ਦਰਬਾਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਹਾਲ ਦੀ ਕਾਰ ਸੇਵਾ ਸ਼ੁਰੂ

ਦਰਬਾਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਹਾਲ ਦੀ ਕਾਰ ਸੇਵਾ ਸ਼ੁਰੂ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ  ਸਥਾਪਤ ਗੁਰੂ ਰਾਮਦਾਸ ਲੰਗਰ ਘਰ ਦੇ ਵਿਸਥਾਰ ਤਹਿਤ ਨਵੀਂ ਤਿਆਰ ਕੀਤੀ ਗਈ ਇਮਾਰਤ ਦੇ ਬਾਹਰੀ ਹਿੱਸੇ ਨੂੰ ਪਹਿਲਾਂ ਬਣੀ ਇਮਾਰਤ ਵਾਂਗ ਪੁਰਾਤਨ ਦਿੱਖ ਦੇਣ ਲਈ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਕਾਰ ਸੇਵਾ ਆਰੰਭ ਦਿੱਤੀ ਗਈ ਹੈ। ਇਹ ਕਾਰ ਸੇਵਾ ਬਾਬਾ ਬਚਨ ਸਿੰਘ ਅਤੇ ਬਾਬਾ ਮਹਿੰਦਰ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਲੰਗਰ ਘਰ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਕਾਰ ਸੇਵਾ ਦੀ ਥਾਂ ਠੇਕੇਦਾਰਾਂ ਨੂੰ ਸੌਂਪਿਆ ਗਿਆ ਸੀ। ਜਦਕਿ ਹੁਣ ਇਸ ਇਮਾਰਤ ਦੀ ਬਾਹਰੀ ਦਿੱਖ ਦੀ ਉਸਾਰੀ ਦਾ ਕੰਮ ਮੁੜ ਕਾਰ ਸੇਵਾ ਰਾਹੀਂ ਕਰਵਾਇਆ ਜਾ ਰਿਹਾ ਹੈ। ਨਵੀਂ ਇਮਾਰਤ ਦੇ ਸ਼ੁਰੂ ਹੋਣ ਨਾਲ ਇੱਥੇ ਲੰਗਰ ਛਕਣ ਵਾਲੇ ਸ਼ਰਧਾਲੂਆਂ ਦੀ ਸਮਰੱਥਾ ਵੱਧ ਸਕੇਗੀ।  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮੌਕੇ ਕਿਹਾ ਕਿ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਆਮਦ ਦਿਨੋਂ-ਦਿਨ ਵੱਧ ਰਹੀ ਹੈ, ਇਸ ਲਈ ਗੁਰੂ ਰਾਮਦਾਸ ਲੰਗਰ ਘਰ ਦੀ ਇਮਾਰਤ ਦਾ ਵਿਸਥਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲਗਭਗ ਪੰਜ ਹਜ਼ਾਰ ਸੰਗਤ ਇੱਕੋ ਸਮੇਂ ਲੰਗਰ ਛਕ ਸਕੇਗੀ। ਉੱਪਰਲੀਆਂ ਮੰਜ਼ਲਾਂ ਉਤੇ ਜਾਣ ਲਈ ਸੰਗਤ ਦੀ ਸਹੂਲਤ ਲਈ ਨਵੀਂ ਇਮਾਰਤ ਵਿਚ ਲਿਫ਼ਟਾਂ ਵੀ ਲਾਈਆਂ ਜਾਣਗੀਆਂ। ਲੰਗਰ ਘਰ ਦੀ ਰਸੋਈ ਦਾ ਆਕਾਰ ਵੀ ਪਹਿਲਾਂ ਨਾਲੋਂ ਦੋ ਗੁਣਾ ਕਰ ਦਿੱਤਾ ਗਿਆ ਹੈ ਤੇ ਇਹ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ।
ਕਾਰ ਸੇਵਾ ਦੀ ਆਰੰਭਤਾ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਬਚਨ ਸਿੰਘ ਤੇ ਬਾਬਾ ਮਹਿੰਦਰ ਸਿੰਘ ਦਿੱਲੀ ਵਾਲੇ ਅਤੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖ਼ਾਲਸਾ ਤੇ ਹੋਰ ਹਾਜ਼ਰ ਸਨ।