਾਜ਼ ਹਾਦਸੇ ਵਿੱਚ ਇਕ ਸੰਗੀਤ ਗਰੁੱਪ ਦੇ 3 ਮੈਂਬਰਾਂ ਸਮੇਤ 7 ਮੌਤਾਂ
ਕੈਪਸ਼ਨ ਜਹਾਜ਼ ਹਾਦਸੇ ਵਿਚ ਮਾਰੇ ਗਏ ਸੰਗੀਤ ਗਰੁੱਪ ਦੇ 3 ਮੈਂਬਰਾਂ ਦੀਆਂ ਤਸਵੀਰਾਂ

ਜਹਾਜ਼ ਦੇ ਪਾਇਲਟ ਤੇ ਉਸ ਦੀ ਪਤਨੀ ਦੀ ਵੀ ਹੋਈ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਗਿਲੇਟ, ਵਾਇਓਮਿੰਗ, ਨੇੜੇ ਤਬਾਹ ਹੋਏ ਇਕ ਜਹਾਜ਼ ਵਿਚ ਸਵਾਰ ਐਟਲਾਂਟਾ ਗੋਸਪਲ ਗਰੁੱਪ ''ਦ ਨੈਲਨਜ'' ਦੇ 3 ਮੈਂਬਰਾਂ ਸਮੇਤ 7 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਮਿਊਜ਼ਕ ਮੈਨੇਜਮੈਂਟ ਗਰੁੱਪ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਬਹੁਤ ਹੀ ਪਿਆਰਾ ਗੋਸਪਲ ਸੰਗੀਤ ਪਰਿਵਾਰ ਅਲਾਸਕਾ ਵਿਚ ਆਪਣੇ ਘਰ ਪਰਤ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਜੈਸਨ , ਕੈਲੀ ਨੈਲਨ ਕਲਾਰਕ, ਅੰਬਰ, ਨਾਥਨ ਕਿਸਟਲਰ ਤੇ ਉਨਾਂ ਦੇ ਸਹਾਇਕ ਮੈਲੋਡੀ ਹੋਜ਼ਜ ਵਜੋਂ ਹੋਈ ਹੈ। ਬਿਆਨ ਵਿਚ ਹੋਰ ਕਿਹਾ ਗਿਆ ਹੈ ਕਿ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਵਿਚ ਪਾਇਲਟ ਲੈਰੀ ਹੇਨੀ ਤੇ ਉਸ ਦੀ ਪਤਨੀ ਮੇਲੀਸਾ ਵੀ ਸ਼ਾਮਿਲ ਹੈ। ਮੈਨੇਜਮੈਂਟ ਗਰੁੱਪ ਨੇ ਕਿਹਾ ਹੈ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰ ਰਿਹਾ ਹੈ ਤੇ ਹਾਦਸੇ ਦੇ ਪੂਰੇ ਵੇਰਵੇ ਬਾਰੇ ਅਜੇ ਪਤਾ ਨਹੀਂ ਲੱਗਾ ਹੈ।