ਕ੍ਰਿਕਟ ਕੌਂਸਲ : ਸ਼ਸ਼ਾਂਕ ਮਨੋਹਰ ਨੇ ਆਈਸੀਸੀ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ
ਦੁਬਈ/ਬਿਊਰੋ ਨਿਊਜ਼ :
ਸ਼ਸ਼ਾਂਕ ਮਨੋਹਰ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਉਨ੍ਹਾਂ ਦੇ ਦੋ ਸਾਲਾਂ ਦੇ ਕਾਰਜਕਾਲ ਦੇ ਅਜੇ ਅੱਠ ਮਹੀਨੇ ਹੀ ਪੂਰੇ ਹੋਏ ਸਨ। 59 ਸਾਲਾ ਮਨੋਹਰ ਨੇ ਆਈਸੀਸੀ ਦੇ ਸੀਈਓ ਡੇਵ ਰਿਚਰਡਸਨ ਨੂੰ ਆਪਣਾ ਅਸਤੀਫਾ ਈਮੇਲ ਕੀਤਾ ਜਿਸ ਵਿਚ ਇਸ ਫ਼ੈਸਲੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਉੱਚ ਪੱਧਰੀ ਸੂਤਰਾਂ ਅਨੁਸਾਰ ਸ੍ਰੀ ਮਨੋਹਰ ਨੇ ਇਹ ਫ਼ੈਸਲਾ ਇਸ ਲਈ ਲਿਆ ਹੋ ਸਕਦਾ ਹੈ ਕਿਉਂਕਿ ਬੀਸੀਸੀਆਈ ਨੇ ਸੰਵਿਧਾਨਿਕ ਤੇ ਵਿੱਤੀ ਸੁਧਾਰਾਂ ਨੂੰ ਰੋਕਣ ਲਈ ਹਮਾਇਤ ਇਕੱਠੀ ਕਰ ਲਈ ਹੈ, ਜਿਸ ਨੂੰ ਆਈਸੀਸੀ ਦੀ ਅਗਲੀ ਬੋਰਡ ਮੀਟਿੰਗ ਵਿਚ ਪਾਸ ਕੀਤਾ ਜਾਣਾ ਸੀ। ਕਿਸੇ ਵੀ ਸੁਧਾਰਵਾਦੀ ਕਦਮ ਨੂੰ ਪਾਸ ਕਰਾਉਣ ਲਈ ਦੋ-ਤਿਹਾਈ ਬਹੁਮਤ ਦੀ ਜ਼ਰੂਰਤ ਪੈਂਦੀ ਹੈ, ਪਰ ਸੰਭਾਵਨਾ ਹੈ ਕਿ ਬੀਸੀਸੀਆਈ ਬੰਗਲਾਦੇਸ਼, ਸ੍ਰੀਲੰਕਾ ਤੇ ਜ਼ਿੰਬਾਬਵੇ ਨੂੰ ਆਪਣੇ ਵੱਲ ਕਰਨ ਵਿਚ ਸਫ਼ਲ ਰਿਹਾ ਹੈ। ਪਤਾ ਲੱਗਿਆ ਹੈ ਕਿ ਇਸੇ ਕਾਰਨ ਸ੍ਰੀ ਮਨੋਹਰ ਨੇ ਤੁਰੰਤ ਪ੍ਰਭਾਲ ਨਾਲ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਅਸਤੀਫਾ ਦਿੰਦੇ ਹੋਏ ਪੱਤਰ ਵਿਚ ਲਿਖਿਆ, ‘ਮੈਨੂੰ ਪਿਛਲੇ ਸਾਲ ਬਿਨਾਂ ਵਿਰੋਧ ਆਈਸੀਸੀ ਦਾ ਪਹਿਲਾ ਆਜ਼ਾਦ ਚੇਅਰਮੈਨ ਚੁਣਿਆ ਗਿਆ ਸੀ। ਮੈਂ ਆਪਣਾ ਸਰਵੋਤਮ ਕਾਰਗੁਜ਼ਾਰੀ ਦੀ ਕੋਸ਼ਿਸ਼ ਕੀਤੀ ਅਤੇ ਸਾਰੇ ਨਿਰਦੇਸ਼ਕਾਂ ਦੇ ਸਹਿਯੋਗ ਨਾਲ ਬੋਰਡ ਚਲਾਉਣ ਦੀ ਕੋਸ਼ਿਸ਼ ਕੀਤੀ ਹੈ।’ ਉਨ੍ਹਾਂ ਕਿਹਾ ਕਿ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਲਈ ਸੰਭਵ ਨਹੀਂ ਹੈ ਕਿ ਉਹ ਆਈਸੀਸੀ ਦੀ ਚੇਅਰਮੈਨੀ ‘ਤੇ ਬਣੇ ਰਹਿਣ। ਇਸ ਲਈ ਉਹ ਚੇਅਰਮੈਨ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਰਹੇ ਹਨ।
Comments (0)